ਬਠਿੰਡਾ 'ਚ ਕੋਰੋਨਾ ਦਾ ਕਹਿਰ ਵਧਣ ਲੱਗਿਆ, ਦੋ ਮੌਤਾਂ ਹੋਈਆਂ

- - No comments
ਕਈ ਪੁਲਿਸ ਤੇ ਫ਼ੌਜੀ ਜਵਾਨ ਵੀ ਆਏ ਕੋਰੋਨਾ ਦੀ ਚਪੇਟ 'ਚ  
ਸੁਖਜਿੰਦਰ ਮਾਨ


ਬਠਿੰਡਾ, 27 ਜੂਨ : ਦੁਨੀਆਂ ਭਰ 'ਚ ਕੋਹਰਾਮ ਮਚਾ ਰਿਹਾ ਕੋਰੋਨਾ ਮਹਾਂਮਾਰੀ ਦਾ ਕਹਿਰ ਹੁਣ ਬਠਿੰਡਾ ਜ਼ਿਲੇ 'ਚ ਵੀ  ਵਧਣ ਲੱਗਿਆ ਹੈ। ਇਸ ਬੀਮਾਰੀ ਕਾਰਨ ਜ਼ਿਲ੍ਹੇ ਵਿਚ ਹੁਣ ਤੱਕ ਦੋ ਮੋਤਾਂ ਹੋ ਚੁੱਕੀਆਂ ਹਨ ਜਦੋਂ ਕਿ 34 ਦੇ ਕਰੀਬ ਮਰੀਜ ਹਸਪਤਾਲਾਂ 'ਚ ਇਲਾਜ਼ ਕਰਵਾ ਰਹੇ ਹਨ। ਜ਼ਿਲ੍ਹੇ ਵਿਚ ਮਰਨ ਵਾਲਿਆਂ ਵਿਚੋਂ ਦੋਨੇਂ ਵਿਅਕਤੀ ਬਠਿੰਡਾ ਸ਼ਹਿਰ ਨਾਲ ਸਬੰਧਤ ਸਨ, ਜਿੰਨ੍ਹਾਂ ਵਿਚੋਂ ਇੱਕ ਹਰਬੰਸ ਨਗਰ ਦਾ ਨੌਜਵਾਨ ਦਾ ਹਾਲੇ ਸਿਰਫ਼ 36 ਸਾਲਾਂ ਦਾ ਹੀ ਸੀ। ਇਸੇ ਤਰ੍ਹਾਂ ਪੁਖ਼ਰਾਜ ਕਲੌਨੀ ਦੇ 55 ਸਾਲਾਂ ਵਾਸੀ ਦੀ ਵੀ ਇਸ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸਤੋਂ ਇਲਾਵਾ ਹੁਣ ਤੱਕ ਦਰਜ਼ਨ ਤੋਂ ਵੱਧ ਪੁਲਿਸ ਤੇ ਫ਼ੌਜੀ ਜਵਾਨ ਵੀ ਇਸ ਮਹਾਂਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਉਂਜ ਚੰਗਾ ਪੱਖ ਇਹ ਵੀ ਹੈ ਕਿ ਹੁਣ ਤੱਕ ਜ਼ਿਲੇ ਵਿਚ ਇਸ ਬੀਮਾਰੀ ਨਾਲ 75 ਜਣੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਦੇ ਸਹਾਇਕ ਸਿਵਲ ਸਰਜ਼ਨ ਡਾ: ਕੁੰਦਨ ਪਾਲ ਨੇ ਦੱਸਿਆ ਕਿ ਅੱਜ ਜਿੰਨਾਂ ਦੋ ਜਣਿਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਉਨਾਂ ਵਿਚੋਂ ਇਕ ਬਠਿੰਡਾ ਜ਼ਿਲੇ ਅਤੇ ਇਕ ਬਠਿੰਡਾ ਜ਼ਿਲੇ ਤੋਂ ਬਾਹਰ ਦਾ ਹੈ। ਦੋਨੋਂ ਹੀ ਪੁਲਿਸ ਜਵਾਨ ਹਨ । ਉਧਰ ਸਿਵਲ ਸਰਜਨ ਡਾ ਅਮਰੀਕ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਜ਼ਿਲ੍ਹੈ ਵਿਚ ਮਰਨ ਵਾਲੇ ਬੇਸ਼ੱਕ ਕੋਰੋਨਾ ਲਾਗ ਤੋਂ ਪੀੜਤ ਸਨ ਪ੍ਰੰਤੂ ਉਨ੍ਹਾਂ ਵਿਚੋਂ ਨੌਜਵਾਨ ਨੂੰ ਕਿਡਨੀ ਰੋਗ ਦੀ ਸਮੱਸਿਆ ਸੀ ਤੇ ਉਹ ਡਾਇਲਸਸ ਕਰਵਾਉਣ ਲਈ ਫ਼ਰੀਦਕੋਟ ਮੈਡੀਕਲ ਕਾਲਜ਼ ਗਿਆ ਹੋਇਆ ਸੀ, ਜਿੱਥੇ ਟੈਸਟ ਕਰਵਾਉਣ 'ਤੇ ਉਹ ਪਾਜੀਟਿਵ ਪਾਇਆ ਗਿਆ। ਇਸੇ ਤਰ੍ਹਾਂ ਪੁਖ਼ਰਾਜ ਕਲੌਨੀ ਦਾ ਮਰਨ ਵਾਲਾ 55 ਸਾਲਾਂ ਵਿਅਕਤੀ ਹਾਇਪਰਟੈਸਿਨ, ਦਿਲ ਦੇ ਰੋਗ ਤੋਂ ਇਲਾਵਾ ਡਾਇਬੀਟਿਜ ਤੋਂ ਪੀੜਤ ਸੀ ਅਤੇ ਇਸ ਦੌਰਾਨ ਉਹ ਕਰੋਨਾ ਪਾਜਿਟਿਵ ਆ ਗਿਆ ਸੀ। ਉਸਦਾ ਡੀਐਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ ।

ਪੰਜਾਬ 'ਚ ਦੋ ਲੱਖ ਦੇ ਕਰੀਬ ਆਟਾ-ਦਾਲ ਕਾਰਡ ਮੁੜ ਹੋਣਗੇ ਬਹਾਲ

- - No comments

ਕੈਪਟਨ ਸਰਕਾਰ ਵਲੋਂ 1 ਅਪ੍ਰੈਲ 2019 ਤੋਂ ਬਾਅਦ ਕੱਟੇ ਕਾਰਡਾਂ ਦੀ ਮੁੜ ਪੜਤਾਲ ਦੇ ਹੁਕਮ

ਸੁਖਜਿੰਦਰ ਮਾਨ


ਬਠਿੰਡਾ, 18 ਜੂਨ : ਸੂਬੇ ਦੀ ਕਾਂਗਰਸ ਸਰਕਾਰ ਪੰਜਾਬ 'ਚ ਦੋ ਲੱਖ ਦੇ ਕਰੀਬ ਕੱਟੇ ਹੋਏ ਆਟਾ-ਦਾਲ ਕਾਰਡਾਂ ਨੂੰ ਮੁੜ ਬਹਾਲ ਕਰੇਗੀ। ਵਿਰੋਧੀਆਂ ਵਲੋਂ ਲਗਾਤਾਰ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਅਤੇ ਮਾਮਲਾ ਹਾਈਕੋਰਟ 'ਚ ਪੁੱਜਣ ਤੋਂ ਬਾਅਦ ਕੈਪਟਨ ਸਰਕਾਰ ਨੇ ਇਹ ਹੁਕਮ ਦਿੱਤੇ ਹਨ। ਇਸ ਸਬੰਧ ਵਿਚ ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਵਲੋਂ ਲੰਘੀ 10 ਜੂਨ ਨੂੰ ਇੱਕ ਪੱਤਰ (ਨੰਬਰ 1316) ਜਾਰੀ ਕਰਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਤੁਰੰਤ ਪੜਤਾਲ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਸੂਚਨਾ ਮੁਤਾਬਕ 1 ਅਪ੍ਰੈਲ 2019 ਤੋਂ ਬਾਅਦ ਕੱਟੇ ਗਏ ਨੀਲੇ ਕਾਰਡਾਂ ਵਿਚੋਂ ਯੋਗ ਪਾਏ ਜਾਣ ਵਾਲੇ ਕਾਰਡਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ। ਸੂਚਨਾ ਮੁਤਾਬਕ ਸੂਬੇ 'ਚ ਉਕਤ ਤਰੀਕ ਤੋਂ ਬਾਅਦ ਕਰੀਬ ਇੱਕ ਲੱਖ ਨੀਲੇ ਕਾਰਡ ਕੱਟੇ ਗਏ ਹਨ। ਉਂਜ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਹਰੇਕ ਜ਼ਿਲ੍ਹੇ ਨੂੰ ਕਾਰਡ ਬਹਾਲ ਕਰਨ ਲਈ ਕੋਟਾ ਦਿੱਤਾ ਗਿਆ ਹੈ। ਜਿਸਦੇ ਤਹਿਤ ਪੂਰੇ ਪੰਜਾਬ 'ਚ 1 ਲੱਖ 90 ਹਜ਼ਾਰ ਦੇ ਕਰੀਬ ਨੀਲੇ ਕਾਰਡ ਮੁੜ ਬਣਾਏ ਜਾਣੇ ਹਨ। ਇੰਨ੍ਹਾਂ ਵਿਚ ਇਕੱਲੇ ਬਠਿੰਡਾ ਜ਼ਿਲ੍ਹੇ 'ਚ ਦਸ ਹਜ਼ਾਰ ਦੇ ਕਰੀਬ ਕਾਰਡ ਬਹਾਲ ਕੀਤੇ ਜਾਣੇ ਹਨ। ਵਿਭਾਗ ਦੇ ਉਚ ਸੂਤਰਾਂ ਮੁਤਾਬਕ ਇੰਨ੍ਹਾਂ ਕਾਰਡਾਂ ਨੂੰ ਬਹਾਲ ਕਰਨ ਦਾ ਕੰਮ ਮੁੜ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਕੇਂਦਰ ਵਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਅੰਨ ਯੋਜਨਾ ਤਹਿਤ ਬਹਾਲ ਹੋਣ ਵਾਲੇ ਕਾਰਡ ਧਾਰਕਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ। ਇਹ ਵੀ ਪਤਾ ਚੱਲਿਆ ਹੈ ਕਿ ਇਸ ਵਾਰ ਕਾਰਡਾਂ ਦੀ ਬਹਾਲੀ ਡਿਪਟੀ ਕਮਿਸ਼ਨਰ ਜਾਂ ਐਸ.ਡੀ.ਐਜ਼ ਦੀ ਅਗਵਾਈ ਹੇਠ ਨਹੀਂ ਹੋਵੇਗੀ, ਬਲਕਿ ਵਿਭਾਗ ਦੇ ਇੰਸਪੈਕਟਰਾਂ ਦੁਆਰਾ ਹੀ ਯੋਗ ਕਾਰਡਾਂ ਨੂੰ ਬਣਾਇਆ ਜਾਵੇਗਾ। ਹਾਲਾਂਕਿ ਅੰਦਰੂਨੀ ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸੂਬੇ 'ਚ ਮੌਜੂਦਾ ਸਮੇਂ ਕਾਂਗਰਸ ਦੀ ਹਕੂਮਤ ਹੋਣ ਦੇ ਚੱਲਦੇ ਜਿਆਦਾਤਰ ਉਹੀ ਕਾਰਡ ਬਹਾਲ ਕੀਤੇ ਜਾਣਗੇ, ਜਿੰਨ੍ਹਾਂ ਨੂੰ ਮੰਤਰੀ ਜਾਂ ਵਿਧਾਇਕ ਸਿਫ਼ਾਰਿਸ਼ ਕਰਕੇ ਭੇਜਣਗੇ। ਗੌਰਤਲਬ ਹੈ ਕਿ ਮੌਜੂਦਾ ਸਮੇਂ ਪੂਰੇ ਪੰਜਾਬ 'ਚ 34 ਲੱਖ 61 ਹਜ਼ਾਰ ਦੇ ਕਰੀਬ ਨੀਲੇ ਕਾਰਡ ਬਣੇ ਹੋਏ ਹਨ, ਜਿੰਨਾਂ੍ਹ ਉਪਰ ਸਵਾ ਕਰੋੜ ਤੋਂ ਵੱਧ ਲੋਕਾਂ ਨੂੰ ਹਰ ਮਹੀਨੇ ਪ੍ਰਤੀ ਜੀਅ ਪੰਜ ਕਿਲੋ ਕਣਕ ਵੰਡੀ ਜਾਂਦੀ ਹੈ। ਜਦੋਂਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ 'ਚ ਆਟਾ-ਦਾਲ ਦੇ ਨਾਲ ਚਾਹਪੱਤੀ ਤੇ ਖੰਡ ਦੇਣ ਦੇ ਕੀਤੇ ਵਾਅਦੇ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ ਹੈ। ਇਹ ਵੀ ਪਤਾ ਚਲਿਆ ਹੈ ਕਿ 1 ਅਪ੍ਰੈਲ 2019 ਤੱਕ ਸੂਬੇ ਵਿਚ 35 ਲੱਖ 55 ਹਜ਼ਾਰ ਨੀਲੇ ਕਾਰਡ ਧਾਰਕ ਸਨ। ਦਸਣਾ ਬਣਦਾ ਹੈ ਕਿ ਕਾਂਗਰਸ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਸੂਬੇ ਵਿਚ ਹੁਣ ਤੱਕ ਦੋ ਵਾਰ ਨੀਲੇ ਕਾਰਡਾਂ ਦੀ ਪੜਤਾਲ ਹੋ ਚੁੱਕੀ ਹੈ। ਮਾਰਚ 2017 'ਚ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਹੋਈ ਪੜਤਾਲ 'ਚ ਲੱਖਾਂ ਦੀ ਗਿਣਤੀ ਵਿਚ ਕਾਰਡ ਕੱਟੇ ਗਏ ਸਨ। ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ 72 ਹਜ਼ਾਰ ਕਾਰਡਾਂ ਨੂੰ ਅਯੋਗ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ ਪ੍ਰੰਤੂ ਵੱਡੇ ਪੱਧਰ 'ਤੇ ਅਵਾਜ਼ ਉਠਣ ਤੋਂ ਬਾਅਦ ਦੂਜੀ ਵਾਰ ਹੋਈ ਪੜਤਾਲ 'ਚ 46 ਹਜ਼ਾਰ ਕਾਰਡਾਂ ਨੂੰ ਬਹਾਲ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਹੁਣ ਜ਼ਿਲ੍ਹੇ ਵਿਚ 1 ਲੱਖ 86 ਹਜ਼ਾਰ 494 ਕਾਰਡ ਧਾਰਕ ਹਨ, ਜਿੰਨ੍ਹਾਂ ਰਾਹੀ 6 ਲੱਖ 40 ਹਜ਼ਾਰ ਲੋਕਾਂ ਨੂੰ ਰਾਸ਼ਨ ਮਿਲਦਾ ਹੈ। ਵਿਭਾਗ ਦੇ ਉੂਚ ਅਧਿਕਾਰੀਆਂ ਨੇ ਦਸਿਆ ਕਿ ਕਾਰਡਾਂ ਦੀ ਪੜਤਾਲ ਲਈ 1 ਅਪ੍ਰੈਲ 2019 ਤੋਂ ਬਾਅਦ ਕੱਟੇ ਹੋਏ ਕਾਰਡ ਧਾਰਕਾਂ ਨੂੰ ਮੁੜ ਨਵੇਂ ਸਿਰੇ ਤੋਂ ਅਰਜੀ ਦੇਣੀ ਪਏਗੀ ਤੇ ਉਸਦੀ ਬਕਾਇਦਾ ਪੜਤਾਲ ਹੋਵੇਗੀ ਤੇ ਯੋਗ ਪਾਈਆਂ ਜਾਣ ਵਾਲੀਆਂ ਅਰਜੀਆਂ ਵਾਲੇ ਕਾਰਡ ਧਾਰਕਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਉਂਜ ਸ਼ਰਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
in

ਮੋਤੀਆਂ ਵਾਲੀ ਸਰਕਾਰ ਦੀ ਬਠਿੰਡਾ ਦੀ ਬਹੁਕਰੋੜੀ ਜਮੀਨ 'ਤੇ ਅੱਖ

- - No comments

ਸੁਖਜਿੰਦਰ ਮਾਨ

ਪੁਲਿਸ ਲਾਈਨ ਤੇ ਸਰਕਾਰੀ ਰਿਹਾਇਸ਼ਾਂ ਨੂੰ ਥਰਮਲ ਕਲੌਨੀ 'ਚ ਲਿਜਾਣ ਦੀ ਯੋਜਨਾ

ਖਾਲੀ ਹੋਣ 'ਤੇ 42 ਏਕੜ ਜਮੀਨ ਨੂੰ ਵਰਤੀਂ ਜਾ ਸਕਦੀ ਹੈ ਵਪਾਰਕ ਹਿੱਤਾਂ ਲਈ

ਪਿਛਲੀ ਅਕਾਲੀ ਸਰਕਾਰ ਨੇ ਵੀ ਜੇਲ੍ਹ ਸਿਫ਼ਟ ਕਰਕੇ ਕੱਟੀ ਸੀ ਕਲੌਨੀ

ਬਠਿੰਡਾ, 7 ਜੂਨ :-ਪਹਿਲਾਂ ਹੀ ਕੋਰੋਨਾ ਨੇ ਝੰਜੋੜੀ ਸੂਬੇ ਦੀ ਕਾਂਗਰਸ ਸਰਕਾਰ ਦੀ ਦਿਨੋਂ-ਦਿਨ ਵਿਗੜ ਰਹੀ ਵਿਤੀ ਹਾਲਾਤ ਨੂੰ ਸੰਭਾਲਣ ਲਈ ਹੁਣ ਸਰਕਾਰ ਦੀ ਬਠਿੰਡਾ ਸ਼ਹਿਰ ਦੇ ਦਿਲ ਮੰਨੇ ਜਾਂਦੇ 'ਸਿਵਲ ਸਟੇਸ਼ਨ' ਖੇਤਰ ਦੀ ਜਮੀਨ 'ਤੇ ਅੱਖ ਆ ਗਈ ਹੈ। ਸੂਤਰਾਂ ਅਨੁਸਾਰ ਇਸ ਬਹੁਕਰੋੜੀ ਜਮੀਨ ਨੂੰ ਵਪਾਰਕ ਹਿੱਤਾਂ ਲਈ ਵਰਤਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ 'ਤੇ ਪੱਬਾਂ ਭਾਰ ਹੋ ਗਿਆ ਹੈ। ਇਸਦੇ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਸੂਤਰਾਂ ਮੁਤਾਬਕ ਇੱਥੇ ਬਣੀ ਪੁਲਿਸ ਲਾਈਨ ਤੋਂ ਇਲਾਵਾ ਡੀਸੀ ਤੇ ਐਸਐਸਪੀ ਦੀਆਂ ਕੋਠੀਆਂ ਸਹਿਤ ਸਮੂਹ ਸਰਕਾਰੀ ਮੁਲਾਜਮਾਂ ਦੀ ਰਿਹਾਇਸ਼ ਥਰਮਲ ਕਲੌਨੀ 'ਚ ਲਿਜਾਣ ਦੀ ਯੋਜਨਾ ਵਿੱਢ ਦਿੱਤੀ ਹੈ। ਇਸ ਯੋਜਨਾ ਦੇ ਸਿਰੇ ਚੜ੍ਹਣ 'ਤੇ ਇੱਥੇ ਖਾਲੀ ਹੋਣ ਵਾਲੀ ਕਰੀਬ 42 ਏਕੜ ਜਮੀਨ ਨੂੰ ਵਪਾਰਕ ਤੌਰ 'ਤੇ ਵਰਤਿਆਂ ਜਾ ਸਕਦਾ ਹੈ। ਇੱਥੇ ਦਸਣਾ ਬਣਦਾ ਹੈ ਕਿ ਪਿਛਲੀ ਅਕਾਲੀ ਸਰਕਾਰ ਨੇ ਵੀ ਇਸੇ ਖੇਤਰ 'ਚ ਬਣੀ ਜੇਲ੍ਹ ਨੂੰ ਗੋਬਿੰਦਪੁਰਾ ਪਿੰਡ 'ਚ ਤਬਦੀਲ ਕਰਕੇ ਇੱਥੇ ਕਲੌਨੀ ਕੱਟ ਦਿੱਤੀ ਸੀ। ਇਸਤੋਂ ਇਲਾਵਾ ਦਰਜ਼ਾ ਤਿੰਨ ਤੇ ਚਾਰ ਮੁਲਾਜਮਾਂ ਲਈ ਬਣੇ ਸਰਕਾਰੀ ਕੁਆਟਰਾਂ ਨੂੰ ਵੀ ਢਾਹ ਕੇ ਇੱਥੇ ਵੱਡੇ ਵੱਡੇ ਸੋਅਰੂਮ ਕੱਟ ਦਿੱਤੇ ਸਨ। ਸੂਚਨਾ ਮੁਤਾਬਕ ਹੁਣ ਇਸ ਖੇਤਰ ਵਿਚ ਸਰਕਟ ਹਾਊਸ, ਕਲੱਬ, ਮਹਿਲਾ ਥਾਣਾ ਆਦਿ ਸਹਿਤ ਡਿਪਟੀ ਕਮਿਸ਼ਨਰ, ਐਸ.ਐਸ.ਪੀ ਦੀ ਰਿਹਾਇਸ਼ ਅਤੇ ਨਵੇਂ ਬਣੇ ਦਰਜ਼ਾ ਤਿੰਨ ਤੇ ਚਾਰ ਕੁਆਟਰਾਂ ਤੋਂ ਇਲਾਵਾ ਜੱਜਾਂ, ਏਡੀਸੀ, ਐਸ.ਡੀ.ਐਮ, ਵੱਖ ਵੱਖ ਵਿਭਾਗਾਂ ਦੇ ਮੁਖੀਆਂ ਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਸਹਿਤ ਅੱਧੀ ਦਰਜ਼ਨ ਕਿਸਮਾਂ ਦੀਆਂ ਕੁੱਲ 84 ਵੱਡੀਆਂ ਤੇ ਛੋਟੀਆਂ ਕੋਠੀਆਂ ਹਨ। ਉਂਜ ਇਸ ਖੇਤਰ 'ਚ ਕੇਂਦਰੀ ਸਰਕਾਰ ਦੇ ਕਈ ਦਫ਼ਤਰ ਜਿਵੇਂ ਬੀਐਸਐਨਐਲ, ਆਮਦਨ ਕਰ ਵਿਭਾਗ ਆਦਿ ਦੇ ਦਫ਼ਤਰ ਅਤੇ ਰਿਹਾਇਸ਼ੀ ਕਲੌਨੀਆਂ ਵੀ ਆਉਂਦੀਆਂ ਹਨ, ਜਿੰਨ੍ਹਾਂ ਬਾਰੇ ਆਉਣ ਵਾਲੇ ਸਮੇਂ 'ਚ ਫੈਸਲਾ ਲਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਇਸ ਯੋਜਨਾ ਨੂੰ ਨੇਪਰੇ ਚਾੜਣ ਲਈ ਪਹਿਲਾਂ ਡਿਪਟੀ ਕਮਿਸ਼ਨਰ ਵਲੋਂ ਭਲਕੇ ਸਬੰਧਤ ਅੱਧੀ ਦਰਜ਼ਨ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਸੱਦੀ ਸੀ, ਜਿਸਨੂੰ ਹੁਣ ਮੰਗਲਵਾਰ ਤੱਕ ਅੱਗੇ ਪਾ ਦਿੱਤਾ ਹੈ।

ਬਠਿੰਡਾ ਦੀ ਥਰਮਲ ਕਲੌਨੀ 'ਚ ਹਨ 1500 ਦੇ ਕਰੀਬ ਕੋਠੀਆਂ
ਬਠਿੰਡ: ਸੂਚਨਾ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਸਟੇਸ਼ਨ ਨੂੰ ਖ਼ਾਲੀ ਕਰਨ ਦੇ ਪਿੱਛੇ ਇੱਥੇ ਮੀਂਹ ਕਾਰਨ ਪਾਣੀ ਭਰਨ ਦਾ ਤਰਕ ਦਿੱਤਾ ਜਾ ਰਿਹਾ। ਜਿਸਦੇ ਚੱਲਦੇ ਬੰਦ ਹੋਏ ਗੁਰੂ ਨਾਨਕ ਦੇਵ ਥਰਮਲ ਪਲਾਂਟ 'ਚ ਸਥਿਤ ਪਾਵਰਕਾਮ ਦੀ ਕਲੌਨੀ 'ਚ ਬਣੀਆਂ ਹੋਈਆਂ ਰਿਹਾਇਸ਼ਾਂ ਵਿਚ ਅਫ਼ਸਰਾਂ ਤੇ ਮੁਲਾਜਮਾਂ ਨੂੰ ਤਬਦੀਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਗੋਨਿਆਣਾ ਰੋਡ 'ਤੇ ਸਥਿਤ 283 ਏਕੜ 'ਚ ਬਣੀ ਪਾਵਰਕਾਮ ਦੀ ਇਸ ਕਲੌਨੀ ਦੇ ਚਾਰ ਬਲਾਕਾਂ(ਏ.ਬੀ.ਸੀ.ਡੀ) ਵਿਚ 1 ਤੋਂ 7 ਕੈਟਾਗਿਰੀ ਦੀਆਂ 1495 ਕੋਠੀਆਂ ਤੇ ਕੁਆਟਰ ਬਣੇ ਹੋਏ ਹਨ। ਜਿਸ ਵਿਚੋਂ ਮੌਜੂਦਾ ਸਮੇਂ ਅੱਧੇ ਦੇ ਕਰੀਬ ਖ਼ਾਲੀ ਹਨ। ਉਧਰ ਪਾਵਰਕਾਮ ਦੇ ਮੁਲਾਜਮਾਂ ਦਾ ਤਰਕ ਹੈ ਕਿ ਬੇਸ਼ੱਕ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਹੈ ਪ੍ਰੰਤੂ ਇਹ ਕਲੌਨੀ ਇਕੱਲੇ ਥਰਮਲ ਦੇ ਮੁਲਾਜਮਾਂ ਵਾਸਤੇ ਨਹੀਂ, ਬਲਕਿ ਪਾਵਰਕਾਮ ਦੇ ਬਠਿੰਡਾ ਵਿਖੇ ਤੈਨਾਤ ਸਮੂਹ ਮੁਲਾਜਮਾਂ ਲਈ ਬਣੀ ਹੋਈ ਹੈ।

ਯੋਜਨਾ ਹਾਲੇ ਮੁਢਲੇ ਪੜਾਅ 'ਤੇ: ਡਿਪਟੀ ਕਸਿਮਨਰ
ਬਠਿੰਡਾ: ਉਧਰ ਸੰਪਰਕ ਕਰਨ 'ਤੇ ਪੁਸਟੀ ਕਰਦਿਆਂ ਡਿਪਟੀ ਕਮਿਸ਼ਨਰ ਬੀ.ਨਿਵਾਸਨ ਨੇ ਦਾਅਵਾ ਕੀਤਾ ਕਿ ਇਹ ਯੋਜਨਾ ਹਾਲੇ ਮੁਢਲੇ ਪੜਾਅ ਉਪਰ ਹੈ ਤੇ ਸਬੰਧਤ ਵਿਭਾਗਾਂ ਨਾਲ ਵਿਚਾਰ-ਵਿਟਾਂਦਰਾ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਾਲੇ ਇੱਥੋਂ ਕੀ ਤਬਦੀਲ ਕੀਤਾ ਜਾਣਾ ਹੈ ਜਾਂ ਕੀ ਨਹੀਂ, ਇਸ ਬਾਰੇ ਵੀ ਆਉਣ ਵਾਲੇ ਸਮੇਂ ਵਿਚ ਕੁੱਝ ਦਸਿਆ ਜਾ ਸਕਦਾ ਹੈ।