ਬਠਿੰਡਾ ਤੋਂ ਸਰੂਪ ਸਿੰਗਲਾ ਨੂੰ ਐਲਾਨਿਆਂ ਅਕਾਲੀ-ਬਸਪਾ ਦਾ ਸਾਂਝਾ ਉਮੀਦਵਾਰ

- - No comments

 ਬਿਜਲੀ ਕੱਟਾਂ ’ਤੇ ਲਗਾਏ ਧਰਨੇ ਦੌਰਾਨ ਹਰਸਿਮਰਤ ਨੇ ਮਨਪ੍ਰੀਤ ’ਤੇ ਲਗਾਏ ਨਿਸ਼ਾਨੇ 

ਸੁਖਜਿੰਦਰ ਮਾਨ

ਬਠਿੰਡਾ, 02 ਜੁਲਾਈ -ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਦੀ ਨੁਮਾਇੰਦਗੀ ਕਰਨ ਵਾਲੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਮੁੜ ਸਾਲ 2022 ਦੀਆਂ ਚੋਣਾਂ ਲਈ ਅਕਾਲੀ-ਬਸਪਾ ਵਲੋਂ ਸਾਂਝਾ ਉਮੀਦਵਾਰ ਐਲਾਨਿਆਂ ਗਿਆ ਹੈ। ਅੱਜ ਬਠਿੰਡਾ ਦੇ ਸਿਰਕੀ ਬਜ਼ਾਰ ’ਚ ਬਿਜਲੀ ਕੱਟਾਂ ਵਿਰੁਧ ਲਗਾਏ ਪ੍ਰਭਾਵਸ਼ਾਲੀ ਧਰਨੇ ਨੂੰ ਸੰਬੋਧਨ ਕਰਨ ਪੁੱਜੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਦੋਨਾਂ ਬਾਦਲ ਪ੍ਰਵਾਰ ’ਚ ਅੰਦਰਖ਼ਾਤੇ ਮਿਲੀਭੁਗਤ ਦੀਆਂ ਚਰਚਾਵਾਂ ਨੂੰ ਠੱਲ ਪਾਉਂਦਿਆਂ ਸ਼੍ਰੀ ਸਿੰਗਲਾ ਨੂੰ ਇੱਥੋਂ ਬਾਦਲ ਪ੍ਰਵਾਰ ਦਾ ਸਿਆਸੀ ਵਾਰਸ ਦਸਿਆ। ਉਨ੍ਹਾਂ ਕਿਹਾ ਕਿ ‘‘ ਕੱਦ ਵੱਡਾ ਹੋਣ ਵਾਲਾ ਬੰਦਾ ਵੱਡਾ ਨਹੀਂ ਹੁੰਦਾ, ਬਲਕਿ ਸੋਚ ਵੱਡੀ ਹੋਣ ਨਾਲ ਹੀ ਕੱਦ ਵੱਡਾ ਹੁੰਦਾ ਹੈ। ’’ ਬੀਬੀ ਬਾਦਲ ਨੇ ਵਿਤ ਮੰਤਰੀ ਤੇ ਉਸਦੇ ਰਿਸ਼ਤੇਦਾਰ ਉਪਰ ਬਠਿੰਡਾ ’ਚ ਨਜਾਇਜ਼ ਮਾਈਨਿੰਗ ਕਰਨ ਅਤੇ ਗੁੰਡਾ ਟੈਕਸ ਵਸੂਲਣ ਦੇ ਵੀ ਦੋਸ਼ ਲਗਾਏ। ਕਾਂਗਰਸ ਸਰਕਾਰ ਨੂੰ ਲੰਮੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ‘‘ਸੱਤਾ ’ਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ, ਜਿੰਨਾਂ ਨੂੰ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ। ’’


ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਹਰ ਵਰਗ ਸੜਕਾਂ ’ਤੇ ਉੱਤਰਿਆ ਹੋਇਆ ਹੈ। ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਆਰਥਿਕ ਤੌਰ ’ਤੇ ਟੁੱਟ ਚੁੱਕੇ ਦੁਕਾਨਦਾਰ ਤੇ ਵਪਾਰੀਆਂ ਦਾ ਕਾਰੋਬਾਰ ਹੁਣ ਬਿਜਲੀ ਦੀ ਕਿੱਲਤ ਕਾਰਨ ਤਬਾਹੀ ਦੇ ਕੰਢੇ ’ਤੇ ਪੁੱਜ ਚੁੱਕਿਆ ਹੈ ਤੇ ਕਾਂਗਰਸੀ ਕੁਰਸੀ ਖੋਹਣ ਤੇ ਬਚਾਉਣ ਦੀ ਲੜਾਈ ਲੜ ਰਹੇ ਹਨ। ਇਸ ਮੌਕੇ ਉਨ੍ਹਾਂ ਅਰਵਿੰਦ ਕੇਜ਼ਰੀਵਾਲ ’ਤੇ ਵੀ ਨਿਸ਼ਾਨੇ ਵਿੰਨਦਿਆਂ ਉਸਨੂੰ ਝੁੂਠਾ ਕਰਾਰ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਵੀ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਉਪਰ ਰੱਜ ਕੇ ਭੜਾਸ ਕੱਢੀ ਤੇ ਅਕਾਲੀ ਸਰਕਾਰ ਆਉਣ ’ਤੇ ਬਠਿੰਡਾ ਸ਼ਹਿਰ ਵਿਚ ਹੋਏ ਗਲਤ ਕੰਮਾਂ ਦੀ ਪੜਤਾਲ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਯੂਥ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਰਾਕੇਸ ਸਿੰਗਲਾ, ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਸੀਨੀਅਰ ਆਗੂ ਨਿਰਮਲ ਸਿੰਘ ਸੰਧੂ, ਸਾਬਕਾ ਕੌਂਸਲਰ ਹਰਵਿੰਦਰ ਗੰਜੂ, ਹਰਜਿੰਦਰ ਛਿੰਦਾ, ਜਗਦੀਪ ਸਿੰਘ ਗਹਿਰੀ, ਪਿ੍ਰਤਪਾਲ ਸਿੰਘ ਪਾਲੀ ਸਹਿਤ ਹੋਰ ਆਗੂ ਤੇ ਵਰਕਰ ਵੀ ਮੌਜੂਦ ਸਨ।    

   

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines