ਸਿੱਧੂ ਦਾ ਜੋਸ਼ ਤੇ ਕੈਪਟਨ ਦਾ ਹੋਸ਼: ਸੂਬੇ ’ਚ ਮੁੜ ਬਣਾਏਗਾ ਕਾਂਗਰਸ ਦੀ ਸਰਕਾਰ: ਬਾਦਲ

- - No comments

 ਕਾਂਗਰਸ ਦੀ ਅਕਾਲੀਆਂ ਨਾਲ ਨਹੀਂ ਹੈ ਕੋਈ ਸਾਂਝ

ਬੇਅਦਬੀ ਦੇ ਦੋਸ਼ੀਆਂ ਨੂੰ ਪਹੁੰਚਾਇਆ ਜਾਵੇਗਾ ਕਾਨੂੰਨ ਦੇ ਸਿਕੰਜ਼ੇ ’ਚ 

ਸੁਖਜਿੰਦਰ ਮਾਨ

ਬਠਿੰਡਾ, 24 ਜੁਲਾਈ -ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ‘‘ ਕਾਂਗਰਸ ਪਾਰਟੀ ਇਕਜੁਟ ਹੈ ਅਤੇ ਨਵਜੋਤ ਸਿੱਧੂ ਦਾ ਜੋਸ਼ ਤੇ ਕੈਪਟਨ ਅਮਰਿੰਦਰ ਸਿੰਘ ਦਾ ਹੋਸ਼ ਕਾਂਗਰਸ ਦੀ ਬੇੜੀ ਨੂੰ ਮੁੜ ਕਿਨਾਰੇ ਤੱਕ ਪਹੁੰਚਾਉਣ ਵਿਚ ਕਾਮਯਾਬ ਹੋਵੇਗਾ।’’ ਸ: ਬਾਦਲ ਨੇ ਮੰਨਿਆ ਕਿ ਅਗਲੇ 6 ਮਹੀਨੇ ਫੈਸਲਾਕੁੰਨ ਸਾਬਤ ਹੋਣਗੇ ਤੇ ਪਾਰਟੀ ਲੋਕਾਂ ’ਚ ਅਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਲਦਲ ’ਚ ਧੱਕਣ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਕਾਂਗਰਸ ਦੀ ਕੋਈ ਸਾਂਝ ਨਹੀਂ ਹੋ ਸਕਦੀ। ’’ ਪੱਤਰਕਾਰਾਂ ਵਲੋਂ ਸੂਬੇ ’ਚ ਕੈਪਟਨ ਤੇ ਬਾਦਲਾਂ ਦੇ ਆਪਸ ’ਚ ਰਲੇ ਹੋਣ ਦੀ ਚੱਲ ਰਹੀ ਚਰਚਾ ਸਬੰਧੀ ਪੁੱਛੇ ਜਾਣ ’ਤੇ ਸ: ਬਾਦਲ ਨੇ ਕਿਹਾ ਕਿ ‘‘ ਪੰਜਾਬ ਨੂੰ ਦੋ ਭਾਗਾਂ ’ਚ ਵੰਡ ਕੇ ਫ਼ਿਰਕਾਪ੍ਰਸ਼ਤ ਦੀ ਸਿਆਸਤ ਕਰਨ ਵਾਲੀ ਇਸ ਜਮਾਤ ਦੇ ਚਿਹਰੇ ਤੋਂ ਹੁਣ ਧਰਮ ਤੇ ਕਿਸਾਨੀ ਦਾ ਮੁਖੌਟਾ ਵੀ ਉਤਰ ਗਿਆ ਹੈ।’’  ਬੇਅਦਬੀ ਕਾਂਡ ’ਤੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਸ ਮਸਲੇ ਦੀ ਤੈਅ ਤੱਕ ਪੁੱਜ ਕੇ ਸਮਾਜ ਦੇ ਦੁਸ਼ਮਣਾਂ ਨੂੰ ਕਾਨੂੰਨ ਦੇ ਸਿਕੰਜ਼ੇ ਤੱਕ ਪਹੁੰਚਾਏਗੀ। ’’ ਸ: ਬਾਦਲ ਸਥਾਨਕ ਮਿੰਨੀ ਸਕੱਤਰੇਤ ’ਚ ਜ਼ਿਲ੍ਹਾ ਯੋਜਨਾ ਬੋਰਡ ਦੇ ਨਵਨਿਯੁਕਤ ਚੇਅਰਮੈਨ ਰਾਜਨ ਗਰਗ ਦੀ ਤਾਜ਼ਪੋਸ਼ੀ ਮੌਕੇ ਪੁੱਜੇ ਹੋਏ ਸਨ। ਇਸ ਮੌਕੇ ਸ਼੍ਰੀ ਬਾਦਲ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਤਨਖਾਹ ਕਮਿਸ਼ਨ ਦੇ ਵਿਰੋਧ ’ਚ ਮੁਲਾਜਮਾਂ ਵਲੋਂ ਸਰਕਾਰ ਦੇ ਕੀਤੇ ਜਾ ਰਹੇ ਵਿਰੋਧ ’ਤੇ ਟਿੱਪਣੀ ਕਰਦਿਆਂ ਭਰੋਸਾ ਦਿਵਾਇਆ ਕਿ ‘‘ ਕਈ ਵਾਰ ਕਮਿਸ਼ਨ ਦੀ ਰੀਪੋਰਟ ’ਚ ਕੁੱਝ ਗੱਲਾਂ ਰਹਿ ਜਾਂਦੀਆਂ ਹਨ, ਜਿੰਨ੍ਹਾਂ ਨੂੰ ਅਹਿਸਤਾ-ਅਹਿਸਤਾ ਦੂਰ ਕਰ ਦਿੱਤਾ ਜਾਵੇਗਾ। ’’ ਇਸਦੇ ਨਾਲ ਹੀ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ ਦੇ ਮੁੱਦੇ ’ਤੇ ਵੀ ਵਿਤ ਮੰਤਰੀ ਨੇ ਖੁਲਾਸਾ ਕੀਤਾ ਕਿ ਜਲਦੀ ਹੀ ਪੰਜਾਬ ਸਰਕਾਰ ਨਵਾਂ ਬਿੱਲ ਲੈ ਕੇ ਆ ਰਹੀ ਹੈ, ਜਿਸ ਵਿਚ ਠੇਕੇ ’ਤੇ ਕੰਮ ਕਰ ਰਹੇ ਮੁਲਾਜਮਾਂ ਦੇ ਮਸਲੇ ਹੱਲ ਕੀਤੇ ਜਾਣਗੇ। ਪ੍ਰੰਤੂ ਉਨ੍ਹਾਂ ਆਉਟਸੋਰਸ ’ਤੇ ਭਰਤੀ ਹੋਏ ਮੁਲਾਜਮਾਂ ਬਾਰੇ ਉਨ੍ਹਾਂ ਇਹੀ ਕਿਹਾ ਕਿ ਸਰਕਾਰ ਇੰਨ੍ਹਾਂ ਦੇ ਹਿੱਤਾਂ ਦੀ ਵੀ ਰੱਖਿਆ ਕਰੇਗੀ। ਕੇਂਦਰ ਸਰਕਾਰ ਉਪਰ ਵਿਰੋਧੀ ਆਗੂਆਂ ਤੇ ਹੋਰਨਾਂ ਦੀ ਜਾਸੂਸੀ ਕਰਨ ਦੇ ਲੱਗ ਰਹੇ ਦੋਸ਼ਾਂ ਨੂੰ ਮੰਦਭਾਗਾ ਕਰਾਰ ਦਿੰਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ‘‘ ਦੇਸ ਦੀ ਅਜ਼ਾਦੀ ਬਹੁਤ ਮੁਸ਼ਕਿਲ ਨਾਲ ਲਈ ਹੈ, ਜਿਸ ਵਿਚ ਪੰਜਾਬੀਆਂ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਹਨ ਤੇ ਅਜਿਹਾ ਕਰਕੇ ਕੇਂਦਰ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ। ’’ ਇਸ ਮੌਕੇ ਉਨ੍ਹਾਂ ਨਾਲ ਜੈਜੀਤ ਸਿੰਘ ਜੌਹਲ, ਚੇਅਰਮੈਨ ਰਾਜਨ ਗਰਗ, ਚੇਅਰਮੈਨ ਕੇ.ਕੇ.ਅਗਰਵਾਲ, ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ, ਸੀਨੀ: ਡਿਪਟੀ ਮੇਅਰ ਅਸੋਕ ਕੁਮਾਰ, ਸੀਨੀਅਰ ਆਗੂ ਅਵਤਾਰ ਸਿੰਘ ਗੋਨਿਆਣਾ, ਰੁਪਿੰਦਰ ਬਿੰਦਰਾ, ਟਹਿਲ ਸਿੰਘ ਬੁੱਟਰ, ਬਲਰਾਜ ਪੱਕਾ ਆਦਿ ਹਾਜ਼ਰ ਸਨ। 




   

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines