ਭਗਵੰਤ ਮਾਨ ਦੇ ਮੋੜ ਹਲਕੇ ਤੋਂ ਚੋਣ ਲੜਣ ਦੀ ਚਰਚਾ

- - No comments

 ਲੱਖਾ ਸਿਧਾਣਾ ਵੀ ਆ ਸਕਦਾ ਹੈ ਚੋਣ ਮੈਦਾਨ ’ਚ 

ਸੁਖਜਿੰਦਰ ਮਾਨ


ਬਠਿੰਡਾ, 16 ਮਾਰਚ :ਭਾਵੇਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਹਾਲੇ 10 ਮਹੀਨਿਆਂ ਦਾ ਸਮਾਂ ਪਿਆ ਹੈ ਪ੍ਰੰਤੂ ਸਿਆਸੀ ਪਾਰਟੀਆਂ ਵਲੋਂ ਅੰਦਰਖ਼ਾਤੇ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰ ਵੀ ਲੱਭਣੇ ਸ਼ੁਰੂ ਕਰ ਦਿੱਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਦੋ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਦੌਰਾਨ ਇੰਨ੍ਹੀਂ ਦਿਨੀਂ ਜ਼ਿਲ੍ਹੇ ਦੇ ਸਿਆਸੀ ਹਲਕਿਆਂ ਵਿਚ ਅੰਦਰਖਾਤੇ ਸਭ ਤੋਂ ਵੱਧ ਚਰਚਾ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਬਾਰੇ ਚੱਲ ਰਹੀ ਹੈ, ਜਿੰਨ੍ਹਾਂ ਵਲੋਂ ਮੋੜ ਹਲਕੇ ਰਾਹੀਂ ਵਿਧਾਨ ਸਭਾ ਵਿਚ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਪਿਛਲੇ ਲੰਮੇ ਸਮੇਂ ਤੋਂ ਮੁੱਖ ਮੰਤਰੀ ਬਣਨ ਦੀਆਂ ਸਿਆਸੀ ਇਛਾਵਾਂ ਪਾਲ ਰਹੇ ਭਗਵੰਤ ਮਾਨ ਲੋਕ ਸਭਾ ਮੈਂਬਰ ਹੋਣ ਦੇ ਬਾਵਜੂਦ ਵਿਧਾਨ ਸਭਾ ਦੀ ਚੋਣ ਲੜਣਗੇ। ਚਰਚਾ ਮੁਤਾਬਕ ਉਨ੍ਹਾਂ ਇਸ ਸਬੰਧ ਵਿਚ ਪਾਰਟੀ ਹਾਈਕਮਾਂਡ ਤੇ ਅਪਣੇ ਨਜਦੀਕੀਆਂ ਨੂੰ ਇਸ਼ਾਰਾ ਕਰ ਦਿੱਤਾ ਹੈ। 

ਮਹੱਤਵਪੂਰਨ ਗੱਲ ਇਹ ਵੀ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਮੋੜ ਹਲਕੇ ਤੋਂ ਆਪ ਦੇ ਉਮੀਦਵਾਰ ਜਗਦੇਵ ਸਿੰਘ ਕਮਾਲੂ ਨੇ ਇੱਕ ਮੌਜੂਦਾ ਤੇ ਇੱਕ ਸਾਬਕਾ ਮੰਤਰੀ ਨੂੰ ਚਿੱਤ ਕੀਤਾ ਸੀ ਪ੍ਰੰਤੂ ਹੁਣ ਇਹ ਵੱਖਰੀ ਗੱਲ ਹੈ ਕਿ ਉਹ ਆਪ ਦਾ ਸਾਥ ਛੱਡ ਕੇ ਸੁਖਪਾਲ ਖ਼ਹਿਰਾ ਦੇ ਗੁੱਟ ਵਿਚ ਚਲੇ ਗਏ ਹਨ। ਪਾਰਟੀ ਦੇ ਸੂਤਰਾਂ ਮੁਤਾਬਕ ਹਾਲੇ ਵੀ ਇਸ ਹਲਕੇ ਵਿਚ ਪਾਰਟੀ ਦਾ ਮਜਬੂਤ ਕਾਡਰ ਹੈ ਤੇ ਇਕੱਲੇ ਮੋੜ ਸਹਿਰ ਨੂੰ ਛੱਡ ਜਿਆਦਾਤਰ ਦਿਹਾਤੀ ਇਲਾਕਾ ਹੈ। ਮੌਜੂਦਾ ਸਮੇਂ ਇਸ ਹਲਕੇ ਵਿਚੋਂ ਪਾਰਟੀ ਦਾ ਕੋਈ ਕੱਦਾਵਾਰ ਆਗੂ ਟਿਕਟ ਲਈ ਦਾਅਵੇਦਾਰ ਨਹੀਂ ਹੈ ਤੇ ਮੁੱਖ ਮੰਤਰੀ ਦੇ ਅਹੁੱਦੇ ਦੀ ਦੋੜ ’ਚ ਹੋਣ ਕਾਰਨ ਪੰਜਾਬ ਪ੍ਰਧਾਨ ਨੂੰ ਇਸ ਹਲਕੇ ਤੋਂ ਜਿੱਤਣਾ ਔਖਾ ਨਹੀਂ ਰਹੇਗਾ। ਉਧਰ ਦੂਜੀਆਂ ਸਿਆਸੀ ਧਿਰਾਂ ਵੀ ਅਪਣੀ ਜਿੱਤ ਯਕੀਨੀ ਬਣਾਉਣ ਲਈ ਜੋੜ ਤੋੜ ਵਿਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਸਿਆਸੀ ਹਲਕਿਆਂ ’ਚ ਲੱਖਾ ਸਿਧਾਣਾ ਵਲੋ ਵੀ ਮੋੜ ਹਲਕੇ ’ਚ ਅਪਣੇ ਸਿਆਸੀ ਪਰ ਤੋਲਣ ਦੀ ਚਰਚਾ ਹੈ।






ਕਾਂਗਰਸ ਵਲੋਂ ਹਰਮਿੰਦਰ ਜੱਸੀ ਨੂੰ ਤਲਵੰਡੀ ਸਾਬੋ ਭੇਜਣ ਦੀ ਤਿਆਰੀ

ਬਠਿੰਡਾ: ਕਾਂਗਰਸ ਪਾਰਟੀ ਵਲੋਂ ਪਿਛਲੀ ਵਾਰ ਇਸ ਹਲਕੇ ਤੋਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਚੋਣ ਲੜਾਈ ਗਈ ਸੀ ਪ੍ਰੰਤੂ ਮੌਜੂਦਾ ਸਮੇਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਮੰਜੂ ਬਾਂਸਲ ਨੂੰ ਥਾਪੀ ਦਿੱਤੀ ਹੋਈ ਹੈ। ਹਾਲਾਂਕਿ ਕਾਂਗਰਸ ਵਲੋਂ ਇਸ ਹਲਕੇ ਤੋਂ ਟਿਕਟ ਕਿਸਨੂੰ ਦਿੱਤੀ ਜਾਂਦੀ ਹੈ ਇਹ ਭਵਿੱਖ ਦੇ ਗਰਭ ਵਿਚ ਹੈ ਪ੍ਰੰਤੂ ਡੇਰਾ ਸਿਰਸਾ ਦੇ ਮੁਖੀ ਦੇ ਨਜਦੀਕੀ ਰਿਸ਼ਤੇਦਾਰ ਤੇ ਸਾਬਕਾ ਮੰਤਰੀ ਹਰਮਿੰਦਰ ਜੱਸੀ ਨੂੰ ਇੱਕ ਵਾਰ ਫ਼ਿਰ ਉਸਦੇ ਪੁਰਾਣੇ ਹਲਕੇ ਤਲਵੰਡੀ ਸਾਬੋ ਵਿਚ ਭੇਜਣ ਦੀ ਚਰਚਾ ਚੱਲ ਰਹੀ ਹੈ। 

ਅਕਾਲੀ ਦਲ ਵਲੋਂ ਗੁਆਚੀ ਸਾਖ਼ ਬਹਾਲੀ ਦੇ ਯਤਨ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਵੀ ਅਪਣੀ ਗੁਆਚੀ ਹੋਈ ਸਿਆਸੀ ਸਾਖ ਬਹਾਲ ਕਰਨ ਲਈ ਭੱਜਦੋੜ ਕਰ ਰਿਹਾ ਹੈ। ਇਸ ਹਲਕੇ ਤੋਂ ਅਪਣੇ ਧੜੱਲੇਦਾਰ ਆਗੂ ਜਨਮੇਜਾ ਸਿੰਘ ਸੇਖੋ ਦੇ ਫ਼ਿਰੋਜਪੁਰ ਚਲੇ ਜਾਣ ਕਾਰਨ ਪਾਰਟੀ ਨੇ ਇਕ ਵਾਰ ਹਲਕੇ ਦੀ ਵਾਂਗਡੋਰ ਨਿਧੜਕ ਜਰਨੈਲ ਸਿਕੰਦਰ ਸਿੰਘ ਮਲੂਕਾ ਨੂੰ ਦਿੱਤੀ ਹੋਈ ਹੈ ਪ੍ਰੰਤੂ ਬਾਦਲ ਪ੍ਰਵਾਰ ਦੇ ਨਜਦੀਕੀਆਂ ਮੁਤਾਬਕ ਇੱਕ ਹੀ ਪ੍ਰਵਾਰ ਨੂੰ ਦੋ ਟਿਕਟਾਂ ਮਿਲਣ ਦੀ ਕਾਫ਼ੀ ਘੱਟ ਸੰਭਾਵਨਾ ਹੈ। ਜਿਕਰਯੋਗ ਹੈ ਕਿ ਸ: ਮਲੂਕਾ ਪਿਛਲੇ 23 ਸਾਲਾਂ ਤੋਂ ਫ਼ੂਲ ਹਲਕੇ ’ਚ ਮੌਜੂਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੂੰ ਟੱਕਰ ਦਿੰਦੇ ਆ ਰਹੇ ਹਨ। ਅਜਿਹੀ ਹਾਲਾਤ ’ਚ ਅਕਾਲੀ ਦਲ ਵਲੋਂ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ, ਜਿਸਦੇ ਬਾਰੇ ਕਾਂਗਰਸ ’ਚ ਜਾਣ ਦੀਆਂ ਅਫ਼ਵਾਹਾਂ ਫ਼ਲਾਈਆਂ ਜਾ ਰਹੀਆਂ ਹਨ ਤੋਂ ਇਲਾਵਾ ਬਠਿੰਡਾ ਸ਼ਹਿਰੀ ਹਲਕੇ ਤੋਂ ਯੂਥ ਅਕਾਲੀ ਆਗੂ ਬਬਲੀ ਢਿੱਲੋਂ ਨੂੰ ਵੀ ਮੈਦਾਨ ਵਿਚ ਉਤਾਰ ਸਕਦਾ ਹੈ। ਬਬਲੀ ਢਿੱਲੋਂ ਨੇ ਕਾਂਗਰਸ ’ਚ ਰਹਿੰਦਿਆਂ ਅਪਣੇ ਸਿਆਸੀ ਗੁਰੂ ਹਰਮਿੰਦਰ ਜੱਸੀ ਦੀ ਅਗਵਾਈ ਹੇਠ ਮੋੜ ਹਲਕੇ ਵਿਚ ਕਾਫ਼ੀ ਤਾਲਮੇਲ ਬਿਠਾਇਆ ਹੋਇਆ ਹੈ। ਉਧਰ ਸਿਆਸੀ ਮਾਹਰਾਂ ਮੁਤਾਬਕ ਜਗਦੀਪ ਨਕਈ ਵੀ ਅਪਣਾ ਪੁਰਾਣਾ ਹਲਕਾ ਹੋਣ ਕਾਰਨ ਮੋੜ ਤੋਂ ਹੀ ਚੋਣ ਲੜਣ ਲਈ ਬਜਿੱਦ ਹਨ।    


No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines