in

43 ਸਾਲਾਂ ਬਾਅਦ ਅਕਾਲੀ-ਭਾਜਪਾ ਗਠਜੋੜ ਨਾਜ਼ੁਕ ਮੋੜ 'ਤੇ

- - No comments


 
ਕਦੇ ਹਿਮਾਇਤ ਤੇ ਕਦੇ ਵਿਰੋਧ ਨੇ ਅਕਾਲੀਆਂ ਦੀ ਸਥਿਤੀ ਹਾਸੋਹੀਣੀ ਬਣੀ




ਸੁਖਜਿੰਦਰ ਮਾਨ

ਬਠਿੰਡਾ, 16 ਸਤੰਬਰ : ਪਿਛਲੇ ਕਰੀਬ ਅੱਠ ਸਾਲਾਂ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸੱਤਾ 'ਚ ਹੁੰਦੇ ਸਮੇਂ ਹੀ 'ਨੂੰਹ-ਮਾਸ' ਦੇ ਰਿਸ਼ਤੇ 'ਚ ਆਈ ਤਰੇੜ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜਿਸਦੇ ਚੱਲਦੇ ਅਪਣਿਆਂ ਤੋਂ ਖ਼ਤਰਾ ਮਹਿਸੂਸ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵਲੋਂ 1977 'ਚ ਪਹਿਲੀ ਵਾਰ ਜਨਸੰਘੀਆਂ ਨਾਲ ਪਾਈ 'ਰਾਜਸ਼ੀ ਸਾਂਝ'  ਹੁਣ ਖ਼ਤਮ ਹੋਣ ਦੇ ਨਾਜ਼ੁਕ ਮੋੜ 'ਤੇ ਪੁੱਜ ਗਈ ਹੈ। ਮੌਜੂਦਾ ਸਮੇਂ ਨਾ ਭਾਜਪਾ ਵਿਚ ਅਟਲ ਬਿਹਾਰੀ ਵਾਜ਼ਪਾਈ ਤੇ ਮਦਨ ਲਾਲ ਖ਼ੁਰਾਣਾ ਵਰਗੇ ਆਗੂ ਰਹੇ ਹਨ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਪ੍ਰਕਾਸ਼ ਸਿੰਘ ਬਾਦਲ ਦਾ ਗਲਬਾ ਨਾਮਤਰ ਰਹਿ ਗਿਆ ਹੈ। ਜਿਸ ਕਾਰਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਹੱਠਧਰਮੀ ਕਰਕੇ ਪਹਿਲਾਂ ਲਾਗੂ ਕੀਤੇ ਖੇਤੀ ਆਰਡੀਨੈਂਸਾਂ ਨੂੰ ਹੁਣ ਬਿੱਲ ਵਜੋਂ ਮੰਨਜੂਰ ਕਰਵਾਉਣ ਦੇ ਦ੍ਰਿੜ ਇਰਾਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਜਿਹੇ ਮੋੜ 'ਤੇ ਲਿਆ ਕੇ ਖ਼ੜਾ ਕਰ ਦਿੱਤਾ ਹੈ, ਜਿੱਥੇ ਜੇਕਰ ਉਹ ਅੱਗੇ ਵਧਦੇ ਹਨ ਤਾਂ ਖੂਹ ਹੈ ਤੇ ਜੇਕਰ ਪਿੱਛੇ ਮੁੜਦੇ ਹਨ ਤਾਂ ਖਾਈ ਦਿਖ਼ਾਈ ਦਿੰਦੀ ਹੈ। ਹਾਲਾਂਕਿ ਇਸ ਮਾਮਲੇ ਵਿਚ ਹੁਣ ਭਾਜਪਾਈ ਚੁੱਪ ਹਨ ਤੇ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਦੀ ਨੀਤੀ ਉਪਰ ਚੱਲ ਰਹੇ ਹਨ ਜਦੋਂਕਿ ਅਕਾਲੀ ਆਗੂਆਂ ਨੇ ਹੋਣੀ ਨੂੰ ਸਾਹਮਣੇ ਦੇਖਦਿਆਂ ਜ਼ਿਲ੍ਹਾ ਪੱਧਰ 'ਤੇ ਪ੍ਰੈਸ ਨੋਟ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ਦੇ ਸਟੈਂਡ ਦੀ ਸਲਾਘਾ ਕੀਤੀ ਹੈ। ਜਦੋਂਕਿ ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਪੱਕੀ ਵੋਟ ਮੰਨੀ ਜਾਂਦੇ ਸਿੱਖ ਪੰਥ ਦੀ ਨਰਾਜ਼ਗੀ ਪਹਿਲਾਂ ਹੀ ਬਾਦਲਾਂ ਨਾਲ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਦਿਖ਼ਾਈ ਦੇ ਰਹੀ ਸੀ ਤੇ ਹੁਣ ਕਿਸਾਨੀ ਵੋਟ ਬੈਂਕ ਨੂੰ ਬਚਾਉਣ ਲਈ 'ਮਰਦਾ ਕੀ ਨਾ ਕਰਦਾ' ਦੀ ਕਹਾਵਤ ਮੁਤਾਬਕ ਚੁੱਕਿਆ ਆਖ਼ਰੀ ਕਦਮ ਵੀ ਸਹੀ ਰਾਸਤੇ ਜਾਂਦਾ ਦਿਖ਼ਾਈ ਨਹੀਂ ਦੇ ਰਿਹਾ। 

                            ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਆਰਡੀਨੈਂਸ ਲਾਗੂ ਕਰਨ ਤੋਂ ਲੈ ਕੇ ਦੋ ਦਿਨ ਪਹਿਲਾਂ ਤੱਕ ਇਸਦੇ ਹੱਕ ਵਿਚ ਡਟਦੇ ਆ ਰਹੇ ਅਕਾਲੀਆਂ ਵਲੋਂ ਅਚਾਨਕ ਲਈ 'ਯੂ-ਟਰਨ' ਵੀ ਉਨ੍ਹਾਂ ਦੇ ਹੱਕ ਵਿਚ ਭੁਗਤਦੀ ਦਿਖ਼ਾਈ ਨਹੀਂ ਦਿੰਦੀ, ਕਿਉਂਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਖ਼ੁਦ ਸੁਖਬੀਰ ਸਿੰਘ ਬਾਦਲ ਵਲੋਂ ਇੰਨ੍ਹਾਂ ਆਰਡੀਨੈਂਸਾਂ ਨੂੰ ਸਹੀ ਦਰਸਾਉਣ ਲਈ ਲਗਾਏ ਜੋਰ ਤੋਂ ਇਲਾਵਾ ਇਸ ਮਾਮਲੇ ਵਿਚ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਵੀ ਪਿਛਲੇ ਦਿਨੀਂ ਜਾਰੀ ਇੱਕ ਵੀਡੀਓ ਬਿਆਨ ਵਿਚ ਖੁੱਲ ਕੇ ਇਸ ਆਰਡੀਨੈਂਸਾਂ ਦੇ ਹੱਕ ਵਿਚ ਦੁਹਾਈ ਦਿੰਦੇ ਦਿਖ਼ਾਈ ਦਿੱਤੇ ਸਨ। ਜਿਸਤੋਂ ਬਾਅਦ ਹੁਣ ਅਚਾਨਕ ਸੰਸਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਡਟ ਕੇ ਕੀਤਾ ਵਿਰੋਧ ਤੇ ਗਠਜੋੜ ਵਿਚ ਸ਼ਾਮਲ ਹੁੰਦੇ ਹੋਏ ਵੀ ਇਸ ਬਿੱਲ ਵਿਰੁਧ ਪਾਈ ਵੋਟ ਤੋਂ ਬਾਅਦ ਹੁਣ ਮੋਦੀ-ਸ਼ਾਹ ਦੀ ਜੋੜੀ ਬਾਦਲ ਪ੍ਰਵਾਰ ਦੇ ਗਲਬੇ ਵਾਲੇ ਅਕਾਲੀ ਦਲ ਨੂੰ ਬਹੁਤ ਦਿਨ ਨਾਲ ਲੈ ਕੇ ਚੱਲਣ ਤੋਂ ਅਸਮਰੱਥ ਦਿਖ਼ਾਈ ਦਿੰਦੀ ਨਜ਼ਰ ਆ ਰਹੀ ਹੈ। ਉਂਜ 2012 ਤੋਂ 2017 ਤੱਕ ਸੱਤਾ ਵਿਚ ਭਾਈਵਾਲ ਹੁੰਦੇ ਹੋਏ ਵੀ ਖੂੰਜੇ ਲੱਗੇ ਰਹੇ ਜਿਆਦਾਤਰ ਭਾਜਪਾਈ ਪਹਿਲਾਂ ਹੀ ਪੰਜਾਬ 'ਚ ਏਕਲੇ ਚਲੋਂ ਦੀ ਨੀਤੀ ਦਾ ਰਾਗ ਅਲਾਪ ਰਹੇ ਹਨ। ਅਜਿਹੀ ਸਿਆਸੀ ਹਾਲਾਤ 'ਚ ਅਕਾਲੀ ਦਲ ਦੀ ਖ਼ਾਲੀ ਥਾਂ ਭਰਨ ਲਈ ਸੁਖਦੇਵ ਸਿੰਘ ਢੀਢਸਾ ਦੀ ਅਗਵਾਈ ਹੇਠ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਪਹਿਲਾਂ ਹੀ ਤਿਆਰ ਬੈਠਾ ਜਾਪ ਰਿਹਾ ਹੈ। ਹਾਲਾਂਕਿ ਸਪੋਕਸਮੈਨ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸ: ਢੀਂਢਸਾ ਨੇ ਦਾਅਵਾ ਕੀਤਾ ਕਿ ਉਹ ਮੋਦੀ ਦੀ ਵਜ਼ਾਰਤ ਵਿਚ ਸ਼ਾਮਲ ਨਹੀਂ ਹੋਣ ਜਾ ਰਹੇ ਹਨ। ਸਿਆਸੀ ਮਾਹਰਾਂ ਮੁਤਾਬਕ ਦਿੱਲੀ ਹਕਮਤ ਨਾਲੋਂ ਵੱਖ ਹੋਣ ਤੋਂ ਬਾਅਦ ਬਾਦਲਾਂ ਨੂੰ ਸਿਆਸੀ ਹਾਸ਼ੀਏ 'ਤੇ ਧੱਕਣ ਲਈ ਸਿਆਸੀ ਵਿਰੋਧੀ ਤਰਲੋਮੱਛੀ ਹੋ ਰਹੇ ਹਨ। ਅਜਿਹੇ ਬਦਲਦੇ ਸਿਆਸੀ ਹਾਲਾਤਾਂ 'ਚ ਆਉਣ ਵਾਲੇ ਸਮੇਂ ਦੌਰਾਨ ਬਰਗਾੜੀ ਸਿਆਸੀ ਕਾਂਡ ਦਾ ਸੇਕ ਵੀ ਇਸ ਪ੍ਰਵਾਰ ਨੂੰ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ।

ਬਠਿੰਡਾ ਥਰਮਲ ਪਲਾਂਟ ਦੀ ਹੋਂਦ ਮਿਟਾਉਣ ਲਈ ਉਲਟੀ ਗਿਣਤੀ ਸ਼ੁਰੂ

- - No comments

 ਪਾਵਰਕਾਮ ਨੇ ਮੁੰਬਈ ਫ਼ਰਮ ਨੂੰ 164 ਕਰੋੜ 'ਚ ਥਰਮਲ ਢਾਹੁਣ ਦਾ ਠੇਕਾ ਦਿੱਤਾ

ਸੁਖਜਿੰਦਰ ਮਾਨ


ਬਠਿੰਡਾ, 11 ਸਤੰਬਰ : ਬਠਿੰਡਾ ਦੇ ਟਿੱਬਿਆਂ ਨੂੰ ਰੰਗ ਭਾਗ ਲਾਉਣ ਵਾਲੇ 50 ਸਾਲਾਂ ਪੁਰਾਣੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਹੋਂਦ 

ਮਿਟਾਉਣ ਲਈ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਪਾਵਰਕਾਮ ਵਲੋਂ ਦਿੱਤੇ ਟੈਂਡਰ ਤੋਂ ਬਾਅਦ 9 ਸਤੰਬਰ ਨੂੰ ਹੋਈ ਆਨਲਾਈਨ ਬੋਲੀ ਤੋਂ ਬਾਅਦ ਹੁਣ ਮੁੰਬਈ ਦੀ ਇਕ ਫਰਮ ਨੂੰ ਇਸ ਪਲਾਂਟ ਨੂੰ ਢਾਹੁਣ ਲਈ 164 .6 ਕਰੋੜ ਰੁਪਏ ਵਿਚ ਠੇਕਾ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦੋ ਹਫ਼ਤਿਆਂ 'ਚ ਸਾਰੀਆਂ ਕਾਨੂੰਨੀ ਅੜਚਣਾਂ ਦੂਰ ਹੋਣ ਤੋਂ ਬਾਅਦ ਜਲਦੀ ਹੀ ਉਕਤ ਫ਼ਰਮ ਬਠਿੰਡਾ ਦੇ ਇਸ ਇਤਿਹਾਸਕ ਪਲਾਂਟ ਦੀ ਹੋਂਦ ਮਿਟਾਉਣ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਪਾਵਰਕਾਮ ਦੇ ਡਾਇਰੈਕਟਰ ਵਿੱਤ ਜਤਿੰਦਰ ਗੋਇਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ '' ਮੁੰਬਈ ਦੀ ਸਫ਼ਲ ਬੋਲੀਕਾਰ ਕੰਪਨੀ ਨੂੰ ਬੰਦ ਪਏ ਇਸ ਪਲਾਂਟ ਨੂੰ ਢਾਹੁਣ ਲਈ 164.6 ਕਰੋੜ 'ਚ ਠੇਕਾ ਦਿੱਤਾ ਗਿਆ ਹੈ। '' ਉਂਜ ਪਤਾ ਚੱਲਿਆ ਹੈ ਕਿ ਲੋਕਾਂ ਦੇ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਸ ਪਲਾਂਟ ਦੇ ਕੂਲਿੰਗ ਟਾਵਰਾਂ ਤੇ ਚਾਰੋਂ ਝੀਲਾਂ ਨੂੰ ਜਿਊਂ ਦਾ ਤਿਊਂ ਰੱਖਣ ਦਾ ਫੈਸਲਾ ਲਿਆ ਹੈ। ਜਦੋਂਕਿ ਇਸ ਪਲਾਂਟ ਦੇ ਖ਼ਤਮ ਹੋਣ ਤੋਂ ਬਾਅਦ ਇਸਦੀ ਕਰੀਬ 1,350 ਏਕੜ ਜਮੀਨ ਵਿਚ ਮੈਗਾ ਇੰਡਸਟਰੀਅਲ ਪਾਰਕ ਬਣਾਉਣ ਲਈ ਦਿੱਤੀ ਜਾਵੇਗੀ। ਇਸ ਸਬੰਧ ਵਿਚ ਪੰਜਾਬ ਕੈਬਨਿਟ ਵਲੋਂ ਕੁੱਝ ਹਫ਼ਤੇ ਪਹਿਲਾਂ ਸਿਧਾਂਤਕ ਤੌਰ 'ਤੇ ਇਹ ਜਮੀਨ ਪੁੱਡਾ ਨੂੰ ਸੋਂਪਣ ਦਾ ਫੈਸਲਾ ਲਿਆ ਜਾ ਚੁੱਕਾ ਹੈ। ਜਿਸਤੋਂ ਬਾਅਦ ਪੁੱਡਾ ਇਸ ਜਮੀਨ ਨੂੰ 80:20 ਫ਼ੀਸਦੀ ਦੇ ਹਿਸਾਬ ਨਾਲ ਵਿਕਸਤ ਕਰੇਗੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਪਲਾਂਟ ਨੂੰ ਮੁੜ ਚਾਲੂ ਕਰਨ ਲਈ ਜਨਤਕ ਤੌਰ 'ਤੇ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਉਨ੍ਹਾਂ ਦੀਆਂ ਨਜ਼ਰਾਂ ਵਿਚ ਇਹ ਥਰਮਲ ਪਲਾਂਟ ਪੰਜਾਬ ਸਰਕਾਰ 'ਤੇ ਭਾਰ ਬਣ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੀ ਏਜੰਸੀ ਪੇਡਾ ਵਲੋਂ ਵੀ ਕੁੱਝ ਹਫ਼ਤੇ ਪਹਿਲਾਂ ਪਲਾਂਟ ਦੀ ਰਾਖ਼ ਸੁੱਟਣ ਵਾਸਤੇ ਵਰਤੀਂ ਜਾਂਦੀ500 ਏਕੜ ਜਮੀਨ 'ਤੇ ਸੌਰ ਉਰਜ਼ਾ ਪਲਾਂਟ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਪ੍ਰੰਤੂ ਹੁਣ ਇਸ ਯੋਜਨਾ 'ਤੇ ਵੀ ਪਾਣੀ ਫ਼ਿਰ ਗਿਆ ਹੈ। ਉਂਜ ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਬੰਦ ਕੀਤੇ ਜਾਣ ਵਾਲੇ ਚਾਰਾਂ ਵਿਚੋਂ ਇੱਕ ਯੂਨਿਟ ਨੂੰ ਪਰਾਲੀ 'ਤੇ ਚਲਾਉਣ ਦਾ ਸੁਝਾਅ ਦਿੱਤਾ ਸੀ, ਜਿਸ ਉਪਰ ਪੰਜਾਬ ਸਰਕਾਰ ਵਲੋਂ ਗੌਰ ਨਹੀਂ ਫ਼ਰਮਾਇਆ ਗਿਆ। ਇੱਥੇ ਦਸਣਾ ਬਣਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾਂ ਸਤਾਬਦੀ ਮੌਕੇ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੁਆਰਾ ਇਸ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਪਲਾਂਟ 1974 ਵਿਚ ਪੂਰੀ ਤਰ੍ਹਾਂ ਚਾਲੂ ਹੋ ਗਿਆ ਸੀ। ਇਸਤੋਂ ਇਲਾਵਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ  715 ਕਰੋੜ ਰੁਪਏ ਖ਼ਰਚ ਕਰਕੇ ਇਸ ਪਲਾਂਟ ਦੇ ਨਾ ਸਿਰਫ਼ ਚਾਰਾਂ ਯੂਨਿਟਾਂ ਦਾ ਨਵੀਨੀਕਰਨ ਕੀਤਾ ਗਿਆ ਸੀ, ਬਲਕਿ ਦੋ ਯੂਨਿਟਾਂ ਦੀ ਸਮਰੱਥਾ ਵੀ ਵਧਾ ਕੇ 120-120 ਯੂਨਿਟ ਕੀਤੀ ਗਈ ਸੀ। ਜਿਸਤੋਂ ਬਾਅਦ ਇਸ ਥਰਮਲ ਪਲਾਂਟ ਦੀ ਮਿਆਦ 2029 ਤੱਕ ਵਧ ਗਈ ਸੀ। ਜਿਕਰਯੋਗ ਹੈ ਕਿ ਮੌਜੂਦਾ ਸਰਕਾਰ ਦੌਰਾਨ 1 ਜਨਵਰੀ 2018 ਤੋਂ ਇਹ ਥਰਮਲ ਪਲਾਂਟ ਪੱਕੇ ਤੌਰ 'ਤੇ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਸੀ, ਕਿ ਇਸਦਾ ਉਤਪਾਦਨ ਖ਼ਰਚਾ ਕਾਫ਼ੀ ਮਹਿੰਗਾ ਪੈਂਦਾ ਹੈ। ਇਸਤੋਂ ਇਲਾਵਾ ਹੁਣ ਲੰਘੀ 20 ਅਗੱਸਤ ਨੂੰ ਪਾਵਰਕਾਮ ਦੇ ਬੋਰਡ ਆਫ਼ ਡਾਇਰੈਕਟਰ ਦੀ ਹੋਈ ਮੀਟਿੰਗ ਵਿਚ ਬਠਿੰਡਾ ਥਰਮਲ ਦੀਆਂ 2167 ਆਸਾਮੀਆਂ ਨੂੰ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਸੂਬੇ ਦੀਆਂ ਮੁੱਖ ਵਿਰੋਧੀ ਪਾਰਟੀਆਂ ਤੋਂ ਇਲਾਵਾ ਥਰਮਲ ਤੇ ਪਾਵਰਕਾਮ ਦੇ ਕਾਮੇ ਮੁੜ ਇਸ ਪਲਾਂਟ ਨੂੰ ਚੱਲਦਾ ਦੇਖਣ ਲਈ ਸੰਘਰਸ਼ ਕਰ ਰਹੇ ਹਨ।

ਕਰੋਨਾ ਦਾ ਕਹਿਰ

- - No comments

 ਬਠਿੰਡਾ 'ਚ ਇੱਕ ਦਿਨ ਵਿਚ ਮਸ਼ਹੂਰ ਡਾਕਟਰ ਸਹਿਤ 10 ਮੌਤਾਂ

ਬਠਿੰਡਾ ਦੇ ਰਾਮਬਾਗ 'ਚ ਪਹਿਲੀ ਵਾਰ 6 ਲਾਸ਼ਾਂ ਦਾ ਕੀਤਾ ਇਕੱਠਿਆਂ ਸੰਸਕਾਰ
ਸੁਖਜਿੰਦਰ ਮਾਨ
ਬਠਿੰਡਾ, 10 ਸਤੰਬਰ : ਸੂਬੇ ਦੇ ਛੋਟੇ ਜ਼ਿਹੇ ਸ਼ਹਿਰ ਬਠਿੰਡਾ 'ਚ ਕਰੋਨਾ ਨੇ ਅਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਵਿਚ ਜਿੱਥੇ ਹਰ ਰੋਜ਼ ਡੇਢ ਸੋ ਦੇ ਕਰੀਬ ਕਰੋਨਾ ਲਾਗ ਤੋਂ ਪੀੜ੍ਹਤ ਮਰੀਜ਼ ਆ ਰ

ਹੇ ਹਨ, ਉਥੇ ਅੱਜ ਕਰੋਨਾ ਲਾਗ ਤੋਂ ਪੀੜ੍ਹਤ ਪਹਿਲੀ ਵਾਰ ਰਿਕਾਰਡ ਤੋੜ 10 ਵਿਅਕਤੀਆਂ ਨੇ ਦਮ ਤੋੜ ਦਿੱਤਾ। ਜਿਸ ਨਾਲ ਜ਼ਿਲ੍ਹੇ ਵਿਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 68 ਤੱਕ ਪੁੱਜ ਗਈ ਹੈ। ਅੱਜ ਮਰਨ ਵਾਲਿਆਂ ਵਿਚ 6 ਜਣਿਆਂ ਦੀ ਮੌਤ ਫ਼ਰੀਦਕੋਟ ਮੈਡੀਕਲ ਕਾਲਜ਼ ਵਿਚ ਹੋਈ ਜਦੋਂਕਿ 4 ਜਣੇ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਦਾਖ਼ਲ ਸਨ। ਮਰਨ ਵਾਲਿਆਂ ਵਿਚੋਂ 8 ਜਣੇ ਸ਼ਹਿਰੀ ਅਤੇ 2 ਮ੍ਰਿਤਕ ਦਿਹਾਤੀ ਖੇਤਰ ਨਾਲ ਸਬੰਧਤ ਸਨ। ਇਕੱਲੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਵਲੋਂ ਹੀ ਇੱਕੋ ਸਮੇਂ ਸਥਾਨਕ ਰਾਮ ਬਾਗ 'ਚ 6 ਕਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦਾ ਇੱਕੋਂ ਸਮੇਂ ਸੰਸਕਾਰ ਕੀਤਾ ਗਿਆ। ਮ੍ਰਿਤਕਾਂ ਵਿਚ ਸ਼ਹਿਰ ਦਾ ਇੱਕ ਨਾਮੀ ਸ਼ਰਜਨ ਡਾਕਟਰ ਮੇਲਾ ਰਾਮ ਬਾਂਸਲ ਵੀ ਸ਼ਾਮਲ ਹੈ, ਜਿਹੜਾ ਸ਼ਹਿਰ ਦੇ ਪੁਰਾਣੇ ਡਾਕਟਰਾਂ ਵਿਚ ਸ਼ਾਮਲ ਸੀ ਅਤੇ ਉਸਨੂੰ ਗਰੀਬਾਂ ਦਾ ਮਸੀਹਾਂ ਵੀ ਕਿਹਾ ਜਾਂਦਾ ਸੀ। ਸੂਚਨਾ ਮੁਤਾਬਕ 93 ਸਾਲਾਂ ਡਾ. ਬਾਂਸਲ ਪਿਛਲੇ 10 ਦਿਨਾਂ ਤੋਂ  ਦਿੱਲੀ ਸਥਿਤ ਮੇਦਾਂਤਾ ਹਸਪਤਾਲ ਵਿਚ ਦਾਖ਼ਲ ਸੀ। ਉਨ੍ਹਾਂ ਦੀ ਇੱਕ ਹਫ਼ਤਾ ਪਹਿਲਾਂ ਕਰੋਨਾ ਰੀਪੋਰਟ ਪਾਜ਼ੀਟਿਵ ਆਈ ਸੀ। ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਇਹ ਵੀ ਪਤਾ ਚੱਲਿਆ ਹੈ ਕਿ ਮ੍ਰਿਤਕ ਡਾਕਟਰ ਦੇ ਹੋਰ ਪ੍ਰਵਾਰਕ ਮੈਂਬਰ ਵੀ ਕਰੋਨਾ ਮਹਾਂਮਾਰੀ ਨਾਲ ਲੜਾਈ ਲੜ ਰਹੇ ਹਨ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਡਾ ਮੇਲਾ ਰਾਮ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਕਰ ਦਿੱਤਾ। ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਡਾ ਬਾਸਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਸਣਾ ਬਣਦਾ ਹੈ ਕਿ ਡਾ. ਮੇਲਾ ਰਾਮ ਸ਼ਹਿਰ ਦਾ ਇੱਕ ਪ੍ਰਮੁੱਖ ਸਰਜਨ ਸੀ ਅਤੇ ਇੱਕ ਸਮਾਜ ਸੇਵਕ ਵੀ ਸੀ। ਉਸਨੇ ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਸ਼ਹਿਰ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਇਸ ਸਮੇਂ ਦੌਰਾਨ ਕਦੇ ਵੀ ਆਰਥਿਕ ਪੱਖ ਨੂੰ ਮਹੱਤਵ ਨਹੀਂ ਦਿੱਤਾ । ਇਹੀ ਕਾਰਨ ਸੀ ਕਿ ਉਸਨੂੰ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਸੀ। ਉਧਰ ਹੋਰਨਾਂ ਮੌਤਾਂ ਵਿਚ ਸ਼ਹਿਰ ਦੇ ਹਾਜੀਰਤਨ ਗੇਟ ਨਜਦੀਕ ਰਹਿਣ ਵਾਲੀ 65 ਸਾਲਾ ਪ੍ਰੀਤ ਕੌਰ ਦੀ ਕਰੋਨਾ ਰੀਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸਨੂੰ ਡੀਡੀਆਰਸੀ ਸੈਂਟਰ ਬਠਿੰਡਾ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸਦੀ ਮੌਤ ਹੋ ਗਈ। ਸੁਰਿੰਦਰ ਕੁਮਾਰ ਵਰਮਾ ਨਿਵਾਸੀ ਗਲੀ ਨੰਬਰ 13 ਨਾਮਦੇਵ ਨਗਰ ਅਤੇ 65 ਸਾਲਾ ਰਾਜਪਾਲ ਨਿਵਾਸੀ ਪਰਸਰਾਮ ਨਗਰ ਗਲੀ ਦੀ ਵੀ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੋਵੇਂ ਦੀਆਂ ਕਰੋਨਾਂ ਰਿਪੋਰਟਾਂ ਪਾਜ਼ੀਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪਿਆ ਸੀ। ਇਸੇ ਤਰ੍ਹਾਂ 74 ਸਾਲਾ ਔਰਤ ਸੁਰਜੀਤ ਕੌਰ ਗਲੀ ਨੰਬਰ ਇੱਕ ਨਾਮਦੇਵ ਨਗਰ ਦੀ ਵੀ ਕੋਰੋਨਾ ਵਾਇਰਸ ਨਾਲ ਲਾਗ ਤੋਂ ਪੀੜ੍ਹਤ ਹੋਣ ਤੋਂ ਬਾਅਦ ਮੌਤ ਹੋ ਗਈ। ਉਸਨੂੰ ਵੀ ਆਪਣੀ ਸਾਹ ਅਤੇ ਬੁਖਾਰ ਤੋਂ ਬਾਅਦ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਸਥਾਨਕ ਸ਼ਹਿਰ ਦੇ ਕੋਰਟ ਰੋਡ 'ਤੇ ਸਥਿਤ ਪਟਵਾਰੀਆਂ ਵਾਲੀ ਗਲੀ ਦੇ ਵਾਸੀ 64 ਸਾਲਾਂ ਹਰਮੇਲ ਸਿੰਘ ਨੇ ਵੀ ਦਮ ਤੋੜ ਦਿੱਤਾ। ਉਸਨੂੰ ਸਾਹ ਅਤੇ ਛਾਤੀ ਦੀ ਦਿੱਕਤ ਦੇ ਨਾਲ ਤੇਜ਼ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਜਿੱਥੇ ਕਰੋਨਾ ਰੀਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ 8 ਸਤੰਬਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਭੇਜ ਦਿੱਤਾ। ਇਕ ਹੋਰ ਕੇਸ ਵਿੱਚ ਇਸਤੋਂ ਇਲਾਵਾ ਸਥਾਨਕ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਰਾਜੇਸ਼ ਕੁਮਾਰ ਜਿੰਦਲ 70 ਸਾਲ ਵੀ ਫ਼ਰੀਦਕੋਟ ਮੈਡੀਕਲ ਕਾਲਜ਼ ਵਿਚ ਦਾਖ਼ਲ ਸੀ, ਜਿੱਥੇ ਉਸਦੀ ਮੌਤ ਹੋ ਗਈ। ਜਦੋਂਕਿ ਸ਼ਹਿਰ ਦੇ ਰਜਿੰਦਰ ਪ੍ਰਸ਼ਾਦ 55 ਸਾਲ ਵਾਸੀ ਸੁਰਖਪੀਰ ਰੋਡ ਨਿਵਾਰਣ ਹਸਪਤਾਲ ਵਿਚ ਦਾਖ਼ਲ ਸੀ, ਜਿੱਥੇ ਉਸਦੀ ਮੌਤ ਹੋ ਗਈ। ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਨਾਲ ਸਬੰਧਤ ਗੁਰਾ ਸਿੰਘ ਪੁੱਤਰ ਘੁੰਮਣ ਸਿੰਘ ਵਾਸੀ ਪਿੰਡ ਮਲੂਕਾ ਵੀ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਵਿਚ ਦਾਖ਼ਲ ਸੀ, ਉਸਦੀ ਵੀ ਮੌਤ ਹੋ ਗਈ ਹੈ। ਇਸਤੋਂ ਇਲਾਵਾ ਤਲਵੰਡੀ ਸਾਬੋ ਵਾਸੀ ਹਰਜੀਤ ਸਿੰਘ 80 ਸਾਲ ਸਥਾਨਕ ਨਿਵਾਰਣ ਹਸਪਤਾਲ ਵਿਚ ਦਾਖ਼ਲ ਸੀ ਨੇ ਵੀ ਦਮ ਤੋੜ ਦਿੱਤਾ। ਤਲਵੰਡੀ ਸਾਬੋ ਅਤੇ ਸੁਰਖਪੀਰ ਰੋਡ ਦੇ ਮ੍ਰਿਤਕਾਂ ਦਾ ਸਹਾਰਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਰਕਰਾਂ ਵਲੋਂ ਅਤੇ ਦੂਜੇ ਸਾਰਿਆਂ ਦਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਰਕਰਾਂ ਨੇ ਅੰਤਿਮ ਸੰਸਕਾਰ ਕਰਵਾਇਆ।

ਬਾਕਸ
ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 3800 ਤੋਂ ਟੱਪੀ
ਬਠਿੰਡਾ: ਉਧਰ ਜ਼ਿਲੇ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 3802 ਹੋ ਗਈ ਹੈ। ਹਾਲਾਂਕਿ ਇੰਨ੍ਹਾਂ ਮਰੀਜ਼ਾਂ ਵਿਚੋਂ 2232 ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਡਿਪਟੀ ਕਮਿਸ਼ਨਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿਚ ਅੱਜ 147 ਨਵੇਂ ਪਾਜ਼ੀਟਿਵ ਕੇਸ ਆਏ ਹਨ।