in

ਚੰਡੀਗੜ੍ 'ਚ ਵਾਪਰੀ ਘਟਨਾ ਨੇ ਮੰਤਰੀਆਂ ਨੂੰ ਦਿਖਾਇਆ ਸ਼ੀਸਾ!

- - No comments



ਸੁਖਜਿੰਦਰ ਮਾਨ 

ਬਠਿੰਡਾ, 10 ਮਈ: ਦੋ ਦਿਨ ਪਹਿਲਾਂ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਵਾਪਰੀ ਘਟਨਾ ਨੇ ਪੰਜਾਬ ਦੇ ਮੰਤਰੀਆਂ ਨੂੰ ਸੂਬੇ 'ਚ ਕਾਂਗਰਸੀ ਵਰਕਰਾਂ ਨਾਲ ਹੋ ਰਹੇ ਵਰਤਾਰੇ ਦੀ ਝਲਕ ਵਿਖਾ ਦਿੱਤੀ ਹੈ। ਹਾਲਾਂਕਿ ਕੁੱਝ ਕਾਂਗਰਸੀਆਂ ਵਲੋਂ ਇਸ ਮਾਮਲੇ 'ਚ ਅਪਣੇ ਹੀ ਮੰਤਰੀਆਂ 'ਤੇ ਉੰਗਲ ਚੁੱੱਕੀ ਜਾ ਰਹੀ ਹੈ ਪ੍ਰੰਤੂ ਅਸਲ ਵਿਚ ਪੰਜਾਬੀ ਦੀ ਪੁਰਾਣੀ ਕਹਾਵਤ ਜੋ ਬੀਜੋਗੇ, ਉਹੀ ਵੱਡੋਗੇ, ਇੱਥੇ ਸੱਚ ਸਾਬਤ ਹੁੰਦੀ ਜਾਪਦੀ ਹੈ। ਦਸ ਸਾਲਾਂ ਦੀ ਅਕਾਲੀ ਸੱਤਾ ਦੀ ਤਾਨਾਸ਼ਾਹੀ ਤੋਂ ਦੁਖੀ ਹੋ ਕੇ ਕਾਂਗਰਸ ਦੀ ਸਰਕਾਰ ਬਣਾਉਣ ਵਾਲੇ ਵਰਕਰਾਂ ਨੂੰ ਤਿੰਨ ਸਾਲਾਂ ਬਾਅਦ ਵੀ ਸੂਬੇ ਵਿਚ ਅਪਣੀ ਸਰਕਾਰ ਹੋਣ ਦਾ ਅਹਿਸਾਸ ਨਹੀਂ ਹੋ ਰਿਹਾ। ਇੱੱਥੋਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਪ੍ਰੋੜ ਸਿਆਸਤਦਾਨ ਸੁਨੀਲ ਜਾਖ਼ੜ ਵੀ ਇਹ ਮੁੱਦਾ ਗਾਹੇ-ਵਿਗਾਹੇ ਮੁੱਖ ਮੰਤਰੀ ਦਫ਼ਤਰ ਤੱਕ ਚੁੱਕ ਚੁੱੱਕੇ ਹਨ। ਪ੍ਰੰਤੂ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉਥੇ ਦੀ ਉਥੇ ਵਾਲੀ ਕਹਾਵਤ ਲਾਗੂ ਹੋ ਰਹੀ ਹੈ। ਅਸਲ ਵਿਚ ਜੇਕਰ ਇਸ ਮਸਲੇ ਦੀ ਤਹਿ ਤੱਕ ਜਾਇਆ ਜਾਵੇ ਤਾਂ ਅਜਿਹੀਆਂ ਘਟਨਾ ਲਈ ਇਕੱਲਾ ਮੁੱਖ ਮੰਤਰੀ ਦਫ਼ਤਰ ਜਾਂ ਅਫ਼ਸਰਸਾਹੀ ਹੀ ਨਹੀਂ, ਬਲਕਿ ਪੰਜਾਬ ਦੇ ਜਿਆਦਾਤਰ ਮੰਤਰੀ ਤੇ ਵਿਧਾਇਕ ਵੀ ਜਿੰਮੇਵਾਰ ਕਹੇ ਜਾ ਸਕਦੇ ਹਨ, ਜਿਹੜੇ ਹੇਠਲੇ ਪੱਧਰ 'ਤੇ ਵਰਕਰਾਂ ਦੀ ਅਵਾਜ ਬਣਨ ਦੀ ਥਾਂ ਅਪਣੇ ਅਪਣੇ ਹਲਕਿਆਂ ਵਿਚ ਅਪਣੇ ਨਜਦੀਕੀਆਂ ਜਾਂ ਰਿਸ਼ਤੇਦਾਰਾਂ ਰਾਹੀ ਅਫ਼ਸਰਾਂ ਤੋਂ ਕੰਮ ਚਲਾ ਰਹੇ ਹਨ। ਕਾਂਗਰਸੀ ਵਰਕਰਾਂ ਦਾ ਇਹ ਵੀ ਆਖਣਾ ਹੈ ਕਿ ਕਈ ਥਾਂ ਮੰਤਰੀ ਉਨ੍ਹਾਂ ਦੇ ਮੁਕਾਬਲੇ ਅਪਣੇ ਰਿਸਤੇਦਾਰਾਂ ਉਪਰ ਇੰਨ੍ਹਾਂ ਜਿਆਦਾ ਵਿਸਵਾਸ ਕਰਦੇ ਹਨ ਕਿ ਜ਼ਿਲ੍ਹਾ ਪ੍ਰਧਾਨ ਦੀਆਂ ਕੁਰਸੀਆਂ 'ਤੇ ਰਹਿਣ ਦੇ ਬਾਵਜੂਦ ਉਨ੍ਹਾਂ ਦੇ ਆਖ਼ੇ ਇੱਕ ਹੌਲਦਾਰ ਜਾਂ ਕਲਰਕ ਦੀ ਬਦਲੀ ਤੱਕ ਨਹੀਂ ਹੁੰਦੀ। ਕਾਂਗਰਸੀ ਵਰਕਰਾਂ ਵਲੋਂ ਇੰਨ੍ਹਾਂ ਤਿੰਨ ਸਾਲਾਂ ਤੋਂ ਹੀ ਅਪਣੀ ਸਰਕਾਰ ਹੋਣ ਦੇ ਬਾਵਜੂਦ ਅਫ਼ਸਰਸਾਹੀ ਵਲੋਂ ਸੁਣਵਾਈ ਨਾ ਹੋਣ ਦਾ ਰੋਣਾ ਰੋਇਆ ਜਾ ਰਿਹਾ ਹੈ ਪ੍ਰੰਤੂ ਹੁਣ ਤੱਕ ਸਰਕਾਰ ਵਲੋਂ ਸਿਵਾਏ ਦਿਲਾਸਿਆਂ ਦੇ ਉਨ੍ਹਾਂ ਦੇ ਪੱਲੇ ਕੁੱੱਝ ਵੀ ਨਹੀਂ ਪਾਇਆ ਜਾ ਰਿਹਾ। ਉਂਜ ਇਸ ਵਰਤਾਰੇ ਕਾਰਨ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੇ ਸਿਆਸੀ ਨੁਕਸਾਨ ਨੂੰ ਦੇਖਦਿਆਂ ਕਈ ਨੌਜਵਾਨ ਆਗੂਆਂ ਵਲੋਂ ਹਾਈਕਮਾਂਡ ਨੂੰ ਚੌਕੰਨਾ ਵੀ ਕਰਵਾਇਆ ਜਾ ਰਿਹਾ ਹੈ। ਉਧਰ ਇਸ ਘਟਨਾ ਤੋਂ ਬਾਅਦ ਹੇਠਲੇ ਪੱੱਧਰ ਦੇ ਕਾਂਗਰਸੀ ਵਰਕਰਾਂ 'ਚ ਤਸੱਲੀ ਦੇਖਣ ਨੂੰ ਮਿਲ ਰਹੀ ਹੈ। ਬਿਨ੍ਹਾਂ ਨਾਮ ਛਾਪਣ ਦੀ ਸ਼ਰਤ 'ਤੇ ਮਾਲਵਾ ਪੱਟੀ ਦੇ ਪਹਿਲੀ ਅਤੇ ਦੂਜੀ ਕਤਾਰ ਦੇ ਕੁੱਝ ਵਰਕਰਾਂ ਨੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ '' ਜਦ ਉਹ ਅਪਣੇ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਬਾਰੇ ਮੰਤਰੀਆਂ ਨੂੰ ਸੂਚਿਤ ਕਰਦੇ ਸਨ ਤਾਂ ਉਨ੍ਹਾਂ ਵਲੋਂ ਇਸਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਸੀ। ਪ੍ਰੰਤੂ ਅੱਜ ਜਦ ਉਨ੍ਹਾਂ ਨਾਲ ਖੁਦ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ ਤਾਂ ਉਹ ਮੰਤਰੀ ਮੰਡਲ ਦੀ ਮੀਟਿੰਗ ਦਾ ਬਾਈਕਾਟ ਕਰਕੇ ਆ ਗਏ ਹਨ।'' ਬਠਿੰਡਾ ਸ਼ਹਿਰ ਨਾਲ ਸਬੰਧਤ ਇੱਕ ਕਾਂਗਰਸੀ ਆਗੂ ਨੇ ਦੱਬੀ ਜੁਬਾਨ 'ਚ ਮੰਨਿਆ ਕਿ ਜਿਆਦਾਤਰ ਅਫ਼ਸਰਾਂ ਦਾ ਤਾਲਮੇਲ ਮੰਤਰੀਆਂ, ਵਿਧਾਇਕਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸਿੱੱਧਾ ਬਣਿਆ ਹੋਣ ਕਰਕੇ ਵਰਕਰਾਂ ਦੀ ਸੁਣਵਾਈ ਨਹੀਂ ਹੋ ਰਹੀ। ਜਦੋਂਕਿ ਪਹਿਲੇ ਸਮਿਆਂ 'ਚ ਕਾਂਗਰਸੀ ਸਰਕਾਰਾਂ ਦੌਰਾਨ ਵਰਕਰਾਂ ਦਾ ਮਨੋਬਲ ਬਣਾਈ ਰੱਖਣ ਲਈ ਅਧਿਕਾਰੀਆਂ ਨੂੰ ਉਨ੍ਹਾਂ ਦੇ ਜਾਇਜ਼ ਕੰਮ ਪਹਿਲ ਦੇ  ਆਧਾਰ 'ਤੇ ਕਰਵਾਉਣ ਦੀਆਂ ਹਿਦਾਇਤਾਂ ਹੁੰੰਦੀਆਂ ਸਨ। ਜਿਕਰਯੋਗ ਹੈ ਕਿ ਬਠਿੰਡਾ ਦੇ ਡਿਪਟੀ ਕਮਿਸਸ਼ਨਰ ਉਪਰ ਵੀ ਸ਼ਹਿਰ ਦੇ ਇੱਕ ਕਾਂਗਰਸੀ ਕੋਂਸਲਰ ਸਹਿਤ ਕਈ ਆਗੂ ਸੁਣਵਾਈ ਨਾ ਕਰਨ ਦੇ ਦੋਸ਼ ਲਗਾ ਚੁੱਕੇ ਹਨ। ਲੰਬੀ ਹਲਕੇ 'ਚ ਲਗਾਤਾਰ ਕਾਂਗਰਸ ਦੀ ਸਾਖ ਬਚਾਉਣ ਲਈ ਲੜਦੇ ਆ ਰਹੇ ਗੁਰਮੀਤ ਸਿੰਘ ਖੁੱਡੀਆ ਵਲੋਂ ਵੀ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਖੁੱਲੇ ਤੌਰ 'ਤੇ ਹਲਕੇ ਦੀ ਅਫ਼ਸਰਸਾਹੀ ਉਪਰ ਕਾਂਗਰਸੀਆਂ ਦੇ ਮੁਕਾਬਲੇ ਬਾਦਲਾਂ ਦੀ ਜਿਆਦਾ ਪੁਛਗਿਛ ਕਰਨ ਦੇ ਦੋਸ਼ ਲਗਾਏ ਸਨ। ਕਾਂਗਰਸੀ ਵਰਕਰਾਂ ਮੁਤਾਬਕ ਮੁੱਖ ਮੰਤਰੀ ਵਲੋਂ ਭਰੋਸਾ ਦਿੱਤਾ ਜਾਣ ਦੇ ਬਾਵਜੂਦ ਹਾਲੇ ਵੀ ਇੱੱਥੇ ਕੁੱਝ ਬਦਲਿਆਂ ਨਜ਼ਰ ਨਹੀਂ ਆ ਰਿਹਾ। ਮਾਨਸਾ ਜ਼ਿਲ੍ਹੇ ਨਾਲ ਸਬੰਧਤ ਇੱਕ ਟਕਸਾਲੀ ਕਾਂਗਰਸੀ ਨੇ ਵੀ ਇਸੇ ਤਰ੍ਹਾਂ ਦਾ ਰੋਣਾ ਰੋਂਦਿਆਂ ਦਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਚੰਗੇ ਮਾੜੇ ਸਮੇਂ 'ਚ ਪਾਰਟੀ ਨਾਲ ਚੱਲੇ ਆ ਰਹੇ ਹਨ ਪੰ੍ਰਤੂ ਜਦ ਚੇਅਰਮੈਨੀਆਂ ਤੇ ਸਰਕਾਰ 'ਚ ਹੋਰ ਅਹੁੱੱਦੇ ਬਖਸਣ ਦਾ ਸਮਾਂ ਆਉਂਦਾ ਹੈ ਤਾਂ ਮੁੱਖ ਮੰਤਰੀ ਦਫ਼ਤਰ ਨਾਲ ਜੁੜੀ ਲਾਬੀ ਵਲੋਂ ਪਿਛਲੀ ਅਕਾਲੀ ਸਰਕਾਰ ਦੌਰਾਨ ਚੰਮ ਦੀਆਂ ਚਲਾਉਣ ਵਾਲਿਆਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਤਲਵੰਡੀ ਸਾਬੋ ਤੋਂ ਇੱੱਕ ਕਾਂਗਰਸੀ ਵਰਕਰ ਨੇ ਵੀ ਮਨ ਹੋਲਾ ਕਰਦਿਆਂ ਕਿਹਾ ਕਿ ਅੱਜ ਅਫ਼ਸਰਸਾਹੀ ਤੇ ਖਾਸ ਕਿਸਮ ਦੀ ਲਾਬੀ ਅੱਗੇ ਮੰਤਰੀ ਵੀ ਬੇਵੱਸ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਨੇ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਲਈ ਕੰਮ ਕੀਤਾ, ਉਨ੍ਹਾਂ ਦੇ ਕੰਮ ਹੁਣ ਪਹਿਲ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ। ਗੌਰਤਲਬ ਹੈ ਕਿ ਮੌਜੂਦਾ ਤੇ ਪਿਛਲੀ ਕੈਪਟਨ ਹਕੂਮਤ ਦੌਰਾਨ ਅਫ਼ਸਰਸ਼ਾਹੀ ਦੇ ਹਮੇਸ਼ਾ ਹੀ ਸਿਆਸਤ 'ਤੇ ਭਾਰੂ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਇੱੱਕ ਕਾਂਗਰਸੀ ਨੇ ਇੱਥੋ ਤੱਕ ਖ਼ੁਲਾਸਾ ਕੀਤਾ ਕਿ ਸੂਬੇ ਪੱਧਰ ਦੀਆਂ ਚੇਅਰਮੈਨੀਆਂ ਦੇ ਦਾਅਵੇਦਾਰ ਮੰਨੇ ਆ ਰਹੇ ਕਾਂਗਰਸੀ ਆਗੂਆਂ ਦੇ ਕਹਿਣ 'ਤੇ ਇੱਕ ਛੋਟਾ ਥਾਣੇਦਾਰ ਵੀ ਨਹੀਂ ਬਦਲਿਆ ਜਾ ਰਿਹਾ। ਸੂਬੇ ਦੀ ਸਿਆਸੀ ਨਬਜ਼ 'ਤੇ ਹੱਥ ਰੱੱਖਣ ਵਾਲੇ ਮਾਹਰਾਂ ਮੁਤਾਬਕ ਹੇਠਲੇ ਪੱਧਰ 'ਤੇ ਕਾਂਗਰਸੀ ਵਰਕਰਾਂ ''ਚ ਫੈਲੀ ਨਿਰਾਸ਼ਤਾ ਨੂੰ ਖ਼ਤਮ ਕਰਨ ਲਈ ਹੁਣ ਪੰਜਾਬ 'ਚ ਵੱਡੇ ਬਦਲਾਅ ਦੀ ਜਰੁਰਤ ਮਹਿਸੂਸ ਹੋ ਰਹੀ ਹੈ। ਇਸਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਪਹਿਲਾਂ ਵਾਲੇ ਲੜਾਕੂ ਚਿਹਰੇ ਨਾਲ ਅੱੱਗੇ ਆਉਣਾ ਪਏਗਾ, ਨਹੀਂ ਤਾਂ ਮੌਜੂਦਾ ਹਾਲਾਤ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ 'ਚ ਕਾਂਗਰਸ ਪਾਰਟੀ ਨੂੰ ਵਰਕਰਾਂ ਦੀ ਨਿਰਾਸ਼ਤਾ ਨਾਲ ਸਿਆਸੀ ਨੁਕਸਾਨ ਝੱੱਲਣਾ ਪੈ ਸਕਦਾ ਹੈ।