-16 ਜੁਲਾਈ ਨੂੰ ਖ਼ਜ਼ਾਨਾ ਮੰਤਰੀ ਸ਼੍ਰੀ ਮਨਪ੍ਰੀਤ ਬਾਦਲ ਦੇ ਦਫਤਰ ਦਾ ਕੀਤਾ ਜਾਵੇਗਾ ਘਿਰਾਓ: ਅਮਰਜੀਤ ਮਹਿਤਾ

- - No comments

 ਪੰਜਾਬ ਪ੍ਰਦੇਸ਼ ਵਿਉਪਾਰ ਮੰਡਲ ਅਤੇ ਡੀਸੀ ਦਫ਼ਤਰ ਕਾਮਿਆਂ ਦੇ ਆਪਸੀ ਤਾਲਮੇਲ ਨਾਲ  ਬਠਿੰਡਾ ਤੋਂ ਸ਼ੁਰੂ ਕੀਤੀ ਪੈਦਲ ਯਾਤਰਾ ਦਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਮਾਪਨ

-ਭਾਰੀ ਬਾਰਸ਼ ਦੇ ਬਾਵਜੂਦ ਅਮਰਜੀਤ ਮਹਿਤਾ ਦਾ ਜ਼ੋਰਦਾਰ ਸੁਆਗਤ

ਬਠਿੰਡਾ, 15 ਜੁਲਾਈ(ਸੁਖਜਿੰਦਰ ਮਾਨ):-ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਪੰਜਾਬ ਰਾਜ ਜ਼ਿਲ੍ਹਾ (ਡੀਸੀ) ਦਫਤਰ ਕਰਮਚਾਰੀ ਯੂਨੀਅਨ ਦੇ ਆਪਸੀ ਤਾਲਮੇਲ ਨਾਲ ਪੰਜਾਬ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਕਾਰੋਬਾਰੀ ਅਮਰਜੀਤ ਮਹਿਤਾ, ਸੀਨੀਅਰ ਮੀਤ ਪ੍ਰਧਾਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ 7 ਜੁਲਾਈ ਤੋਂ ਪੈਦਲ ਯਾਤਰਾ ਬਠਿੰਡਾ ਤੋਂ ਸ਼੍ਰੀ ਹਰਿਮੰਦਰ ਸਾਹਿਬ ਲਈ ਸ਼ੁਰੂ ਕੀਤੀ ਗਈ ਸੀ। ਜੋ ਵਾਇਆ ਬਾਜਾਖਾਨਾ, ਕੋਟਕਪੂਰਾ, ਜ਼ੀਰਾ, ਹਰੀਕੇ, ਤਰਨਤਾਰਨ ਰਾਹੀਂ ਹੁੰਦੀ ਹੋਈ ਦਰਬਾਰ ਸਾਹਿਬ ਵਿਖੇ 12 ਜੁਲਾਈ ਨੂੰ ਪੁੱਜੀ। ਜਿਸ ਵਿੱਚ ਡੀਸੀ ਦਫ਼ਤਰ ਕਾਮਿਆਂ ਨੇ ਵਪਾਰੀਆਂ ਦੇ ਨਾਲ ਸਹਿਯੋਗ ਅਤੇ ਪੂਰਨ ਸ਼ਮੂਲੀਅਤ ਵੀ ਕੀਤੀ। ਇਸ ਪੈਦਲ ਯਾਤਰਾ ਦੇ  ਦਰਬਾਰ ਸਾਹਿਬ ਕੋਲ ਪੁੱਜਣ ਤੇ ਭਾਰੀ ਬਾਰਸ਼ ਦੇ ਬਾਵਜੂਦ ਵੀ ਜ਼ੋਰਦਾਰ ਢੰਗ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ਸਮੁੱਚੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਵਪਾਰੀ ਵਰਗ ਵੱਡੀ ਗਿਣਤੀ ਵਿੱਚ ਪੁੱਜੇ। ਅੱਜ ਪ੍ਰੈਸ ਕਾਨਫਰੰਸ ਦੌਰਾਨ ਅਮਰਜੀਤ ਮਹਿਤਾ ਨੇ ਪੈਦਲ ਯਾਤਰਾ ਵਿੱਚ ਸਹਿਯੋਗ ਦੇਣ ਵਾਲਿਆਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯਾਤਰਾ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਬੇਸ਼ੁਮਾਰ ਪਿਆਰ ਅਤੇ ਸਤਿਕਾਰ ਦਿੱਤਾ, ਜਿਨ੍ਹਾਂ ਦੇ ਹੌਸਲੇ ਕਾਰਨ ਇਹ ਯਾਤਰਾ ਸਫ਼ਲ ਰਹੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਵੀ ਹਾਜ਼ਰ ਸਨ। ਸ੍ਰੀ ਮਹਿਤਾ ਨੇ ਕਿਹਾ ਕਿ ਇਸ ਵਪਾਰੀ ਵਰਗ ਅਤੇ ਮੁਲਾਜ਼ਮ ਵਰਗ ਦੇ ਇਕੱਠੇ ਹੋ ਕੇ ਲੜੇ ਜਾ ਰਹੇ ਸੰਘਰਸ਼ ਨਾਲ ਕੈਪਟਨ ਸਰਕਾਰ ਦੀਆਂ ਜੜ੍ਹਾਂ ਹਿੱਲ ਜਾਣਗੀਆਂ। ਇਹ ਵੀ ਕਿਹਾ ਕਿ ਇਸ ਵਾਰ ਵਿੱਤ ਮੰਤਰੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚਡ਼੍ਹਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੈਦਲ ਯਾਤਰਾ ਦੇ ਸਮਾਪਤੀ ਸਮੇਂ ਸਮੁੱਚੇ ਵਪਾਰੀ ਵਰਗ ਅਤੇ ਮੁਲਾਜ਼ਮ ਵਰਗ ਵੱਲੋਂ ਸੰਗਤ ਦੇ ਰੂਪ ਵਿੱਚ ਦਰਬਾਰ  ਸਾਹਿਬ ਵਿਖੇ ਪਰਿਕਰਮਾ ਕਰਦਿਆਂ ਵਾਹਿਗੁਰੂ ਵਾਹਿਗੁਰੂ ਅੱਗੇ ਇਹ ਅਰਦਾਸ ਕੀਤੀ ਗਈ ਕਿ ਉਹ ਕੈਪਟਨ ਸਾਬ੍ਹ ਅਤੇ ਸ੍ਰੀ ਮਨਪ੍ਰੀਤ ਬਾਦਲ ਨੂੰ ਸੁਮੱਤ ਬਖ਼ਸ਼ੇ ਅਤੇ ਉਹ ਆਪਣੀ ਗ਼ਲਤੀ ਨੂੰ ਸੁਧਾਰਦੇ ਹੋਏ ਛੇਵਾਂ ਤਨਖ਼ਾਹ ਕਮਿਸ਼ਨ  ਮੁਲਾਜ਼ਮ ਮੰਗ ਅਨੁਸਾਰ 3.01 ਦੇ ਫੈਕਟਰ ਨਾਲ ਵਧਾਕੇ ਲਾਗੂ ਕਰੇ। ਮਹਿੰਗਾਈ ਭੱਤੇ ਦਾ ਬਕਾਇਆ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਚੇ ਮੁਲਾਜ਼ਮ ਪੱਕੇ ਕਰਨ, ਪੂਰੀ ਤਨਖ਼ਾਹ ਤੇ ਭਰਤੀ, ਨਵੀਂ ਭਰਤੀ ਤੇ ਕੇਂਦਰ ਸਰਕਾਰ ਦੇ ਸੱਤਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨ ਦਾ ਪੱਤਰ ਵਾਪਸ ਲੈਣ ਅਤੇ ਵਾਪਸ ਲਏ ਭੱਤੇ ਮੁੜ ਚਾਲੂ ਕਰਨ, ਵਿਭਾਗਾਂ ਦੇ ਪੁਨਰਗਠਨ ਸਮੇਂ ਸਮਾਪਤ ਕੀਤੀਆਂ ਅਸਾਮੀਆਂ ਅਤੇ ਕਾਡਰ ਨੂੰ ਮੁੜ ਬਹਾਲ ਕਰਨ, ਡੀਸੀ ਦਫਤਰ ਦੇ ਮੁਲਾਜ਼ਮਾਂ ਨੂੰ ਪੰਜ ਫ਼ੀਸਦੀ ਪ੍ਰਸ਼ਾਸਕੀ ਭੱਤਾ, ਸੀਨੀਅਰ ਸਹਾਇਕ ਤੋਂ ਨੈਬ ਤਹਿਸੀਲਦਾਰ ਦੀ ਭਰਤੀ ਲਈ ਕੋਟਾ ਪੰਜਾਹ ਫੀਸਦੀ ਕਰਨ, ਨਵਾਂ ਸਟਾਫ ਭਰਤੀ ਕਰਨ ਅਤੇ ਪਦ ਉੱਨਤੀਆਂ ਕਰਨ ਤੋਂ ਇਲਾਵਾ ਹੋਰ ਮੰਗ ਪੱਤਰ ਚ ਸ਼ਾਮਲ ਮੰਗਾਂ ਨੂੰ ਤੁਰੰਤ ਲਾਗੂ ਕਰੇ ਅਤੇ ਇਸ ਦੇ ਨਾਲ ਨਾਲ ਵਪਾਰੀਆਂ ਦੀਆਂ ਜਾਇਜ਼ ਮੰਗਾਂ ਵੀ ਲਾਗੂ ਕਰੇ। ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੀ ਥਾਂ ਵਿੱਚੋਂ 100 ਤੋਂ 200 ਏਕੜ ਜ਼ਮੀਨ ਬਠਿੰਡਾ ਦੇ ਵਪਾਰੀਆਂ ਅਤੇ ਬਠਿੰਡਾ ਨਿਵਾਸੀਆਂ ਲਈ ਰਾਖਵੀਂ ਕੀਤੀ ਜਾਵੇ ਤਾਂ ਜੋ ਬਠਿੰਡਾ ਨਿਵਾਸੀ ਅਪਣਾ ਰੋਜ਼ਗਾਰ ਕਰ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸ਼੍ਰੀ ਮਨਪ੍ਰੀਤ ਬਾਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿਖੇ 16 ਜੁਲਾਈ ਨੂੰ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਅਤੇ ਵਪਾਰੀ ਵਰਗ ਵੱਲੋਂ ਸਾਂਝੇ ਤੌਰ  ਤੇ ਵੱਡੀ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਉਸ ਉਪਰੰਤ ਰੋਸ ਮਾਰਚ ਕੱਢ ਕੇ ਸ਼੍ਰੀ ਮਨਪ੍ਰੀਤ ਬਾਦਲ ਖ਼ਜ਼ਾਨਾ ਮੰਤਰੀ ਦੇ ਦਫਤਰ ਦਾ ਘਿਰਾਓ ਵੀ ਕੀਤਾ ਜਾਵੇਗਾ। ਉਸ ਦਿਨ ਡੀਸੀ ਦਫਤਰਾਂ ਵਿਚ ਮੁਕੰਮਲ ਕੰਮ ਠੱਪ ਰੱਖਿਆ ਜਾਵੇਗਾ। ਕੋਰੋਨਾ ਆਦਿ ਨਾਲ ਜੁੜਿਆ ਕੰਮ ਵੀ ਨਹੀਂ ਕੀਤਾ ਜਾਵੇਗਾ। ਸ੍ਰੀ ਮਹਿਤਾ ਨੇ ਇਹ ਵੀ ਕਿਹਾ ਕਿ ਤਨਖਾਹ ਕਮਿਸ਼ਨ ਤਨਖਾਹਾਂ ਵਿਚ ਵਾਧਾ ਕਰਨ ਲਈ ਦਸ ਸਾਲ ਬਾਅਦ ਬਿਠਾਏ ਜਾਂਦੇ ਹਨ, ਪ੍ਰੰਤੂ ਇਸ ਤਨਖਾਹ ਕਮਿਸ਼ਨ ਵੱਲੋਂ ਤਨਖਾਹਾਂ ਅਤੇ ਭੱਤੇ ਘਟਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਜੋ ਕਿ ਕੈਪਟਨ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਮਾਰੂ ਰਵੱਈਏ ਨੂੰ ਦਰਸਾਉਂਦਾ ਹੈ। ਇਸ ਤੋਂ ਵੀ ਮੁਲਾਜ਼ਮ ਖ਼ਫਾ ਹਨ ਕਿ ਇੰਨੇ ਵੱਡੇ ਸੰਘਰਸ਼ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਨਹੀਂ ਆ ਰਿਹਾ। ਸਿਰਫ਼ ਇਹ ਆਪਣੀ ਕੁਰਸੀ ਦੀ ਲੜਾਈ ਵਿੱਚ ਉਲਝੇ ਹੋਏ ਹਨ, ਪੰਜਾਬ ਦਾ ਕੋਈ ਖਿਆਲ ਨਹੀਂ ਹੈ । ਇਸ ਆਉਣ ਵਾਲੇ ਸੰਘਰਸ਼ ਵਿਚ ਪੰਜਾਬ ਦੇ ਕੈਪਟਨ ਸਰਕਾਰ ਤੋਂ ਦੁਖੀ ਹੋਰਨਾਂ ਵਰਗਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।



No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines