ਕਾਂਗਰਸੀ ਕੋਂਸਲਰਾਂ ਦੀ ਨਰਾਜ਼ਗੀ ਤੋਂ ਬਾਅਦ ਕਈ ਥਾਣਾ ਮੁਖੀ ਬਦਲੇ

- - No comments

 ਸੁਖਜਿੰਦਰ ਮਾਨ


ਬਠਿੰਡਾ, 18 ਜੁਲਾਈ : ਦੋ ਦਿਨ ਪਹਿਲਾਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ, ਕੋਂਸਲਰਾਂ ਤੇ ਪੁਲਿਸ ਅਧਿਕਾਰੀਆਂ ਦੀ ਆਹਮੋ-ਸਾਹਮਣੇ ਹੋਈ ਪਲੇਠੀ ਮੀਟਿੰਗ ਤੋਂ ਬਾਅਦ ਹੁਣ ਸ਼ਹਿਰ ਦੇ ਕਈ ਥਾਣਿਆਂ ਦੇ ਮੁਖੀਆਂ ਨੂੰ ਬਦਲ ਦਿੱਤਾ ਗਿਆ ਹੈ। ਚਰਚਾ ਮੁਤਾਬਕ ਇਹ ਕਦਮ ਕੋਂਸਲਰਾਂ ਤੇ ਕਾਂਗਰਸੀ ਆਗੂਆਂ ਵਲੋਂ ਅੰਦਰਖ਼ਾਤੇ ਦਿਖ਼ਾਈ ਨਰਾਜ਼ਗੀ ਤੋਂ ਬਾਅਦ ਚੁੱਕਿਆ ਗਿਆ ਹੈ। ਸੂੁਤਰਾਂ ਨੇ ਖ਼ੁਲਾਸਾ ਕੀਤਾ ਗਿਆ ਹੈ ਕਿ ਅਪਣੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਸ਼ਹਿਰ ਦੇ ਪੰਜਾਂ ਥਾਣਿਆਂ ਵਿਚੋਂ ਬਣਦਾ ਸਤਿਕਾਰ ਨਾ ਮਿਲਣ ਕਾਰਨ ਜਿਆਦਾਤਰ ਕਾਂਗਰਸੀ ਆਗੂ ਖ਼ੁਦ ਨੂੰ ਅਸਹਿਜ਼ ਮਹਿਸੂਸ ਕਰ ਰਹੇ ਸਨ। ਸ਼ਹਿਰ ਦੇ ਇੰਨ੍ਹਾਂ ਥਾਣਾ ਮੁਖੀਆਂ ਬਾਰੇ ਇਹ ਪ੍ਰਭਾਵ ਬਣਿਆ ਹੋਇਆ ਸੀ ਕਿ ਇਹ ਲੰਮੇ ਸਮੇਂ ਤੋਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਮਨਪ੍ਰੀਤ ਸਿੰਘ ਬਾਦਲ ਦੇ ਪ੍ਰਵਾਰ ਨਾਲ ਜੁੜੇ ਹੋਣ ਕਾਰਨ ਸਥਾਨਕ ਆਗੂਆਂ ਨੂੰ ਜਿਆਦਾ ਤਵੱਜੋ ਨਹੀਂ ਦਿੰਦੇ ਸਨ। ਮੌਜੂਦਾ ਸਮੇਂ ਪੰਜਾਂ ਵਿਚੋਂ ਚਾਰ ਥਾਣਿਆਂ ਦੇ ਮੁਖੀਆਂ ਦੀ ਜਿੰਮੇਵਾਰੀ ਬਠਿੰਡਾ ਇਲਾਕੇ ਨਾਲ ਜੁੜੇ ਪੁਰਾਣੇ ਥਾਣੇਦਾਰਾਂ ਨੂੰ ਦਿੱਤੀ ਜਾ ਚੁੱਕੀ ਹੈ। ਚਰਚਾ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਸ਼ਹਿਰੀ ਪੁਲਿਸ ਵਿਚ ਹੋਰ ਵੀ ਤਬਦੀਲੀਆਂ ਹੋ ਸਕਦੀਆਂ ਹਨ। ਸੂਚਨਾ ਮੁਤਾਬਕ ਥਾਣਾ ਕੋਤਵਾਲੀ ਦਾ ਨਵਾ ਮੁਖੀ ਇੰਸਪੈਕਟਰ ਨਰਿੰਦਰ ਕੁਮਾਰ ਨੂੰ ਲਗਾਇਆ ਗਿਆ ਹੈ। ਲੰਮਾ ਸਮਾਂ ਪਹਿਲਾਂ ਥਾਣਾ ਕੈਂਟ ਅਤੇ ਹੁਣ ਥਾਣਾ ਨਥਾਣਾ ਦੇ ਮੁਖੀ ਚੱਲੇ ਆ ਰਹੇ ਨਰਿੰਦਰ ਕਾਫ਼ੀ ਸੁਲਝੇ ਹੋਏ ਪੁਲਿਸ ਅਧਿਕਾਰੀ ਮੰਨੇ ਜਾਂਦੇ ਹਨ, ਜਿਹੜੇ ‘ਵੱਡੇ ਘਰ’ ਤੇ ਕਾਂਗਰਸੀ ਆਗੂਆਂ ਨਾਲ ਬਰਾਬਰ ਤਾਲਮੇਲ ਬਣਾ ਕੇ ਚੱਲਣ ਵਿਚ ਮੁਹਾਰਤ ਰੱਖਦੇ ਹਨ। ਇਸੇ ਤਰ੍ਹਾਂ ਥਾਣਾ ਕੈਨਾਲ ਕਲੌਨੀ ਦੀ ਸਬ ਇੰਸਪੈਕਟਰ ਹਰਨੇਕ ਸਿੰਘ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਉਕਤ ਪੁਲਿਸ ਅਧਿਕਾਰੀ ਵੀ ਪਹਿਲਾਂ ਕਈ ਥਾਣਿਆਂ ਤੇ ਚੌਕੀਆਂ ਦੇ ਇੰਚਾਰਜ਼ ਰਹਿ ਚੁੱਕੇ ਹਨ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਥਾਣਾ ਕੋਤਵਾਲੀ ਤੇ ਕੈਨਾਲ ਕਲੌਨੀ ਦੇ ਮੁਖੀ ਦੇ ਤੌਰ ’ਤੇ  ਸਬ ਇੰਸਪੈਕਟਰ ਦਲਜੀਤ ਸਿੰਘ ਤੇ ਅੰਮਿ੍ਰਤਪਾਲ ਸਿੰਘ ਜਿੰਮੇਵਾਰੀ ਨਿਭਾ ਰਹੇ ਸਨ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਹੀ ਥਾਣਾ ਥਰਮਲ ਦੇ ਨੌਜਵਾਨ ਮੁਖੀ ਰਵਿੰਦਰ ਸਿੰਘ ਦਾ ਤਬਦਾਲਾ ਕਰਕੇ ਉਨ੍ਹਾਂ ਦੀ ਥਾਂ ਬਲਵਿੰਦਰ ਸਿੰਘ ਨੂੰ ਲਗਾਇਆ ਗਿਆ ਹੈ।





   

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines