ਰਮਨ ਗੋਇਲ ਬਣੀ ਬਠਿੰਡਾ ਦੀ ਪਹਿਲੀ ‘ਮਹਿਲਾ’ ਮੇਅਰ

- - No comments

 ਅਸੋਕ ਪ੍ਰਧਾਨ ਨੂੰ ਸੀਨੀਅਰ ਡਿਪਟੀ ਮੇਅਰ ਤੇ ਹਰਮਿੰਦਰ ਸਿੱਧੂ ਨੂੰ ਬਣਾਇਆ ਡਿਪਟੀ ਮੇਅਰ 

ਸੁਖਜਿੰਦਰ ਮਾਨ

ਬਠਿੰਡਾ, 15 ਅਪ੍ਰੈਲ : ਸੂਬੇ ਦੇ ਵਿਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ਸ਼ਹਿਰ ਦੀ ਸਿਆਸਤ ਉੱਪਰ ਪਕੜ ਹੋਰ ਮਜ਼ਬੂਤ ਕਰਨ ਵਿੱਚ ਸਫਲ ਰਹੇ ਹਨ। ਸਥਾਨਕ ਮਿੰਨੀ ਸਕੱਤਰੇਤ ਵਿਚ ਫ਼ਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਰਵਿੰਦਰ ਕੁਮਾਰ ਕੋਸ਼ਿਕ ਦੀ ਅਗਵਾਈ ਹੇਠ ਹੋਈ ਚੋਣ ਵਿਚ ਸ੍ਰੀ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦੇ ਨੇੜਲੇ ਮੰਨੇ ਜਾਣ ਵਾਲੇ ਕਾਰੋਬਾਰੀ ਸੰਦੀਪ ਗੋਇਲ ਦੀ ਪਤਨੀ ਰਮਨ ਗੋਇਲ ਬਠਿੰਡਾ ਸਹਿਰ ਦੀ ‘ਪਹਿਲੀ’ ਮਹਿਲਾ ਮੇਅਰ ਬਣਨ ਵਿਚ ਸਫ਼ਲ ਰਹੀ। ਰਮਨ ਗੋਇਲ ਦੇ ਮੁਕਾਬਲੇ  ਮੇਅਰਸ਼ਿਪ ਦੇ ਅਹੁੱਦੇ ਲਈ ਸੀਨੀਅਰ ਆਗੂ ਜਗਰੂਪ ਸਿੰਘ ਗਿੱਲ ਤੇ ਅਸੋਕ ਪ੍ਰਧਾਨ ਵੀ ਦਾਅਵੇਦਾਰ ਸਨ ਪ੍ਰੰਤੂ ਅੰਦਰਖ਼ਾਤੇ ਚਾਹੁੰਣ ਦੇ ਬਾਵਜੂਦ ਵੀ ਗਿੱਲ ਦਾ ਕੋਂਸਲਰਾਂ ਨੇ ਖੁੱਲ ਕੇ ਸਾਥ ਨਹੀਂ ਦਿੱਤਾ। ਇਸਤੋਂ ਇਲਾਵਾ ਮੇਅਰਸ਼ਿਪ ਦਾ ਅਹੁੱਦਾ ਨਾ ਮਿਲਣ ਕਰਕੇ ਬੀਤੀ ਦੇਰ ਸ਼ਾਮ ਰੁੱਸਣ ਵਾਲੇ ਅਸੋਕ ਪ੍ਰਧਾਨ ਨੂੰ ਵਿਤ ਮੰਤਰੀ ਨੇ ਸੀਨੀਅਰ ਡਿਪਟੀ ਮੇਅਰ ਬਣਾ ਕੇ ‘ਠੰਢਾ’ ਕਰ ਦਿੱਤਾ।  ਇਸੇ ਤਰ੍ਹਾਂ ਲਗਾਤਾਰ ਤੀਜੀ ਵਾਰ ਜਿੱਤੇ ਮਾਸਟਰ ਹਰਮਿੰਦਰ ਸਿੰਘ ਸਿੱਧੂ ਡਿਪਟੀ ਮੇਅਰ ਬਣਨ ਵਿਚ ਕਾਮਯਾਬ ਰਹੇ।  ਉਹ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਛੱਡ ਕੇ ਵਿਤ ਮੰਤਰੀ ਦੇ ਕਾਫ਼ਲੇ ’ਚ ਸ਼ਾਮਲ ਹੋਏ ਸਨ। ਇਸ ਅਹੁੱਦੇ ਲਈ ਪਾਰਟੀ ਦੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਵੀ ਵੱਡੇ ਦਾਅਵੇਦਾਰ ਸਨ। 

ਚੋਣ ਤੋਂ ਪਹਿਲਾਂ ਸਥਾਨਕ ਲੇਕਵਿਊ ਰੇਸਟ ਹਾਊਸ ਵਿਚ ਮੰਤਰੀ ਚੰਨੀ ਵਲੋਂ ਇਕੱਲੇ ਇਕੱਲੇ ਕੋਂਸਲਰ ਦਾ ਪੱਖ ਸੁਣਿਆ ਗਿਆ। ਸੂਤਰਾਂ ਮੁਤਾਬਕ ਜਿਆਦਾਤਰ ਕੋਂਸਲਰਾਂ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਹੀ ਭਰੋਸਾ ਜਤਾਉਂਦਿਆਂ ਉਨ੍ਹਾਂ ਵਲੋਂ ਤੈਅ ਕੀਤੇ ਉਮੀਦਵਾਰ ਦੀ ਹਿਮਾਇਤ ਕਰਨ ਦਾ ਐਲਾਨ ਕੀਤਾ। ਇਸਤੋਂ ਬਾਅਦ ਮਿੰਨੀ ਸਕੱਤਰੇਤ ’ਚ ਕਮਿਸ਼ਨਰ ਸ੍ਰੀ ਕੋਸ਼ਿਕ ਦੀ ਅਗਵਾਈ ਹੇਠ ਮੀਟਿੰਗ ਹੋਈ । ਮੀਟਿੰਗ ਦੀ ਕਾਰਵਾਈ ਤੀਜੀ ਵਾਰ ਜਿੱਤੇ ਕੋਂਸਲਰ ਰਾਜੂ ਸਰਾਂ ਨੇ ਪ੍ਰੋਟਾਈਮ ਸਪੀਕਰ ਦੇ ਤੌਰ ’ਤੇ ਚਲਾਈ। ਇਸ ਦੌਰਾਨ ਕੋਂਸਲਰ ਹਰਵਿੰਦਰ ਸਿੰਘ ਲੱਡੂ ਵਲੋਂ ਮੇਅਰ ਦੇ ਅਹੁੱਦੇ ਲਈ 35 ਨੰਬਰ ਵਾਰਡ ਤੋਂ ਜਿੱਤੀ ਰਮਨ ਗੋਇਲ ਦਾ ਨਾਮ ਤਜਵੀਜ਼ ਕੀਤਾ ਅਤੇ ਕੋਂਸਲਰ ਸੰਦੀਪ ਬੋਬੀ ਨੇ ਇਸ ਨਾਮ ਦੀ ਤਸਦੀਕ ਕੀਤੀ। ਜਿਸਤੋਂ ਬਾਅਦ ਕਮਿਸ਼ਨਰ ਨੇ ਹੱਥ ਖੜੇ ਕਰਵਾਕੇ ਚੋਣ ਕਰਵਾਉਣ ਦਾ ਐਲਾਨ ਕੀਤਾ। ਸੂਤਰਾਂ ਮੁਤਾਬਕ ਮੇਅਰਸ਼ਿਪ ਦੇ ਦਾਅਵੇਦਾਰ ਜਗਰੂਪ ਗਿੱਲ ਨੇ ਇਸਦਾ ਵਿਰੋਧ ਕਰਦਿਆਂ ਬੇਲਟ ਪੇਪਰ ਉਪਰ ਚੋਣ ਕਰਵਾਉਣ ਦੀ ਮੰਗ ਰੱਖੀ। ਪ੍ਰੰਤੂ ਵਿਰੋਧ ਵਿਚ ਕੋਈ ਉਮੀਦਵਾਰ ਹੋਰ ਨਾ ਹੋਣ ਕਰਕੇ ਕਮਿਸ਼ਨਰ ਨੇ ਇਸਨੂੰ ਜਾਇਜ਼ ਦਸਿਆ। ਗਿੱਲ ਨੇ ਦਾਅਵਾ ਕੀਤਾ ਕਿ ਜਦੋਂ ਹੱਥ ਖੜੇ ਕਰਨ ਲਈ ਕਿਹਾ ਗਿਆ ਤਾਂ ਪਹਿਲਾਂ ਕਾਂਗਰਸ ਦੇ 43 ਵਿਚੋਂ 29 ਅਤੇ ਦੂੁਜੀ ਵਾਰ 35 ਕੋਂਸਲਰਾਂ ਨੇ ਰਮਨ ਗੋਇਲ ਨੂੰ ਅਪਣਾ ਸਮਰਥਨ ਦਿੱਤਾ। ਦਸਣਾ ਬਣਦਾ ਹੈ ਕਿ 14 ਫ਼ਰਵਰੀ ਨੂੰ ਹੋਈਆਂ ਚੋਣਾਂ ’ਚ ਕਾਂਗਰਸ ਪਾਰਟੀ ਸ਼ਹਿਰ ਦੇ 50 ਵਾਰਡਾਂ ਵਿਚੋਂ 43 ਜਿੱਤਣ ਵਿਚ ਸਫ਼ਲ ਰਹੀ ਸੀ। ਕਾਂਗਰਸ ਪਾਰਟੀ ਨੇ ਬਠਿੰਡਾ ਨਿਗਮ ਉਪਰ 53 ਸਾਲਾਂ ਬਾਅਦ ਕਬਜ਼ਾ ਕੀਤਾ ਹੈ। 

ਜਗਰੂਪ ਗਿੱਲ ਨੇ ਵਿਤ ਮੰਤਰੀ ਵਿਰੁਧ ਅਸਿੱਧੇ ਢੰਗ ਨਾਲ ਖੋਲਿਆ ਮੋਰਚਾ 

ਬਠਿੰਡਾ: ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਨੇ ਚੋਣ ਪ੍ਰੋਗਰਾਮ ਮੁਕੰਮਲ ਹੁੰਦਿਆਂ ਹੀ ਅਸਿੱਧੇ ਢੰਗ ਨਾਲ ਵਿਤ ਮੰਤਰੀ ਵਿਰੁਧ ਮੋਰਚਾ ਖੋਲਦਿਆਂ ਦਾਅਵਾ ਕੀਤਾ ਕਿ ਚੋਣ ਵਿਚ ਮਨਪ੍ਰੀਤ ਬਾਦਲ ਦੀ ਇੱਛਾ ਚੱਲੀ ਹੈ। ਕਾਫ਼ੀ ਨਰਾਸ਼ ਦਿਖ਼ਾਈ ਦੇ ਰਹੇ ਸ਼੍ਰੀ ਗਿੱਲ ਨੇ ਨਿਗਮ ਵਿਚ ਕੁੱਝ ਵੀ ਗਲਤ ਨਾ ਹੋਣ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੋ ਮਹੀਨੇ ਪਹਿਲਾਂ ਮੇਅਰਸ਼ਿਪ ਦੇ ਅਹੁੱਦੇ ਲਈ ਦਾਅ ਖੇਡਦਿਆਂ ਰਾਜ ਮੰਤਰੀ ਦੇ ਬਰਾਬਰ ਜ਼ਿਲ੍ਹਾ ਪਲਾਨਿੰਗ ਬੋਰਡ ਦੀ ਚੇਅਰਮੈਨੀ ਛੱਡ ਦਿੱਤੀ ਸੀ। ਸੂਤਰਾਂ ਮੁਤਾਬਕ ਉਹ ਆਉਣ ਵਾਲੇ ਸਮੇਂ ’ਚ ਮਨਪ੍ਰੀਤ ਵਿਰੋਧੀਆਂ ਦਾ ਕੇਂਦਰ ਬਿੰਦੂ ਬਣ ਸਕਦੇ ਹਨ।

ਅਕਾਲੀ ਕੋਂਸਲਰਾਂ ਨੇ ਕੀਤਾ ਵਾਕਆਊਟ

ਬਠਿੰਡਾ: ਇੰਨ੍ਹਾਂ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ ’ਤੇ ਚੁਣੇ ਗਏ 7 ਕੋਂਸਲਰਾਂ ਨੇ ਅੱਜ ਹੋਈ ਚੋਣ ਦਾ ਵਿਰੋਧ ਕਰਦਿਆਂ ਵਾਕਆਊਟ ਕੀਤਾ। ਕੋਂਸਲਰ ਹਰਪਾਲ ਸਿੰਘ ਢਿੱਲੋਂ ਤੇ ਸੈਰੀ ਗੋਇਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਮੀਟਿੰਗ ਦੌਰਾਨ ਬੋਲਣਾ ਚਾਹਿਆ ਪ੍ਰੰਤੂ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਬੈਲੇਟ ਪੇਪਰ ਰਾਹੀ ਹੋਣੀ ਚਾਹੀਦੀ ਸੀ, ਜਿਸਦੇ ਨਾਲ ਨਤੀਜ਼ੇ ਹੋਰ ਹੋਣੇ ਸਨ। 

2022 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਮਨਪ੍ਰੀਤ ਨੇ ਦਿੱਤੇ ਅਹੁੱਦੇ

ਬਠਿੰਡਾ: ਅੱਜ ਨਗਰ ਨਿਗਮ ਦੇ ਤਿੰਨ ਅਹੁੱਦਿਆਂ ਲਈ ਹੋਈ ਚੋਣ ਵਿਚ ਵਿਤ ਮੰਤਰੀ ਵਲੋਂ ਆਗਾਮੀ 2022 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਬਣਾਈ ਰਣਨੀਤੀ ਦੀ ਝਲਕ ਸਾਫ਼ ਦਿਖ਼ਾਈ ਦੇ ਰਹੀ ਹੈ। ਸ਼੍ਰੀ ਬਾਦਲ ਨੇ ਮੇਅਰ ਦਾ ਅਹੁੱਦਾ ਹਿੰਦੂ ਤੇ ਖ਼ਾਸਕਰ ਅਗਰਵਾਲ ਭਾਈਚਾਰੇ ਨੂੰ ਦਿੱਤਾ ਹੈ। ਜਦੋਂਕਿ ਸੀਨੀਅਰ ਡਿਪਟੀ ਮੇਅਰ ਦਾ ਅਹੁੱਦਾ ਅਸੋਕ ਪ੍ਰਧਾਨ ਨੂੰ ਦੇ ਕੇ ਨਾ ਸਿਰਫ਼ ਟਕਸਾਲੀਆਂ ਬਲਕਿ ਸ਼ਹਿਰ ਦੇ ਪਿਛੜੇ ਵਰਗ ਨੂੰ ਵੀ ਖ਼ੁਸ ਕਰਨ ਦਾ ਯਤਨ ਕੀਤਾ ਹੈ। ਇਸੇ ਤਰ੍ਹਾਂ ਡਿਪਟੀ ਮੇਅਰ ਦਾ ਅਹੁੱਦਾ ਜੱਟ ਸਿੱਖ ਭਾਈਚਾਰੇ ਨੂੰ ਦਿੱਤਾ ਗਿਆ ਹੈ। 

ਚੰਨੀ ਨੂੰ ਮਨਪ੍ਰੀਤ ਨੇ ਬਰਾਨੀ ਛੋਲਿਆਂ ਤੇ ਮੱਕੀ ਦਾ ਦਿੱਤਾ ਤੋਹਫ਼ਾ

ਬਠਿੰਡਾ: ਨਗਰ ਨਿਗਮ ਦੀ ਚੋਣ ਲਈ ਪਾਰਟੀ ਵਲੋਂ ਲਗਾਏ ਆਬਜਰਬਰ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਅਪਣੇ ਰਾਜਸਥਾਨ ਸਥਿਤ ਬਰਾਨੀ ਛੋਲਿਆਂ ਤੇ ਮੱਕੀ ਤੋਂ ਇਲਾਵਾ ਕਿੰਨੂਆਂ ਦਾ ਤੋਹਫ਼ਾ ਦਿੱਤਾ ਗਿਆ। ਸੂਤਰਾਂ ਮੁਤਾਬਕ ਬੀਤੀ ਰਾਤ ਵਿਤ ਮੰਤਰੀ ਦੇ ਫ਼ਾਰਮ ਹਾਊਸ ’ਤੇ ਹੀ ਠਹਿਰੇ ਸ਼੍ਰੀ ਚੰਨੀ ਨੂੰ ਮਨਪ੍ਰੀਤ ਵਲੋਂ ਅਪਣੇ ਫ਼ਾਰਮ ਦਾ ਦੌਰਾ ਵੀ ਕਰਵਾਇਆ ਗਿਆ।

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines