ਟਰੱਸਟ ਤੋਂ ਨਵੇਂ ਬੱਸ ਅੱਡੇ ਦਾ ਪ੍ਰੋਜੈਕਟ ਖੋਹ ਕੇ ਨਗਰ ਨਿਗਮ ਨੂੰ ਦੇਣ ਦੀ ਤਿਆਰੀ

- - No comments

ਖਾਣ-ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ

ਸੁਖਜਿੰਦਰ ਮਾਨ

ਬਠਿੰਡਾ, 17 ਅਪ੍ਰੈਲ : ਸਥਾਨਕ ਸ਼ਹਿਰ ਦੇ ਬਰਨਾਲਾ ਬਾਈਪਾਸ ਰੋਡ ’ਤੇ ਬਣਨ ਵਾਲੇ ਨਵੇਂ ਬੱਸ ਸਟੈਂਡ ਦੇ ਪ੍ਰੋਜੈਕਟ ਨੂੰ ਨਗਰ ਸੁਧਾਰ ਟਰੱਸਟ ਤੋੋਂ ਖੋਹ ਕੇ ਨਗਰ ਨਿਗਮ ਨੂੰ ਦੇਣ ਦੀ ਤਿਆਰੀ ਵਿੱਢ ਦਿੱੱਤੀ ਗਈ ਹੈ। ਨਗਰ ਸੁਧਾਰ ਟਰੱਸਟ ਦੀ ਕਰੀਬ 18 ਏਕੜ ਜਮੀਨ ਵਿਚ 69 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਸ ਬਹੁ ਮੰਤਵੀਂ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਦਹਾਕਿਆਂ ਤੋਂ ਟਰੱਸਟ ਦੇ ਮੁਲਾਜਮਾਂ ਤੇ ਅਧਿਕਾਰੀਆਂ ਵਲੋ ਭੱਜ ਦੋੜ ਕੀਤੀ ਜਾ ਰਹੀ ਸੀ। ਮਹੱਤਵਪੁੂਰਨ ਗੱਲ ਇਹ ਵੀ ਦੱਸਣੀ ਬਣਦੀ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਨਿਗਮ ਦੇ ਕੰਮਾਂ ’ਤੇ ਟੀਕਾ ਟਿੱਪਣੀ ਕਰਨ ਵਾਲੇ ਸਥਾਨਕ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਖੁਦ ਇਸ ਸਬੰਧ ਵਿਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਡੀ.ਓ ਲੈਟਰ ਲਿਖਣ ਦੀ ਸੂਚਨਾ ਹੈ। ਸੂਤਰਾਂ ਮੁਤਾਬਕ ਇਸ ਪ੍ਰੋੋਜੈਕਟ ਨੂੰ ਟਰੱੱਸਟ ਤੋਂ ਖੋਹਣ ਪਿੱਛੇ ਨਿਗਮ ਵਿਚ ਤੈੈਨਾਤ ਇੱਕ ਚਰਚਿਤ ਅਧਿਕਾਰੀ ਦੀ ਵੱਡੀ ਭੂਮਿਕਾ ਦੱਸੀ ਜਾ ਰਹੀ ਹੈ, ਜਿਹੜਾ ਪਿਛਲੀ ਸਰਕਾਰ ਦੌਰਾਨ ਅਕਾਲੀਆਂ ਦਾ ਚਹੇਤਾ ਹੋਇਆ ਕਰਦਾ ਸੀ ਤੇ ਮੌਜੂਦਾ ਸਮੇਂ ਵਿਤ ਮੰਤਰੀ ਦੇ ਨੇੜਲਿਆਂ ਦਾ ਅੱਖਾਂ ਦਾ ਤਾਰਾ ਬਣਿਆ ਹੋਇਆ ਹੈ। 

ਜਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਵਿਤ ਮੰਤਰੀ ਵਲੋਂ ਅਪਣੇ ਰਾਹੀਂ ਦਿੱਤੀਆਂ ਗ੍ਰਾਂਟਾਂ ਵਾਲੇ ਨਗਰ ਨਿਗਮ ਤੋਂ ਸੈਕੜੇ ਕੰਮ ਖੋਹ ਕੇ ਨਗਰ ਸੁਧਾਰ ਟਰੱਸਟ ਨੂੰ ਦਿੱਤੇ ਸਨ ਪ੍ਰ੍ਰੰਤੂ ਹੁਣ ਟਰੱਸਟ ਤੋਂ  ਉਸਦਾ ਮੁੱਖ ਪ੍ਰੋਜੈਕਟ ਖੋਹ ਕੇ ਨਿਗਮ ਨੂੰ ਦਿੱਤਾ ਜਾ ਰਿਹਾ ਹੈ, ਜਿਸਦੀ ਸ਼ਹਿਰ ਵਿਚ ਚਰਚਾ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਨਿਗਮ ਅਧਿਕਾਰੀ ਸਿਰਫ਼ ਬੱਸ ਸਟੈਂਡ ਦੀ ਇਮਾਰਤ ਨੂੰ ਹੀ ਬਣਾਉਣ ਵਿਚ ਇਕੱੱਲੀ ਰੁਚੀ ਰੱਖ ਰਹੇ ਹਨ ਜਾਂ ਉਸਤੋੋਂ ਬਾਅਦ ਇਸਨੂੰ ਚਲਾਉਣ ਦਾ ਕੰਮ ਖੁਦ ਹੀ ਕਰਨਗੇ ਪ੍ਰੰਤੂ ਪਿਛਲੇ ਕਈ ਸਾਲਾਂ ਤੋਂ ਦਿੱੱਲੀ ਅਤੇ ਚੰਡੀਗੜ੍ਹ ਦੇ ਹਜ਼ਾਰਾਂ ਚੱਕਰ ਕੱਟ ਕੇ ਇਸ ਬੱਸ ਸਟੈਂਡ ਦੀਆਂ ਡਰਾਇੰਗਾਂ ਤੇ ਮੰਨਜੂਰੀਆਂ ਲੈਣ ਵਾਲੇ ਟਰੱਸਟ ਦੇ ਅਧਿਕਾਰੀ ਅੰਦਰਖਾਤੇ ਇਸ ਯੋਜਨਾ ਤੋਂ ਦੁਖੀ ਦੱਸੇ ਜਾ ਰਹੇ ਹਨ। ਇੱਥੇ ਜਿਕਰ ਕਰਨਾ ਬਣਦਾ ਹੈ ਕਿ ਪਟੇਲ ਨਗਰ ਦੀ 45.9 ਸਕੀਮ ਵਿਚ ਬੱਸ ਸਟੈਂਡ ਲਈ ਕਰੀਬ 18 ਏਕੜ ਜਮੀਨ ਰੱਖੀ ਗਈ ਸੀ। ਇਸ ਬੱਸ ਸਟੈਂਡ ਨੂੰ ਬਣਾਉਣ ਲਈ ਪਿਛਲੇ ਡੇਢ ਦਹਾਕੇ ਤੋਂ ਪ੍ਰਿਆ ਚੱਲ ਰਹੀ ਹੈ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸਿਆਸੀ ਲਾਹਾ ਖੱਟਣ ਲਈ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ ਸੀ ਜਦੋਂਕਿ ਬੱਸ ਸਟੈਂਡ ਦੀ ਉਸਾਰੀ ਲਈ ਹਾਲੇ ਤੱਕ ਰੱੱਖਿਆ ਵਿਭਾਗ ਵਲੋਂ ‘ਕੋਈ ਇਤਰਾਜ਼ ਨਹੀਂ’ ਦਾ ਸਾਰੇ ਸਰਟੀਫਿਕੇਟ ਹਾਲੇ ਤੱਕ ਵੀ ਨਹੀਂ ਮਿਲ ਸਕਿਆ। ਦਸਣਾ ਬਣਦਾ ਹੈ ਕਿ ਇਹ ਬੱਸ ਸਟੈਂਡ  ਬਠਿੰਡਾ ’ਚ ਸਥਿਤ ਏਸੀਆਂ ਦੀ ਸਭ ਤੋਂ ਵੱੱਡੀ ਫ਼ੌਜੀ ਛਾਉਣੀ ਦੇ ਬਿਲਕੁਲ ਨਾਲ ਲੱਗਦਾ ਹੈ। ਫ਼ੌਜੀ ਅਧਿਕਾਰੀਆਂ ਦੇ ਇਤਰਾਜ਼ ਕਾਰਨ ਹੁਣ ਇਸ ਨਵੇ ਬੱਸ ਸਟੈਂਡ ਦੀ ਉਚਾਈ ਵੀ ਘਟਾ ਕੇ ਤਿੰਨ ਮੰਜਿਲਾਂ ਕਰ ਦਿੱਤੀ ਗਈ ਹੈ। ਪਤਾ ਲੱਗਿਆ ਹੈ ਕਿ 18 ਏਕੜ ਵਿਚੋਂ 10 ਏਕੜ ਵਿਚ ਇਹ ਨਵਾਂ ਬੱਸ ਸਟੈਂਡ ਤੇ ਵਰਕਸ਼ਾਪ ਬਣਨੀ ਹੈ ਜਦੋਂਕਿ 8 ਏਕੜ ਵਿਚ ਵਪਾਰਕ ਥਾਵਾਂ ਕੱਟ ਕੇ ਇਸਨੂੰ ਵੇਚਿਆਂ ਜਾਣਾ ਹੈ। ਬਣਨ ਤੋਂ ਬਾਅਦ ਇਹ ਬੱਸ ਸਟੈਂਡ ਪੰਜਾਬ ਦਾ ਸਭ ਤੋਂ ਅਤਿ ਆਧੂਨਿਕ ਬੱਸ ਸਟੈਂਡ ਹੋਵੇਗਾ, ਜਿੱਥੇ ਏਅਰਪੋਰਟ ਦੀ ਤਰਜ਼ ’ਤੇ 200 ਮਹਿਮਾਨਾਂ ਦੇ ਬੈਠਣ ਲਈ ਏਸੀ ਲੋਂਜ ਦੇ ਨਾਲ ਤਿੰਨ ਮੂਵੀ ਸਕਰੀਨਾਂ ਹੋਣਗੀਆਂ। ਇਸਤੋਂ ਇਲਾਵਾ ਇੱਥੇ ਹੋਟਲ, ਰੈੈਂਸਟੋਰੈਂਟ, ਕੈਫ਼ਟੇਰੀਆ ਆਦਿ ਹਰ ਤਰ੍ਹਾਂ ਦੀ ਸਹੂਲਤ ਮੁੁਹੱਈਆਂ ਕਰਵਾਈ ਜਾਣ ਦੀ ਯੋਜਨਾ ਹੈ। ਸੂਤਰਾਂ ਮੁਤਾਬਕ ਹੁਣ ਇਹ ਪ੍ਰੋਜੈਕਟ ਸ਼ੁਰੂ ਹੋਣ ਦੇ ਆਖ਼ਰੀ ਗੇੜ ਵਿਚ ਹੈ ਤੇ ਇਕੱਲੀ ਰੱੱਖਿਆ ਵਿਭਾਗ ਦੀ ਮੰਨਜੂਰੀ ਤੋਂ ਇਲਾਵਾ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋ ਚੁੱੱਕੀਆਂ ਹਨ। ਉਧਰ ਇਸ ਪ੍ਰੋਜੈਕਟ ਨਗਰ ਨਿਗਮ ਨੂੰ ਸੋਂਪਣ ਦੀ ਚੱੱਲ ਰਹੀ ਪ੍ਰ੍ਰਿਆ ਦੀ ਪੁਸ਼ਟੀ ਕਰਦਿਆਂ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦਾਅਵਾ ਕੀਤਾ ਕਿ ‘‘ ਨਿਗਮ ਕੋਲ ਹਰ ਤਰ੍ਹਾਂ ਦੇ ਪ੍ਰਬੰਧ ਹਨ ਤੇ ਇਸ ਪ੍ਰੋੋਜੈਕਟ ਨੂੰ ਨੇਪਰੇ ਚਾੜਣ ਵਿਚ ਕੋੋਈ ਡਿੱਕਤ ਨਹੀਂ ਆਵੇਗੀ। 



ਰਮਨ ਗੋਇਲ ਬਣੀ ਬਠਿੰਡਾ ਦੀ ਪਹਿਲੀ ‘ਮਹਿਲਾ’ ਮੇਅਰ

- - No comments

 ਅਸੋਕ ਪ੍ਰਧਾਨ ਨੂੰ ਸੀਨੀਅਰ ਡਿਪਟੀ ਮੇਅਰ ਤੇ ਹਰਮਿੰਦਰ ਸਿੱਧੂ ਨੂੰ ਬਣਾਇਆ ਡਿਪਟੀ ਮੇਅਰ 

ਸੁਖਜਿੰਦਰ ਮਾਨ

ਬਠਿੰਡਾ, 15 ਅਪ੍ਰੈਲ : ਸੂਬੇ ਦੇ ਵਿਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ਸ਼ਹਿਰ ਦੀ ਸਿਆਸਤ ਉੱਪਰ ਪਕੜ ਹੋਰ ਮਜ਼ਬੂਤ ਕਰਨ ਵਿੱਚ ਸਫਲ ਰਹੇ ਹਨ। ਸਥਾਨਕ ਮਿੰਨੀ ਸਕੱਤਰੇਤ ਵਿਚ ਫ਼ਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਰਵਿੰਦਰ ਕੁਮਾਰ ਕੋਸ਼ਿਕ ਦੀ ਅਗਵਾਈ ਹੇਠ ਹੋਈ ਚੋਣ ਵਿਚ ਸ੍ਰੀ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੇ ਨੇੜਲੇ ਮੰਨੇ ਜਾਣ ਵਾਲੇ ਕਾਰੋਬਾਰੀ ਸੰਦੀਪ ਗੋਇਲ ਦੀ ਪਤਨੀ ਰਮਨ ਗੋਇਲ ਬਠਿੰਡਾ ਸਹਿਰ ਦੀ ‘ਪਹਿਲੀ’ ਮਹਿਲਾ ਮੇਅਰ ਬਣਨ ਵਿਚ ਸਫ਼ਲ ਰਹੀ। ਰਮਨ ਗੋਇਲ ਦੇ ਮੁਕਾਬਲੇ  ਮੇਅਰਸ਼ਿਪ ਦੇ ਅਹੁੱਦੇ ਲਈ ਸੀਨੀਅਰ ਆਗੂ ਜਗਰੂਪ ਸਿੰਘ ਗਿੱਲ ਤੇ ਅਸੋਕ ਪ੍ਰਧਾਨ ਵੀ ਦਾਅਵੇਦਾਰ ਸਨ ਪ੍ਰੰਤੂ ਅੰਦਰਖ਼ਾਤੇ ਚਾਹੁੰਣ ਦੇ ਬਾਵਜੂਦ ਵੀ ਗਿੱਲ ਦਾ ਕੋਂਸਲਰਾਂ ਨੇ ਖੁੱਲ ਕੇ ਸਾਥ ਨਹੀਂ ਦਿੱਤਾ। ਇਸਤੋਂ ਇਲਾਵਾ ਮੇਅਰਸ਼ਿਪ ਦਾ ਅਹੁੱਦਾ ਨਾ ਮਿਲਣ ਕਰਕੇ ਬੀਤੀ ਦੇਰ ਸ਼ਾਮ ਰੁੱਸਣ ਵਾਲੇ ਅਸੋਕ ਪ੍ਰਧਾਨ ਨੂੰ ਵਿਤ ਮੰਤਰੀ ਨੇ ਸੀਨੀਅਰ ਡਿਪਟੀ ਮੇਅਰ ਬਣਾ ਕੇ ‘ਠੰਢਾ’ ਕਰ ਦਿੱਤਾ।  ਇਸੇ ਤਰ੍ਹਾਂ ਲਗਾਤਾਰ ਤੀਜੀ ਵਾਰ ਜਿੱਤੇ ਮਾਸਟਰ ਹਰਮਿੰਦਰ ਸਿੰਘ ਸਿੱਧੂ ਡਿਪਟੀ ਮੇਅਰ ਬਣਨ ਵਿਚ ਕਾਮਯਾਬ ਰਹੇ।  ਉਹ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਵਿਤ ਮੰਤਰੀ ਦੇ ਕਾਫ਼ਲੇ ’ਚ ਸ਼ਾਮਲ ਹੋਏ ਸਨ। ਇਸ ਅਹੁੱਦੇ ਲਈ ਪਾਰਟੀ ਦੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਵੀ ਵੱਡੇ ਦਾਅਵੇਦਾਰ ਸਨ। 

ਚੋਣ ਤੋਂ ਪਹਿਲਾਂ ਸਥਾਨਕ ਲੇਕਵਿਊ ਰੇਸਟ ਹਾਊਸ ਵਿਚ ਮੰਤਰੀ ਚੰਨੀ ਵਲੋਂ ਇਕੱਲੇ ਇਕੱਲੇ ਕੋਂਸਲਰ ਦਾ ਪੱਖ ਸੁਣਿਆ ਗਿਆ। ਸੂਤਰਾਂ ਮੁਤਾਬਕ ਜਿਆਦਾਤਰ ਕੋਂਸਲਰਾਂ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਹੀ ਭਰੋਸਾ ਜਤਾਉਂਦਿਆਂ ਉਨ੍ਹਾਂ ਵਲੋਂ ਤੈਅ ਕੀਤੇ ਉਮੀਦਵਾਰ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ। ਇਸਤੋਂ ਬਾਅਦ ਮਿੰਨੀ ਸਕੱਤਰੇਤ ’ਚ ਕਮਿਸ਼ਨਰ ਸ੍ਰੀ ਕੋਸ਼ਿਕ ਦੀ ਅਗਵਾਈ ਹੇਠ ਮੀਟਿੰਗ ਹੋਈ । ਮੀਟਿੰਗ ਦੀ ਕਾਰਵਾਈ ਤੀਜੀ ਵਾਰ ਜਿੱਤੇ ਕੋਂਸਲਰ ਰਾਜੂ ਸਰਾਂ ਨੇ ਪ੍ਰੋਟਾਈਮ ਸਪੀਕਰ ਦੇ ਤੌਰ ’ਤੇ ਚਲਾਈ। ਇਸ ਦੌਰਾਨ ਕੋਂਸਲਰ ਹਰਵਿੰਦਰ ਸਿੰਘ ਲੱਡੂ ਵਲੋਂ ਮੇਅਰ ਦੇ ਅਹੁੱਦੇ ਲਈ 35 ਨੰਬਰ ਵਾਰਡ ਤੋਂ ਜਿੱਤੀ ਰਮਨ ਗੋਇਲ ਦਾ ਨਾਮ ਤਜਵੀਜ਼ ਕੀਤਾ ਅਤੇ ਕੋਂਸਲਰ ਸੰਦੀਪ ਬੋਬੀ ਨੇ ਇਸ ਨਾਮ ਦੀ ਤਸਦੀਕ ਕੀਤੀ। ਜਿਸਤੋਂ ਬਾਅਦ ਕਮਿਸ਼ਨਰ ਨੇ ਹੱਥ ਖੜੇ ਕਰਵਾਕੇ ਚੋਣ ਕਰਵਾਉਣ ਦਾ ਐਲਾਨ ਕੀਤਾ। ਸੂਤਰਾਂ ਮੁਤਾਬਕ ਮੇਅਰਸ਼ਿਪ ਦੇ ਦਾਅਵੇਦਾਰ ਜਗਰੂਪ ਗਿੱਲ ਨੇ ਇਸਦਾ ਵਿਰੋਧ ਕਰਦਿਆਂ ਬੇਲਟ ਪੇਪਰ ਉਪਰ ਚੋਣ ਕਰਵਾਉਣ ਦੀ ਮੰਗ ਰੱਖੀ। ਪ੍ਰੰਤੂ ਵਿਰੋਧ ਵਿਚ ਕੋਈ ਉਮੀਦਵਾਰ ਹੋਰ ਨਾ ਹੋਣ ਕਰਕੇ ਕਮਿਸ਼ਨਰ ਨੇ ਇਸਨੂੰ ਜਾਇਜ਼ ਦਸਿਆ। ਗਿੱਲ ਨੇ ਦਾਅਵਾ ਕੀਤਾ ਕਿ ਜਦੋਂ ਹੱਥ ਖੜੇ ਕਰਨ ਲਈ ਕਿਹਾ ਗਿਆ ਤਾਂ ਪਹਿਲਾਂ ਕਾਂਗਰਸ ਦੇ 43 ਵਿਚੋਂ 29 ਅਤੇ ਦੂੁਜੀ ਵਾਰ 35 ਕੋਂਸਲਰਾਂ ਨੇ ਰਮਨ ਗੋਇਲ ਨੂੰ ਅਪਣਾ ਸਮਰਥਨ ਦਿੱਤਾ। ਦਸਣਾ ਬਣਦਾ ਹੈ ਕਿ 14 ਫ਼ਰਵਰੀ ਨੂੰ ਹੋਈਆਂ ਚੋਣਾਂ ’ਚ ਕਾਂਗਰਸ ਪਾਰਟੀ ਸ਼ਹਿਰ ਦੇ 50 ਵਾਰਡਾਂ ਵਿਚੋਂ 43 ਜਿੱਤਣ ਵਿਚ ਸਫ਼ਲ ਰਹੀ ਸੀ। ਕਾਂਗਰਸ ਪਾਰਟੀ ਨੇ ਬਠਿੰਡਾ ਨਿਗਮ ਉਪਰ 53 ਸਾਲਾਂ ਬਾਅਦ ਕਬਜ਼ਾ ਕੀਤਾ ਹੈ। 

ਜਗਰੂਪ ਗਿੱਲ ਨੇ ਵਿਤ ਮੰਤਰੀ ਵਿਰੁਧ ਅਸਿੱਧੇ ਢੰਗ ਨਾਲ ਖੋਲਿਆ ਮੋਰਚਾ 

ਬਠਿੰਡਾ: ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਨੇ ਚੋਣ ਪ੍ਰੋਗਰਾਮ ਮੁਕੰਮਲ ਹੁੰਦਿਆਂ ਹੀ ਅਸਿੱਧੇ ਢੰਗ ਨਾਲ ਵਿਤ ਮੰਤਰੀ ਵਿਰੁਧ ਮੋਰਚਾ ਖੋਲਦਿਆਂ ਦਾਅਵਾ ਕੀਤਾ ਕਿ ਚੋਣ ਵਿਚ ਮਨਪ੍ਰੀਤ ਬਾਦਲ ਦੀ ਇੱਛਾ ਚੱਲੀ ਹੈ। ਕਾਫ਼ੀ ਨਰਾਸ਼ ਦਿਖ਼ਾਈ ਦੇ ਰਹੇ ਸ਼੍ਰੀ ਗਿੱਲ ਨੇ ਨਿਗਮ ਵਿਚ ਕੁੱਝ ਵੀ ਗਲਤ ਨਾ ਹੋਣ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੋ ਮਹੀਨੇ ਪਹਿਲਾਂ ਮੇਅਰਸ਼ਿਪ ਦੇ ਅਹੁੱਦੇ ਲਈ ਦਾਅ ਖੇਡਦਿਆਂ ਰਾਜ ਮੰਤਰੀ ਦੇ ਬਰਾਬਰ ਜ਼ਿਲ੍ਹਾ ਪਲਾਨਿੰਗ ਬੋਰਡ ਦੀ ਚੇਅਰਮੈਨੀ ਛੱਡ ਦਿੱਤੀ ਸੀ। ਸੂਤਰਾਂ ਮੁਤਾਬਕ ਉਹ ਆਉਣ ਵਾਲੇ ਸਮੇਂ ’ਚ ਮਨਪ੍ਰੀਤ ਵਿਰੋਧੀਆਂ ਦਾ ਕੇਂਦਰ ਬਿੰਦੂ ਬਣ ਸਕਦੇ ਹਨ।

ਅਕਾਲੀ ਕੋਂਸਲਰਾਂ ਨੇ ਕੀਤਾ ਵਾਕਆਊਟ

ਬਠਿੰਡਾ: ਇੰਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ ’ਤੇ ਚੁਣੇ ਗਏ 7 ਕੋਂਸਲਰਾਂ ਨੇ ਅੱਜ ਹੋਈ ਚੋਣ ਦਾ ਵਿਰੋਧ ਕਰਦਿਆਂ ਵਾਕਆਊਟ ਕੀਤਾ। ਕੋਂਸਲਰ ਹਰਪਾਲ ਸਿੰਘ ਢਿੱਲੋਂ ਤੇ ਸੈਰੀ ਗੋਇਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਮੀਟਿੰਗ ਦੌਰਾਨ ਬੋਲਣਾ ਚਾਹਿਆ ਪ੍ਰੰਤੂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਬੈਲੇਟ ਪੇਪਰ ਰਾਹੀ ਹੋਣੀ ਚਾਹੀਦੀ ਸੀ, ਜਿਸਦੇ ਨਾਲ ਨਤੀਜ਼ੇ ਹੋਰ ਹੋਣੇ ਸਨ। 

2022 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਮਨਪ੍ਰੀਤ ਨੇ ਦਿੱਤੇ ਅਹੁੱਦੇ

ਬਠਿੰਡਾ: ਅੱਜ ਨਗਰ ਨਿਗਮ ਦੇ ਤਿੰਨ ਅਹੁੱਦਿਆਂ ਲਈ ਹੋਈ ਚੋਣ ਵਿਚ ਵਿਤ ਮੰਤਰੀ ਵਲੋਂ ਆਗਾਮੀ 2022 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਬਣਾਈ ਰਣਨੀਤੀ ਦੀ ਝਲਕ ਸਾਫ਼ ਦਿਖ਼ਾਈ ਦੇ ਰਹੀ ਹੈ। ਸ਼੍ਰੀ ਬਾਦਲ ਨੇ ਮੇਅਰ ਦਾ ਅਹੁੱਦਾ ਹਿੰਦੂ ਤੇ ਖ਼ਾਸਕਰ ਅਗਰਵਾਲ ਭਾਈਚਾਰੇ ਨੂੰ ਦਿੱਤਾ ਹੈ। ਜਦੋਂਕਿ ਸੀਨੀਅਰ ਡਿਪਟੀ ਮੇਅਰ ਦਾ ਅਹੁੱਦਾ ਅਸੋਕ ਪ੍ਰਧਾਨ ਨੂੰ ਦੇ ਕੇ ਨਾ ਸਿਰਫ਼ ਟਕਸਾਲੀਆਂ ਬਲਕਿ ਸ਼ਹਿਰ ਦੇ ਪਿਛੜੇ ਵਰਗ ਨੂੰ ਵੀ ਖ਼ੁਸ ਕਰਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਡਿਪਟੀ ਮੇਅਰ ਦਾ ਅਹੁੱਦਾ ਜੱਟ ਸਿੱਖ ਭਾਈਚਾਰੇ ਨੂੰ ਦਿੱਤਾ ਗਿਆ ਹੈ। 

ਚੰਨੀ ਨੂੰ ਮਨਪ੍ਰੀਤ ਨੇ ਬਰਾਨੀ ਛੋਲਿਆਂ ਤੇ ਮੱਕੀ ਦਾ ਦਿੱਤਾ ਤੋਹਫ਼ਾ

ਬਠਿੰਡਾ: ਨਗਰ ਨਿਗਮ ਦੀ ਚੋਣ ਲਈ ਪਾਰਟੀ ਵਲੋਂ ਲਗਾਏ ਆਬਜਰਬਰ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅਪਣੇ ਰਾਜਸਥਾਨ ਸਥਿਤ ਬਰਾਨੀ ਛੋਲਿਆਂ ਤੇ ਮੱਕੀ ਤੋਂ ਇਲਾਵਾ ਕਿੰਨੂਆਂ ਦਾ ਤੋਹਫ਼ਾ ਦਿੱਤਾ ਗਿਆ। ਸੂਤਰਾਂ ਮੁਤਾਬਕ ਬੀਤੀ ਰਾਤ ਵਿਤ ਮੰਤਰੀ ਦੇ ਫ਼ਾਰਮ ਹਾਊਸ ’ਤੇ ਹੀ ਠਹਿਰੇ ਸ਼੍ਰੀ ਚੰਨੀ ਨੂੰ ਮਨਪ੍ਰੀਤ ਵਲੋਂ ਅਪਣੇ ਫ਼ਾਰਮ ਦਾ ਦੌਰਾ ਵੀ ਕਰਵਾਇਆ ਗਿਆ।

ਪੰਜਾਬ ’ਚ ਕਣਕ ਦਾ ਝਾੜ ਘਟਿਆ, ਕਿਸਾਨਾਂ ਨੂੰ ਪਏਗੀ 2500 ਕਰੋੜ ਦਾ ਮਾਰ

- - No comments

 ਸਰਕਾਰਾਂ ਤੋਂ ਬਾਅਦ ਕਿਸਾਨਾਂ ’ਤੇ ਕੁਦਰਤ ਦੀ ਕਰੋਪੀ

ਮਾਹਰਾਂ ਮੁਤਾਬਕ ਬਾਰਸਾਂ ਦੀ ਘਾਟ ਕਾਰਨ ਝਾੜ ’ਤੇ ਪਿਆ ਅਸਰ 

ਸੁਖਜਿੰਦਰ ਮਾਨ

ਬਠਿੰਡਾ, 14 ਅਪ੍ਰੈਲ: ਪਹਿਲਾਂ ਹੀ ਕਾਲੇ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਸਰਕਾਰਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਹੁਣ ਕਣਕ ਦਾ ਝਾੜ ਨਿਕਲਣ ਕਾਰਨ ਦੂਹਰੀ ਮਾਰ ਪੈ ਗਈ ਹੈ। ਮੁਢਲੇ ਰੁਝਾਨਾਂ ਮੁਤਾਬਕ ਪ੍ਰਤੀ ਏਕੜ ਇੱਕ ਤੋਂ ਦੋ ਕੁਇੰਟਲ ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਘੱਟ ਨਿਕਲ ਰਿਹਾ ਹੈ। ਕੇਂਦਰ ਵਲੋਂ ਕਣਕ ਦਾ ਘੱਟੋਂ ਘੱਟ ਰੇਟ 1975 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਮਾਹਰਾਂ ਮੁਤਾਬਕ ਜੇਕਰ ਡੇਢ ਕੁਇੰਟਲ ਵੀ ਪ੍ਰਤੀ ਏਕੜ ਝਾੜ ਘੱਟ ਨਿਲਿਆਂ ਤਾਂ ਵੀ ਸੂਬੇ ਦੇ ਕਿਸਾਨਾਂ ਨੂੰ 2500 ਕਰੋੜ ਦਾ ਆਰਥਿਕ ਘਾਟਾ ਸਹਿਣਾ ਪਏਗਾ। ਸੂਬਾ ਸਰਕਾਰ ਵਲੋਂ ਇਸ ਵਾਰ ਮੰਡੀਆਂ ’ਚ 130 ਲੱਖ ਮੀਟਰਕ ਟਨ ਕਣਕ ਆਉਣ ਦੀ ਉਮੀਦ ਰੱਖੀ ਹੋਈ ਹੈ ਪ੍ਰੰਤੂ ਝਾੜ ਦੇ ਘਟਣ ਕਾਰਨ ਇਹ ਟੀਚਾ ਪੂਰਾ ਹੋਣ ਦੀ ਘੱਟ ਹੀ ਸੰਭਾਵਨਾ ਹੈ। ਪਿਛਲੇ ਸੀਜ਼ਨ ਦੌਰਾਨ 124 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਪੰਜਾਬ ’ਚ ਇਸ ਸੀਜ਼ਨ ਦੌਰਾਨ ਕੁੱਲ 35.21 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਈ ਕੀਤੀ ਹੋਈ ਹੈ। ਖੇਤੀ ਮਾਹਰਾਂ ਮੁਤਾਬਕ ਕਣਕ ਦੀ ਫ਼ਸਲ ’ਤੇ ਮੀਂਹ ਦੀ ਕਮੀ ਤੇ ਦਾਣਾ ਪੱਕਣ ਸਮੇਂ ਪਈ ਜਿਆਦਾ ਗਰਮੀ ਨੇ ਝਾੜ ’ਤੇ ਅਸਰ ਪਾਇਆ ਹੈ। ਅਚਾਨਕ ਪਈ ਗਰਮੀ ਕਾਰਨ ਕਣਕ ਦਾ ਦਾਣਾ ਪਿਚਕ ਗਿਆ ਹੈ। ਕਣਕ ਦਾ ਝਾੜ ਘਟਣ ਤੇ ਦਾਣਾ ਛੋਟਾ ਰਹਿਣ ਕਾਰਨ ਕਿਸਾਨ ਫਿਕਰਮੰਦ ਹੋ ਗਏ ਹਨ। 

ਕਿਸਾਨਾਂ ਮੁਤਾਬਕ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਝੰਡਾ ਚੁੱਕਣ ਵਾਲੇ ਪੰਜਾਬ ਨੂੰ ਸਬਕ ਸਿਖਾਉਣ ਦੀ ਤਾਕ ’ਚ ਬੈਠੀ ਮੋਦੀ ਸਰਕਾਰ ਹੁਣ ਇਸਦੀ ਖ਼ਰੀਦ ਵਿਚ ਵੀ ਦਿੱਕਤ ਖ਼ੜੀ ਕਰ ਸਕਦੀ ਹੈ। ਗੌਰਤਲਬ ਹੈ ਕਿ ਪਹਿਲਾਂ ਹੀ ਕਿਸਾਨਾਂ ਨੂੰ ਆੜਤੀਆਂ ਨਾਲੋਂ ਅਲੱਗ ਕਰਨ ਦੇ ਇਰਾਦੇ ਨਾਲ ਸਰਕਾਰ ਵਲੋਂ ਸਿੱਧੀ ਅਦਾਇਗੀ ਦਾ ਸਟੈਂਡ ਲਿਆ ਗਿਆ ਹੈ। ਇਸਤੋਂ ਇਲਾਵਾ ਕਣਕ ਦੀ ਖ਼ਰੀਦ ਦੀਆਂ ਸਰਤਾਂ ਵੀ ਸਖ਼ਤ ਕੀਤੀਆਂ ਗਈਆਂ ਹਨ। ਸੂਬੇ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਵੀ ਤੈਅਸੁਦਾ ਟੀਚੇ ਤੋਂ ਘੱਟ ਕਣਕ ਮੰਡੀਆਂ ’ਚ ਆਉਣ ਦਾ ਅਨੁਮਾਨ ਲਗਾ ਰਹੇ ਹਨ। ਜਦੋਂਕਿ ਪਿਛਲੇ ਸੀਜਨ ਦੌਰਾਨ ਝੋਨੇ ਦੀ ਖ਼ਰੀਦ ’ਚ ਪੰਜਾਬ ਨੇ ਵੱਡਾ ਰਿਕਾਰਡ ਤੋੜਿਆ ਸੀ। ਕਿਸਾਨ ਰੇਸ਼ਮ ਸਿੰਘ ਯਾਤਰੀ ਨੇ ਦਸਿਆ ਕਿ ‘‘ ਕਣਕ ਦੀ ਫ਼ਸਲ ਬੀਜਣ ਤੋਂ ਬਾਅਦ ਭਰਵੀਂ ਬਾਰਸ਼ ਨਾ ਹੋਣ ਅਤੇ ਅਚਾਨਕ ਗਰਮੀ ਵਧਣ ਕਾਰਨ ਝਾੜ ’ਤੇ ਅਸਰ ਪਿਆ ਹੈ। ’’ ਜੈਤੋ ਦੀ ਅਨਾਜ਼ ਮੰਡੀ ’ਚ ਬੈਠੇ ਕਿਸਾਨ ਯਾਦਵਿੰਦਰ ਸਿੰਘ ਨੇ ਵੀ ਇਸਦੀ ਪੁਸ਼ਟੀ ਕਰਦਿਆਂ ਪਿਛਲੇ ਸਾਲ ਦੇ ਮੁਕਾਬਲੇ ਡੇਢ ਤੋਂ ਦੋ ਕੁਇੰਟਲ ਪ੍ਰਤੀ ਏਕੜ ਕਣਕ ਘੱਟ ਨਿਕਲਣ ਬਾਰੇ ਦਸਿਆ। ਮੁੱਖ ਖੇਤੀਬਾੜੀ ਅਫ਼ਸਰ ਡਾ ਬਹਾਦਰ ਸਿੰਘ ਸਿੱਧੂ ਨੇ ਦਸਿਆ ਕਿ ਕਣਕ ਦੇ ਝਾੜ ਦੇ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ। ਜ਼ਿਲ੍ਹੇ ਵਿਚ ਪਿਛਲੇ ਸਾਲ ਤੇ ਚਾਲੂ ਸਾਲ ਦੌਰਾਨ ਕਰੀਬ ਢਾਈ ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਂਦ ਕੀਤੀ ਗਈ ਸੀ। ਅੰਕੜਿਆਂ ਮੁਤਾਬਕ ਪਿਛਲੇ ਸਾਲ ਕਣਕ ਦਾ ਝਾੜ ਸੂਬੇ ਪੱਧਰ ’ਤੇ ਸਾਢੇ 50 ਮਣ ਰਿਹਾ ਸੀ ਪ੍ਰੰਤੂ ਇਸ ਵਾਰ ਘਟਣ ਦੀ ਉਮੀਦ ਹੈ। ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਕੁਦਰਤੀ ਆਫਤਾਂ ਕਾਰਨ ਹੋਣ ਵਾਲੇ ਨੁਕਸਾਨ ਦੇ ਚੱਲਦਿਆਂ ਸਰਕਾਰ ਨੂੰ ਹੁਣ ਨਰਮੇ ਤੇ ਝੋਨੇ ਦੀ ਫ਼ਸਲ ਲਈ ਬੀਜਾਂ ਅਤੇ ਡੀਜ਼ਲ ਉਪਰ ਸਬਸਿਡੀ ਦੇਣੀ ਚਾਹੀਦੀ ਹੈ।

   

ਮਨਪ੍ਰੀਤ ਬਾਦਲ ਆਖਰੀ ਪਲਾਂ ਤੱਕ ਪੱਤੇ ਲੁਕੋਣ ਵਿਚ ਸਫਲ

- - No comments

 ਮਾਮਲਾ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ

ਸੁਖਜਿੰਦਰ ਮਾਨ

ਬਠਿੰਡਾ, 14 ਅਪ੍ਰੈਲ: ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਿਆਸੀ ਗੁੜਤੀ ਲੈ ਕੇ ਰਾਜਨੀਤੀ ਵਿੱਚ ਆਏ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਥਾਨਕ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੇ ਮਾਮਲੇ ਚ ਆਖ਼ਰੀ ਪਲਾਂ ਤੱਕ ਭੇਦ ਬਣਾਈ ਰੱਖਣ ਵਿੱਚ ਸਫਲ ਰਹੇ ਹਨ। ਖ਼ੁਦ ਨੂੰ ਮਨਪ੍ਰੀਤ ਬਾਦਲ ਦੇ ਅਤਿ ਨੇੜਲਿਆਂ ਵਿੱਚ ਗਿਣਨ ਦਾ ਦਾਅਵਾ ਕਰਨ ਵਾਲੇ ਸਥਾਨਕ ਸ਼ਹਿਰ ਦੇ ਕੁਝ ਆਗੂ ਵੀ ਵਿੱਤ ਮੰਤਰੀ  ਦੇ ‘ਮਨ’ ਨੂੰ ਬੁੱਝਣ ਵਿੱਚ ਅਸਮਰੱਥ ਜਾਪ ਰਹੇ ਹਨ। ਚਰਚਾ ਮੁਤਾਬਕ ਮੇਅਰ ਅਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਵਾਲਾ ਲਿਫ਼ਾਫ਼ਾ ਮਨਪ੍ਰੀਤ ਬਾਦਲ ਵੱਲੋਂ ਮੌਕੇ ਤੇ ਹੀ ਖੋਲਿਆ ਜਾਵੇਗਾ। 

ਬੇਸ਼ੱਕ ਸ਼ਹਿਰ ਦੇ ਪਹਿਲੇ ਨਾਗਰਿਕ ਵਜੋਂ ਚੁਣੇ ਜਾਣ ਵਾਲੇ ਮੇਅਰ ਦੇ ਨਾਮ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਹਰੇਕ ਵਿਅਕਤੀ ਵੱਲੋਂ ਆਪਣੀ ਸਮਝ ਮੁਤਾਬਕ ਟੇਵੇ ਲਾਏ ਜਾ ਰਹੇ ਹਨ ਪਰੰਤੂ ਬਾਦਲ ਪਰਿਵਾਰ ਨੂੰ ਨੇੜੇ ਤੋਂ ਜਾਣਨ ਵਾਲਿਆ ਮੁਤਾਬਕ ‘ਤਾਏ-ਭਤੀਜੇ’ ਦੇ ਦਿਲ ਦਾ ਭੇਤ ਕਿਸੇ ਸਿਆਸੀ ਆਗੂ ਨੂੰ ਤਾਂ ਕੀ ਬਲਕਿ ‘ਉਪਰਲੇ’ ਨੂੰ ਵੀ ਲਿਫਾਫਾ ਖੁੱਲਣ ਤੋਂ ਬਾਅਦ ਹੀ ਪਤਾ ਚਲਦਾ ਹੈ। ਦੱਸਣਾ ਬਣਦਾ ਹੈ ਕਿ 17 ਫ਼ਰਵਰੀ ਨੂੰ ਆੲੈ ਨਤੀਜਿਆਂ ਤੋਂ ਕਰੀਬ ਦੋ ਮਹੀਨਿਆਂ ਬਾਅਦ ਭਲਕੇ 15 ਅਪ੍ਰੈਲ ਨੂੰ ਬਠਿੰਡਾ ਨਗਰ ਨਿਗਮ ਦੇ ਮੇਅਰ ਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਹੋਣ ਜਾ ਰਹੀ ਹੈ। ਇਸਦੇ ਲਈ ਕਾਂਗਰਸ ਪਾਰਟੀ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਆਬਜਰਬਰ ਵਜੋਂ ਤੈਨਾਤ ਕੀਤਾ ਹੈ, ਜਿਹੜੇ ਕਿ ਅੱਜ ਸ਼ਾਮ ਬਠਿੰਡਾ ਪੁੱਜ ਚੁੱਕੇ ਹਨ। ਸ੍ਰੀ ਚੰਨੀ ਵਿਤ ਮੰਤਰੀ ਦੇ ਨਜਦੀਕੀ ਮੰਨੇ ਜਾਂਦੇ ਹਨ, ਜਿਸਦੇ ਚੱਲਦੇ ਪੂਰੀ ਸੰਭਾਵਨਾ ਹੈ ਕਿ ਭਲਕੇ ਹੋਣ ਵਾਲੀ ਚੋਣ ਵਿਚ ਮਨਪ੍ਰੀਤ ਬਾਦਲ ਦੀ ਹੀ ਮਰਜ਼ੀ ਚੱਲੇਗੀ। ਉਜ ਸ਼੍ਰੀ ਬਾਦਲ ਨੇ ਹੁਣ ਤਕ ਇੱਕ ਵਾਰ ਵੀ ਕਿਸੇ ਵੀ ਕੌਂਸਲਰ ਨੂੰ ਮੇਅਰ ਅਤੇ ਡਿਪਟੀ ਮੇਅਰ ਬਣਾਉਣ ਦਾ ਇਸ਼ਾਰਾ ਤਕ ਨਹੀਂ ਕੀਤਾ ਹੈ। ਤਿੰਨ ਦਿਨ ਪਹਿਲਾਂ ਉਨਾਂ ਵੱਲੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਜਿੱਤੇ 43 ਕੌਂਸਲਰਾਂ ਨਾਲ ਕੀਤੀ ਇਕੱਲੇ ਇਕੱਲੇ ਮੀਟਿੰਗ ਦੌਰਾਨ ਵੀ ਦਿਲ ਦਾ ਭੇਤ ਦੱਸਣ ਦੀ ਬਜਾਏ ਉਨਾਂ ਨੂੰ ਏਕਤਾ ਦਾ ਪਾਠ ਪੜਾਉਂਦਿਆਂ ਪਾਰਟੀ ਹਾਈ ਕਮਾਨ ਵੱਲੋਂ ਕੀਤੇ ਫ਼ੈਸਲੇ ਨੂੰ ਮੰਨਣ ਦੀ ਤਾਕੀਦ ਹੀ ਕੀਤੀ ਹੈ। ਸੂਤਰਾਂ ਮੁਤਾਬਕ  ਵਿਧਾਨ ਸਭਾ ਚੋਣਾਂ ਵਿੱਚ ਕੁਝ ਹੀ ਮਹੀਨੇ ਬਾਕੀ ਰਹਿ ਜਾਣ ਕਾਰਨ ਮਨਪ੍ਰੀਤ ਸਿੰਘ ਬਾਦਲ ਵੱਲੋਂ ‘ਮੰਤਰੀ’ ਦੇ ਬਰਾਬਰ ‘ਪਾਵਰ’ ਰੱਖਣ ਵਾਲੇ ਮੇਅਰ ਦੇ ਅਹੁਦੇ ਲਈ ਇਕੱਲੀ ਵਫਾਦਾਰੀ ਦਾ ਖਿਆਲ ਹੀ ਨਹੀਂ ਰੱਖਿਆ ਜਾਵੇਗਾ ਬਲਕਿ ਬਠਿੰਡਾ ਤੋਂ ਅਗਲੀਆਂ ਚੋਣਾਂ ਜਿੱਤਣ ਲਈ ਸਿਆਸੀ ਗਿਣਤੀ ਮਿਣਤੀ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਹਾਲਾਂਕਿ ਕਾਂਗਰਸ ਪਾਰਟੀ ਦੀ ਟਿਕਟ ’ਤੇ ਜਿੱਤੇ ਸਾਢੇ ਤਿੰਨ ਦਰਜਨ ਦੇ ਕਰੀਬ ਕੌਂਸਲਰਾਂ ਵਿੱਚੋਂ ਮੇਅਰ ਦੇ ਅਹੁੱਦੇ ਦੇ ਸਿਆਸੀ ਕੱਦ ਬੁੱਤ ਬਰਾਬਰ ਤਿੰਨ ਚਾਰ ਹਸਤੀਆਂ ਹੀ ਨੇੜੇ ਢੁੱਕਦੀਆਂ ਹਨ ਪ੍ਰੰਤੂ ਚਰਚਾਂ ਮੁਤਾਬਕ ਸਿਆਸੀ ਹਿੱਤਾਂ ਨੂੰ ਮੁੱਖ ਰੱਖਦਿਆਂ ਵਿੱਤ ਮੰਤਰੀ ਵੱਲੋਂ ਕੋਈ ਵੀ ਨਵਾਂ ‘ਸੱਪ’ ਕੱਢਿਆ ਜਾ ਸਕਦਾ ਹੈ। 

ਮੇਅਰ ਲਈ ਦੋ ਸੀਨੀਅਰ ਆਗੂਆਂ ਦੇ ਨਾਮ ਦੀ ਚਰਚਾ

ਬਠਿੰਡਾ: ਉਂਜ ਚੱਲ ਰਹੀ ਚਰਚਾ ਮੁਤਾਬਿਕ ਮਰਦਾਂ ਵਿੱਚੋਂ ਜਗਰੂਪ ਸਿੰਘ ਗਿੱਲ ਅਤੇ ਅਸ਼ੋਕ ਕੁਮਾਰ ਦਾ ਨਾਂ ਹੀ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ। ਜਦੋਂ ਕਿ ਔਰਤਾਂ ਵਿੱਚੋਂ ਵੀ ਠੇਕੇਦਾਰ ਸੰਦੀਪ ਗੋਇਲ ਦੀ ਪਤਨੀ ਰਮਨ ਗੋਇਲ ਅਤੇ ਕਾਂਗਰਸੀ ਆਗੂ ਪਵਨ ਮਾਨੀ ਦੀ ਧਰਮਪਤਨੀ ਪ੍ਰਵੀਨ ਗਰਗ ਦੀ ਦੀ ਚਰਚਾ ਸੁਣਾਈ ਦੇ ਰਹੀ ਹੈ। ਕਾਂਗਰਸੀ ਆਗੂ ਜਗਰੂਪ ਗਿੱਲ 1979 ਤੋਂ ਲੈ ਕੇ ਹੁਣ ਤਕ ਲਗਾਤਾਰ ਨਗਰ ਕੌਂਸਲ ਤੇ ਨਗਰ ਨਿਗਮ ਦੇ ਮੈਂਬਰ ਬਣਦੇ ਆ ਰਹੇ ਹਨ। ਉਹ ਬੇਅੰਤ ਸਿੰਘ ਦੀ ਸਰਕਾਰ ਸਮੇਂ ਬਠਿੰਡਾ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸ ਗਿੱਲ ਨੇ ਮੇਅਰ ਬਣਨ ਦੀ ਇੱਛਾ ਰੱਖਦੇ ਹੋਏ ਕਰੀਬ ਦੋ ਮਹੀਨੇ ਪਹਿਲਾਂ ਰਾਜ ਮੰਤਰੀ ਦੇ ਬਰਾਬਰ ਦਾ ਦਰਜਾ ਰੱਖਣ ਵਾਲੇ ਜ਼ਿਲਾ ਪਲਾਨਿੰਗ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸੇ ਤਰਾਂ ਦੂਜੇ ਦਾਅਵੇਦਾਰ ਅਸ਼ੋਕ ਕੁਮਾਰ ਨਾ ਸਿਰਫ਼ ਸ਼ਹਿਰ ਦੇ ਚੰਦ ਟਕਸਾਲੀ ਕਾਂਗਰਸੀਆਂ ਵਿੱਚੋਂ ਇੱਕ ਜਾਣੇ ਜਾਂਦੇ ਹਨ ਬਲਕਿ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।ਉਹ ਵਿੱਤ ਮੰਤਰੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ।  

ਤੀਜ਼ੇ ਸਾਲ ਵੀ ਨਹੀਂ ਹੋਣਗੀਆਂ ਦਮਦਮਾ ਸਾਹਿਬ ਦੀ ਧਰਤੀ ’ਤੇ ਸਿਆਸੀ ਕਾਨਫਰੰਸਾਂ

- - No comments

 ਕਿਸਾਨ ਯੂਨੀਅਨ ਕਾਨਫਰੰਸ ਲਈ ਬਜਿੱਦ

ਸੁਖਜਿੰਦਰ ਮਾਨ

ਬਠਿੰਡਾ, 7 ਅਪ੍ਰੈਲ :-ਸੂਬੇ ਦੇ ਧਾਰਮਿਕ ਤੇ ਸਿਆਸੀ ਖੇਤਰ ’ਚ ਮਹੱਤਵਪੂਰਨ ਸਥਾਨ ਰੱਖਣ ਵਾਲੀ ਦਮਦਮਾ ਸਾਹਿਬ ਦੀ ਧਰਤੀ ’ਤੇ ਚੋਣ ਵਰ੍ਹੇਂ ਦੌਰਾਨ ਵਿਸਾਖੀ ਮੌਕੇ ਸਿਆਸੀ ਕਾਨਫਰੰਸਾਂ ਨਹੀਂ ਹੋਣਗੀਆਂ। ਜਦੋਂਕਿ ਕਿਸਾਨਾਂ ਵਿਚ ਵੱਡਾ ਪ੍ਰਭਾਵ ਰੱਖਣ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂਆਂ ਨੇ ਹਰ ਹਾਲਾਤ ’ਚ ਇੱਥੇ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ ਤੇ ਇਸਦੇ ਲਈ ਬਕਾਇਦਾ ਤਿਆਰੀਆਂ ਵੀ ਵਿੱਢ ਦਿੱਤੀਆਂ ਹਨ। ਦੂਜੇ ਪਾਸੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਾਨਫਰੰਸ ਕਰਨ ਦੀ ਤਿਆਰੀ ਵਿੱਢ ਦਿੱਤੀ ਸੀ। ਦੋ ਦਿਨ ਪਹਿਲਾਂ ਦਲ ਵਲੋਂ ਕਾਨਫਰੰਸ ਦੀ ਮੰਨਜੂਰੀ ਲੈਣ ਤੋਂ ਇਲਾਵਾ ਤਿਆਰੀਆਂ ਲਈ ਅੱਜ ਪਿੰਡ ਬਾਦਲ ਵਿਖੇ ਵੀ ਮੀਟਿੰਗ ਕੀਤੀ ਗਈ। ਪ੍ਰੰਤੂ ਹੁਣ ਪਾਰਟੀ ਦੇ ਆਗੂ ਦੁਚਿੱਤੀ ਵਿਚ ਪੈ ਗਏ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਧਾਰਮਿਕ ਸਥਾਨਾਂ ’ਤੇ ਸਿਆਸੀ ਕਾਨਫਰੰਸ ਨਾ ਕਰਨ ਦੇ ਐਲਾਨ ਉਪਰ ਅਡਿੱਗ ਹੈ ਪ੍ਰੰਤੂ ਕਾਂਗਰਸ ’ਚ ਇਹ ਨਵਾਂ ਰਿਕਾਰਡ ਵੀ ਬਣਨ ਜਾ ਰਿਹਾ ਹੈ ਕਿ ਸੂਬੇ ਵਿਚ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਮੁੱਖ ਮੰਤਰੀ ਲਗਾਤਾਰ ਪੰਜ ਸਾਲ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਨਤਮਸਤਕ ਨਾ ਹੋਏ ਹੋਣ।


ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵਲੋਂ ਅੱਜ ਇੱਕ ਵਿਸੇਸ ਹੁਕਮ ਜਾਰੀ ਕਰਕੇ ਸੂਬੇ ’ਚ ਹੋਣ ਵਾਲੇ ਸਿਆਸੀ ਇਕੱਠਾਂ ਉਪਰ ਰੋਕ ਲਗਾ ਦਿੱਤੀ ਹੈ। ਜਿਸਦੇ ਚੱਲਦੇ ਹੁਣ ਅਕਾਲੀ ਦਲ ਵਲੋਂ ਵੀ ਲੋਕਹਿਤ ਵਿਚ ਅਪਣੇ ਪੈਰ ਪਿਛਾਂਹ ਖਿੱਚਣ ਦੀ ਹੀ ਸੰਭਾਵਨਾ ਹੈ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਪੰਜ ਸਾਲਾਂ ’ਚ ਦਮਦਮਾ ਸਾਹਿਬ ਦੀ ਧਰਤੀ ’ਤੇ ਸਿਰਫ ਦੋ ਵਾਰ ( ਸਾਲ 2017 ਅਤੇ 2018) ਵਿਚ ਹੀ ਸਿਆਸੀ ਕਾਨਫਰੰਸਾਂ ਹੋਈਆਂ ਹਨ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਇੰਨ੍ਹਾਂ ਦੋਨਾਂ ਕਾਨਫਰੰਸਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਨਹੀਂ ਹੋਏ ਸਨ। ਜਦੋਂਕਿ ਅਕਾਲੀ ਦਲ ਦੀ ਇੱਕ ਕਾਨਫਰੰਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਪੁੱਜੇ ਸਨ। ਸਾਲ 2019 ਵਿਚ ਪੰਥਕ ਧਿਰਾਂ ਵਲੋਂ ਧਾਰਮਿਕ ਸਥਾਨਾਂ ’ਤੇ ਸਿਆਸੀ ਪਾਰਟੀਆਂ ਵਲੋਂ ਕਾਨਫਰੰਸਾਂ ਨਾ ਕਰਨ ਦੇ ਦਿੱਤੇ ਸੱਦੇ ਦੇ ਚੱਲਦਿਆਂ ਕਿਸੇ ਵੀ ਧਿਰ ਨੇ ਇੱਥੇ ਸਿਆਸੀ ਕਾਨਫਰੰਸ ਨਹੀਂ ਕੀਤੀ ਸੀ। ਇਸੇ ਤਰ੍ਹਾਂ ਪਿਛਲੇ ਸਾਲ ਵੀ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਤਾਲਾਬੰਦੀ ਲੱਗੀ ਹੋਣ ਕਾਰਨ ਸਿਆਸੀ ਕਾਨਫਰੰਸਾਂ ਨਹੀਂ ਹੋ ਸਕੀਆਂ ਸਨ। ਕਾਂਗਰਸ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਖੁਸਬਾਜ਼ ਸਿੰਘ ਜਟਾਣਾ ਨੇ ਦਾਅਵਾ ਕੀਤਾ ਕਿ ‘‘ ਪਾਰਟੀ ਦਾ ਧਾਰਮਿਕ ਮੇਲਿਆਂ ਉਪਰ ਸਿਆਸੀ ਕਾਨਫਰੰਸਾਂ ਨਾ ਕਰਨ ਦਾ ਫੈਸਲਾ ਲਿਆ ਹੋਇਆ ਹੈ ਤੇ ਹੁਣ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਕੱਠ ਰੋਕਣੇ ਹੋਰ ਵੀ ਵੱਡੀ ਜਿੰਮੇਵਾਰੀ ਬਣ ਗਈ ਹੈ, ਜਿਸਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਲੋਕ ਹਿੱਤ ’ਚ ਲਏ ਫੈਸਲੇ ਨੂੰ ਲਾਗੂ ਕਰਨਾ ਸਾਰਿਆਂ ਦਾ ਫ਼ਰਜ ਬਣਦਾ ਹੈ। ’’ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦਾਅਵਾ ਕੀਤਾ ਕਿ ‘‘ ਉਨ੍ਹਾਂ ਵਲੋਂ ਕਾਨਫਰੰਸ ਦੀਆਂ ਤਿਆਰੀਆਂ ਜਰੂਰ ਵਿੱਢੀਆਂ ਹੋਈਆਂ ਹਨ ਪ੍ਰੰਤੂ ਸਰਕਾਰ ਦੀਆਂ ਨਵੀਆਂ ਹਿਦਾਇਤਾਂ ਤੋਂ ਬਾਅਦ ਮੁੜ ਚਰਚਾ ਕੀਤੀ ਜਾਵੇਗੀ ਤੇ ਉਹ ਲੋਕ ਹਿੱਤ ਵਿਚ ਫੈਸਲਾ ਲੈਣਗੇ। ’’ 


ਬਾਕਸ 

ਕਰੋਨਾ ਦਾ ਰੋਲਾ ਕਿਸਾਨੀ ਅੰਦੋਲਨ ਨੂੰ ਢਾਹ ਲਗਾਉਣ ਲਈ: ਕਿਸਾਨ ਆਗੂ

ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਸੰਪਰਕ ਕਰਨ ‘ਤੇ ਦਮਦਮਾ ਸਾਹਿਬ ਵਿਖੇ ਹਰ ਹਾਲਾਤ ’ਚ ਕਾਨਫਰੰਸ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ‘‘ ਅਸਲ ਵਿਚ ਸਿਆਸੀ ਧਿਰਾਂ ਅੰਦਰਖਾਤੇ ਇਕਜੁਟ ਹਨ ਤੇ ਉਹ ਕਰੋਨਾ ਦਾ ਰੋਲਾ ਪਾ ਕੇ ਕਿਸਾਨੀ ਅੰਦੋਲਨ ਨੂੰ ਢਾਹ ਲਗਾਉਣ ਵਿਚ ਜੁਟੀਆਂ ਹੋਈਆਂ ਹਨ। ’’ ਕਿਸਾਨ ਆਗੂ ਮੁਤਾਬਕ ਜਥੈਬੰਦੀ ਵਲੋਂ ਇਸ ਕਾਨਫਰੰਸ ਲਈ ਲਾਮਬੰਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਇਸ ਮੌਕੇ ਸਰਕਾਰਾਂ ਦੀਆਂ ਨੀਤੀਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।

ਵਿਤ ਮੰਤਰੀ ਨੂੰ ਘੇਰਨ ਪੁੱਜੇ ਭਾਜਪਾਈਆਂ ਨੂੰ ਕਿਸਾਨਾਂ ਨੇ ਘੇਰਿਆ

- - 1 comment

 ਵੱਡੀ ਗਿਣਤੀ ’ਚ ਪੁੱਜੀ ਪੁਲਿਸ ਨੇ ਕੀਤਾ ਬਚਾਅ

ਭਾਜਪਾ ਦੇ ਮਹਿਲਾ ਵਿੰਗ ਦੇ ਵਰਕਰਾਂ ਨੇ ਪ੍ਰਸ਼ਾਸਨ ਨੂੰ ਸੋਂਪੀਆਂ ਚੂੜੀਆਂ 

ਸੁਖਜਿੰਦਰ ਮਾਨ

ਬਠਿੰਡਾ, 7 ਅਪ੍ਰੈਲ :-ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਨੂੰ ਘੇਰਨ ਪੁੱਜੇ ਭਾਜਪਾਈਆਂ ਨੂੰ ਅੱਜ ਕਿਸਾਨਾਂ ਨੇ ਘੇਰ ਲਿਆ। ਮਲੋਟ ’ਚ ਪਾਰਟੀ ਵਿਧਾਇਕ ਤੇ ਹੋਰਨਾਂ ਆਗੂਆਂ ਉਪਰ ਹੋ ਰਹੇ ਹਮਲਿਆਂ ਦੇ ਵਿਰੋਧ ‘ਚ ਸਰਕਾਰ ਨੂੰ ਨਮੋਸ਼ੀ ਦੇਣ ਲਈ ਚੂੜੀਆਂ ਦੇਣ ਪੁੱਜੇ ਆਗੂਆਂ ਵਿਰੁਧ ਕਿਸਾਨਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਹੁਣ ਔਰਤਾਂ ਨੂੰ ਅੱਗੇ ਲਗਾ ਕੇ ਅਜਿਹੇ ਪ੍ਰਦਰਸ਼ਨ ਕਰ ਰਹੀ ਹੈ। 


ਇਸ ਦੌਰਾਨ ਭਾਜਪਾ ਆਗੂ ਤੇ ਵਰਕਰ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦੇ ਰਹੇ। ਦਸਣਾ ਬਣਦਾ ਹੈ ਕਿ ਭਾਜਪਾ ਦੇ ਮਹਿਲਾ ਮੋਰਚਾ ਵਲੋਂ ਹਮਲਿਆਂ ਦੇ ਵਿਰੋਧ ’ਚ ਵਿੱਤ ਮੰਤਰੀ ਪੰਜਾਬ ਦੇ ਦਫਤਰ ਨਜਦੀਕ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਪ੍ਰੰਤੂ ਇਸ ਦੌਰਾਨ ਇਸਦੀ ਭਿਣਕ ਕਿਸਾਨਾਂ ਨੂੰ ਵੀ ਲੱਗ ਗਈ ਤੇ ਕਰੀਬ ਅੱਧੀ ਦਰਜ਼ਨ ਕਿਸਾਨ ਭਾਜਪਾ ਦੇ ਪ੍ਰਦਰਸ਼ਨ ਨਜਦੀਕ ਪੁੱਜ ਗਏ। ਸਥਿਤੀ ਨੂੰ ਤਣਾਅਪੂਰਨ ਹੋਣ ਤੋਂ ਬਚਾਉਣ ਲਈ ਐਸ.ਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕਰ ਦਿੱਤੀ ਗਈ। 


ਇਸਤੋਂ ਇਲਾਵਾ ਪੁਲਿਸ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਹੋਰਨਾਂ ਆਗੂਆਂ ਨੂੰ ਮਹਿਲਾ ਵਿੰਗ ਦੀਆਂ  ਵਰਕਰਾਂ ਸਹਿਤ ਪੁਲਿਸ ਨੇ ਵਿਤ ਮੰਤਰੀ ਦੇ ਦਫਤਰ ਪਹੁੰਚਣ ਤੋਂ ਪਹਿਲਾਂ ਹੀ ਬੈਰੀਗੇਡ ਲਗਾ ਕੇ ਰੋਕ ਦਿੱਤਾ। ਜਿਸਤੋਂ ਬਾਅਦ ਭਾਜਪਾ ਆਗੂਆਂ ਨੇ ਇਸ ਬੈਰੀਗੇਡ ਕੋਲ ਸੜਕ ’ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪਾਰਟੀ ਆਗੂਆਂ ਨੇ ਦੋਸ਼ ਲਗਾਇਆ ਕਿ ਕਿਸਾਨਾਂ ਦੀ ਆੜ ’ਚ ਕਾਂਗਰਸ ਤੇ ਹੋਰ ਸਿਆਸੀ ਧਿਰਾਂ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੀਆਂ ਹਨ ਤੇ ਸੂਬੇ ਵਿਚ ਅਮਨ ਕਾਨੂੰਨੀ ਸਥਿੱਤੀ ਵਿਗੜੀ ਹੋਈ ਹੈ। ਜਿਸਦੇ ਚੱਲਦੇ ਅੱਜ ਉਹ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਚੂੜੀਆਂ ਭੇਂਟ ਕਰ ਲਈ ਆਏ ਹਨ। ਉਧਰ ਸੂਚਨਾ ਮਿਲਣ ’ਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਵੀ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਭਾਜਪਾ ਆਗੂਆਂ ਨੂੰ ਸ਼ਾਂਤ ਕਰਦਿਆਂ ਚੂੜੀਆਂ ਹਾਸਲ ਕੀਤੀਆਂ। ਇਸ ਮੌਕੇ ਭਾਜਪਾ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਮੋਨਾ ਜੈਸਵਾਲ, ਜਿਲ੍ਹਾ ਪ੍ਰਧਾਨ ਮਮਤਾ ਜੈਨ, ਬਠਿੰਡਾ ਇੰਚਾਰਜ ਮਨਜੋਤ ਕੌਰ, ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੀਨੀਅਰ ਆਗੂ ਉਮੇਸ਼ ਸ਼ਰਮਾ, ਰਾਜੇਸ਼ ਨੋਨੀ, ਵਰਿੰਦਰ ਸ਼ਰਮਾ ਆਦਿ ਮੌਜੂਦ ਸਨ।