ਬਠਿੰਡਾ ’ਚ 9 ਹਜ਼ਾਰ ਬੇਜਮੀਨੇ ਮਜਦੂਰਾਂ ਨੂੰ ਮਿਲੇਗਾ ਸਾਢੇ 16 ਕਰੋੜ ਦਾ ਲਾਭ

- - No comments

ਕਾਂਗਰਸ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ

ਸੁਖਜਿੰਦਰ ਮਾਨ

ਬਠਿੰਡਾ, 27 ਜੁਲਾਈ -ਕੈਪਟਨ ਸਰਕਾਰ ਦੀ ਕਰਜ਼ਾ ਮੁਆਫ਼ ਸਕੀਮ ਦਾ ਬਠਿੰਡਾ ਜ਼ਿਲ੍ਹੇ ’ਚ ਕਰੀਬ 9 ਹਜ਼ਾਰ ਬੇਜਮੀਨੇ ਮਜਦੂਰਾਂ ਨੂੰ ਲਾਭ ਹੋਵੇਗਾ। ਜ਼ਿਲ੍ਹਾ ਪੱਧਰ ‘ਤੇ ਪ੍ਰਸ਼ਾਸਨ ਵਲੋਂ ਤਿਆਰ ਕੀਤੀਆਂ ਸੂਚੀਆਂ ਮੁਤਾਬਕ 88 ਸਹਿਕਾਰੀ ਸਭਾ ਨਾਲ ਜੁੜੇ ਇੰਨ੍ਹਾਂ ਬੇਜਮੀਨੇ 9063 ਮਜਦੂਰਾਂ ਨੂੰ ਸਾਢੇ 16 ਕਰੋੜ ਦੀ ਰਾਹਤ ਦਿੱਤੀ ਜਾ ਰਹੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਇੰਨ੍ਹਾਂ ਬੇਜਮੀਨੇ ਪੇਂਡੂ ਤੇ ਖੇਤ ਮਜਦੂਰਾਂ ਨੂੰ ਹਲਕਾ ਪੱਧਰ ’ਤੇ ਕੀਤੇ ਜਾ ਰਹੇ ਸਮਾਗਮ ਵਿਚ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਜਾਣਗੇ। ਜਦੋਂਕਿ ਸੂਬਾ ਪੱਧਰ ’ਤੇ ਮੁੱਖ ਮੰਤਰੀ ਦੁਆਰਾ ਸੰਭਾਵਿਤ ਤੌਰ ’ਤੇ ਵਰਚੂਅਲ ਸਮਾਗਮ ਰਾਹੀ ਇਸ ਵਿਚ ਹਿੱਸਾ ਲਿਆ ਜਾਵੇਗਾ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਤੋਂ ਬਾਅਦ ਬੇਜਮੀਨੇ ਖੇਤ ਮਜਦੂਰਾਂ ਦਾ ਵੀ 590 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਵਿਚਕਾਰ ਇਹ ਵੀ ਚਰਚਾ ਚੱਲੀ ਸੀ ਕਿ 30 ਜੂਨ 2021 ਤੱਕ ਕਰਜਾ ਅਦਾ ਕਰਨ ਵਾਲੇ ਮਜਦੂਰਾਂ ਨੂੰ ਇਹ ਲਾਭ ਨਹੀਂ ਮਿਲੇਗਾ ਪ੍ਰੰਤੂ ਸਹਿਕਾਰਤਾ ਵਿਭਾਗ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤਹਿਤ ਕਰਜਾ ਮੁਆਫ਼ੀ ਦੀ ਹੱਦ 31 ਮਾਰਚ 2017 ਨੂੰ ਹੀ ਲਿਆ ਜਾ ਰਿਹਾ ਹੈ। ਇੱਥੇ ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਇਸਤੋਂ ਪਹਿਲਾਂ ਦੋ ਪੜਾਵਾਂ ਵਿਚ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰਨ ਦੀ ਮੁਹਿੰਮ ਚਲਾ ਚੁੱਕੀ ਹੈ। ਉਜ ਦੂਜੇ ਪੜਾਅ ਤਹਿਤ ਢਾਈ ਤੋਂ ਪੰਜ ਏਕੜ ਤੱਕ ਵਾਲੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਵਾਲੀ ਸਕੀਮ ਵਿਚ ਹਾਲੇ ਵੱਡੀ ਗਿਣਤੀ ਵਿਚ ਕਿਸਾਨਾਂ ਬਕਾਇਆ ਰਹਿੰਦੇ ਹਨ। ਚਰਚਾ ਮੁਤਾਬਕ ਸਰਕਾਰ ਆਉਣ ਵਾਲੇ ਸਮੇਂ ਵਿਚ ਲੰਬਿਤ ਪਏ ਕਰਜ਼ਾ ਮੁਆਫ਼ੀ ਦੇ ਕੇਸਾਂ ਨੂੰ ਨਿਬੇੜ ਸਕਦੀ ਹੈ। ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਕੀਮ ਤਹਿਤ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਢਾਈ ਸੋ ਕਰੋੜ ਦੇ ਕਰੀਬ ਰਾਸ਼ੀ ਸੁਸਾਇਟੀਆਂ ਦੇ ਵਿਚ ਪੁੱਜੀ ਹੈ। ਉਧਰ, ਜ਼ਿਲਾ ਕਾਂਗਰਸ ਦੇ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਪੰਜਾਬ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ‘‘ ਸੂਬੇ ’ਚ ਪਹਿਲੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੇ ਨਾਲ-ਨਾਲ ਖੇਤ ਮਜਦੂਰਾਂ ਦੇ ਕਰਜ਼ਾ ਮੁਆਫ਼ੀ ਕਰਕੇ ਕਿਸਾਨ ਤੇ ਮਜਦੂਰ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ’’ ਸ: ਜਟਾਣਾ ਨੇ ਕਿਹਾ ਕਿ ਹੁਣ ਤੱਕ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਜਿਆਦਾਤਰ ਵਾਅਦਿਆਂ ਨੂੰ ਪੂਰਾ ਕਰ ਚੁੱਕਾ ਹੈ ਤੇ ਬਕਾਇਆ ਵਾਅਦੇ ਆਉਣ ਵਾਲੇ ਦਿਨਾਂ ’ਚ ਪੂਰੇ ਕੀਤੇ ਜਾਣਗੇ। ਉਧਰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਵੀ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵਲੋਂ ਕੀਤੇ ਸਾਰੇ ਵਾਅਦੇ ਪੂਰੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਦੀ ਅਗਵਾਈ ਹੇਠ ਮੁੜ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਇਹ ਲੋਕ ਭਲਾਈ ਦੀਆਂ ਸਕੀਮਾਂ ਅੱਗੇ ਵੀ ਜਾਰੀ ਰੱਖੀਆਂ ਜਾਣਗੀਆਂ। 


      

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines