ਮਨਪ੍ਰੀਤ ਬਾਦਲ ਆਖਰੀ ਪਲਾਂ ਤੱਕ ਪੱਤੇ ਲੁਕੋਣ ਵਿਚ ਸਫਲ

- - No comments

 ਮਾਮਲਾ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ

ਸੁਖਜਿੰਦਰ ਮਾਨ

ਬਠਿੰਡਾ, 14 ਅਪ੍ਰੈਲ: ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਿਆਸੀ ਗੁੜਤੀ ਲੈ ਕੇ ਰਾਜਨੀਤੀ ਵਿੱਚ ਆਏ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਥਾਨਕ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੇ ਮਾਮਲੇ ਚ ਆਖ਼ਰੀ ਪਲਾਂ ਤੱਕ ਭੇਦ ਬਣਾਈ ਰੱਖਣ ਵਿੱਚ ਸਫਲ ਰਹੇ ਹਨ। ਖ਼ੁਦ ਨੂੰ ਮਨਪ੍ਰੀਤ ਬਾਦਲ ਦੇ ਅਤਿ ਨੇੜਲਿਆਂ ਵਿੱਚ ਗਿਣਨ ਦਾ ਦਾਅਵਾ ਕਰਨ ਵਾਲੇ ਸਥਾਨਕ ਸ਼ਹਿਰ ਦੇ ਕੁਝ ਆਗੂ ਵੀ ਵਿੱਤ ਮੰਤਰੀ  ਦੇ ‘ਮਨ’ ਨੂੰ ਬੁੱਝਣ ਵਿੱਚ ਅਸਮਰੱਥ ਜਾਪ ਰਹੇ ਹਨ। ਚਰਚਾ ਮੁਤਾਬਕ ਮੇਅਰ ਅਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਵਾਲਾ ਲਿਫ਼ਾਫ਼ਾ ਮਨਪ੍ਰੀਤ ਬਾਦਲ ਵੱਲੋਂ ਮੌਕੇ ਤੇ ਹੀ ਖੋਲਿਆ ਜਾਵੇਗਾ। 

ਬੇਸ਼ੱਕ ਸ਼ਹਿਰ ਦੇ ਪਹਿਲੇ ਨਾਗਰਿਕ ਵਜੋਂ ਚੁਣੇ ਜਾਣ ਵਾਲੇ ਮੇਅਰ ਦੇ ਨਾਮ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਹਰੇਕ ਵਿਅਕਤੀ ਵੱਲੋਂ ਆਪਣੀ ਸਮਝ ਮੁਤਾਬਕ ਟੇਵੇ ਲਾਏ ਜਾ ਰਹੇ ਹਨ ਪਰੰਤੂ ਬਾਦਲ ਪਰਿਵਾਰ ਨੂੰ ਨੇੜੇ ਤੋਂ ਜਾਣਨ ਵਾਲਿਆ ਮੁਤਾਬਕ ‘ਤਾਏ-ਭਤੀਜੇ’ ਦੇ ਦਿਲ ਦਾ ਭੇਤ ਕਿਸੇ ਸਿਆਸੀ ਆਗੂ ਨੂੰ ਤਾਂ ਕੀ ਬਲਕਿ ‘ਉਪਰਲੇ’ ਨੂੰ ਵੀ ਲਿਫਾਫਾ ਖੁੱਲਣ ਤੋਂ ਬਾਅਦ ਹੀ ਪਤਾ ਚਲਦਾ ਹੈ। ਦੱਸਣਾ ਬਣਦਾ ਹੈ ਕਿ 17 ਫ਼ਰਵਰੀ ਨੂੰ ਆੲੈ ਨਤੀਜਿਆਂ ਤੋਂ ਕਰੀਬ ਦੋ ਮਹੀਨਿਆਂ ਬਾਅਦ ਭਲਕੇ 15 ਅਪ੍ਰੈਲ ਨੂੰ ਬਠਿੰਡਾ ਨਗਰ ਨਿਗਮ ਦੇ ਮੇਅਰ ਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਹੋਣ ਜਾ ਰਹੀ ਹੈ। ਇਸਦੇ ਲਈ ਕਾਂਗਰਸ ਪਾਰਟੀ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਆਬਜਰਬਰ ਵਜੋਂ ਤੈਨਾਤ ਕੀਤਾ ਹੈ, ਜਿਹੜੇ ਕਿ ਅੱਜ ਸ਼ਾਮ ਬਠਿੰਡਾ ਪੁੱਜ ਚੁੱਕੇ ਹਨ। ਸ੍ਰੀ ਚੰਨੀ ਵਿਤ ਮੰਤਰੀ ਦੇ ਨਜਦੀਕੀ ਮੰਨੇ ਜਾਂਦੇ ਹਨ, ਜਿਸਦੇ ਚੱਲਦੇ ਪੂਰੀ ਸੰਭਾਵਨਾ ਹੈ ਕਿ ਭਲਕੇ ਹੋਣ ਵਾਲੀ ਚੋਣ ਵਿਚ ਮਨਪ੍ਰੀਤ ਬਾਦਲ ਦੀ ਹੀ ਮਰਜ਼ੀ ਚੱਲੇਗੀ। ਉਜ ਸ਼੍ਰੀ ਬਾਦਲ ਨੇ ਹੁਣ ਤਕ ਇੱਕ ਵਾਰ ਵੀ ਕਿਸੇ ਵੀ ਕੌਂਸਲਰ ਨੂੰ ਮੇਅਰ ਅਤੇ ਡਿਪਟੀ ਮੇਅਰ ਬਣਾਉਣ ਦਾ ਇਸ਼ਾਰਾ ਤਕ ਨਹੀਂ ਕੀਤਾ ਹੈ। ਤਿੰਨ ਦਿਨ ਪਹਿਲਾਂ ਉਨਾਂ ਵੱਲੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਜਿੱਤੇ 43 ਕੌਂਸਲਰਾਂ ਨਾਲ ਕੀਤੀ ਇਕੱਲੇ ਇਕੱਲੇ ਮੀਟਿੰਗ ਦੌਰਾਨ ਵੀ ਦਿਲ ਦਾ ਭੇਤ ਦੱਸਣ ਦੀ ਬਜਾਏ ਉਨਾਂ ਨੂੰ ਏਕਤਾ ਦਾ ਪਾਠ ਪੜਾਉਂਦਿਆਂ ਪਾਰਟੀ ਹਾਈ ਕਮਾਨ ਵੱਲੋਂ ਕੀਤੇ ਫ਼ੈਸਲੇ ਨੂੰ ਮੰਨਣ ਦੀ ਤਾਕੀਦ ਹੀ ਕੀਤੀ ਹੈ। ਸੂਤਰਾਂ ਮੁਤਾਬਕ  ਵਿਧਾਨ ਸਭਾ ਚੋਣਾਂ ਵਿੱਚ ਕੁਝ ਹੀ ਮਹੀਨੇ ਬਾਕੀ ਰਹਿ ਜਾਣ ਕਾਰਨ ਮਨਪ੍ਰੀਤ ਸਿੰਘ ਬਾਦਲ ਵੱਲੋਂ ‘ਮੰਤਰੀ’ ਦੇ ਬਰਾਬਰ ‘ਪਾਵਰ’ ਰੱਖਣ ਵਾਲੇ ਮੇਅਰ ਦੇ ਅਹੁਦੇ ਲਈ ਇਕੱਲੀ ਵਫਾਦਾਰੀ ਦਾ ਖਿਆਲ ਹੀ ਨਹੀਂ ਰੱਖਿਆ ਜਾਵੇਗਾ ਬਲਕਿ ਬਠਿੰਡਾ ਤੋਂ ਅਗਲੀਆਂ ਚੋਣਾਂ ਜਿੱਤਣ ਲਈ ਸਿਆਸੀ ਗਿਣਤੀ ਮਿਣਤੀ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਹਾਲਾਂਕਿ ਕਾਂਗਰਸ ਪਾਰਟੀ ਦੀ ਟਿਕਟ ’ਤੇ ਜਿੱਤੇ ਸਾਢੇ ਤਿੰਨ ਦਰਜਨ ਦੇ ਕਰੀਬ ਕੌਂਸਲਰਾਂ ਵਿੱਚੋਂ ਮੇਅਰ ਦੇ ਅਹੁੱਦੇ ਦੇ ਸਿਆਸੀ ਕੱਦ ਬੁੱਤ ਬਰਾਬਰ ਤਿੰਨ ਚਾਰ ਹਸਤੀਆਂ ਹੀ ਨੇੜੇ ਢੁੱਕਦੀਆਂ ਹਨ ਪ੍ਰੰਤੂ ਚਰਚਾਂ ਮੁਤਾਬਕ ਸਿਆਸੀ ਹਿੱਤਾਂ ਨੂੰ ਮੁੱਖ ਰੱਖਦਿਆਂ ਵਿੱਤ ਮੰਤਰੀ ਵੱਲੋਂ ਕੋਈ ਵੀ ਨਵਾਂ ‘ਸੱਪ’ ਕੱਢਿਆ ਜਾ ਸਕਦਾ ਹੈ। 

ਮੇਅਰ ਲਈ ਦੋ ਸੀਨੀਅਰ ਆਗੂਆਂ ਦੇ ਨਾਮ ਦੀ ਚਰਚਾ

ਬਠਿੰਡਾ: ਉਂਜ ਚੱਲ ਰਹੀ ਚਰਚਾ ਮੁਤਾਬਿਕ ਮਰਦਾਂ ਵਿੱਚੋਂ ਜਗਰੂਪ ਸਿੰਘ ਗਿੱਲ ਅਤੇ ਅਸ਼ੋਕ ਕੁਮਾਰ ਦਾ ਨਾਂ ਹੀ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ। ਜਦੋਂ ਕਿ ਔਰਤਾਂ ਵਿੱਚੋਂ ਵੀ ਠੇਕੇਦਾਰ ਸੰਦੀਪ ਗੋਇਲ ਦੀ ਪਤਨੀ ਰਮਨ ਗੋਇਲ ਅਤੇ ਕਾਂਗਰਸੀ ਆਗੂ ਪਵਨ ਮਾਨੀ ਦੀ ਧਰਮਪਤਨੀ ਪ੍ਰਵੀਨ ਗਰਗ ਦੀ ਦੀ ਚਰਚਾ ਸੁਣਾਈ ਦੇ ਰਹੀ ਹੈ। ਕਾਂਗਰਸੀ ਆਗੂ ਜਗਰੂਪ ਗਿੱਲ 1979 ਤੋਂ ਲੈ ਕੇ ਹੁਣ ਤਕ ਲਗਾਤਾਰ ਨਗਰ ਕੌਂਸਲ ਤੇ ਨਗਰ ਨਿਗਮ ਦੇ ਮੈਂਬਰ ਬਣਦੇ ਆ ਰਹੇ ਹਨ। ਉਹ ਬੇਅੰਤ ਸਿੰਘ ਦੀ ਸਰਕਾਰ ਸਮੇਂ ਬਠਿੰਡਾ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸ ਗਿੱਲ ਨੇ ਮੇਅਰ ਬਣਨ ਦੀ ਇੱਛਾ ਰੱਖਦੇ ਹੋਏ ਕਰੀਬ ਦੋ ਮਹੀਨੇ ਪਹਿਲਾਂ ਰਾਜ ਮੰਤਰੀ ਦੇ ਬਰਾਬਰ ਦਾ ਦਰਜਾ ਰੱਖਣ ਵਾਲੇ ਜ਼ਿਲਾ ਪਲਾਨਿੰਗ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਦਿੱਤਾ ਸੀ। ਇਸੇ ਤਰਾਂ ਦੂਜੇ ਦਾਅਵੇਦਾਰ ਅਸ਼ੋਕ ਕੁਮਾਰ ਨਾ ਸਿਰਫ਼ ਸ਼ਹਿਰ ਦੇ ਚੰਦ ਟਕਸਾਲੀ ਕਾਂਗਰਸੀਆਂ ਵਿੱਚੋਂ ਇੱਕ ਜਾਣੇ ਜਾਂਦੇ ਹਨ ਬਲਕਿ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।ਉਹ ਵਿੱਤ ਮੰਤਰੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ।  

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines