ਨਗਰ ਨਿਗਮ ਦੀ ਮੀਟਿੰਗ ’ਚ ਸਾਬਕਾ ਪ੍ਰਧਾਨ ਤੇ ਸੀਨੀ: ਡਿਪਟੀ ਮੇਅਰ ਖਹਿਬੜੇ

- - No comments


 ਠੇਕੇਦਾਰ ਦੀ ਬਜਾਏ ਸਾਰੇ ਸ਼ਹਿਰੀਆਂ ਦੇ ਪ੍ਰਾਪਟੀ ਟੈਕਸ ਨੂੰ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਹੋਇਆ ਵਿਵਾਦ 

ਨਿਗਮ ਅੰਦਰ ਸੈਕੜੇ ਸਫ਼ਾਈ ਕਾਮਿਆਂ ਦੀ ਭਰਤੀ ਤੇ ਹੋਰਨਾਂ ਵਰਗਾਂ ਦੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਮਤਾ ਪਾਸ

ਸੁਖਜਿੰਦਰ ਮਾਨ

ਬਠਿੰਡਾ, 12 ਜੁਲਾਈ :-ਕਾਂਗਰਸ ਦੇ ਬਹੁਮਤ ਵਾਲੇ ਨਗਰ ਨਿਗਮ ਦੇ ਜਨਰਲ ਹਾਊਸ ਦੀ ਅੱਜ ਹੋਈ ਮੀਟਿੰਗ ’ਚ ਸਥਿਤੀ ਉਸ ਸਮੇਂ ਹਾਸੋਹੀਣੀ ਹੋ ਗਈ ਜਦ ਸਾਬਕਾ ਪ੍ਰਧਾਨ ਜਗਰੂਪ ਗਿੱਲ ਤੇ ਸੀਨੀਅਰ ਡਿਪਟੀ ਮੇਅਰ ਅਸੋਕ ਕੁਮਾਰ ਆਪਸ ’ਚ ਖ਼ਹਿਬੜ ਪਏ। ਦੋਨਾਂ ਆਗੂਆਂ ਨੇ ਇੱਕ ਦੂਜੇ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਨਾਲ ਹਾਊਸ ’ਚ ਤਨਾਅ ਵਾਲਾ ਮਾਹੌਲ ਪੈਦਾ ਹੋ ਗਿਆ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਸੀਨੀਅਰ ਆਗੂ ਜਗਰੂਪ ਗਿੱਲ ਵਲੋਂ ਕੀਤੇ ਜਾ ਰਹੇ ਸਿਆਸੀ ਹਮਲਿਆਂ ਦੌਰਾਨ ਅਸੋਕ ਕੁਮਾਰ ਨੂੰ ਛੱਡ ਕੇ ਦੂਜੇ ਕਾਂਗਰਸੀ ਕੋਂਸਲਰ ਮੋਨ ਧਾਰੀ ਬੈਠੇ ਰਹੇ। ਹਾਲਾਂਕਿ ਗਿੱਲ ਦੇ ਵਾਕਆਊਟ ਤੋਂ ਬਾਅਦ ਕੁੱਝ ਨੇ ਭੜਾਸ ਕੱਢੀ। ਗੌਰਤਲਬ ਹੈ ਕਿ ਅੱਜ ਦੀ ਮੀਟਿੰਗ ਵਿਚ ਰੱਖੇ ਇੱਕ ਮਤੇ ਵਿਚ ਸਥਾਨਕ ਰੋਜ਼ ਗਾਰਡਨ ਦੇ ਕੋਵਿਡ ਕਾਰਨ ਹੋਏ ਨੁਕਸਾਨ ਦੇ ਚੱਲਦਿਆਂ ਸਵਾ ਲੱਖ ਰੁਪਏ ਦੇ ਕਰੀਬ ਠੇਕਾ ਕਿਸ਼ਤ ਮੁਆਫ਼ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਸਾਬਕਾ ਪ੍ਰਧਾਨ ਜਗਰੂਪ ਸਿੰਘ ਗਿੱਲ ਨੇ ਇਤਰਾਜ਼ ਉਠਾਉਦਿਆਂ ਦਾਅਵਾ ਕੀਤਾ ਕਿ ਕੋਵਿਡ ਨੇ ਇਕੱਲੇ ਉਕਤ ਠੇਕੇਦਾਰ ਦਾ ਨੁਕਸਾਨ ਨਹੀਂ ਕੀਤਾ, ਬਲਕਿ ਹਰ ਵਿਅਕਤੀ ਉਪਰ ਇਸਦਾ ਪ੍ਰਭਾਵ ਪਿਆ। ਜਿਸਦੇ ਚੱਲਦੇ ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਦੀ ਬਜਾਏ ਸਮੂਹ ਸ਼ਹਿਰੀਆਂ ਦਾ ਇੱਕ ਸਾਲ ਦਾ ਪ੍ਰਾਪਟੀ ਟੈਕਸ ਮੁਆਫ਼ ਕਰਨ ਦਾ ਮਤਾ ਪਾਇਆ ਜਾਵੇ ਪ੍ਰੰਤੂ ਉਨ੍ਹਾਂ ਦੀ ਇਸ ਮੰਗ ਨੂੰ ਸੀਨੀਅਰ ਡਿਪਟੀ ਮੇਅਰ ਅਸੋਕ ਕੁਮਾਰ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਜਿਸਤੋਂ ਬਾਅਦ ਗਿੱਲ ਅਪਣੇ ਭਾਣਜੇ  ਤੇ  ਵਾਰਡ ਨੰਬਰ 2 ਦੇ ਕੋਂਸਲਰ ਸੁਖਦੀਪ ਸਿੰਘ ਨਾਲ ਨਾਅਰੇਬਾਜ਼ੀ ਕਰਦੇ ਹੋਏ ਮੀਟਿੰਗ ਦਾ ਵਾਕਆਊਟ ਕਰਕੇ ਚਲੇ ਗਏ। ਗਿੱਲ ਦੇ ਜਵਾਬ ਵਿਚ ਅਸੋਕ ਕੁਮਾਰ ਨੇ ਵੀ ਮੁਰਦਾਬਾਦ ਕੀਤੀ। ੳੰੁਜ ਅੱਜ ਦੀ ਮੀਟਿੰਗ ਵਿਚ ਰੱਖੇ ਗਏ ਸੱਤਾਂ ਮਤਿਆਂ ਨੂੰ ਬਹੁਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਉਧਰ ਇਸ ਮੀਟਿੰਗ ਦੌਰਾਨ ਨਿਗਮ ਵਿਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਸੈਕੜੇ ਕੱਚੇ ਕਾਮਿਆਂ ਨੂੰ ਸਿੱਧਾ ਨਿਗਮ ਅਧੀਨ ਲਿਆਉਣ ਦਾ ਮਤਾ ਪਾਸ ਕਰਦਿਆਂ 322 ਸਫ਼ਾਈ ਸੇਵਕਾਂ ਦੀਆਂ ਨਵੀਆਂ ਪੋਸਟਾਂ ਦਾ ਗਠਨ ਕਰਨ ਅਤੇ ਵੱਖ ਵੱਖ ਕੈਟਾਗਿਰੀਆਂ ਦੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਆਦਿ ਦੇ ਵੀ ਮਤੇ ਪਾਸ ਕੀਤੇ ਗਏ। ਇਸੇ ਤਰ੍ਹਾਂ ਅਜੀਤ ਰੋਡ ਦੀਆਂ 18 ਤੋਂ 23 ਨੰਬਰ ਤੱਕ ਗਲੀਆਂ ਦਾ ਟੀਪੀ ਸਕੀਮ ਤਹਿਤ ਮੁੜ ਸਰਵੈ ਕਰਕੇ ਨਕਸ਼ੇ ਪਾਸ ਕਰਨ ਦਾ ਫੈਸਲਾ ਕੀਤਾ ਗਿਆ। ਮਤੇ ਪਾਸ ਕਰਨ ਤੋਂ ਬਾਅਦ ਅਪਣੇ ਇਲਾਕੇ ਦੀਆਂ ਮੁਸ਼ਕਿਲਾਂ ਰੱਖਦਿਆਂ ਕੋਂਸਲਰਾਂ ਨੇ ਅਧਿਕਾਰੀਆਂ ਕੋਲੋ ਕਾਰਵਾਈ ਦੀ ਮੰਗ ਕੀਤੀ। ਸੰਤੋਸ਼ ਮਹੰਤ ਨੇ ਬਰਸਾਤੀ ਪਾਣੀ, ਮਨਜੀਤ ਕੌਰ ਬੁੱਟਰ ਨੇ ਨਵੇਂ ਕੋੋਸਲਰਾਂ ਨੂੰ ਨਿਗਮ ਕੰਮਾਂ ਦੀ ਜਾਣਕਾਰੀ ਲਈ ਟਰੈਨਿੰਗ ਦੇਣ, ਪੁਸ਼ਪਾ ਰਾਣੀ ਨੇ ਐਸ.ਡੀ.ਓ ਦੀ ਕੋਠੀ ’ਚ ਬੇਲਦਾਰ ਨੂੰ ਰਿਹਾਇਸ ਦੇਣ, ਕਮਲੇਸ਼ ਮਹਿਰਾ ਨੇ ਕੋਂਸਲਰਾਂ ਦੀਆਂ ਤਨਖ਼ਾਹਾਂ ਵਧਾਉਣ ਦੀ ਮੰਗ ਕੀਤੀ, ਜਿਸਦੀ ਕਰੀਬ ਸਾਰੇ ਹੀ ਕੋਂਸਲਰਾਂ ਨੇ ਹਿਮਾਇਤ ਕੀਤੀ। ਇਸਤੋਂ ਇਲਾਵਾ ਵਿਰੋਧੀ ਆਗੂ ਹਰਪਾਲ ਸਿੰਘ ਢਿੱਲੋਂ ਨੇ ਸਾਬਕਾ ਅਕਾਲੀ ਵਿਧਾਇਕ ਵਲੋਂ ਥਰਮਲ ਦੀ ਜਗ੍ਹਾਂ ਵਿਚੋਂ ਨਜਾਇਜ਼ ਮਾਈਨਿੰਗ ਅਤੇ ਬੀਬੀਵਾਲਾ ਰੋਡ ‘ਤੇ ਮਾਰਕੀਟ ਕੱਟਣ ਦੇ ਮਾਮਲੇ ’ਚ ਜਵਾਬ ਤਲਬੀ ਕੀਤੀ। ਕੋਂਸਲਰ ਰਾਜੂ ਸਰਾਂ ਨੇ ਕੋਂਸਲਰਾਂ ਦਾ ਬੀਮਾ ਕਰਵਾਉਣ ਦੀ ਮੰਗ ਰੱਖੀ ਜਦੋਂਕਿ ਬਲਰਾਜ ਪੱਕਾ ਨੇ ਮਾਨਸਾ ਰੋਡ ’ਤੇ ਜੱਸੀ ਪੌ ਵਾਲੀ ਚੌਕ ਦੀ ਸੁੰਦਰਤਾ ਅਤੇ ਅੰਡਰ ਬਿ੍ਰਜ ’ਚ ਲਾਈਟਾਂ ਦਾ ਮਾਮਲਾ ਹਾਊਸ ਵਿਚ ਰੱਖਿਆ।  ਕੋਂਸਲਰ ਵਿੱਕੀ ਗਰਗ ਨੇ ਇੰਡਸਟਰੀ ਸੈਂਟਰ ’ਚ ਸੜਕਾਂ ਅਤੇ ਕੋਂਸਲਰ ਸੁਖਰਾਜ ਔਲਖ ਨੇ ਮੁਲਤਾਨੀਆ ਰੋਡ ’ਤੇ ਸੀਵਰੇਜ ਪਾਈਪ ਅੱਗੇ ਤੱਕ ਲਿਜਾਣ ਦੀ ਮੰਗ ਰੱਖੀ। ਕੋਂਸਲਰ ਮਲਕੀਤ ਗਿੱਲ ਨੇ ਨਿਗਮ ਅਧਿਕਾਰੀਆਂ ਨੂੰ ਨਵੀਆਂ ਡਾਇਰੀਆਂ ਛਪਾਉਣ ਲਈ ਕਿਹਾ। ਉਜ ਅੱਜ ਦੀ ਮੀਟਿੰਗ ਦੌਰਾਨ ਇੱਕ ਰੌਚਕ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਮੀਟਿੰਗ ਦੌਰਾਨ ਜਿਆਦਾਤਰ ਕੋਂਸਲਰ ਅਪਣੀ-ਅਪਣੀ ਗੱਲ ਕਹਿ ਕੇ ਚੱਲਦੇ ਬਣੇ, ਜਿਸਦੇ ਕਾਰਨ ਮੀਟਿੰਗ ਦੇ ਅਖ਼ੀਰ ਤੱਕ 50 ਵਿਚੋਂ ਇੱਕ ਦਰਜ਼ਨ ਹੀ ਬਾਕੀ ਰਹਿ ਗਏ ਸਨ। ਮੀਟਿੰਗ ਵਿਚ ਕਰੀਬ ਅੱਧੀ ਔਰਤ ਕੋਂਸਲਰਾਂ ਨੇ ਵੀ ਆਪੋ ਆਪਣੇ ਵਾਰਡਾਂ ਦੇ ਮੁੱਦੇ ਚੁੱਕੇ ਪ੍ਰੰਤੂ ਮੇਅਰ ਰਮਨ ਗੋਇਲ ਨੇ ਆਖ਼ਿਰ ਵਿਚ ਸਿਰਫ਼ ਧੰਨਵਾਦ ਹੀ ਕੀਤਾ, ਜਦੋਂਕਿ ਉਨ੍ਹਾਂ ਦੀ ਥਾਂ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਕਮਿਸ਼ਨਰ ਹੀ ਕੋਂਸਲਰਾਂ ਦਾ ਜਵਾਬ ਦਿੰਦੇ ਰਹੇ। 





   

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines