ਕਰੋਨਾ ਸ਼ਹੀਦਾਂ ਨੂੰ ਸ਼ਰਧਾਂਜਲੀ

- - No comments

ਆਮ ਲੋਕਾਂ ਨੂੰ ਪਈ ਭਾਰੀ, ਹਰ ਵਰਗ ਦੀ ਹੋਈ ਖੱਜਲ ਖੁਆਰੀ 

ਸੁਖਜਿੰਦਰ ਮਾਨ

ਬਠਿੰਡਾ 27 ਮਾਰਚ :-ਬਿਨ੍ਹਾਂ ਯੋਜਨਾਵਧ ਤਰੀਕੇ ਦੇ ਸੂਬੇ ਦੀ ਕੈਪਟਨ ਸਰਕਾਰ ਵਲੋਂ ਮੋਦੀ ਹਕੂਮਤ ਦੀ ਤਰਜ਼ ’ਤੇ ਕਰੋਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ 11 ਤੋਂ 12 ਵਜੇ ਤੱਕ ਸੜਕੀ ਆਵਾਜਾਈ ਠੱਪ ਕਰਨ ਦਾ ਫੈਸਲਾ ਹਰ ਵਰਗ ਨੂੰ ਭਾਰੀ ਪਿਆ। ਸਰਕਾਰੀ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਚੱਲਦੇ ਕਈ ਥਾਂ ਪੁਲਿਸ ਮੁਲਾਜਮਾਂ ਨਾਲ ਟ੍ਰਾਂਸਪੋਟਰਾਂ ਤੇ ਰਾਹਗੀਰਾਂ ਨਾਲ ਤੂੰ-ਤੂੰ, ਮੈਂ-ਮੈਂ ਹੋਈ। ਇਸ ਸਰਧਾਂਜਲੀ ਸਮਾਗਮ ਦੌਰਾਨ ਨਾ ਸਿਰਫ਼ ਜਰੂਰੀ ਕੰਮਕਾਜ਼ ਜਾਣ ਵਾਲੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਬਲਕਿ ਟ੍ਰਾਂਸਪੋਟਰਾਂ ਨੂੰ ਵੀ ਵੱਡਾ ਆਰਥਿਕ ਘਾਟਾ ਸਹਿਣਾ ਪਿਆ। 

ਬਠਿੰਡਾ ਦੇ ਬੱਸ ਅੱਡੇ ਅੱਗੇ ਪੁਲਿਸ ਦੇ ਰਵੱਈਏ ਤੋਂ ਅੱਗੇ ਟ੍ਰਾਂਸਪੋਟਰਾਂ ਨੂੰ ਨਾਅਰੇਬਾਜ਼ੀ ਕਰਨੀ ਪਈ। ਕਈ ਥਾਂ ਬੱਸਾਂ ’ਚ ਸਵਾਰੀਆਂ ਨੂੰ ਘੰਟਾ ਬੈਠਣਾ ਪਿਆ। ਇਸਤੋਂ ਇਲਾਵਾ ਸਥਾਨਕ ਬੱਸ ਅੱਡੇ ਦੇ ਸਾਹਮਣੇ ਲੱਗੇ ਭਾਰੀ ਜਾਮ ਵਿਚ ਇੱਕ ਬਰਾਤ ਵਾਲੀ ਗੱਡੀ ਅਤੇ ਐਂਬੂਲੇਂਸ ਵੀ ਫ਼ਸੀ ਰਹੀ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਰ ਸ਼ਨੀਵਾਰ ਸਵੇਰੇ 11 ਤੋਂ 12 ਵਜੇਂ ਤੱਕ ਪੂਰੀ ਤਰ੍ਹਾਂ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਸੀ। ਪ੍ਰੰਤੂ ਇਸ ਫੈਸਲੇ ਨੂੰ ਜਨਤਾ ਤੱਕ ਪਹੁੰਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ, ਜਿਸ ਕਾਰਨ ਟਰੈਫਿਕ ਆਮ ਦਿਨਾਂ ਲਈ ਦਿਨਾਂ ਵਾਂਗ ਚਲਦਾ ਰਿਹਾ। ਜਿਸਦੇ ਚੱਲਦੇ ਆਮ ਲੋਕਾਂ ਤੇ ਕੰਮਕਾਜ਼ਾਂ ’ਤੇ ਜਾਣ ਵਾਲੇ ਰਾਹੀਗੀਰਾਂ ਰਾਸਤੇ ਵਿਚ ਫ਼ਸ ਗਏ। ਪੁਲਿਸ ਨੇ ਥਾਂ-ਥਾਂ ਸੜਕਾਂ ‘ਤੇ ਰੋਕਾਂ ਲਾ ਕੇ ਇੱਕ ਘੰਟੇ ਲਈ ਵਾਹਨਾਂ ਦਾ ਚੱਕਾ ਜਾਮ ਕਰ ਦਿੱਤਾ। ਇਸ ਕਾਰਵਾਈ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸਾਂ, ਆਟੋ ਅਤੇ ਹੋਰ ਵਾਹਨ ਘੰਟੇ ਭਰ ਲਈ ਰਸਤੇ ਵਿੱਚ ਰੁਕੇ ਰਹੇ। ਉਧਰ ਟਾਈਮ ਮਿਸ ਹੋਣ ਕਾਰਨ ਆਰਥਿਕ ਘਾਟੇ ਦੇ ਡਰੋਂ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। 


ਇਸ ਦੌਰਾਨ ਖੱਜਲ ਖੁਆਰ ਹੋ ਰਹੇ ਮੁਸਾਫਿਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਇਸ ਦੌਰਾਨ ਸੜਕਾਂ ‘ਤੇ ਲੰਮੇ ਜਾਮ ਲੱਗ ਗਏ ਅਤੇ ਜਦੋਂ ਟਰੈਫ਼ਿਕ ਖੁੱਲਿਆ ਤਾਂ ਵੀ ਘੰਟਾ ਭਾਰ ਲੋਕਾਂ ਨੂੰ ਕਾਫੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਬਠਿੰਡਾ ’ਚ ਮੁੜ ਕਰੋਨਾ ਬਲਾਸਟ:ਬਠਿੰਡਾ ’ਚ ਮੁੜ ਕਰੋਨਾ ਬਲਾਸਟ

- - No comments

24 ਘੰਟਿਆਂ ’ਚ ਮਿਲੇ 203 ਪਾਜ਼ੀਟਿਵ, ਦੋ ਮਰੀਜ਼ਾਂ ਦੀ ਹੋਈ ਮੌਤ 

ਸੁਖਜਿੰਦਰ ਮਾਨ

ਬਠਿੰਡਾ 27 ਮਾਰਚ :-ਬਠਿੰਡਾ ’ਚ ਅੱਜ ਮੁੜ ਕਰੋਨਾ ਮਹਾਂਮਾਰੀ ਦਾ ਵੱਡਾ ਬਲਾਸਟ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿਚ 203 ਕਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਇਹ ਇੱਕ ਦਿਨ ’ਚ ਸਭ ਤੋਂ ਵੱਧ ਮਰੀਜ਼ ਮਿਲਣ ਦਾ ਪਿਛਲੇ ਸਵਾ ਦੌਰਾਨ ਦਾ ਦੂਜਾ ਸਭ ਤੋਂ ਵੱਡਾ ਅੰਕੜਾ ਹੈ। ਪਿਛਲੇ ਸਾਲ ਮਈ ਮਹੀਨੇ ’ਚ ਸਭ ਤੋਂ ਵੱਧ ਇੱਕੋਂ ਦਿਨ ’ਚ 216 ਮਰੀਜ਼ ਮਿਲੇ ਸਨ। ਉਧਰ ਦੇਰ ਸ਼ਾਮ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਜ਼ਿਲੈ ਵਿਚ ਅੱਜ 116 ਮਰੀਜ਼ ਹੀ ਨਵੇਂ ਮਿਲੇ ਹਨ ਜਦੋਂਕਿ 203 ਮਰੀਜ਼ਾਂ ਦਾ ਅੰਕੜਾ ਤਕਨੀਕੀ ਗਲਤੀ ਕਾਰਨ ਸਾਹਮਣੇ ਆਇਆ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਦੇ ਟੀਕਾਕਰਨ ਅਤੇ ਸੈਪÇਲੰਗ ਉਪਰ ਜੋਰ ਦਿੱਤਾ ਜਾ ਰਿਹਾ ਹੈ। ਉਧਰ ਜ਼ਿਲ੍ਹੇ ਵਿਚ ਕਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਅਪਣੇ ਕਰੋਨਾ ਵਾਰਡਾਂ ਨੂੰ ਮੁੜ ਗਤੀਸ਼ੀਲ ਕਰਨ ਦੇ ਹੁਕਮ ਦਿੱਤੇ ਗਏ ਹਨ। ਸੂਚਨਾ ਮੁਤਾਬਕ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿਚ ਦੂਜੇ ਲੈਵਲ ਦੇ ਮਰੀਜ਼ਾਂ ਲਈ 250 ਬੈਡ ਅਤੇ ਤੀਜ਼ੇ ਲੈਵਲ ਦੇ ਮਰੀਜ਼ਾਂ ਲਈ 68 ਬੈਡ ਰਾਖ਼ਵੇ ਕੀਤੇ ਗਏ ਹਨ। ਜਦੋਂਕਿ ਸਿਵਲ ਹਸਪਤਾਲ ਵਿਚ ਮੌਜੂਦਾ ਸਮੇਂ 50 ਬੈਡ ਦਾ ਵਿਸੇਸ ਕਰੋਨਾ ਵਾਰਡ ਚੱਲ ਰਿਹਾ ਹੈ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿਚ 50 ਬੈਡ ਹੋਰ ਰਾਖ਼ਵੇਂ ਕੀਤੇ ਜਾ ਰਹੇ ਹਨ।ਇਸਤੋਂ ਇਲਾਵਾ ਅੱਜ ਕਰੋਨਾ ਮਹਾਂਮਾਰੀ ਕਾਰਨ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਦੋ ਮਰੀਜ਼ਾਂ ਦੀ ਵੀ ਮੌਤ ਹੋਣ ਦੀ ਸੂਚਨਾ ਮਿਲੀ ਹੈ। 



ਸ਼ਹਿਰ ਦੇ ਮੈਕਸ ਹਸਪਤਾਲ ਵਿਚ ਦਾਖਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੂੰਦੜ ਦੇ ਕਰਨੈਲ ਸਿੰਘ 78 ਪੁੱਤਰ ਗੰਡਾ ਸਿੰਘ ਦੀ ਅੱਜ ਮੌਤ ਹੋ ਗਈ ਜੋ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸੀ  ਅਤੇ ਇਸ ਤਰਾਂ ਹੀ ਰਾਮਪੁਰਾ ਫੂਲ ਨਾਲ ਸਬੰਧਿਤ ਹਰਪਾਲ ਸਿੰਘ 44 ਪੁੱਤਰ ਮਿਹਰ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਬੀਤੀ ਰਾਤ ਮੌਤ ਹੋ ਗਈ। ਸਹਾਰਾ ਜਨ ਸੇਵਾ ਦੀ ਟੀਮ ਵਲੋਂ ਦੋਨਾਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪ੍ਰਸ਼ਾਸਨ ਦੇ ਮੁਤਾਬਕ ਹੁਣ ਤੱਕ ਜ਼ਿਲ੍ਹੇ ਵਿਚ ਕੁੱਲ 1,67,314 ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ  10847 ਪਾਜੀਟਿਵ ਕੇਸ ਆਏ। ਪ੍ਰੰਤੂ  ਇਨਾਂ ਵਿੱਚੋਂ 9963 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 646 ਕੇਸ ਐਕਟਿਵ ਹਨ ਤੇ ਹੁਣ ਤੱਕ 240 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ

ਬਠਿੰਡਾ ਜੇਲ੍ਹ ' ਚ ਬੰਦ ਸੇਖੋ ਧੜੇ ਦੇ ਗੈਂਗਸਟਰ ਬੈਠੇ ਭੁੱਖ ਹੜਤਾਲ ’ਤੇ

- - No comments

ਪ੍ਰਵਾਰਕ ਮੈਂਬਰਾਂ ਨੇ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਉਪਰ ਲਗਾਏ ਗੰਭੀਰ ਦੋਸ਼ 

ਸੁਖਜਿੰਦਰ ਮਾਨ

ਬਠਿੰਡਾ 27 ਮਾਰਚ :-ਕਰੀਬ ਦੋ ਹਫ਼ਤੇ ਪਹਿਲਾਂ ਬਠਿੰਡਾ ਜੇਲ੍ਹ ’ਚ ਤਬਦੀਲ ਕੀਤੇ ਪੰਜਾਬ ਭਰ ਦੇ ਗੈਂਗਸਟਰਾਂ ਵਿਚੋਂ ਗੁਰਪ੍ਰੀਤ ਸੇਖੋ ਤੇ ਨੀਟਾ ਦਿਊਲ ਧੜੇ ਨਾਲ ਸਬੰਧਤ ਗੈਂਗਸਟਰ ਭੁੱਖ ਹੜਤਾਲ ’ਤੇ ਬੈਠ ਗਏ ਹਨ। ਇੰਨ੍ਹਾਂ ਗੈਂਗਸਟਰਾਂ ਦੇ ਪ੍ਰਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਕੇਂਦਰੀ ਸੁਰੱਖਿਆ ਬਲਾਂ ਉਪਰ ਜੇਲ੍ਹ ਅੰਦਰ ਗੈਂਗਵਾਰ ਕਰਵਾਕੇ ਨੌਜਵਾਨਾਂ ਨੂੰ ਮਰਵਾਉਣ ਦੀ ਯੋਜਨਾ ਬਣਾਉਣ ਦੇ ਦੋਸ਼ ਲਗਾਏ ਹਨ। ਸਥਾਨਕ ਕੋਰਟ ਕੰਪਲੈਕਸ ’ਚ ਇਕੱਠੇ ਹੋਏ ਵੱਖ-ਵੱਖ ਗੈਂਗਸਟਰਾਂ ਦੇ ਪ੍ਰਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਇੱਕ ਸੋਚੀ ਸਮਝੀ ਤਹਿਤ ਜੇਲ੍ਹ ਅੰਦਰ ਮਾਨਸਿਕ ਤੇ ਸਰੀਰਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਹਾ।



 ਦਸਣਾ ਬਣਦਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਖੇਤਾਂ ’ਚ ਹੋਣ ਕਾਰਨ ਇਸਨੂੰ ਡੈਡ ਜੋਨ ਬਣਾਉਣ ਦੀ ਸੰਭਾਵਨਾ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਜੇਲ੍ਹਾਂ ’ਚ ਬੰਦ 38 ਦੇ ਕਰੀਬ ਖ਼ਤਰਨਾਕ ਗੈਗਸਟਰਾਂ ਨੂੰ ਬਠਿੰਡਾ ਤਬਦੀਲ ਕੀਤਾ ਹੈ। ਪ੍ਰੰਤੂ ਇੱਥੇ ਵੱਖ ਵੱਖ ਧੜਿਆਂ ਨਾਲ ਸਬੰਧਤ ਗੈਂਗਸਟਰ ਇਕੱਠੇ ਹੋਣ ਕਾਰਨ ਗੈਂਗਵਾਰ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਗੁਰਪ੍ਰੀਤ ਸੇਖੋ ਤੇ ਜੱਗੂ ਭਗਵਾਨਪੁੂਰੀਆ ਦੇ ਗਰੁੱਪਾਂ ਨੂੰ ਅਲੱਗ ਅਲੱਗ ਬੰਦ ਕੀਤਾ ਹੋਇਆ ਹੈ। ਅੱਜ ਇੱਥੇ ਇੰਨ੍ਹਾਂ ਗੈਂਗਸਟਰਾਂ ਦੇ ਵਕੀਲ ਅਮਰਜੀਤ ਸਿੰਘ ਬਹਿਣੀਵਾਲ ਦੇ ਚੈਂਬਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੈਂਗਸਟਰ ਗੁਰਪ੍ਰੀਤ ਸੇਖੋ ਦੇ ਚਾਚਾ ਨੇ ਦਾਅਵਾ ਕੀਤਾ ਕਿ ‘‘ ਸਰਕਾਰ ਨੇ ਨੌਜਵਾਨੂੰ ਨੂੰ ਮਰਵਾਉਣ ਲਈ ਇੱਕ ਸਾਜ਼ਸ ਤਹਿਤ ਸਾਰਿਆਂ ਨੂੰ ਬਠਿੰਡਾ ਜੇਲ੍ਹ ਵਿਚ ਬੰਦ ਕੀਤਾ ਹੈ। ’’ ਉਨ੍ਹਾਂ ਸੱਤਾਧਾਰੀ ਧਿਰ ਦੇ ਕੁੱਝ ਆਗੂਆਂ ਉਪਰ ਵੀ ਨੌਜਵਾਨਾਂ ਨੂੰ ਅਪਣੇ ਹਿੱਤ ਵਿਚ ਵਰਤਣ ਦੇ ਦੋਸ਼ ਵੀ ਲਗਾਏ। ਵਕੀਲ ਬਹਿਣੀਵਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਨੌਜਵਾਨਾਂ ਨੂੰ ਇੱਕ ਸੈਲ ਵਿਚ 18-20 ਘੰਟੇ ਲਗਾਤਾਰ ਬੰਦ ਰੱਖਿਆ ਜਾ ਰਿਹਾ ਤੇ ਉਨਾਂ ਨੂੰ ਜੇਲ੍ਹ ਮੈਨੂਅਲ ਐਕਟ ਤਹਿਤ ਮਿਲਦੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇੱਥੋਂ ਤੱਕ ਕਿ ਜੇਲ੍ਹ ਦੇ ਗੁਰੂ ਘਰ ਅਤੇ ਕੰਟੀਨਾਂ ਉਪਰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਗੈਂਗਸਟਰ ਰਮਨਦੀਪ ਸਿੰਘ ਰੰਮੀ ਮਛਾਣਾ ਦੇ ਪਿਤਾ ਜਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ‘‘ ਸਰਕਾਰ ਜੇਲ੍ਹ ਅੰਦਰ ਗੈਂਗਵਾਰ ਕਰਵਾਕੇ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਰਵਾਉਣਾ ਚਾਹੁੰਦੀ ਹੈ। ’’ ਜਗਤਵੀਰ ਸਿੰਘ ਦੇ ਪਿਤਾ ਗੁਰਸੇਵਕ ਸਿੰਘ ਨੇ ਦਾਅਵਾ ਕੀਤਾ ਕਿ ਉਸਦੇ ਪੁੱਤਰ ਉਪਰ ਝੂਠੇ ਪੁਲਿਸ ਕੇਸ ਬਣਾਏ ਗਏ ਹਨ ਜਦੋਂਕਿ ਉਹ ਹੋਣਹਾਰ ਹੈ ਤੇ ਜੇਲ੍ਹ ਅੰਦਰ ਬੈਠਾ ਕਾਨੂੰਨ ਦੀ ਪੜਾਈ ਕਰ ਰਿਹਾ। ਉਨ੍ਹਾਂ ਪੰਜਾਬ ਸਰਕਾਰ ਨੂੰ ਗਂੈਗਸਟਰ ਕਰਾਰ ਦਿੱਤੇ ਨੌਜਵਾਨਾਂ ਦੇ ਕੇਸਾਂ ਦੀ ਜਾਂਚ ਸਾਬਕਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ। 


ਬਾਕਸ 

ਲਗਾਏ ਜਾ ਰਹੇ ਹਨ ਝੂਠੇ ਦੋਸ਼: ਜੇਲ੍ਹ ਸੁਪਰਡੈਂਟ

ਬਠਿੰਡਾ: ਉਧਰ ਸੰਪਰਕ ਕਰਨ ’ਤੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ‘‘ ਜੇਲ੍ਹ ਅੰਦਰ ਬੰਦ ਹਰ ਕੈਦੀ ਤੇ ਹਵਾਲਾਤੀ ਨੂੰ ਨਿਯਮਾਂ ਮੁਤਾਬਕ ਰੱਖਿਆ ਜਾ ਰਿਹਾ ਹੈ ਤੇ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ। ’’ ਸ: ਸਿੱਧੂ ਨੇ ਕਿਹਾ ਕਿ ਗੈਂਗਸਟਰਾਂ ਦੇ ਪ੍ਰਵਾਰਕ ਮੈਂਬਰਾਂ ਵਲੋਂ ਗਲਤ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਜੇਲ੍ਹ ਅੰਦਰ ਪੂਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਥੇ ਕਿਸੇ ਨੂੰ ਕੋਈ ਖ਼ਤਰਾ ਨਹੀਂ। 




ਬਠਿੰਡਾ ’ਚ ਕਿਸਾਨ ਮੋਰਚੇ ਦੇ ਬੰਦ ਨੂੰ ਭਰਵਾਂ ਹੂੰਗਾਰਾ

- - No comments

 ਬੱਸ ਸਟੈਂਡ, ਸੜਕਾਂ ਤੇ ਬਜ਼ਾਰਾਂ ਰਹੇ ਸੁੰਨਸਾਨ

ਸੁਖਜਿੰਦਰ ਮਾਨ

ਬਠਿੰਡਾ, 26 ਮਾਰਚ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਬਠਿੰਡਾ ’ਚ ਭਰਵਾਂ ਹੂੰਗਾਰਾ ਮਿਲਿਆ। ਹਾਲਾਂਕਿ ਕਿਸਾਨਾਂ ਜਾਂ ਇਸਦੇ ਸਮਰਥਕਾਂ ਵਲੋਂ ਸ਼ਹਿਰ ਵਿਚ ਕੋਈ ਰੈਲੀ ਜਾਂ ਧਰਨਾ ਨਹੀਂ ਦਿੱਤਾ ਗਿਆ ਪ੍ਰੰਤੂ ਸ਼ਹਿਰ ਦੇ ਵਪਾਰਕ ਅਦਾਰੇ ਤੇ ਦੁਕਾਨਾਂ ਆਦਿ ਬੰਦ ਰਹੀਆਂ ਤੇ ਸੜਕਾਂ ਉਪਰ ਸੁੰਨਸਾਨ ਛਾਈ ਰਹੀ।


ਇਸ ਦੌਰਾਨ ਸ਼ਹਿਰ ਦੇ ਨਜਦੀਕ ਭਾਈ ਘਨ੍ਹੱਈਆ ਚੌਕ ਵਿੱਚ ਦਰਜ਼ਨਾਂ ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆਂ ਵਲੋਂ ਸਵੇਰੇ ਤੋਂ ਸ਼ਾਮ ਤੱਕ ਜਾਮ ਲਗਾਇਆ ਗਿਆ। ਉਂਜ ਇਸ ਧਰਨੇ ਕਾਰਨ ਬਠਿੰਡਾ-ਸ੍ਰੀ ਅੰਮਿ੍ਰਤਸਰ ਅਤੇ ਬਠਿੰਡਾ-ਮਲੋਟ-ਮੁਕਤਸਰ ਰੋਡ ਉਪਰ ਕਈ ਵਹੀਕਲ ਜਾਮ ’ਚ ਫ਼ਸੇ ਰਹੇ। ਆਮ ਲੋਕਾਂ ਨੂੰ ਇਹ ਧਰਨਾ 9-10 ਤੋਂ ਬਾਅਦ ਸ਼ੁਰੂ ਹੋਣ ਦੀ ਉਮੀਦ ਸੀ ਪ੍ਰੰਤੂ ਵੱਡੀ ਗਿਣਤੀ ਵਿਚ ਕਿਸਾਨ ਮਿੱਥੇ ਸਮੇਂ ਅਨੁਸਾਰ ਛੇ ਵਜੇ ਹੀ ਧਰਨਾ ਲਗਾ ਕੇ ਬੈਠ ਗਏ। ਇਸ ਦੌਰਾਨ ਸ਼ਹਿਰ ਤੋਂ ਬਾਹਰਲੇ ਖੇਤਰਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਧਰਨੇ ਲਗਾਏ ਗਏ, ਉਹ ਸਵੇਰੇ 11 ਵਜੇਂ ਤੋਂ 4 ਵਜੇਂ ਤੱਕ ਹੀ ਲੱਗੇ। ਉਂਜ ਕਿਸਾਨਾਂ ਵਲੋਂ ਮੈਡੀਕਲ ਤੇ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਛੋਟ ਦਿੱਤੀ ਗਈ। ਇਸ ਛੋਟ ਦੇ ਬਾਵਜੂਦ ਸ਼ਹਿਰ ਵਿਚ ਟਾਵੇਂ-ਟਾਵੇਂ ਲੋਕ ਹੀ ਨਿਕਲੇ। ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਅਤੇ ਬਜ਼ਾਰ ਬੰਦ ਰਹੇ। ਕਿਸਾਨਾਂ ਦੀ ਹਿਮਾਇਤ ’ਚ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਬੱਸਾਂ ਬੰਦ ਰੱਖੀਆਂ। ਸਵਾਰੀਆਂ ਦੀ ਘਾਟ ਕਾਰਨ ਸਰਕਾਰੀ ਬੱਸਾਂ ਵੀ ਨਾਮਤਾਰ ਹੀ ਚੱਲੀਆਂ। ਇਸੇ ਤਰ੍ਹਾਂ ਮੈਡੀਕਲ ਸਟੋਰ ਤੇ ਕੁੱਝ ਜਰੂਰੀ ਵਸਤੂਆਂ ਨੂੰ ਛੱਡ ਸਾਰੇ ਵਪਾਰਕ ਅਦਾਰੇ ਬੰਦ ਰਹੇ। ਬੇਸ਼ੱਕ ਬੈਂਕ ਖੁੱਲੇ ਰਹੇ ਪ੍ਰੰਤੂ ਗ੍ਰਾਂਹਕ ਬਹੁਤ ਘੱਟ ਆਏ। ਇਸੇ ਤਰ੍ਹਾਂ ਸਰਕਾਰੀ ਦਫ਼ਤਰਾਂ ਵਿਚ ਮੁਲਾਜਮਾਂ ਵਿਚ ਛੁੱਟੀ ਵਾਲਾ ਮਾਹੌਲ ਰਿਹਾ। 


ਬਠਿੰਡਾ ਹਸਪਤਾਲ ’ਚ ਦਾਖ਼ਲ ਕਰੋਨਾ ਪਾਜ਼ੀਟਿਵ ਹਵਾਲਾਤੀ ਫ਼ਰਾਰ

- - No comments

 ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕੀਤਾ ਗਿਆ ਸੀ ਗ੍ਰਿਫਤਾਰ 

ਸੁਖਜਿੰਦਰ ਮਾਨ

ਬਠਿੰਡਾ, 26 ਮਾਰਚ: ਹਫਤਾ ਪਹਿਲਾਂ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਸਹਿਤ ਕਾਬੂ ਕੀਤਾ ਗਿਆ ਨਸ਼ਾ ਤਸਕਰ ਸਥਾਨਕ ਸਿਵਲ ਹਸਪਤਾਲ ਵਿਚੋਂ ਫ਼ਰਾਰ ਹੋ ਗਿਆ। ਕਥਿਤ ਦੋਸ਼ੀ ਦੀ ਕਰੋਨਾ ਰੀਪੋਰਟ ਪਾਜ਼ੀਟਿਵ ਆਈ ਸੀ, ਜਿਸਦੇ ਚੱਲਦੇ ਉਸਨੂੰ 23 ਮਾਰਚ ਨੂੰ ਸਿਵਲ ਹਸਪਤਾਲ ਦੇ ਕਰੋਨਾ ਵਾਰਡ ਵਿਚ ‘ਚ ਦਾਖਲ ਕਰਵਾਇਆ ਗਿਆ ਸੀ। ਖ਼ਬਰ ਲਿਖੇ ਜਾਣ ਤੱਕ ਪੁਲਿਸ ਨੂੰ ਫ਼ਰਾਰ ਹਵਾਲਾਤੀ ਅਵਤਾਰ ਸਿੰਘ ਉਰਫ਼ ਤਾਰੀ ਦੀ ਕੋਈ ਉਘ ਸੁੱਘ ਨਹੀਂ ਮਿਲੀ ਸੀ।


ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਉਕਤ ਹਵਾਲਾਤੀ ਦੀ ਨਿਗਰਾਨੀ ’ਤੇ ਤੈਨਾਤ ਗਾਰਦ ’ਚ ਸ਼ਾਮਲ ਚਾਰ ਪੁਲਿਸ ਮੁਲਾਜਮਾਂ ਵਿਰੁਧ ਪੁਲਿਸ ਵਲੋਂ ਪਰਚਾ ਦਰਜ਼ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਲੰਘੀ 19 ਮਾਰਚ ਨੂੰ ਸੀਆਈਏ ਸਟਾਫ਼ ਨੇ ਅਵਤਾਰ ਸਿੰਘ ਉਰਫ ਤਾਰੀ ਨੂੰ 1300 ਨਸ਼ੀਲੀਆਂ ਗੋਲੀਆਂ ਸਹਿਤ ਕਾਬੂ ਕੀਤਾ ਗਿਆ ਸੀ। ਉਸਦੇ ਵਿਰੁਧ ਥਾਣਾ ਨਥਾਣਾ ਵਿਚ ਐੱਨਡੀਪੀਐੱਸ ਐਕਟ ਅਧੀਨ ਪਰਚਾ ਦਰਜ਼ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਕਰੋਨਾ ਟੈਸਟ ਕਰਵਾਉਣ ਤੋਂ ਬਾਅਦ ਬਠਿੰਡਾ ਜੇਲ੍ਹ ‘ਚ  ਭੇਜਣ ਦੇ ਹੁਕਮ ਦਿੱਤੇ ਸਨ। ਇਸ ਦੌਰਾਨ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ, ਜਿਸ ਕਾਰਨ ਉਸਨੂੰ 23 ਮਾਰਚ ਨੂੰ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ‘ਚ ਦਾਖਲ ਕੀਤਾ ਗਿਆ ਸੀ। ਇੱਥੇ ਲੰਘੀ ਰਾਤ ਉਹ ਤੀਸਰੀ ਮੰਜਲ ’ਚ ਕਮਰੇ ਦੀ ਤਾਕੀ ਦਾ ਸ਼ੀਸ਼ਾ ਖੋਲ੍ਹ ਕੇ ਫ਼ਰਾਰ ਹੋ ਗਿਆ। ਸੂਤਰਾਂ ਮੁਤਾਬਕ ਸੁਰੱਖਿਆ ’ਚ ਤੈਨਾਤ ਗਾਰਦ ਨੂੰ ਇਸਦੀ ਜਾਣਕਾਰੀ ਕਾਫ਼ੀ ਦੇਰੀ ਨਾਲ ਮਿਲੀ, ਜਿਸਦੇ ਚੱਲਦੇ ਉਸਦਾ ਕੁੱਝ ਪਤਾ ਨਹੀਂ ਲੱਗਿਆ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਫ਼ਰਾਰ ਹਵਾਲਾਤੀ ਇਕੱਲਾ ਨਸ਼ਾ ਤਸਕਰ ਹੀ ਨਹੀਂ ਸੀ, ਬਲਕਿ ਉਹ ਕਰੋਨਾ ਪਾਜ਼ੀਟਿਵ ਵੀ ਹੈ, ਜਿਸਦੇ ਚੱਲਦੇ ਇਹ ਮਹਾਂਮਾਰੀ ਹੋਰਨਾਂ ਨੂੰ ਵੀ ਹੋ ਸਕਦੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਵਾਲਾਤੀ ਅਵਤਾਰ ਸਿੰਘ ਵਿਰੁਧ ਪਰਚਾ ਦਰਜ਼ ਕਰ ਲਿਆ ਹੈ ਜਦੋਂਕਿ ਗਾਰਦ ’ਚ ਤੈਨਾਤ ਇੱਕ ਥਾਣੇਦਾਰ ਅਤੇ ਦੋ ਹੋਲਦਾਰਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 


ਕਾਨੂੰਗੋ ਵੀ ਮੁਲਾਜਮ ਮੰਗਾਂ ਲਈ ਸਰਕਾਰ ਵਿਰੁਧ ਡਟੇ

- - No comments

 ਬਠਿੰਡਾ ’ਚ ਲੱਗੇ ਸੂਬੇ ਪੱਧਰੀ ਮੁਲਾਜਮ ਧਰਨੇ ’ਚ ਕੀਤੀ ਸਮੂਲੀਅਤ 

ਸੁਖਜਿੰਦਰ ਮਾਨ

ਬਠਿੰਡਾ, 26 ਮਾਰਚ : ਮੁਲਾਜਮ ਮੰਗਾਂ ਨੂੰ ਲੈ ਕੇ ਚੁਫ਼ੇਰਿਓ ਘਿਰੀ ਪੰਜਾਬ ਸਰਕਾਰ ਵਿਰੁਧ ਮਾਲ ਵਿਭਾਗ ਦੀ ਕਾਨੂੰਗੋ ਐਸੋਸ਼ੀਏਸਨ ਨੇ ਧਰਨਾ ਲਗਾਇਆ। ਮਿੰਨੀ ਸਕੱਤਰੇਤ ਅੱਗੇ ਲੱਗੇ ਪੰਜਾਬ ਭਰ ਦੇ ਧਰਨੇ ਵਿਚ  ਐਸੋਸੀਏਸ਼ਨ ੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਮਲੂਕਾ ਦੀ ਅਗਵਾਈ ਹੇਠ ਸਮੂਲੀਅਤ ਕਰਦਿਆਂ ਕਾਨੂੰਗੋਜ਼ ਨੇ ਸਰਕਾਰ ਵਿਰੁਧ ਭਰਵੀਂ ਨਾਅਰੇਬਾਜੀ ਕੀਤੀ।                                                                                                                                       


                                                     ਇਸ ਮੌਕੇ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਛੇਵੇ ਤਨਖਾਹ ਕਮਿਸ਼ਨ ਦੀ ਰਿਪੋਰਟ 1-1-16 ਤੋਂ ਬਕਾਏ ਸਮੇਤ ਲਾਗੂ ਕੀਤੀ ਜਾਵੇ, ਨਵੇ ਮੁਲਜ਼ਮਾਂ ਨੂੰ ਪੂਰੀ ਤਨਖਾਹ ’ਤੇ ਭਰਤੀ ਕੀਤਾ ਜਾਵੇ,  ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮਹਿੰਗਾਈ ਭੱਤਿਆ ਦੀ ਰਹਿੰਦੀਆਂ ਕਿਸ਼ਤਾਂ ਤਰੁੰਤ ਬਹਾਲ ਕਰਨ ਤੋਂ ਇਲਾਵਾ ਮੁਲਾਜ਼ਮਾਂ ਦੀ ਛਾਂਟੀਆਂ ਬੰਦ ਕਰਨ ਸਹਿਤ ਮੁਲਾਜ਼ਮਾਂ ਤੋਂ ਹਰ ਮਹੀਨੇ ਲਿਆ ਜਾਣ ਵਾਲਾ 200 ਰੁਪਏ ਦਾ ਵਿਕਾਸ ਟੈਕਸ ਬੰਦ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਗੁਰਜੀਵਨ ਸਿੰਘ, ਖ਼ਜਾਨਚੀ ਲਖਵੀਰ ਸਿੰਘ ਮਾਨ ਤੋਂ ਇਲਾਵਾ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।


ਪ੍ਰਾਈਵੇਟ ਬੱਸ ਅਪਰੇਟਰਾਂ ਨੇ ਘੇਰਿਆਂ ਯੂਨਾਇਟਡ ਕੰਪਨੀ ਦਾ ਦਫ਼ਤਰ

- - No comments

 

ਮਾਮਲਾ ਤਾਲਾਬੰਦੀ ਸਮੇਂ ਦਾ ਬੀਮਾ ਅੱਗੇ ਵਧਾਉਣ ਦਾ 

ਸੁਖਜਿੰਦਰ ਮਾਨ

ਬਠਿੰਡਾ, 26 ਮਾਰਚ : ਪੰਜਾਬ ਅਤੇ ਰਾਜਸਥਾਨ ਵਿਚ ਚੱਲਦੀਆਂ ਪ੍ਰਾਈਵੇਟਾਂ ਬੱਸਾਂ ਦਾ ਕਰੋਨਾ ਦੇ ਚੱਲਦੇ ਹੋਈ ਤਾਲਾਬੰਦੀ ਦੇ ਸਮੇਂ ਦੌਰਾਨ ਦਾ ਬੀਮਾ ਅੱਗੇ ਵਧਾਉਣ ਦੀ ਮੰਗ ਨੂੰ ਲੈ ਕੇ ਅੱਜ ਪ੍ਰਾਈਵੇਟ ਅਪਰੇਟਰਾਂਵਲੋਂ ਸਥਾਨਕ 100 ਫ਼ੁੱਟੀ ’ਤੇ ਸਥਿਤ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਡਵੀਜਨਲ ਦਫਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ। 



ਮਾਲਵਾ ਜੋਨ ਪ੍ਰਾਈਵੇਟ ਬੱਸ ਅਪਰੇਟਰਜ ਐਸੋਸੀਏਸ਼ਨ ਦੇ ਕਨਵੀਨਰ ਬਲਤੇਜ ਸਿੰਘ ਵਾਂਦਰ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਹੈਪੀ, ਉਘੇ ਟ੍ਰਾਂਸਪੋਟਰ ਜਗਤਾਰ ਸਿੰਘ ਵਾਲੀਆ ਤੇ ਰਛਪਾਲ ਸਿੰਘ ਵਾਲੀਆ ਆਦਿ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਪੂਰੇ ਦੇਸ ਭਰ ’ਚ ਤਾਲਾਬੰਦੀ ਲਾਗੂ ਕੀਤੀ ਗਈ ਸੀ। ਇਸ ਤਾਲਾਬੰਦੀ ਕਾਰਨ ਕਰੀਬ 4 ਤੋਂ 7 ਮਹੀਨਿਆਂ ਤੱਕ ਉਨ੍ਹਾਂ ਦੀਆਂ ਚੱਲਦੀਆਂ ਬੱਸਾਂ ਬੰਦ ਰਹੀਆਂ। ਬੱਸਾਂ ਬੰਦ ਹੋਣ ਕਾਰਨ ਨਾ ਸਿਰਫ਼ ਉਨ੍ਹਾਂ ਦੀਆਂ ਕਿਸ਼ਤਾਂ ਟੁੱਟਣੀਆਂ ਸ਼ੁਰੂ ਹੋ ਗਈਆਂ, ਬਲਕਿ ਹਜ਼ਾਰਾਂ ਕਾਮੇ ਵੀ ਬੇਰੁਜ਼ਗਾਰ ਹੋ ਗਏ। ਟ੍ਰਾਂਸਪੋਟਰਾਂ ਮੁਤਾਬਕ ਤਾਲਾਬੰਦੀ ਕਾਰਨ ਬੱਸਾਂ ਨਾ ਚੱਲਣ ਦੇ ਮੁੱਦੇ ਨੂੰ ਲੈ ਕੇ ਉਨ੍ਹਾਂ ਵਲੋਂ ਕਈ ਵਾਰ ਉਕਤ ਕੰਪਨੀ ਦੇ ਪ੍ਰਬੰਧਕਾਂ ਕੋਲ ਬੀਮੇ ਦੀ ਮਿਆਦ ‘ਚ ਵਾਧਾ ਕਰਨ ਦੀਆਂ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ। ਪ੍ਰੰਤੂ ਪ੍ਰਬੰਧਕ ਇਸ ਗੰਭੀਰ ਮੁੱਦੇ ਨੂੰ ਲਗਾਤਾਰ ਅਣਗੋਲਿਆ ਕਰ ਰਹੇ ਹਨ, ਜਿਸ ਕਾਰਨ ਅੱਜ ਉਨ੍ਹਾਂ ਨੂੰ ਮਜਬੂਰਨ ਦਫ਼ਤਰ ਦਾ ਘਿਰਾਓ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਤਕਰੀਬਨ ਇੱਕ ਹਜਾਰ ਬੱਸਾਂ ਕਿਲੋਮੀਟਰ ਸਕੀਮ ਅਧੀਨ ਰਾਜਸਥਾਨ ਤੇ ਪੰਜਾਬ ‘ਚ ਚੱਲ ਰਹੀਆਂ ਹਨ ਤੇ ਇੰਨ੍ਹਾਂ ਦਾ ਬੀਮਾ ਉਕਤ ਕੰਪਨੀ ਕੋਲੋ ਕਰਵਾਇਆ ਗਿਆ ਹੈ। ਅਪਰੇਟਰਾਂ ਨੇ ਐਲਾਨ ਕੀਤਾ ਕਿ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਉਹ ਕੰਪਨੀ ਦੇ ਪੰਜਾਬ ਭਰ ’ਚ ਸਥਿਤ ਦਫਤਰਾਂ ਅੱਗੇ ਧਰਨੇ ਲਗਾਉਣਗੇ। 

ਮੁੱਖ ਦਫ਼ਤਰ ਕੀਤੀ ਸਿਫ਼ਾਰਿਸ਼: ਡੀਐਮ

ਬਠਿੰਡਾ: ਉਧਰ ਕੰਪਨੀ ਦੇ ਡਿਵੀਜ਼ਨਲ ਮੈਨੇਜ਼ਰ ਬਲਦੇਵ ਸਿੰਘ ਨੇ ਸੰਪਰਕ ਕਰਨ ‘ਤੇ ਦਸਿਆ ਕਿ ਉਹ ਇਸ ਮਾਮਲੇ ਵਿਚ ਸਿਰਫ਼ ਮੁੱਖ ਦਫ਼ਤਰ ਨੂੰ ਸਿਫ਼ਾਰਿਸ਼ ਕਰਕੇ ਭੇਜ ਸਕਦੇ ਹਨ, ਜੋ ਉਹ ਕਰ ਚੁੱਕੇ ਹਨ ਤੇ ਅੱਗੇ ਫੈਸਲੇ ਮੁੱਖ ਦਫ਼ਤਰ ਤੋਂ ਹੀ ਲਿਆ ਜਾਣਾ ਹੈ। 


ਖੇਤੀ ਕਾਨੂੰਨਾਂ ਦਾ ਸੇਕ :ਬਠਿੰਡਾ ’ਚ ਕਿਸਾਨਾਂ ਨੇ ਭਾਜਪਾ ਦੇ ਸਾਬਕਾ ਮੰਤਰੀ ਨੂੰ ਅੱਗੇ ਲਾਇਆ

- - No comments

 

ਸਰਕਟ ਹਾਊਸ ਛੱਡ ਪੰਜ ਤਾਰਾ ਹੋਟਲ ’ਚ ਪ੍ਰੈਸ ਕਾਨਫਰੰਸ

ਸੁਖਜਿੰਦਰ ਮਾਨ 

ਬਠਿੰਡਾ, 25 ਮਾਰਚ : ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਨੂੰ ਲੈ ਕੇ ਸੂਬੇ ਭਰ ’ਚ ਵਿਰੋਧ ਝੱਲ ਰਹੀ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਅੱਜ ਕਿਸਾਨਾਂ ਨੇ ਬਠਿੰਡਾ ’ਚ ਅੱਗੇ ਅੱਗੇ ਲਗਾਈ ਰੱਖਿਆ। ਬੇਸ਼ੱਕ ਸਥਾਨਕ ਆਗੂਆਂ ਪਾਰਟੀ ਦੇ ਸੂਬਾਈ ਪ੍ਰਧਾਨ ਦੀ ਤਰ੍ਹਾਂ ਕਿਸਾਨਾਂ ਨਾਲ ਲੁੱਕਣਮੀਚੀ ਖੇਡਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸਾਨ ਭਾਜਪਾਈਆਂ ਤੋਂ ਵੀ ਤੇਜ਼ ਨਿਕਲੇ। ਉਨ੍ਹਾਂ ਸਰਕਟ ਹਾਊਸ ਛੱਡ ਕੇ ਮਾਨਸਾ ਰੋਡ ’ਤੇ ਇੱਕ ਪੰਜ ਤਾਰਾ ਹੋਟਲ ’ਚ ਪੁੱਜੇ ਭਾਜਪਾ ਆਗੂ ਨੂੰ ਘੇਰ ਲਿਆ।                                                                                                                               


ਪਿਛਲੇ ਸਮਿਆਂ ਦੌਰਾਨ ਅਮਰੀਕ ਸਿੰਘ ਰੋਡ ’ਤੇ ਵਾਪਰੀ ਘਟਨਾ ਦੇ ਮੱਦੇਨਜ਼ਰ ਪੁਲਿਸ ਵੀ ਸਥਿਤੀ ਨੂੰ ਸ਼ਾਂਤਮਈ ਰੱਖਣ ਲਈ ਇੱਕ ਲੱਤ ਦੇ ਭਾਰ ਖ਼ੜੀ ਰਹੀ। ਅਖ਼ੀਰ ਸਾਬਕਾ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਚੁੱਪ ਚਪੀਤੇ ਨਿਕਲ ਗਏ। ਸੂਚਨਾ ਮੁਤਾਬਕ ਅੱਜ ਸਾਬਕਾ ਮੰਤਰੀ ਤੇ ਸੂਬੇ ’ਚ ਭਾਜਪਾ ਵਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਈ ਕਮੇਟੀ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਬਠਿੰਡਾ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਪਾਰਟੀ ਆਗੂਆਂ ਨਾਲ ਵੀ ਗੱਲਬਾਤ ਕਰਨੀ ਸੀ ਤੇ ਬਾਅਦ ਵਿਚ ਇੱਕ ਵਜੇਂ ਸਥਾਨਕ ਸਰਕਟ ਹਾਊਸ ’ਚ ਪੱਤਰਕਾਰਾਂ ਨੂੰ ਵੀ ਗੱਲਬਾਤ ਦਾ ਸੱਦਾ ਦਿੱਤਾ ਹੋਇਆ ਸੀ। ਪ੍ਰੰਤੂ ਕਿਸਾਨਾਂ ਨੂੰ ਇਸਦੀ ਭਿਣਕ ਪਹਿਲਾਂ ਹੀ ਲੱਗ ਗਈ, ਜਿਸਦੇ ਚੱਲਦੇ ਵੱਡੀ ਗਿਣਤੀ ਵਿਚ ਕਿਸਾਨ ਸਰਕਟ ਹਾਊਸ ਦੇ ਨਜ਼ਦੀਕ ਪੁੱਜ ਗਏ। ਇਸ ਦੌਰਾਨ ਇੱਥੇ ਮੁਲਾਜਮਾਂ ਵਲੋਂ ਸੂਬਾ ਪੱਧਰੀ ਧਰਨਾ ਚੱਲ ਰਿਹਾ ਸੀ ਤੇ ਸੰਭਾਵਨਾ ਸੀ ਕਿ ਮੁਲਾਜਮ ਵੀ ਕਿਸਾਨਾਂ ਦੀ ਹਿਮਾਇਤ ਵਿਚ ਆ ਸਕਦੇ ਹਨ। ਜਿਸਦੇ ਚੱਲਦੇ ਨਮੋਸ਼ੀ ਤੋਂ ਬਚਣ ਲਈ ਭਾਜਪਾ ਆਗੂਆਂ ਨੇ ਪੈਂਤੜਾ ਬਦਲਦਿਆਂ ਐਨ ਮੌਕੇ ’ਤੇ ਪ੍ਰੋਗਰਾਮ ਮਾਨਸਾ ਰੋਡ ਉਪਰ ਸਥਿਤ ਇੱਕ ਹੋਟਲ ਦਾ ਰੱਖ ਦਿੱਤਾ। ਪਰ ਕਿਸਾਨ ਭਾਜਪਾ ਆਗੂਆਂ ਤੋਂ ਵੀ ਤੇਜ਼ ਨਿਕਲੇ ਤੇ ਉਨ੍ਹਾਂ ਸੈਕੜਿਆਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਉਕਤ ਹੋਟਲ ਨੂੰ ਘੇਰ ਲਿਆ ਤੇ ਮੋਦੀ ਤੇ ਭਾਜਪਾ ਵਿਰੁਧ ਤਿੱਖੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਸਥਿਤੀ  ਤਣਾਅ ਪੂਰਨ ਬਣ ਗਈ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਸ਼੍ਰੀ ਜਿਆਣੀ ਹੋਟਲ ਦੇ ਅੰਦਰ ਹੀ ਰਹੇ। ਮੌਕੇ ਦੀ ਨਜ਼ਾਕਤ ਦੇਖਦਿਆਂ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਆਹਲਾ ਅਫ਼ਸਰ ਵੀ ਮੌਕੇ ’ਤੇ ਪੁੱਜੇ ਹੋਏ ਸਨ। ਜਿਸਤੋਂ ਬਾਅਦ ਪ੍ਰਸ਼ਾਸਨ ਨੇ ਭਾਜਪਾ ਆਗੂ ਨੂੰ ਇੱਕ ਹੋਰ ਗੇਟ ਰਾਹੀ ਸਾਬਕਾ ਮੰਤਰੀ ਨੂੰ ਬਾਹਰ ਭੇਜ ਦਿੱਤਾ।                                          ਹੁਣ ਖੇਤੀ ਬਿੱਲਾਂ ਦਾ ਨਹੀਂ, ਮੋਦੀ ਦਾ ਹੋ ਰਿਹਾ ਵਿਰੋਧ: ਜਿਆਣੀ

ਬਠਿੰਡਾ : ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਹੁਣ ਦਿੱਲੀ ’ਚ ਖੇਤੀ ਬਿੱਲਾਂ ਦਾ ਨਹੀਂ, ਬਲਕਿ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸਦੇ ਪਿੱਛੇ ਵਿਰੋਧੀ ਧਿਰਾਂ ਕੰਮ ਕਰ ਰਹੀਆਂ ਹਨ।  ਸ਼੍ਰੀ ਜਿਆਣੀ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਕਿਸਾਨ ਚਾਹੁੰਣ ਤਾਂ ਉਹ ਅੱਜ ਵੀ ਪ੍ਰਧਾਨ ਮੰਤਰੀ ਮੋਦੀ ਸਹਿਤ ਕੇਂਦਰੀ ਵਜ਼ਾਰਤ ਨਾਲ ਮੀਟਿੰਗ ਕਰਵਾ ਸਕਦਾ ਹਾਂ ਪ੍ਰੰਤੂ ਪਹਿਲਾਂ ਇਸਦੇ ਲਈ ਆਗੂਆਂ ਨੂੰ ਮਨ ਬਣਾਉਣਾ ਪਏਗਾ। ਖੇਤੀ ਬਿੱਲਾਂ ਦੇ ਵਿਰੋਧ ’ਚ ਸ਼ੁਰੂ ਹੋਏ ਸੰਘਰਸ਼ ਦੌਰਾਨ ਕਿਸਾਨੀ ਦੇ ਹੱਕ ’ਚ ਅਵਾਜ਼ ਉਠਾਉਣ ਤੋਂ ਬਾਅਦ ਹੁਣ ਕੇਂਦਰ ਦੀ ਬੋਲੀ ਬੋਲਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ਼੍ਰੀ ਜਿਆਣੀ ਨੇ ਸਫ਼ਾਈ ਦਿੰਦਿਆਂ ਦਾਅਵਾ ਕੀਤਾ ਕਿ ‘‘ ਜਦੋਂਕਿ ਗੱਲ ਨਹੀਂ ਹੋ ਰਹੀ ਸੀ ਤਾਂ ਉਨ੍ਹਾਂ ਇਹ ਅਵਾਜ ਚੁੱਕਦਿਆਂ ਕੇਂਦਰੀ ਰੱਖਿਆ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਅੱਗੇ ਇਹ ਮੁੱਦਾ ਰੱਖਿਆ ਤੇ ਕੇਂਦਰ ਸਰਕਾਰ ਨੇ ਹਾਂ ਪੱਖੀ ਰਵੱਈਆਂ ਅਪਣਾਉਂਦਿਆਂ ਕਿਸਾਨਾਂ ਦੀ ਗੱਲ ਸੁਣਨ ਦਾ ਭਰੋਸਾ ਦਿੱਤਾ।  ਪ੍ਰੰਤੂੁ ਅੱਜ ਕਿਸਾਨ ਆਗੂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ’ਤੇ ਅੜੇ ਹੋਏ ਹਨ ਜੋਕਿ ਸੰਭਵ ਨਹੀਂ ਹੈ। ’’ 


ਹਥਿਆਰਾਂ ਦੀ ਨੋਕ 'ਤੇ ਪੈਟਰੋਲ ਪੰਪ ਲੁੱਟਣ ਵਾਲਾ ਗਿਰੋਹ ਕਾਬੂ

- - No comments

 ਮੋਹਾਲੀ ਤੋਂ ਚੋਰੀ ਕੀਤੀ ਸੀ ਅਲਟੋ ਕਾਰ

ਸੁਖਜਿੰਦਰ ਮਾਨ

ਬਠਿੰਡਾ, 23 ਮਾਰਚ: ਬਠਿੰਡਾ ਪੁਲਿਸ ਨੇ ਇੱਕ ਖ਼ਤਰਨਾਕ ਲੁਟੇਰੇ ਗਿਰੋਹ ਨੂੰ ਕਾਬੂ ਕੀਤਾ ਹੈ, ਜਿਸਨੇ ਹਥਿਆਰਾਂ ਦੀ ਨੋਕ ’ਤੇ ਬੀਤੀ ਰਾਤ ਚਾਰ ਪੈਟਰੋਲ ਪੰਪ ਲੁੱਟੇ ਸਨ। ਇਸਤੋਂ ਇਲਾਵਾ ਮੋਹਾਲੀ ਤੋਂ ਇੱਕ ਕਾਰ ਵੀ ਚੋਰੀ ਕੀਤੀ ਸੀ ਤੇ ਇਸ ਕਾਰ ਰਾਹੀਂ ਇੰਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। 



ਸਥਾਨਕ ਪੁਲਿਸ ਕਾਨਫਰੰਸ ਹਾਲ ’ਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦਸਿਆ ਕਿ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਆਲਟੋ ਕਾਰ ਸਵਾਰ ਕੁੱਝ ਲੋਕਾਂ ਨੇ ਸਥਾਨਕ ਲਹਿਰਾ ਬੇਗਾ ਅਤੇ ਪਿੰਡ ਕੋਟਸ਼ਮੀਰ ਵਿਖੇ ਅਸਲੇ ਦੀ ਨੋਕ ’ਤੇ ਪੈਟਰੋਲ ਪੰਪ ਤੋਂ ਨਗਦੀ ਲੁੱਟੀ ਹੈ। ਘਟਨਾ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਪੁਲਿਸ ਨੇ ਐਕਸ਼ਨ ਵਿਚ ਆਉਂਦਿਆਂ ਤਲਾਸ਼ ਸ਼ੁਰੂ ਕੀਤੀ ਤੇ ਪਤਾ ਲੱਗਿਆ ਕਿ ਕਥਿਤ ਲੁਟੇਰੇ ਨਿਰੰਜਨ ਸਿੰਘ ਉਰਫ ਭਾਊ ਵਾਸੀ ਪੱਕਾ ਕਲਾਂ ਥਾਣਾ ਸੰਗਤ ਦੇ ਮਕਾਨ ਵਿਚ ਮੌਜੂਦ ਹਨ, ਜਿਸਤੋਂ ਬਾਅਦ ਪੁਲਿਸ ਨੇ ਛਾਪਾਮਾਰੀ ਕਰਦਿਆਂ ਇੰਨ੍ਹਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਗੱਗੂ ਵਾਸੀ ਸੇਮਾ ਕਲਾਂ ਥਾਣਾ ਨਥਾਣਾ,ਨਰਿੰਦਰ ਸਿੰਘ ਉਰਫ ਰਵੀ ਵਾਸੀ ਨੰਦਗੜ੍ਹ ਥਾਣਾ ਲੱਖੇਵਾਲੀ, ਰਜਿੰਦਰ ਸਿੰਘ ਉਰਫ ਸੋਨੂੰ ਵਾਸੀ ਡੂੰਮਛੇੜੀ ਥਾਣਾ ਮਰਿੰਡਾ, ਧਰਮਿੰਦਰ ਕੁਮਾਰ ਉਰਫ ਧੰਮੀ ਵਾਸੀ ਰਾਮਪੁਰਾ ਮੰਡੀ ਅਤੇ ਸੁੱਖੀ ਪੁੱਤਰ ਜਸਵੰਤ ਸਿੰਘ ਵਾਸੀ ਬੁਰਜ ਥਾਣਾ ਮੌੜ ਹਾਲ ਸੰਗਤ ਮੰਡੀ ਦੇ ਤੌਰ ’ਤੇ ਹੋਈ। ਐਸ.ਐਸ.ਪੀ ਮੁਤਾਬਕ ਧੰਮੀ ਅਤੇ ਸੁੱਖੀ ਨਾਂ ਦੇ ਨੌਜਵਾਨ ਇੰਨ੍ਹੇਂ ਜਿਆਦਾ ਨਸ਼ੇ ਦੀ ਹਾਲਾਤ ਵਿੱਚ ਸਨ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਇਸ ਗਿਰੋਹ ਪਾਸੋ 02 ਪਿਸਤੋਲ 12 ਬੋਰ ਸਮੇਤ 04 ਕਾਰਤੂਸ, 02 ਕਾਪੇ ਲੋਹਾ ,01 ਕਿਰਪਾਨ ਲੋਹਾ, 95000/-ਰੁਪਏ ਦੀ ਕਰੰਸੀ ਨੋਟ, 11 ਟੱਚ ਸਕਰੀਨ ਵੱਖ ਵੱਖ ਮਾਰਕਾ ਮੋਬਾਇਲ ਫੋਨ, 06 ਕੀਪੈਡ ਮੋਬਾਇਲ ਵੱਖ ਵੱਖ ਮਾਰਕਾ, ਕਾਰ ਅਲਟੋ, 02 ਨੰਬਰ ਪਲੇਟਾ ਅਤੇ ਇੱਕ ਮੋਟਰਸਾਈਕਲ ਹੀਰੋ ਹਾਂਡਾ ਡੀਲਕਸ  ਬ੍ਰਾਮਦ ਕੀਤਾ ਗਿਆ। ਮੁਢਲੀ ਪੁਛਗਿਛ ਦੌਰਾਨ ਇਹ ਵੀ ਪਤਾ ਚੱਲਿਆ ਕਿ ਕਥਿਤ ਦੋਸ਼ੀਆਂ ਨੇ ਅਲਟੋ ਕਾਰ ਬੀਤੇ ਕੱਲ ਹੀ ਮੋਹਾਲੀ ਤੋਂ ਚੋਰੀ ਕੀਤੀ ਸੀ। ਜਿਸਤੋਂ ਬਾਅਦ ਉਨਾਂ ਸਭ ਤੋਂ ਪਹਿਲਾਂ ਪਿੰਡ ਚੰਨੋ ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ ਵਿਖੇ ਪੈਟਰੋਲ ਪੰਪ ਤੋ ਮੋਬਾਇਲ ਆਇਲ ਆਦਿ ਦੀ ਲੁੱਟ ਗਈ। ਇਸਤੋਂ ਬਾਅਦ ਦੂਜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇੰਨ੍ਹਾਂ ਵਿਰੁਧ ਅਧੀਨ ਧਾਰਾ 395,506 ਆਈ ਪੀ ਸੀ 25/54/59 ਅਸਲਾ ਐਕਟ ਥਾਣਾ ਨਥਾਣਾ ਅਤੇ ਅਧੀਨ ਧਾਰਾ 395,427,506 ਆਈ ਪੀ ਸੀ 25,27/54/59 ਅਸਲਾ ਐਕਟ ਥਾਣਾ ਸਦਰ ਬਠਿੰਡਾ ਵਿਖੇ ਮੁੱਕਦਮੇ ਦਰਜ ਕੀਤੇ ਗਏ। ਐਸ.ਐਸ.ਪੀ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ, ਜਿਸ ਤੇੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਜ ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਪਿੰਡ ਚੰਨੋ ਦੇ ਪੈਟਰੋਲ ਪੰਪ ਵਿਖੇ 24000/-ਰੁਪਏ ਅਤੇ ਮੋਬਾਇਲ ਆਇਲ ਦੇ ਡੱਬੇ, ਮੈਟਰੋ ਈਕੋ ਗਰੀਨ ਰਿਜੋਰਟ ਭਾਰਤ ਪੈਟਰੋਲ ਪੰਪ ਬਾਹੱਦ ਪਿੰਡ ਲਹਿਰਾ ਬੇਗਾ ਵਿਖੇ 70,000/-ਰੁਪਏ , ਪਿੰਡ ਕੋਟਸ਼ਮੀਰ ਪੈਟਰੋਲ ਪੰਪ ਤੋ 9500/-ਰੁਪਏ ਖੋਹਣ ਤੋਂ ਇਲਾਵਾ ਰਾਮਪੁਰਾ ਵਿਖੇ ਇੱਕ ਵੈਗਨਾਰ ਕਾਰ ਅਤੇ ਇੱਕ ਮੋਟਰਸਾਈਕਲ ਚੋਰੀ ਕੀਤਾ, ਪਿੰਡ ਚਤਾਵਲੀ ਵਿਖੇ ਕਰਿਆਨਾ ਸਟੋਰ ਵਿੱਚ ਸਮਾਨ ਚੋਰੀ , ਟਿਕਰੀ ਬਾਰਡਰ ਪਰ ਇੱਕ ਆਦਮੀ ਕੋਲੋ 4500/-ਰੁਪਏ ਖੋਹਿਆ ਅਤੇ ਪਿੰਡ ਭਾਗੀਵਾਂਦਰ ਵਿਖੇ ਪੈਟਰੋਲ ਪੰਪ ਤੋ ਪਿਸਤੋਲ ਦੀ ਨੋਕ ’ਤੇ ਤੇਲ ਪਵਾ ਕੇ ਭੱਜੇ ਸਨ। ਇਸ ਮੌਕੇ ਐਸ.ਪੀ ਬਲਵਿੰਦਰ ਸਿੰਘ, ਡੀਐਸਪੀ ਅਸੋਕ ਕੁਮਾਰ ਤੇ ਸੀਆਈਏ ਇੰਚਾਰਜ ਜਸਵੀਰ ਸਿੰਘ ਆਦਿ ਹਾਜ਼ਰ ਸਨ।

ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਮਿਲੀ ਹਸਪਤਾਲੋ ਛੁੱਟੀ

- - No comments

 


ਕਰੋਨਾ ਹੋਣ ਕਾਰਨ ਸਨ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ


ਸੁਖਜਿੰਦਰ ਮਾਨ


ਬਠਿੰਡਾ, 22 ਮਾਰਚ : ਕਰੋਨਾ ਤੋਂ ਪੀੜਤ ਉਘੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ ਸਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਸਨ। ਪਿਛਲੇ ਕੁੱਝ ਦਿਨਾਂ ਤੋਂ ਖ਼ੰਘ ਤੇ ਬੁਖਾਰ ਹੋਣ ਕਾਰਨ ਉਨ੍ਹਾਂ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ । ਕਿਸਾਨ ਆਗੂ ਜਸਵੀਰ ਸਿੰਘ ਬੁਰਜਸੇਮਾ ਨੇ ਦਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਦੀ ਬੇਸ਼ੱਕ ਕਰੋਨਾ ਰੀਪੋਰਟ ਹਾਲੇ ਨੈਗੀਟਿਵ ਨਹੀਂ ਹੈ ਪਰੰਤੂ ਡਾਕਟਰਾਂ ਮੁਤਾਬਕ ਬਿਲਕੁਲ ਠੀਕ ਹਨ ਜਿਸਦੇ ਚੱਲਦੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਉਧਰ ਕਿਸਾਨ ਆਗੂ ਉਗਰਾਹਾ ਨੇ ਹਸਪਤਾਲ ਦੇ ਬਾਹਰ ਆਉਂਦੇ ਹੀ ਜਾਰੀ ਇੱਕ ਵੀਡੀਓ ’ਚ ਚੜਦੀ ਕਲਾਂ ਵਾਲਾ ਸੰਦੇਸ਼ ਦਿੰਦਿਆਂ ਆਪਣੇ ਸਮਰਥਕਾਂ, ਰਿਸਤੇਦਾਰਾ, ਕਿਸਾਨ ਆਗੂਆਂ ਤੇ ਇੱਥੋਂ ਤੱਕ ਪੱਤਰਕਾਰਾ ਨੂੰ ਵੀ ਅਪੀਲ ਕਰਦਿਆਂ ਇੱਕ ਹਫਤੇ ਤੱਕ ਮਿਲਣ ਨਾ ਆਉਣ ਲਈ ਕਿਹਾ ਹੈ। ਪਤਾ ਲੱਗਿਆ ਹੈ ਕਿ ਉਹ ਇਸ ਹਫਤੇ ਕਿਸਾਨ ਆਗੂ ਝੰਡਾ ਸਿੰਘ ਜੈਠੂਕਾ ਦੇ ਘਰ ਰਹਿਣਗੇ।  ਜਿਸਤੋ ਬਾਅਦ ਮੁੜ ਦਿੱਲੀ ਵਿਖੇ ਚੱਲ ਰਹੇ ਕਿਸਾਨ ਘੋਲ ਵਿੱਚ ਸਾਮਲ ਹੋਣਗੇ।



 ਦਸਣਾ ਬਣਦਾ ਹੈ ਿਕਿ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸ: ਉਗਰਾਹਾ ਪਿਛਲੇ ਚਾਰ ਮਹੀਿਿਨਆਂ ਤੋਂ ਦਿੱਲੀ ਡਟੇ ਹੋਏ ਹਨ ਤੇ ਕੁੱਝ ਦਿਨ ਪਹਿਲਾਂ ਹੀ ਵਾਪਸ ਅਪਣੇ ਘਰ ਆਏ ਸਨ। ਜਿਸ ਤੋਂ ਬਾਅਦ ਉਹ ਖੰਘ ਤੇ ਜ਼ੁਕਾਮ ਤੋਂ ਪੀੜਤ ਹੋ ਗਏ, ਜਿਸਦੇ ਚੱਲਦੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇੱਥੇ ਦਸਣਾ ਬਣਦਾ ਹੈ ਕਿ ਲੰਮਾਂ ਸਮਾਂ ਭਾਰਤੀ ਫ਼ੌਜ ਵਿਚ ਰਹਿ ਕੇ ਦੇਸ ਦੀ ਸੇਵਾ ਕਰਨ ਵਾਲੇ ਜੋਗਿੰਦਰ ਸਿੰਘ ਉਗਰਾਹਾ ਸੇਵਾ ਮੁਕਤੀ ਤੋਂ ਬਾਅਦ ਕਿਸਾਨਾਂ ਦੀ ਸੇਵਾ ਵਿਚ ਜੁੱਟ ਗਏ। ਖੱਬੇਪੱਖੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਉਗਰਾਹਾ ਨੇ ਸਾਲ 2002 ਵਿਚ ਅਪਣੀ ਅਲੱਗ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦਾ ਗਠਨ ਕੀਤਾ ਸੀ।  


ਦਹਾਕਿਆਂ ਤੋਂ ਲਟਕਦੀ ਆ ਰਹੀ ‘ਰਿੰਗ ਰੋਡ’ ਦੇ ਰਾਸਤੇ ’ਚੋਂ ਰੁਕਾਵਟਾਂ ਖ਼ਤਮ!

- - No comments

 ਜ਼ਿਲ੍ਹਾ ਪ੍ਰਸ਼ਾਸਨ ਦੀ ਡਾਕਟਰ ਨਾਲ ਸਹਿਮਤੀ ਬਣਨ ਦੀ ਚਰਚਾ

ਰੇਲਵੇ ਵਲੋਂ ਅੰਡਰਬਿ੍ਰਜ ਨੂੰ ਮਿਲੀ ਮੰਨਜੂਰੀ

ਸੁਖਜਿੰਦਰ ਮਾਨ


ਬਠਿੰਡਾ, 22 ਮਾਰਚ : ਪਿਛਲੇ 20 ਸਾਲਾਂ ਤੋਂ ਹਵਾ ’ਚ ਲਟਕਦੀ ਆ ਰਹੀ ‘ਰਿੰਗ ਰੋਡ ਫ਼ੇਜ 1’ ਦੇ ਰਾਸਤੇ ਵਿਚੋਂ ਸਾਰੀਆਂ ਰੁਕਾਵਟਾਂ ਦੂਰ ਹੋਣ ਜਾ ਰਹੀਆਂ ਹਨ। ਪਿਛਲੇ 15 ਸਾਲਾਂ ਤੋਂ ਇਸ ਪ੍ਰੋਜੈਕਟ ਨੂੰ ਅਦਾਲਤਾਂ ਤੱਕ ਲਿਜਾਣ ਵਾਲੇ ਸ਼ਹਿਰ ਦੇ ਇੱਕ ਪ੍ਰਮੁੱਖ ਡਾਕਟਰ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਿਮਤੀ ਬਣਨ ਦੀ ਚਰਚਾ ਹੈ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਪ੍ਰਸ਼ਾਸਨ ਵਲੋਂ ਗੈਰਰਸਮੀ ਤੌਰ ’ਤੇ ਰਿੰਗ ਰੋਡ ਦੇ ਵਿਚਕਾਰ ਆਉਣ ਵਾਲੀ ਇਸ 8000 ਗਜ਼ ਜਮੀਨ ਲਈ 14 ਹਜ਼ਾਰ ਰੁਪਏ ਪ੍ਰਤੀ ਗਜ਼ ਮੁਆਵਜ਼ਾ ਦੇਣ ਦੀ ਸਹਿਮਤੀ ਦਿੱਤੀ ਹੈ। ਪਤਾ ਲੱਗਿਆ ਹੈ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਭਲਕੇ ਡਿਪਟੀ ਕਮਿਸ਼ਨਰ ਦੀ ਉਕਤ ਡਾਕਟਰ ਨਾਲ ਮੀਟਿੰਗ ਹੋਣ ਜਾ ਰਹੀ ਹੈ।  ਹਾਲਾਂਕਿ ਇਸਦੀ ਅਧਿਕਾਰੀਆਂ ਨੇ ਪੁਸ਼ਟੀ ਨਾ ਕਰਦਿਆਂ ਦਾਅਵਾ ਕੀਤਾ ਕਿ ਭਲਕ ਦੀ ਮੀਟਿੰਗ ਤੋਂ ਬਾਅਦ ਹੀ ਸਭ ਕੁੱਝ ਸਾਫ਼ ਹੋਵੇਗਾ। ਇੱਥੇ ਦਸਣਾ ਬਣਦਾ ਹੈ ਕਿ 13 ਅਕਤੂਬਰ 2019 ਨੂੰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 95 ਕਰੋੜ ਦੇ ਇਸ ਵਕਾਰੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਇਸਨੂੰ ਇੱਕ ਸਾਲ ਵਿਚ ਪੂਰਾ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਇਸ ਦੌਰਾਨ ਕਰੋਨਾ ਮਹਾਂਮਾਰੀ ਤੋਂ ਇਲਾਵਾ ਉਕਤ ਜਮੀਨ ਦਾ ਵਿਵਾਦ ਹੱਲ ਨਾ ਹੋਣ ਅਤੇ ਧੋਬੀਆਣਾ ਬਸਤੀ ਨਜਦੀਕ ਹੋਏ ਕਥਿਤ ਨਜਾਇਜ਼ ਕਬਜਿਆਂ ਨੂੰ ਹਟਾ ਨਾ ਸਕਣ ਕਾਰਨ ਇਹ ਪ੍ਰੋਜੈਕਟ ਲਟਕ ਗਿਆ ਸੀ। ਦਸਣਾ ਬਣਦਾ ਹੈ ਕਿ ਬਰਨਾਲਾ ਰੋਡ ਤੋਂ ਸ਼ੁਰੂ ਹੋ ਕੇ ਫ਼ੌਜੀ ਛਾਉਣੀ ਦੇ ਨਾਲ-ਨਾਲ ਆਉਣ ਵਾਲੀ ਇਸ ਰਿੰਗ ਰੋਡ ਨੇ ਆਈਟੀਆਈ ਦੇ ਕੋਲ ਖ਼ਤਮ ਹੋਣਾ ਹੈ। ਉਕਤ 8000 ਗਜ਼ ਅਤੇ ਨਜਾਇਜ਼ ਕਬਜਿਆਂ ਵਾਲੀ ਜਗ੍ਹਾਂ ਨੂੰ ਛੱਡ ਠੇਕੇਦਾਰ ਵਲੋਂ ਤਕਰੀਬਨ ਬਾਕੀ ਹਿੱਸੇ ਚਹੁੰ ਮਾਰਗੀ ਸੜਕ ਦਾ ਕੰਮ ਪੂਰਾ ਕਰ ਦਿੱਤਾ ਹੈ। ਇਸਤੋਂ ਇਲਾਵਾ ਦਿੱਲੀ ਰੇਲਵੇ ਲਾਈਨ ’ਤੇ ਕਰੀਬ 26 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਅੰਡਰ ਬਿ੍ਰਜ ਨੂੰ ਵੀ ਰੇਲਵੇ ਵਿਭਾਗ ਨੇ ਮੰਨਜੂਰੀ ਦੇ ਦਿੱਤੀ ਹੈ, ਜਿਸਦੇ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਇਸ ਰਿੰਗ ਰੋਡ ਦੇ ਵਿਚਕਾਰ ਧੋਬੀਆਣਾ ਬਸਤੀ ਕੋਲ ਬਣੇ ਕਥਿਤ ਨਜ਼ਾਇਜ਼ ਕਬਜਿਆਂ ਨੂੰ ਢਾਹੁਣ ਦੀ ਪ੍ਰੀਕਿ੍ਰਆ ਵੀ ਜਲਦੀ ਸ਼ੁਰੂ ਹੋਣ ਵਾਲੀ ਹੈ। ਇਸ ਸਬੰਧ ਵਿਚ ਬੀਡੀਏ ਵਲੋਂ ਤਿੰਨ ਦਰਜ਼ਨ ਦੇ ਕਰੀਬ ਨੋਟਿਸ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਪਹਿਲਾਂ ਨਗਰ ਨਿਗਮ ਚੋਣਾਂ ਵਿਚਕਾਰ ਹੋਣ ਕਾਰਨ ਕਬਜਾਧਾਰੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਇਸਤੋਂ ਇਲਾਵਾ ਇਸ ਰਿੰਗ ਰੋਡ ਦੇ ਵਿਚਕਾਰ ਵਿਚ ਆਉਂਦੀਆਂ ਰੇਲਵੇ ਲਾਈਨਾਂ ਤੇ ਤਾਰਾਂ ਨੂੰ ਹਟਾਉਣ ਦਾ ਕੰਮ ਵੀ ਜੰਗੀ ਪੱਧਰ ’ਤੇ ਜਾਰੀ ਹੈ। 11 ਕੇਵੀ ਲਾਈਨਾਂ ਨੂੰ ਹਟਾਉਣ ਦਾ ਕੰਮ ਮੁਕੰਮਲ ਹੋਣ ਕਿਨਾਰੇ ਹੈ ਜਦੋਂਕਿ 66 ਕੇਵੀ ਦਾ ਕੰਮ ਚੱਲ ਰਿਹਾ।  



ਬਾਕਸ 1
4.7 ਕਿਲੋਮੀਟਰ ਲੰਮੀ ਰਿੰਗ ਰੋਡ ਦਾ 2001 ਵਿਚ ਰੱਖਿਆ ਸੀ ਨੀਂਹ ਪੱਥਰ
ਬਠਿੰਡਾ: ਸ਼ਹਿਰ ਵਿਚ ਦਿਨ-ਬ-ਦਿਨ ਵਧਦੇ ਟਰੈਫ਼ਿਕ ਨੂੰ ਧਿਆਨ ਵਿਚ ਰੱਖਦਿਆਂ ਸਾਲ 2001 ਵਿਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਹਕੀਕੀ ਤੌਰ ’ਤੇ ਤਿਆਰ ਕੀਤਾ ਸੀ। 4.7 ਕਿਲੋਮੀਟਰ ਲੰਮੀ ਇਸ ਰਿੰਗ ਰੋਡ ਦਾ ਨੀਂਹ ਪੱਥਰ ਤਤਕਾਲੀ ਮੰਤਰੀ ਬਲਰਾਮਜੀ ਦਾਸ ਟੰਡਨ ਨੇ 8 ਅਪ੍ਰੈਲ 2001 ਨੂੰ ਰੱਖਿਆ ਸੀ। ਹਾਲਾਂਕਿ ਬਾਅਦ ’ਚ ਹੋਂਦ ਵਿਚ ਆਈ ਕੈਪਟਨ ਸਰਕਾਰ ਨੇ 2004 ਵਿਚ ਇਸਦਾ ਅਵਾਰਡ ਵੀ ਸੁਣਾ ਦਿੱਤਾ ਸੀ ਪ੍ਰੰਤੂ ਮੁਆਵਜ਼ੇ ਨੂੰ ਲੈ ਕੇ ਕੁੱਝ ਜਮੀਨ ਮਾਲਕ ਅਦਾਲਤ ਵਿਚ ਚਲੇ ਗਏ ਸਨ। ਬੇਸ਼ੱਕ 2011 ਵਿਚ ਹਾਈਕੋਰਟ ਨੇ ਨਗਰ ਸੁਧਾਰ ਟਰੱਸਟ ਦੇ ਹੱਕ ਵਿਚ ਫੈਸਲਾ ਦੇ ਦਿੱਤਾ ਸੀ ਪ੍ਰੰਤੂ ਜਮੀਨ ਮਾਲਕ ਇਸ ਫੈਸਲੇ ਦੇ ਵਿਰੋਧ ਵਿਚ ਸੁਪਰੀਮ ਕੋਰਟ ਵਿਚ ਚਲੇ ਗਏ ਸਨ। ਸੁਪਰੀਮ ਕੋਰਟ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸਾਲ 2017 ਵਿਚ ਇਹ ਰਿੰਗ ਰੋਡ ਬਣਾਉਣ ਨੂੰ ਮੰਨਜੂਰੀ ਦੇ ਦਿੱਤੀ ਸੀ। ਵਿਤ ਮੰਤਰੀ ਤੇ ਸਥਾਨਕ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਚੋਣਾਂ ਸਮੇਂ ਇਸ ਰਿੰਗ ਰੋਡ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। 
ਬਾਕਸ 2
੍ਰਮਾਨਸਾ-ਤਲਵੰਡੀ ਜਾਣ ਵਾਲੇ ਟਰੈਫ਼ਿਕ ਲਈ ਸੂਏ ਨਾਲ ਬਣੇਗੀ ਸੜਕ
ਬਠਿੰਡਾ: ਪਹਿਲਾਂ ਇਸ ਰਿੰਗ ਰੋਡ ਨੂੰ ਆਈਟੀਆਈ ਚੌਕ ’ਤੇ ਬਣੇ ਰੇਲਵੇ ਪੁਲ ਨਾਲ ਇੱਕ ਹੋਰ ਪੁਲ ਬਣਾ ਕੇ ਮਿਲਾਉਣ ਦੀ ਯੋਜਨਾ ਬਦਲ ਦਿੱਤੀ ਗਈ ਹੈ। ਜਿਸਤੋਂ ਬਾਅਦ ਹੁਣ ਮਾਨਸਾ-ਤਲਵੰਡੀ ਨੂੰ ਜਾਣ ਵਾਲੇ ਟਰੈਫ਼ਿਕ ਲਈ ਆਈਟੀਆਈ ਦੇ ਪਿੱਛੇ ਤੋਂ ਸ਼ੁਰੂ ਹੋ ਕੇ ਰਜਵਾਹੇ ਦੇ ਨਾਲ-ਨਾਲ 30 ਫੁੱਟ ਚੋੜੀ ਸੜਕ ਬਣੇਗੀ। ਜਦੋਂਕਿ ਡੱਬਵਾਲੀ ਵੱਲ ਜਾਣ ਵਾਲੇ ਟਰੈਫ਼ਿਕ ਲਈ ਇੱਕ ਸੜਕ ਉਦਯੋਗਿਕ ਗਰੋਥ ਸੈਂਟਰ ਰਾਹੀ ਆਈਟੀਆਈ ਚੌਕ ਵੱਲ ਜਾਵੇਗੀ।   




ਪੁਲਿਸ ਵਿਭਾਗ ’ਚ ਜਲਦੀ ਹੀ ਥੋਕ ਵਿਚ ਬਦਲੀਆਂ ਹੋਣ ਦੀ ਚਰਚਾ

- - No comments

 


ਕਈ ਐਸ.ਐਸ.ਪੀ ਅਤੇ ਜੋਨਾਂ ਦੇ ਆਈ.ਜੀ ਬਦਲੇ ਜਾਣ ਦੀ ਸੰਭਾਵਨਾ 

ਸੁਖਜਿੰਦਰ ਮਾਨ


ਬਠਿੰਡਾ, 22 ਮਾਰਚ : ਸੂਬੇ ’ਚ ਅਗਲੇ ਵਰ੍ਹੇ ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਉਣ ਵਾਲੇ ਦਿਨਾਂ ‘ਚ ਪੁਲਿਸ ਵਿਭਾਗ ਦੇ ਵੱਡੇ ਅਫ਼ਸਰਾਂ ਦੀਆਂ ਥੋਕ ’ਚ ਬਦਲੀਆਂ ਹੋਣ ਦੀ ਚਰਚਾ ਚੱਲ ਰਹੀ ਹੈ। ਪੁਲਿਸ ਵਿਭਾਗ ਦੇ ਉਚ ਸੂਤਰਾਂ ਮੁਤਾਬਕ ਜਲਦੀ ਹੀ ਕਈ ਜ਼ਿਲ੍ਹਿਆਂ ਦੇ ਐਸਐਸਪੀਜ਼ ਸਹਿਤ ਕਈ ਜੋਨਾਂ ਦੇ ਆਈਜੀ ਅਤੇ ਹੋਰਨਾਂ ਅਫ਼ਸਰਾਂ ਨੂੰ ਇੱਧਰੋ-ਉਧਰ ਕੀਤਾ ਜਾ ਰਿਹਾ। ਹਾਲਾਂਕਿ ਪਿਛਲੇ ਚਾਰ ਸਾਲਾਂ ਦੌਰਾਨ ਜਿਆਦਾਤਰ ਸਿਵਲ ਤੇ ਪੁਲਿਸ ਅਫ਼ਸਰਾਂ ਦੀਆਂ ਬਦਲੀਆਂ ਵਿਚ ਸਿਆਸੀ ਆਗੂਆਂ ਦੀ ਬਜਾਏ ਮੁੱਖ ਮੰਤਰੀ ਦਫ਼ਤਰ ਦੀ ਹੀ ਚੱਲਦੀ ਰਹੀ ਹੈ ਪ੍ਰੰਤੂ ਮਿਲੀਆਂ ਕਨਸੋਆ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਹੋਣ ਜਾ ਰਹੀਆਂ ਬਦਲੀਆਂ ਦੌਰਾਨ ਸਿਆਸੀ ‘ਛਾਪ’ ਦੇਖਣ ਨੂੰ ਮਿਲ ਸਕਦੀ ਹੈ। 

ਗੌਰਤਲਬ ਹੈ ਕਿ ਕੈਪਟਨ ਸਰਕਾਰ ਹੋਂਦ ਤੋਂ ਕੁੱਝ ਸਮੇਂ ਬਾਅਦ ਹੀ ਸਿਆਸੀ ਆਗੂਆਂ, ਵਿਧਾਇਕਾਂ ਤੇ ਇੱਥੋਂ ਤੱਕ ਮੰਤਰੀਆਂ ਵਲੋਂ ਵੀ ਜ਼ਿਲ੍ਹਿਆਂ ਦੇ ਡੀਸੀ ਤੇ ਐਸ.ਐਸ.ਪੀ ਲਗਾਉਣ ਸਮੇਂ ਅਪਣੀ ਨਾ ਸੁਣੀ ਜਾਣ ਦਾ ਰੋਣਾ ਰੋਇਆ ਜਾ ਰਿਹਾ। ਪ੍ਰੰਤੂ ਇਸ ਵਾਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਇਹ ਚੋਣ ਵਰ੍ਹਾ ਹੋਣ ਕਾਰਨ ਸਰਕਾਰ ਲਈ ਵੱਡੇ ਪੱਧਰ ’ਤੇ ਅਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਨਰਾਜ਼ ਕਰਨਾ ਸੰਭਵ ਨਹੀਂ ਹੋਵੇਗਾ। ਇਸ ਸਥਿਤੀ ਨੂੰ ਭਾਂਪਦਿਆਂ ਸਿਆਸੀ ਜਮਾਤ ਸਰਗਰਮ ਹੋ ਗਈ ਹੈ ਤੇ ਐਸ.ਐਚ.ਓਜ਼ ਤੋਂ ਲੈ ਕੇ ਐਸ.ਐਸ.ਪੀਜ਼ ਤੱਕ ਦੀਆਂ ਬਦਲੀਆਂ ਵਿਚ ਅਪਣੇ ਬੰਦਿਆਂ ਨੂੰ ਫਿੱਟ ਕਰਵਾਉਣ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਿਲੀ ਸੂਚਨਾ ਮੁਤਾਬਕ ਮਾਝਾ ਖੇਤਰ ਨਾਲ ਸਬੰਧਤ ਦੋ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਸਹਿਤ ਦੁਆਬਾ ਅਤੇ ਮਾਲਵਾ ਖੇਤਰ ਵਿਚ ਨਵੇਂ ਐਸ.ਐਸ.ਪੀਜ਼ ਲਗਾਏ ਜਾ ਰਹੇ ਹਨ। ਇੰਨ੍ਹਾਂ ਵਿਚੋਂ ਕੁੱਝ ਇੱਕ ਦਾ ਸਮਾਂ ਦੋ ਸਾਲ ਦੇ ਕਰੀਬ ਹੋ ਗਿਆ ਹੈ ਤੇ ਕਈਆਂ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਕਰਵਾਈਆਂ ਹਨ। ਕਾਂਗਰਸ ਸਰਕਾਰ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਇੱਕ ਆਗੂ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਇੰਨ੍ਹਾਂ ਬਦਲੀਆਂ ਵਿਚ ਮੰਤਰੀਆਂ, ਵਿਧਾਇਕਾਂ ਤੇ ਇੱਥੋਂ ਤੱਕ ਹੇਠਲੇ ਪੱਧਰ ਦੇ ਆਗੂਆਂ ਦੀ ਵੀ ਸੁਣੀ ਜਾਵੇਗੀ। ’’ ਇਸ ਪਿੱਛੇ ਉਨ੍ਹਾਂ ਤਰਕ ਦਿੱਤਾ ਕਿ ਬੇਸ਼ੱਕ ਚੋਣ ਜਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਅਧਿਕਾਰੀਆਂ ਨੂੰ ਬਦਲ ਹੀ ਦੇਣ ਪ੍ਰੰਤੂ ਅਸਲ ਵਿਚ ਸਰਕਾਰ ਦੀ ਹਾਅ ਵਿਚ ਹਾਅ ਮਿਲਾਉਣ ਵਾਲੇ ਅਫ਼ਸਰਾਂ ਦੀ ਜਿਆਦਾਤਰ ਜਰੂਰਤ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਵਾਲੇ 7-8 ਮਹੀਨਿਆਂ ਵਿਚ ਹੀ ਜਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਇਹ ਵੀ ਸੁਣਨ ਵਿਚ ਮਿਲ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਦੇ ਕੁੱਝ ਅਫ਼ਸਰਾਂ ਨੂੰ ਵੀ ਬਦਲਿਆਂ ਜਾ ਰਿਹਾ ਹੈ ਕਿਉਂਕਿ ਜ਼ਿਲ੍ਹਿਆਂ ਵਿਚੋਂ ਆਉਣ ਵਾਲੇ ਅਧਿਕਾਰੀ ਵੀ ਮੁੜ ਉਧਰ ਜਾਣ ਲਈ ਹੱਥ ਪੈਰ ਮਾਰ ਰਹੇ ਹਨ। ਇਸਤੋਂ ਇਲਾਵਾ ਸਿਵਲ ਵਿਭਾਗ ਦੇ ਉਚ ਅਧਿਕਾਰੀਆਂ ਦੀਆਂ ਬਦਲੀਆਂ ਵੀ ਜਲਦੀ ਹੋਣ ਦੀ ਸੰਭਾਵਨਾ ਹੈ।



ਕਰੋਨਾ ਮਹਾਂਮਾਰੀ: ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾ ਹੋਏ ਪਾਜੀਟਿਵ

- - No comments

ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਹਨ ਦਾਖ਼ਲ

ਸੁਖਜਿੰਦਰ ਮਾਨ

ਬਠਿੰਡਾ, 20 ਮਾਰਚ : ਕਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੇ ਅੱਜ ਉਘੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਵੀ ਅਪਣੀ ਚਪੇਟ ’ਚ ਲੈ ਲਿਆ ਹੈ। ਪਿਛਲੇ ਦੋ ਦਿਨਾਂ ਤੋਂ ਖ਼ੰਘ ਤੇ ਬੁਖਾਰ ਕਾਰਨ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਦੀ ਅੱਜ ਕਰੋਨਾ ਰੀਪੋਰਟ ਪਾਜ਼ੀਟਿਵ ਆਈ ਹੈ। ਉਜ ਉਨ੍ਹਾਂ ਹਸਪਤਾਲ ਦੇ ਅੰਦਰੋਂ ਜਾਰੀ ਇੱਕ ਵੀਡੀਓ ’ਚ ਚੜਦੀ ਕਲਾਂ ਵਾਲਾ ਸੰਦੇਸ਼ ਜਾਰੀ ਕਰਦੇ ਹੋਏ ਐਲਾਨ ਕੀਤਾ ਹੈ ਕਿ ਉਹ ਇੱਕ-ਦੋ ਦਿਨਾਂ ਵਿਚ ਪੂਰੀ ਤਰਾਂ੍ਹ ਠੀਕ ਹੋ ਜਾਵੇਗਾ। ਦਸਣਾ ਬਣਦਾ ਹੈ ਿਕਿ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸ: ਉਗਰਾਹਾ ਪਿਛਲੇ ਚਾਰ ਮਹੀਿਿਨਆਂ ਤੋਂ ਦਿੱਲੀ ਡਟੇ ਹੋਏ ਹਨ ਤੇ ਕੁੱਝ ਦਿਨ ਪਹਿਲਾਂ ਹੀ ਵਾਪਸ ਅਪਣੇ ਘਰ ਆਏ ਸਨ। ਜਿਸ ਤੋਂ ਬਾਅਦ ਉਹ ਖੰਘ ਤੇ ਜ਼ੁਕਾਮ ਤੋਂ ਪੀੜਤ ਹੋ ਗਏ, ਜਿਸਦੇ ਚੱਲਦੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਇੱਥੇ ਦਸਣਾ ਬਣਦਾ ਹੈ ਕਿ ਲੰਮਾਂ ਸਮਾਂ ਭਾਰਤੀ ਫ਼ੌਜ ਵਿਚ ਰਹਿ ਕੇ ਦੇਸ ਦੀ ਸੇਵਾ ਕਰਨ ਵਾਲੇ ਜੋਗਿੰਦਰ ਸਿੰਘ ਉਗਰਾਹਾ ਸੇਵਾ ਮੁਕਤੀ ਤੋਂ ਬਾਅਦ ਕਿਸਾਨਾਂ ਦੀ ਸੇਵਾ ਵਿਚ ਜੁੱਟ ਗਏ। ਖੱਬੇਪੱਖੀ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲੇ ਉਗਰਾਹਾ ਨੇ ਸਾਲ 2002 ਵਿਚ ਅਪਣੀ ਅਲੱਗ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦਾ ਗਠਨ ਕੀਤਾ ਸੀ।                 


                                                                                                                                                                                                     ਹਮਲਾਵਾਰੀ ਸ਼ੈਲੀ ਅਪਣਾਉਣ ਵਾਲੀ ਜਥੇਬੰਦੀ ਦੇ ਆਗੂ ਵਜੋਂ ਜਾਣੇ ਜਾਂਦੇ ਉਗਰਾਹਾ ਨੇ ਅਪਣੇ ਸਾਥੀਆਂ ਨਾਲ ਮਿਲਕੇ ਲੰਮੇ ਸੰਘਰਸ਼ ਲੜੇ ਤੇ ਜਿੱਤੇ ਹਨ। ਉਧਰ ਜ਼ਿਲ੍ਹੇ ਵਿਚ ਅੱਜ 31 ਵਿਅਕਤੀਆਂ ਦੀ ਕਰੋਨਾ ਰੀਪੋਰਟ ਪਾਜ਼ੀਟਿਵ ਆਈ ਹੈ। ਇੰਨ੍ਹਾਂ ਨਵੇਂ ਪੀੜਤਾਂ ਵਿਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਸੱਤ ਵਿਦਿਆਰਥੀਆਂ ਤੋਂ ਇਲਾਵਾ ਪੀਆਰਟੀਸੀ ਦੇ ਕੁੱਝ ਵਰਕਰ ਵੀ ਕੋਰੋਨਾ ਦੀ ਲਾਗ ਤੋਂ ਪੀੜਤ ਦੱਸੇ ਜਾ ਰਹੇ ਹਨ। ਇਹ ਵੀ ਪਤਾ ਚੱਲਿਆ ਹੈ ਕਿ ਇੱਕ ਸਰਕਾਰੀ ਕਾਲਜ਼ ਤੋਂ ਇਲਾਵਾ ਪੁਲਿਸ ਮੁਲਾਜਮ ਦੀ ਵੀ ਕਰੋਨਾ ਰੀਪੋਰਟ ਪਾਜੀਟਿਵ ਮਿਲੀ ਹੈ। ਦਸਣਾ ਬਣਦਾ ਹੈ ਕਿ ਦੂਜੀ ਲਹਿਰ ਦੌਰਾਨ ਜ਼ਿਲ੍ਹੇ ਵਿਚ ਬੀਤੇ ਕੱਲ ਸਭ ਤੋਂ ਵੱਧ 74 ਕੇਸ ਮਿਲੇ ਸਨ। ਉਧਰ ਸਿਵਲ ਸਰਜਨ ਡਾ ਤੇਜਵੰਤ ਢਿੱਲੋਂ ਨੇ ਦਸਿਆ ਕਿ ਜ਼ਿਲੇ ਅੰਦਰ ਕੋਵਿਡ19 ਤਹਿਤ ਕੁਲ 160941 ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ 10338 ਪਾਜੀਟਿਵ ਕੇਸ ਮਿਲੇ ਪ੍ਰੰਤੂ ਹੁਣ ਤੱਕ ਇਨਾਂ ਵਿੱਚੋਂ 9732 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 370ਕੇਸ ਐਕਟਿਵ ਹਨ ਤੇ ਜਦੋਂਕਿ 236 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਲ੍ਹੇ ’ਚ ਹੁਣ ਤੱਕ 17359  ਹੈਲਥ ਵਰਕਰ, ਫਰੰਟ ਲਾਈਨ   ਵਰਕਰ,45 ਤੋਂ 59 ਸਾਲ ਤੱਕ ਅਤੇ 60 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੰੂ ਕਰੋਨਾ ਵੈਕਸੀਨ ਦਿੱਤੀ ਗਈ ਹੈ, ਜਿਸ ‘ਚ 14807 ਵਿਅਕਤੀਆਂ ਨੰੂ ਪਹਿਲੀ ਡੋਜ਼ ਅਤੇ 2552 ਵਿਅਕਤੀਆਂ ਨੰੂ ਦੂਜੀ ਡੋਜ਼ ਦਿੱਤੀ ਗਈ।    

ਭਗਵੰਤ ਮਾਨ ਦੇ ਮੋੜ ਹਲਕੇ ਤੋਂ ਚੋਣ ਲੜਣ ਦੀ ਚਰਚਾ

- - No comments

 ਲੱਖਾ ਸਿਧਾਣਾ ਵੀ ਆ ਸਕਦਾ ਹੈ ਚੋਣ ਮੈਦਾਨ ’ਚ 

ਸੁਖਜਿੰਦਰ ਮਾਨ


ਬਠਿੰਡਾ, 16 ਮਾਰਚ :ਭਾਵੇਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਹਾਲੇ 10 ਮਹੀਨਿਆਂ ਦਾ ਸਮਾਂ ਪਿਆ ਹੈ ਪ੍ਰੰਤੂ ਸਿਆਸੀ ਪਾਰਟੀਆਂ ਵਲੋਂ ਅੰਦਰਖ਼ਾਤੇ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰ ਵੀ ਲੱਭਣੇ ਸ਼ੁਰੂ ਕਰ ਦਿੱਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਦੋ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਦੌਰਾਨ ਇੰਨ੍ਹੀਂ ਦਿਨੀਂ ਜ਼ਿਲ੍ਹੇ ਦੇ ਸਿਆਸੀ ਹਲਕਿਆਂ ਵਿਚ ਅੰਦਰਖਾਤੇ ਸਭ ਤੋਂ ਵੱਧ ਚਰਚਾ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਬਾਰੇ ਚੱਲ ਰਹੀ ਹੈ, ਜਿੰਨ੍ਹਾਂ ਵਲੋਂ ਮੋੜ ਹਲਕੇ ਰਾਹੀਂ ਵਿਧਾਨ ਸਭਾ ਵਿਚ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਬਣਨ ਦੀਆਂ ਸਿਆਸੀ ਇਛਾਵਾਂ ਪਾਲ ਰਹੇ ਭਗਵੰਤ ਮਾਨ ਲੋਕ ਸਭਾ ਮੈਂਬਰ ਹੋਣ ਦੇ ਬਾਵਜੂਦ ਵਿਧਾਨ ਸਭਾ ਦੀ ਚੋਣ ਲੜਣਗੇ। ਚਰਚਾ ਮੁਤਾਬਕ ਉਨ੍ਹਾਂ ਇਸ ਸਬੰਧ ਵਿਚ ਪਾਰਟੀ ਹਾਈਕਮਾਂਡ ਤੇ ਅਪਣੇ ਨਜਦੀਕੀਆਂ ਨੂੰ ਇਸ਼ਾਰਾ ਕਰ ਦਿੱਤਾ ਹੈ। 

ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਮੋੜ ਹਲਕੇ ਤੋਂ ਆਪ ਦੇ ਉਮੀਦਵਾਰ ਜਗਦੇਵ ਸਿੰਘ ਕਮਾਲੂ ਨੇ ਇੱਕ ਮੌਜੂਦਾ ਤੇ ਇੱਕ ਸਾਬਕਾ ਮੰਤਰੀ ਨੂੰ ਚਿੱਤ ਕੀਤਾ ਸੀ ਪ੍ਰੰਤੂ ਹੁਣ ਇਹ ਵੱਖਰੀ ਗੱਲ ਹੈ ਕਿ ਉਹ ਆਪ ਦਾ ਸਾਥ ਛੱਡ ਕੇ ਸੁਖਪਾਲ ਖ਼ਹਿਰਾ ਦੇ ਗੁੱਟ ਵਿਚ ਚਲੇ ਗਏ ਹਨ। ਪਾਰਟੀ ਦੇ ਸੂਤਰਾਂ ਮੁਤਾਬਕ ਹਾਲੇ ਵੀ ਇਸ ਹਲਕੇ ਵਿਚ ਪਾਰਟੀ ਦਾ ਮਜਬੂਤ ਕਾਡਰ ਹੈ ਤੇ ਇਕੱਲੇ ਮੋੜ ਸਹਿਰ ਨੂੰ ਛੱਡ ਜਿਆਦਾਤਰ ਦਿਹਾਤੀ ਇਲਾਕਾ ਹੈ। ਮੌਜੂਦਾ ਸਮੇਂ ਇਸ ਹਲਕੇ ਵਿਚੋਂ ਪਾਰਟੀ ਦਾ ਕੋਈ ਕੱਦਾਵਾਰ ਆਗੂ ਟਿਕਟ ਲਈ ਦਾਅਵੇਦਾਰ ਨਹੀਂ ਹੈ ਤੇ ਮੁੱਖ ਮੰਤਰੀ ਦੇ ਅਹੁੱਦੇ ਦੀ ਦੋੜ ’ਚ ਹੋਣ ਕਾਰਨ ਪੰਜਾਬ ਪ੍ਰਧਾਨ ਨੂੰ ਇਸ ਹਲਕੇ ਤੋਂ ਜਿੱਤਣਾ ਔਖਾ ਨਹੀਂ ਰਹੇਗਾ। ਉਧਰ ਦੂਜੀਆਂ ਸਿਆਸੀ ਧਿਰਾਂ ਵੀ ਅਪਣੀ ਜਿੱਤ ਯਕੀਨੀ ਬਣਾਉਣ ਲਈ ਜੋੜ ਤੋੜ ਵਿਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਸਿਆਸੀ ਹਲਕਿਆਂ ’ਚ ਲੱਖਾ ਸਿਧਾਣਾ ਵਲੋ ਵੀ ਮੋੜ ਹਲਕੇ ’ਚ ਅਪਣੇ ਸਿਆਸੀ ਪਰ ਤੋਲਣ ਦੀ ਚਰਚਾ ਹੈ।






ਕਾਂਗਰਸ ਵਲੋਂ ਹਰਮਿੰਦਰ ਜੱਸੀ ਨੂੰ ਤਲਵੰਡੀ ਸਾਬੋ ਭੇਜਣ ਦੀ ਤਿਆਰੀ

ਬਠਿੰਡਾ: ਕਾਂਗਰਸ ਪਾਰਟੀ ਵਲੋਂ ਪਿਛਲੀ ਵਾਰ ਇਸ ਹਲਕੇ ਤੋਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਚੋਣ ਲੜਾਈ ਗਈ ਸੀ ਪ੍ਰੰਤੂ ਮੌਜੂਦਾ ਸਮੇਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਮੰਜੂ ਬਾਂਸਲ ਨੂੰ ਥਾਪੀ ਦਿੱਤੀ ਹੋਈ ਹੈ। ਹਾਲਾਂਕਿ ਕਾਂਗਰਸ ਵਲੋਂ ਇਸ ਹਲਕੇ ਤੋਂ ਟਿਕਟ ਕਿਸਨੂੰ ਦਿੱਤੀ ਜਾਂਦੀ ਹੈ ਇਹ ਭਵਿੱਖ ਦੇ ਗਰਭ ਵਿਚ ਹੈ ਪ੍ਰੰਤੂ ਡੇਰਾ ਸਿਰਸਾ ਦੇ ਮੁਖੀ ਦੇ ਨਜਦੀਕੀ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਹਰਮਿੰਦਰ ਜੱਸੀ ਨੂੰ ਇੱਕ ਵਾਰ ਫ਼ਿਰ ਉਸਦੇ ਪੁਰਾਣੇ ਹਲਕੇ ਤਲਵੰਡੀ ਸਾਬੋ ਵਿਚ ਭੇਜਣ ਦੀ ਚਰਚਾ ਚੱਲ ਰਹੀ ਹੈ। 

ਅਕਾਲੀ ਦਲ ਵਲੋਂ ਗੁਆਚੀ ਸਾਖ਼ ਬਹਾਲੀ ਦੇ ਯਤਨ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਵੀ ਅਪਣੀ ਗੁਆਚੀ ਹੋਈ ਸਿਆਸੀ ਸਾਖ ਬਹਾਲ ਕਰਨ ਲਈ ਭੱਜਦੋੜ ਕਰ ਰਿਹਾ ਹੈ। ਇਸ ਹਲਕੇ ਤੋਂ ਅਪਣੇ ਧੜੱਲੇਦਾਰ ਆਗੂ ਜਨਮੇਜਾ ਸਿੰਘ ਸੇਖੋ ਦੇ ਫ਼ਿਰੋਜਪੁਰ ਚਲੇ ਜਾਣ ਕਾਰਨ ਪਾਰਟੀ ਨੇ ਇਕ ਵਾਰ ਹਲਕੇ ਦੀ ਵਾਂਗਡੋਰ ਨਿਧੜਕ ਜਰਨੈਲ ਸਿਕੰਦਰ ਸਿੰਘ ਮਲੂਕਾ ਨੂੰ ਦਿੱਤੀ ਹੋਈ ਹੈ ਪ੍ਰੰਤੂ ਬਾਦਲ ਪ੍ਰਵਾਰ ਦੇ ਨਜਦੀਕੀਆਂ ਮੁਤਾਬਕ ਇੱਕ ਹੀ ਪ੍ਰਵਾਰ ਨੂੰ ਦੋ ਟਿਕਟਾਂ ਮਿਲਣ ਦੀ ਕਾਫ਼ੀ ਘੱਟ ਸੰਭਾਵਨਾ ਹੈ। ਜਿਕਰਯੋਗ ਹੈ ਕਿ ਸ: ਮਲੂਕਾ ਪਿਛਲੇ 23 ਸਾਲਾਂ ਤੋਂ ਫ਼ੂਲ ਹਲਕੇ ’ਚ ਮੌਜੂਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੂੰ ਟੱਕਰ ਦਿੰਦੇ ਆ ਰਹੇ ਹਨ। ਅਜਿਹੀ ਹਾਲਾਤ ’ਚ ਅਕਾਲੀ ਦਲ ਵਲੋਂ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ, ਜਿਸਦੇ ਬਾਰੇ ਕਾਂਗਰਸ ’ਚ ਜਾਣ ਦੀਆਂ ਅਫ਼ਵਾਹਾਂ ਫ਼ਲਾਈਆਂ ਜਾ ਰਹੀਆਂ ਹਨ ਤੋਂ ਇਲਾਵਾ ਬਠਿੰਡਾ ਸ਼ਹਿਰੀ ਹਲਕੇ ਤੋਂ ਯੂਥ ਅਕਾਲੀ ਆਗੂ ਬਬਲੀ ਢਿੱਲੋਂ ਨੂੰ ਵੀ ਮੈਦਾਨ ਵਿਚ ਉਤਾਰ ਸਕਦਾ ਹੈ। ਬਬਲੀ ਢਿੱਲੋਂ ਨੇ ਕਾਂਗਰਸ ’ਚ ਰਹਿੰਦਿਆਂ ਅਪਣੇ ਸਿਆਸੀ ਗੁਰੂ ਹਰਮਿੰਦਰ ਜੱਸੀ ਦੀ ਅਗਵਾਈ ਹੇਠ ਮੋੜ ਹਲਕੇ ਵਿਚ ਕਾਫ਼ੀ ਤਾਲਮੇਲ ਬਿਠਾਇਆ ਹੋਇਆ ਹੈ। ਉਧਰ ਸਿਆਸੀ ਮਾਹਰਾਂ ਮੁਤਾਬਕ ਜਗਦੀਪ ਨਕਈ ਵੀ ਅਪਣਾ ਪੁਰਾਣਾ ਹਲਕਾ ਹੋਣ ਕਾਰਨ ਮੋੜ ਤੋਂ ਹੀ ਚੋਣ ਲੜਣ ਲਈ ਬਜਿੱਦ ਹਨ।    


ਪੰਜਾਬ ਦੇ ਖ਼ਤਰਨਾਕ ਗੈਗਸਟਰ ਹੋਣਗੇ ਬਠਿੰਡਾ ਜੇਲ੍ਹ ’ਚ ਤਬਦੀਲ

- - 2 comments

 


ਜੱਗੁੂ ਭਗਵਾਨਪੁਰੀਆ, ਨੀਟਾ ਦਿਊਲ, ਦਿਲਪ੍ਰੀਤ ਬਾਬਾ ਸਹਿਤ ਤਿੰਨ ਦਰਜ਼ਨ ਗੈਗਸਟਰ ਪੁੱਜੇ ਬਠਿੰਡਾ

ਸੁਖਜਿੰਦਰ ਮਾਨ

ਬਠਿੰਡਾ, 14 ਮਾਰਚ : ਪੰਜਾਬ ਸਰਕਾਰ ਨੇ ਹੁਣ ਸੂਬੇ ’ਚ ਸਰਗਰਮ ਖ਼ਤਰਨਾਕ ਗੈਗਸਟਰਾਂ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਤਹਿਤ ਏ ਕੈਟਾਗਿਰੀ ਦੇ ਤਿੰਨ ਦਰਜ਼ਨ ਦੇ ਕਰੀਬ ਗੈਗਸਟਰ ਸੂਬੇ ਦੀਆਂ ਅੱਧੀ ਦਰਜ਼ਨ ਤੋਂ ਵੱਧ ਜੇਲ੍ਹਾਂ ਵਿਚੋਂ ਬਠਿੰਡਾ ਤਬਦੀਲ ਹੋ ਚੁੱਕੇ ਹਨ। ਇੰਨ੍ਹਾਂ ਵਿਚ ਸਿਆਸੀ ਬਿਆਨਬਾਜ਼ੀ ਦਾ ਸਿੰਗਾਰ ਬਣੇ ਖ਼ਤਰਨਾਕ ਗੈਗਸਟਰ ਜੱਗੂ ਭਗਵਾਨਪੂਰੀਆਂ ਦਾ ਨਾਮ ਵੀ ਸ਼ਾਮਲ ਹੈ, ਜਿਸਨੂੰ ਬੀਤੇ ਕੱਲ ਪਟਿਆਲਾ ਤੋਂ ਬਠਿੰਡਾ ਜੇਲ੍ਹ ਭੇਜਿਆ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਜੇਲ੍ਹ ਭੇਜੇ ਗਏ ਨੀਟਾ ਦਿਊਲ, ਦਿਲਪ੍ਰੀਤ ਬਾਬਾ, ਨਵਦੀਪ ਚੱਠਾ, ਰੰਮੀ ਮਛਾਣਾ ਆਦਿ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ। ਸੂਤਰਾਂ ਮੁਤਾਬਕ  ਮੌਜੂਦਾ ਸਮੇਂ ਬਠਿੰਡਾ ਜੇਲ੍ਹ ਵਿਚ 38 ਗੈਗਸਟਰ ਭੇਜੇ ਗਏ ਹਨ ਜਦੋਂਕਿ ਦੂਜੀ ਕਤਾਰ ਦੇ ਕੁੱਝ ਗੈਗਸਟਰਾਂ ਨੂੰ ਇੱਥੋਂ ਹੋਰਨਾਂ ਜੇਲ੍ਹਾਂ ਵਿਚ ਵੀ ਤਬਦੀਲ ਕੀਤਾ ਗਿਆ ਹੈ। 



ਜੇਲ੍ਹ ਵਿਭਾਗ ਦੇ ਉਚ ਅਧਿਕਾਰੀਆਂ ਮੁਤਾਬਕ ਬਠਿੰਡਾ ਦੀ ਕੇਂਦਰੀ ਜੇਲ੍ਹ ਹਾਲ ’ਚ ਹੀ ਨਵੀਂ ਬਣੀ ਹੈ, ਜਿਸ ਕਾਰਨ ਇਹ ਸੁਰੱਖਿਆ ਪੱਖੋਂ ਕਾਫ਼ੀ ਮਜਬੂਤ ਹੈ। ਇਸਤੋਂ ਇਲਾਵਾ ਇੱਥੇ ਕੈਦੀਆਂ ਦੀ ਰੱਖਣ ਦੀ ਸਮਰੱਥਾ 2100 ਹੈ ਪ੍ਰੰਤੂ ਮੌਜੂਦਾ ਸਮੇਂ ਇਸ ਜੇਲ੍ਹ ਵਿਚ 1450 ਦੇ ਕਰੀਬ ਹੀ ਕੈਦੀ ਬੰਦ ਹਨ। ਖ਼ਤਰਨਾਕ ਗੈਗਸਟਰਾਂ ਨੂੰ ਬਠਿੰਡਾ ਤਬਦੀਲ ਕਰਨ ਦੇ ਪਿੱਛੇ ਇਹ ਵੀ ਤਰਕ ਦਿੱਤਾ ਜਾ ਰਿਹਾ ਕਿ ਇੱਥੋਂ ਦੀ ਸੁਰੱਖਿਆ ਕੇਂਦਰੀ ਸੁਰੱਖਿਆ ਦੇ ਹੱਥ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਗੈਗਸਟਰਾਂ ਵਲੋਂ ਜੇਲ੍ਹ ਅੰਦਰ ਮੋਬਾਇਲ ਫ਼ੋਨ ਦੀ ਦੁਰਵਰਤੋਂ ਕਰਕੇ ਬਾਹਰ ਅਪਣੇ ਗਰੁੱਪਾਂ ਨੂੰ ਬਰਕਰਾਰ ਰੱਖਣ ਦੀ ਸਮੱਸਿਆ ਤੋਂ ਬਚਣ ਲਈ ਇਸ ਜੇਲ੍ਹ ਨੂੰ ਆਉਂਦੇ ਦਿਨਾਂ ’ਚ ‘ਕਮਿਊਨੀਕੇਸ਼ਨ ਡੈਡ ਜੋਨ’ ਬਣਾਇਆ ਜਾ ਰਿਹਾ ਹੈ, ਜਿਸਤੋਂ ਬਾਅਦ ਇੱਥੇ ਕੈਦੀ ਮੋਬਾਇਲ ਫ਼ੋਨ ਦੀ ਵਰਤੋਂ ਨਹੀਂ ਕਰ ਸਕਣਗੇ। ਜਿਸ ਕਾਰਨ ਗੈਗਸਟਰਾਂ ਨੂੰੂ ਇੱਥੇ ਤਬਦੀਲ ਕਰਨ ਦਾ ਇਹ ਫੈਸਲਾ ਲਿਆ ਗਿਆ ਹੈ। ਪ੍ਰੰਤੂ ਸੁਰੱਖਿਆ ਮਾਹਰਾਂ ਨੇ ਸਰਕਾਰ ਦੇ ਇਸ ਫੈਸਲੇ ਉਪਰ ਉਗਲਾਂ ਵੀ ਚੁੱਕੀਆਂ ਹਨ। ਸੂਤਰਾਂ ਮੁਤਾਬਕ ਵੱਖ ਵੱਖ ਗਰੁੱਪਾਂ ਨਾਲ ਸਬੰਧਤ ਇਹ ਖ਼ਤਰਨਾਕ ਗੈਗਸਟਰ, ਜੋਕਿ ਅਕਸਰ ਹੀ ਇੱਕ-ਦੂਜੇ ਦੀ ਜਾਨ ਦੇ ਪਿਆਸੇ ਰਹਿੰਦੇ ਹਨ, ਨੂੰ ਇੱਕ ਹੀ ਜੇਲ੍ਹ ਵਿਚ ਤਬਦੀਲ ਕਰਨਾ ਕੋਈ ਦੂਰਅੰਦੇਸ਼ੀ ਫੈਸਲਾ ਨਹੀਂ ਹੈ।


ਬਾਕਸ 1

ਜੇਲ੍ਹ ਦੇ 15 ਕਿਲੋਮੀਟਰ ਦੇ ਦਾਈਰੇ ਵਿਚ ਨਹੀਂ ਹੈ ਕੋਈ ਪੁਲਿਸ ਸਟੇਸ਼ਨ 

ਬਠਿੰਡਾ: ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਪਿੰਡ ਗੋਬਿੰਦਪੁਰਾ ਵਿਖੇ ਬਣੀ ਇਸ ਜੇਲ੍ਹ ਦੇ 15 ਕਿਲੋਮੀਟਰ ਦਾਈਰੇ ਅੰਦਰ ਕੋਈ ਪੁਲਿਸ ਸਟੇਸ਼ਨ ਨਹੀਂ ਹੈ। ਇੱਥੋਂ ਥਾਣਾ ਕੈਂਟ, ਥਾਣਾ ਥਰਮਲ ਅਤੇ ਥਾਣਾ ਨਥਾਣਾ ਕਾਫ਼ੀ ਦੂਰ ਪੈਂਦੇ ਹਨ ਜਦੋਂਕਿ ਪੁਲਿਸ ਲਾਈਨ ਵੀ ਬਠਿੰਡਾ ਸ਼ਹਿਰ ਵਿਚ ਹੀ ਮੌਜੂਦ ਹੈ। ਅਜਿਹੀ ਸਥਿਤੀ ਵਿਚ ਜੇਕਰ ਜੇਲ੍ਹ ਅੰਦਰ ਕੋਈ ਵਿਵਾਦ ਪੈਦਾ ਹੋ ਜਾਵੇ ਤਾਂ ਪੁਲਿਸ ਨਫ਼ਰੀ ਦਾ ਤੁਰੰਤ ਪੁੱਜਣਾ ਕਾਫ਼ੀ ਔਖਾ ਕੰਮ ਹੈ। ਜੇਕਰ ਇਕੱਲੀ ਕੇਂਦਰੀ ਸੁਰੱਖਿਆ ਫ਼ੌਰਸ ਦੀ ਮੌਜੂਦਗੀ ਦੀ ਗੱਲ ਜਾਵੇ ਤਾਂ ਇਹ ਪੰਜਾਬ ਦੀਆਂ ਕਈ ਹੋਰਨਾਂ ਜੇਲ੍ਹਾਂ ਵਿਚ ਵੀ ਮੌਜੂਦ ਹੈ। 


ਬਾਕਸ 2

ਗੈਗਸਟਰ ਨੀਟਾ ਦਿਊਲ ਤੇ ਸਾਥੀ ਕੋਲੋ ਸਿਮ ਤੇ ਚਿੱਟਾ ਬਰਾਮਦ 

ਬਠਿੰਡਾ: ਉਧਰ ਬੀਤੇ ਕੱਲ ਫ਼ਿਰੋਜਪੁਰ ਜੇਲ੍ਹ ਤੋਂ ਤਬਦੀਲ ਹੋ ਕੇ ਆਏ ਖ਼ਤਰਨਾਕ ਗੈਗਸਟਰ ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਊਲ ਤੇ ਬੌਬੀ ਮਲਹੌਤਰਾ ਕੋਲੋ ਬਠਿੰਡਾ ਦੇ ਜੇਲ੍ਹ ਸਟਾਫ਼ ਨੇ ਤਲਾਸ਼ੀ ਦੌਰਾਨ 1 ਮੋਬਾਇਲ ਸਮੇਤ ਜਿਓ ਸਿੰਮ, 1 ਚਿੱਟੇ ਦੀ ਪੁੜੀ ਬਰਾਮਦ ਕੀਤੀ ਹੈ। ਜਦੋਂਕਿ ਇਸਤੋਂ ਪਹਿਲਾਂ ਵੀ ਜੇਲ੍ਹ ’ਚ ਬੰਦ ਗੈਗਸਟਰਾਂ ਕੋਲੋ ਕਈ ਵਾਰ ਮੋਬਾਇਲ ਫ਼ੋਨ ਬਰਾਮਦ ਹੋ ਚੁੱਕੇ ਹਨ। 


ਬਾਕਸ 3

ਜੇਲ੍ਹ ਮੰਤਰੀ ਤੇ ਡੀਜੀਪੀ ਅੱਜ ਪੁੱਜਣਗੇ ਬਠਿੰਡਾ

ਬਠਿੰਡਾ: ਪਤਾ ਚੱਲਿਆ ਹੈ ਕਿ ਭਲਕੇ ਸੋਮਵਾਰ ਨੂੰ ਦੁਪਿਹਰ ਸਮੇਂ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜੇਲ੍ਹ ਵਿਭਾਗ ਦੇ ਸਕੱਤਰ ਤੇ ਜੇਲ੍ਹ ਵਿਭਾਗ ਦੇ ਡੀਜੀਪੀ ਬਠਿੰਡਾ ਜੇਲ੍ਹ ਦਾ ਦੌਰਾ ਕਰਨ ਪੁੱਜ ਰਹੇ ਹਨ। ਇਸ ਦੌਰਾਨ ਉਹ ਜੇਲ੍ਹ ਦੀ ਸੁਰੱਖਿਆ ਤੇ ਇੱਥੇ ਰੱਖੇ ਜਾਣ ਵਾਲੇ ਗੈਗਸਟਰਾਂ ਬਾਰੇ ਪੁਲਿਸ ਤੇ ਜੇਲ੍ਹ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।    

ਪੰਜਾਬ ’ਚ ‘ਜੀਓ’ ਦੀ ਡੁੱਬਦੀ ਬੇੜੀ ਦਾ ਮਲਾਹ ਬਣੇਗਾ ‘ਪਾਵਰਕਾਮ’

- - No comments

 ਸੁਖਜਿੰਦਰ ਮਾਨ

ਬਠਿੰਡਾ, 10 ਮਾਰਚ :ਪੰਜਾਬ ’ਚ ਜੀਓ ਦੀ ਡੁੱਬਦੀ ਬੇੜੀ ਦੀ ਮਲਾਹ ਹੁਣ ਪੰਜਾਬ ਸਰਕਾਰ ਦਾ ਅਦਾਰਾ ਪਾਵਰਕਾਮ ਬਣੇਗਾ। ਕਿਸਾਨੀ ਬਿੱਲਾਂ ਦੇ ਵਿਰੋਧ ’ਚ ਅੰਨਦਾਤਾ ਵਲੋਂ ਜੀਓ ਨੂੰ ਛੱਡਣ ਦੇ ਦਿੱਤੇ ਹੋਕੇ ਕਾਰਨ ਲੱਖਾਂ ਗ੍ਰਾਂਹਕਾਂ ਨੂੰ ਗਵਾ ਚੁੱਕੇ ਜੀਓ ਨੂੰ ਹੁਣ ਪੰਜਾਬ ’ਚ ਪਵਾਰਕਾਮ ਦਾ ਸਹਾਰਾ ਮਿਲੇਗਾ। ਪਾਵਰਕਾਮ ਦੇ ਸੂਤਰਾਂ ਮੁਤਾਬਕ ਮੈਨੇਜਮੈਂਟ ਦੇ ਹੁਕਮਾਂ ਉਪਰ ਕਾਰਪੋਰੇਸ਼ਨ ’ਚ ਕੰਮ ਕਰਦੇ ਮੁਲਾਜਮਾਂ ਤੇ ਅਧਿਕਾਰੀਆਂ ਦੇ ਮੋਬਾਇਲ ਸਿਮ ਵੋਡਾਫ਼ੋਨ ਦੀ ਥਾਂ ਜੀਓ ਦੇ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਉਪ ਮੁੱਖ ਇੰਜੀਨੀਅਰ ਜਲੰਧਰ ਜੋਨ ਵਲੋਂ ਜਾਰੀ ਇੱਕ ਪੱਤਰ ਦੀ ਕਾਪੀ ਸੋਸਲ ਮੀਡੀਆ ’ਤੇ ਵੀ ਘੁੰਮ ਰਹੀ ਹੈ। ਪਾਵਰਕੌਮ ਦੇ ਇਸ ਪੱਤਰ (ਨੰਬਰ 25/9/2522) ਮਿਤੀ 1/3/ 2021 ਮੁਤਾਬਕ ਅਪਣੇ ਮੁਲਾਜਮਾਂ ਕੋਲ ਵੋਡਾਫੋਨ ਮੋਬਾਇਲ ਸਿਮਾਂ ਦੀ ਥਾਂ ਰਿਲਾਇੰਸ ਜੀਓ ਦੇ ਸਿੰਮ ਜਾਰੀ ਕਰਨ ਦੀ ਯੋਜਨਾ ਬਾਰੇ ਦਸਦਿਆਂ ਪਹਿਲਾਂ ਵੋਡਾਫੋਨ ਦੇ ਚੱਲ ਰਹੇ ਸਿੰਮਾਂ ਦੀ ਜਾਣਕਾਰੀ ਮੰਗੀ ਹੈ। ਹਾਲਾਂਕਿ ਪਾਵਰਕਾਮ ਦੇ ਅਧਿਕਾਰੀ ਇਸਦੇ ਪਿੱਛੇ ਜੀਓ ਕੰਪਨੀ ਵਲੋਂ ਸਸਤਾ ਪਲਾਨ ਦੇਣ ਦਾ ਤਰਕ ਦਿੱਤਾ ਜਾ ਰਿਹਾ ਹੈ ਪ੍ਰੰਤੂ ਦੇਸ ’ਚ ਉਘੇ ਕਾਰਪੋਰੇਟ ਘਰਾਣੇ ਅੰਬਾਨੀ ਦੇ ਜੀਓ ਵਿਰੁਧ ਚੱਲ ਰਹੀ ਲਹਿਰ ਦੌਰਾਨ ਜਾਰੀ ਇਸ ਪੱਤਰ ਦਾ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਹੋ ਰਿਹਾ ਹੈ। ਦਸਣਾ ਬਣਦਾ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਪਾਵਰਕਾਮ ਵਲੋਂ ‘ਸੇਪ’ ਸਕੀਮ ਅਧੀਨ ਚੱਲ ਰਹੇ ਪ੍ਰੋਜੈਕਟ ਜਿਸਦੇ ਤਹਿਤ ਆਨਲਾਈਨ ਬਿਿਗ, ਪਾਵਰਕਾਮ ਦੇ ਸੁਵਿਧਾ ਕੇਂਦਰ ਆਦਿ ਚੱਲ ਰਹੇ ਹਨ, ਦਾ ਕੰਮ ਵੀ ਵੋਡਾਫ਼ੋਨ ਤੋਂ ਬਦਲ ਕੇ ਜੀਓ ਨੂੰ ਦਿੱਤਾ ਜਾ ਚੁੱਕਾ ਹੈ। ਪਾਵਰਕਾਮ ਦੇ ਜੀਓ ਪ੍ਰਤੀ ਵਧਦੇ ਪਿਆਰ ਦਾ ਵਿਰੋਧ ਕਰਦਿਆਂ ਕਿਸਾਨ ਆਗੂ ਜਸਵੀਰ ਸਿੰਘ ਬੁਰਜਸੇਮਾ ਨੇ ਦਾਅਵਾ ਕੀਤਾ ਕਿ ਇੱਕ ਪਾਸੇ ਅੰਬਾਨੀ ਤੇ ਅਡਾਨੀ ਗਰੁੱਪ ਦੇ ਉਤਪਾਦਾਂ ਦਾ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਇੱਕ ਅਦਾਰੇ ਵਲੋਂ ਇਸ ਕੰਪਨੀ ਨੂੰ ਉਤਸਾਹਤ ਕੀਤਾ ਜਾ ਰਿਹਾ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਮੁੱਦਾ ਉਪਰ ਤੱਕ ਚੁੱਕਿਆ ਜਾਵੇਗਾ। ਇੱਥੇ ਦਸਣਾ ਬਣਦਾ ਹੈ ਕਿ ਪਾਵਰਕਾਮ ਦੇ ਵੱਖ ਵੱਖ ਵਿੰਗਾਂ ’ਚ ਹਜ਼ਾਰਾਂ ਮੁਲਾਜਮ ਕੰਮ ਕਰਦੇ ਹਨ, ਜਿੰਨ੍ਹਾਂ ਨੂੰ ਰਿਲਾਇੰਸ ਜੀਓ ਮੋਬਾਈਲ ਸਿੰਮ ਦੇਣ ਦੀ ਤਿਆਰੀ ਖਿੱਚੀ ਗਈ ਹੈ। ਸੂਤਰਾਂ ਮੁਤਾਬਕ ਇਸ ਸਬੰਧ ਵਿਚ ਪਾਵਰਕੌਮ ਮੈਨੇਜਮੈਂਟ ਤੇ ਰਿਲਾਇੰਸ ਜੀਓ ਵਿਚਕਾਰ ਹਾਲੇ ਸਮਝੌਤਾ ਹੋਣਾ ਹੈ ਜਿਸਦੇ ਲਈ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਕਾਫ਼ੀ ਲੰਮੇ ਸਮੇਂ ਤੋਂ ਪਾਵਰਕਾਮ ਦੇ ਅਧਿਕਾਰੀਆਂ ਤੇ ਮੁਲਾਜਮਾਂ ਕੋਲ ਵੋਡਾਫ਼ੋਨ ਕੰਪਨੀ ਦੇ 96461 ਦੀ ਸੀਰੀਜ਼ ਵਾਲੇ ਨੰਬਰ ਚੱਲ ਰਹੇ ਹਨ।