ਬਠਿੰਡਾ ’ਚ ਹੁਣ ਚੁਣੇ ਹੋਏ ਨੁਮਾਇੰਦਿਆਂ ਨੂੰ ਅਣਗੋਲਿਆ ਨਹੀਂ ਕਰ ਸਕੇਗੀ ਪੁਲਿਸ

- - No comments

ਵਿੱਤ ਮੰਤਰੀ ਦੀ ਅਗਵਾਈ ਵਿਚ ਕੌਂਸਲਰਾਂ ਅਤੇ ਪੁਲੀਸ ਅਧਿਕਾਰੀਆਂ ਦੀ ਅਹਿਮ ਮੀਟਿੰਗ 

ਸੁਖਜਿੰਦਰ ਮਾਨ                  

ਬਠਿੰਡਾ, 16 ਜੁਲਾਈ :-ਬਠਿੰਡਾ ਦੇ ਪੁਲਿਸ ਅਧਿਕਾਰੀ ਹੁਣ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਦੀ ਬਜ਼ਾਏ ਚੁਣੇ ਹੋਏ ਕੋਂਸਲਰਾਂ ਦੀ ਕਹੀ ਗੱਲ ਨੂੰ ਵਜ਼ਨ ਦੇਣਗੇ। ਲੋਕਤੰਤਰ ਦੀ ਹੇਠਲੀ ਪੋੜੀ ਦੇ ਇੰਨ੍ਹਾਂ ਨੁਮਾਇੰਦਿਆਂ ਨੂੰ ਅਣਗੋਲਿਆ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਵੇਗੀ। ਇਹ ਫੈਸਲਾ ਅੱਜ ਸਥਾਨਕ ਨਗਰ ਨਿਗਮ ਦਫ਼ਤਰ ’ਚ ਵਿਤ ਮੰਤਰੀ ਸ: ਬਾਦਲ ਦੀ ਅਗਵਾਈ ਹੇਠ ਸ਼ਹਿਰ ਦੇ ਚੁਣੇ ਹੋਏ ਕਾਂਗਰਸ ਦੇ ਕੌਂਸਲਰਾਂ ਅਤੇ ਪੁਲਿਸ ਅਧਿਕਾਰੀਆਂ, ਥਾਣਾ ਮੁਖੀਆਂ ਦੀ ਹੋਈ ਅਹਿਮ ਮੀਟਿੰਗ ਵਿਚ ਲਿਆ ਗਿਆ। ਗੌਰਤਲਬ ਹੈ ਕਿ ਚੋਣਾਂ ਨਜਦੀਕ ਆਉਂਦੇ ਹੀ ਕੋਂਸਲਰਾਂ ਦੀ ਠੁੱਕ ਬਣਾਉਣ ਲਈ ਜਿੱਥੇ ਬੀਤੇ ਕੱਲ ਵਿਤ ਮੰਤਰੀ ਦੀ ਅਗਵਾਈ ਹੇਠ ਨਿਗਮ ਤੇ ਸਿਵਲ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ ਸੀ, ਉਥੇ ਅੱਜ ਪੁਲਿਸ ਅਧਿਕਾਰੀਆਂ ਨੂੰ ਸਾਹਮਣੇ ਬਿਠਾ ਕੇ ਕਾਂਗਰਸੀਆਂ ਦੀ ਟੌਹਰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਕਾਂਗਰਸੀਆਂ ਨੇ ਸਭ ਤੋਂ ਵੱਧ ਭੜਾਸ ਪੁਲਿਸ ਦੇ ਇੱਕ ਚਰਚਿਤ ਵਿੰਗ ਦੇ ਇੰਚਾਰਜ਼ ਅਤੇ ਵੂਮੈਂਨ ਸੈੱਲ ਵਿਰੁਧ ਕੱਢੀ। ਨਿਗਮ ਦੇ ਇੱਕ ਚੁਣੇ ਹੋਏ ਵੱਡੇ ਅਹੁੱਦੇਦਾਰ ਨੇ ਖੁੱਲੇ ਤੌਰ ’ਤੇ ਇਸ ਵਿੰਗ ਦੇ ਮੁਖੀ ਉਪਰ ‘‘ਪੈਸੇ ਦਾ ਪੁੱਤ’’ ਬਣਨ ਦੇ ਦੋਸ਼ ਲਗਾਏ। ਚਰਚਾ ਮੁਤਾਬਕ ਜਲਦੀ ਹੀ ਬਠਿੰਡਾ ਸ਼ਹਿਰ ਦੇ ਉਕਤ ਵਿੰਗ ਦੇ ਮੁਖੀ ਸਹਿਤ ਕਈ ਹੋਰ ਪੁਲਿਸ ਅਧਿਕਾਰੀਆਂ ਨੂੰ ਬਦਲਿਆਂ ਜਾ ਸਕਦਾ ਹੈ। ਇਹੀ ਨਹੀਂ ਵੂਮੇਂਨ ਸੈੱਲ ਦੀ ਕਾਰਗੁਜ਼ਾਰੀ ਤੋਂ ਅੱਕੇ ਕਾਂਗਰਸੀਆਂ ਵਲੋਂ ਇਸ ਥਾਣੇ ਨੂੰ ਵੀ ਸ਼ਹਿਰੀ ਤੇ ਦਿਹਾਤੀ ਦੋ ਭਾਗਾਂ ਵਿਚ ਵੰਡਣ ਦੀ ਸਲਾਹ ਦਿੱਤੀ ਹੈ। ਸੂਤਰਾਂ ਮੁਤਾਬਕ ਹਾਲਾਂਕਿ ਮੀਟਿੰਗ ਦੌਰਾਨ ਜਿਆਦਾਤਰ ਕਾਂਗਰਸੀ ਕੋਂਸਲਰ ਪੁਲਿਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਉਪਰ ‘ਮਿੱਠੇ ਪੋਚੇ’ ਮਾਰਦੇ ਹੋਏ ਨਜਰ ਆਏ ਪ੍ਰੰਤੂ ਵਿਤ ਮੰਤਰੀ ਦੇ ਰਿਸ਼ਤੇਦਾਰ ਨੇ ਹੈਰਾਨੀਜਨਕ ਤਰੀਕੇ ਨਾਲ ਨਰਾਜ਼ਗੀ ਜਤਾਉਂਦਿਆਂ ਇੱਕ ਹਫ਼ਤੇ ’ਚ ਪੁਲਿਸ ਨੂੰ ਅਪਣੀ ਕਾਰਜ਼ਸੈਲੀ ਵਿਚ ਸੁਧਾਰ ਲਿਆਉਣ ਦੀ ਹਿਦਾਇਤ ਕੀਤੀ। ਪਤਾ ਲੱਗਿਆ ਕਿ ਲਾਈਨੋਪਾਰ ਦੇ ਜਿਆਦਾਤਰ ਕੋਂਸਲਰਾਂ ਨੇ ਨਸ਼ੇ ਦੀ ਸਰੇਆਮ ਹੋ ਰਹੀ ਵਿੱਕਰੀ ਦਾ ਮੁੱਦਾ ਚੁੱਕਦਿਆਂ ਥਾਣਾ ਮੁਖੀਆਂ ਤੋਂ ਹੇਠਲੇ ਸਾਰੇ ਸਟਾਫ਼ ਨੂੰ ਤਬਦੀਲ ਕਰਨ ਦੀ ਮੰਗ ਰੱਖੀ। ਕਈ ਕੋਂਸਲਰਾਂ ਨੇ ਅਕਾਲੀ ਸਰਕਾਰ ਦੇ ਟਿਕੇ ਬੈਠੇ ਹੋਏ ਛੋਟੇ ਥਾਣੇਦਾਰਾਂ ਤੇ ਹੋਲਦਾਰਾਂ ਦੇ ਨਾਮ ਲੈ ਕੇ ਸਿਕਾਇਤਾਂ ਕੀਤੀਆਂ। ਵਿੱਤ ਮੰਤਰੀ ਨੇ ਪੁਲੀਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ। ਇਹ ਵੀ ਹਦਾਇਤ ਕੀਤੀ ਕਿ ਜਾਤੀ ਰੰਜਿਸ਼ ਦੀ ਰਾਜਨੀਤੀ ਨੂੰ ਪਾਸੇ ਛੱਡ ਕੇ ਸ਼ਹਿਰ ਵਿਚ ਰਾਮ ਰਾਜ ਲਿਆਉਣ ਲਈ ਪੁਲੀਸ ਪ੍ਰਸ਼ਾਸਨ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਸ਼ਹਿਰ ਵਾਸੀ ਬਿਨਾਂ ਕਿਸੇ ਡਰ ਤੋਂ ਜਿੰਦਗੀ ਬਤੀਤ ਕਰ ਸਕਣ। ਇਸ ਮੌਕੇ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ , ਡਿਪਟੀ ਮੇਅਰ ਹਰਮੰਦਰ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਚੇਅਰਮੈਨ ਕੇ ਕੇ ਅਗਰਵਾਲ,ਜੈਜੀਤ ਜੌਹਲ, ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਓ.ਐਸ.ਡੀ ਜਗਤਾਰ ਢਿੱਲੋਂ, ਬਲਾਕ ਪ੍ਰਧਾਨ ਬਲਜਿੰਦਰ ਠੇਕੇਦਾਰ ਤੇ ਹਰਵਿੰਦਰ ਸਿੰਘ ਲੱਡੂ ਤੋਂ ਇਲਾਵਾ  ਸੰਦੀਪ ਗੋਇਲ, ਰਾਜਨ ਗਰਗ, ਪਵਨ ਮਾਨੀ, ਪ੍ਰਵੀਨ ਗਰਗ, ਬਲਰਾਜ ਪੱਕਾ, ਕੰਵਲਜੀਤ ਸਿੰਘ ਭੰਗੂ, ਬੇਅੰਤ ਸਿੰਘ ਰੰਧਾਵਾ, ਮਲਕੀਤ ਸਿੰਘ ਗਿੱਲ, ਰਜਿੰਦਰ ਸਿੰਘ ਸਿੱਧੂ, ਪਰਵਿੰਦਰ ਸਿੰਘ ਸਿੱਧੂ, ਬਲਜੀਤ ਸਿੰਘ ਰਾਜੂ ਸਰਾਂ, ਟਹਿਲ ਸਿੰਘ ਬੂੱਟਰ, ਵਿੱਕੀ ਨੰਬਰਦਾਰ, ਟਹਿਲ ਸਿੰਘ ਸੰਧੂ, ਸੁਨੀਲ ਬਾਂਸਲ,ਸ਼ਾਮ ਲਾਲ ਜੈਨ, ਸੰਦੀਪ ਬੌਬੀ, ਉਮੇਸ ਗੋਗੀ, ਸੁਖਰਾਜ ਔਲਖ, ਇੰਦਰਜੀਤ ਸਿੰਘ, ਰਤਨ ਰਾਹੀ, ਸੰਜੀਵ ਸੈਣੀ ਆਦਿ ਮੌਜੂਦ ਸਨ।  


ਬਾਕਸ


ਜਮੀਨੀ ਵਿਵਾਦ ਦੇ ਹੱਲ ਲਈ ਬਣੇਗੀ ਪੰਚਾਇਤ

ਬਠਿੰਡਾ: ਸੂਚਨਾ ਮੁਤਾਬਕ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸ਼ਹਿਰ ਵਿਚ ਵਿਵਾਦਤ ਜਮੀਨਾਂ ਦੇ ਮਾਮਲੇ ਵਿਚ ਸੁਣਵਾਈ ਹੁਣ ਇਕੱਲੀ ਪੁਲਿਸ ਨਹੀਂ ਕਰੇਗੀ। ਇਸਦੇ ਲਈ ਪੁਲਿਸ, ਮਾਲ, ਇਲਾਕੇ ਦੇ ਕੋਂਸਲਰ ਅਤੇ ਦੋ ਮੋਹਤਬਰ ਵਿਅਕਤੀਆਂ ਦੀ ਸਮੂਲੀਅਤ ਵਾਲੀ ਇੱਕ ਕਮੇਟੀ ਬਣੇਗੀ। ਇਸੇ ਤਰ੍ਹਾਂ ਟਰੈਫ਼ਿਕ ਵਿਵਸਥਾ ਨੂੰ ਵੀ ਸੁਧਾਰਨ ਲਈ ਵੀ ਵਿਸੇਸ ਧਿਆਨ ਦਿੱਤਾ ਜਾਵੇਗਾ। ਸ਼ਹਿਰ ਵਿਚ ਨਸ਼ਾ ਖੋਰੀ ਤੇ ਗੁੰਡਾਗਰਦੀ ਰੋਕਣ ਲਈ ਪੈਟਰੋਿਗ ਵਧਾਈ ਜਾਵੇਗੀ। 



No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines