ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਵਿਰੁਧ ਖੋਲਿਆ ਮੋਰਚਾ

- - No comments

 ਵਿਤ ਮੰਤਰੀ ’ਤੇ ਅਕਾਲੀਆਂ ਨੂੰ ਗ੍ਰਾਂਟਾਂ ਵੰਡਣ ਦੇ ਲਗਾਏ ਦੋਸ਼ 

ਸੁਖਜਿੰਦਰ ਮਾਨ

ਬਠਿੰਡਾ, 12 ਜੁਲਾਈ :-ਪਿਛਲੇ ਕੁੱਝ ਸਮੇਂ ਤੋਂ ਅਸਿੱਧੇ ਢੰਗ ਨਾਲ ਵਿਤ ਮੰਤਰੀ ’ਤੇ ਨਿਸ਼ਾਨੇ ਲਗਾ ਰਹੇ ਗਿੱਦੜਵਹਾ ਹਲਕੇ ਦੇ ਵਿਧਾਇਕ ਰਾਜਾ ਵੜਿੰਗ ਨੇ ਹੁਣ ਖੁੱਲੇ ਤੌਰ ’ਤੇ ਮਨਪ੍ਰੀਤ ਸਿੰਘ ਬਾਦਲ ਵਿਰੁਧ ਮੋਰਚਾ ਖੋਲ ਦਿੱਤਾ। ਅੱਜ ਉਨ੍ਹਾਂ ਅਪਣੀ ਫੇਸਬੁੱਕ ਪੋਸਟ ਅਤੇ ਟਵਿੱਟਰ ’ਤੇ ਇੱਕ ਆਗੂ ਦੀਆਂ ਫ਼ੋਟੋਆਂ ਵਾਈਰਲ ਕਰਦਿਆਂ ਦਾਅਵਾ ਕੀਤਾ ਕਿ ‘‘ ਵਿਤ ਮੰਤਰੀ ਜਾਣਬੁੱਝ ਕੇ ਅਕਾਲੀ ਦਲ ਦੇ ਆਗੂਆਂ ਨੂੰ ਗ੍ਰਾਂਟਾਂ ਦੇ ਗੱਫ਼ੇ ਵੰਡ ਰਿਹਾ ਹੈ। ’’ ਵੜਿੰਗ ਇੱਥੇ ਹੀ ਨਹੀਂ ਰੁਕੇ, ਬਲਕਿ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਮਿਲੀਭੁਗਤ ਨਾਲ ਹੀ ਕਾਂਗਰਸ ਵਿਚ ਆਏ ਸ਼੍ਰੀ ਬਾਦਲ ਹੁਣ ਸਰੇਆਮ ਅਕਾਲੀ ਦਲ ਦੇ ਲੋਕਾਂ ਨੂੰ 15-15 ਲੱਖ ਦੇ ਚੈਕ ਦੇ ਕੇ ਹੋਸਲਾ ਅਫਜਾਈ ਕਰ ਰਹੇ ਹਨ। ’’ ਜਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਵੋਟਾਂ ਘਟਣ ਕਾਰਨ ਹਰਸਿਮਰਤ ਕੌਰ ਬਾਦਲ ਹੱਥੋਂ ਹਾਰ ਜਾਣ ਦੀ ਸੱਟ ਹਾਲੇ ਤੱਕ ਦਿਲ ’ਤੇ ਲਗਾਈ ਬੈਠਾ ਇਹ ਨੌਜਵਾਨ ਆਗੂ ਗਾਹੇ-ਬਗਾਹੇ ਮਨਪ੍ਰੀਤ ਨੂੰ ਇਸਦੇ ਲਈ ਜਿੰਮੇਵਾਰ ਕਰਾਰ ਦੇ ਰਿਹਾ ਹੈ। ਅੱਜ ਵੀ ਉਨ੍ਹਾਂ ਦੋਸ਼ ਲਗਾਇਆ ਕਿ ਵਿਤ ਮੰਤਰੀ ਪੰਜਾਬ ਦੇ ਲੋਕਾਂ ਦਾ ਪੈਸਾ ਬਰਾਬਦ ਕਰਨ ਵਾਲੇ ਅਕਾਲੀਆਂ ਨੂੰ ਗ੍ਰਾਂਟਾਂ ਵੰਡ ਕੇ ਮਜਬੂਤ ਕਰਨ ਵਿਚ ਲੱਗੇ ਹੋਏ ਹਨ। ਅਪਣੀ ਪੋਸਟ ਦੇ ਨਾਲ ਚਾਰ ਫ਼ੋਟੋਆਂ ਜਾਰੀ ਕਰਦਿਆਂ ਕਿਹਾ ਕਿ ਇਹ ਤੁਹਾਡੇ ਤਾਇਆ ਜੀ ਦੇ ਅਕਾਲੀ ਦਲ ਵਾਲੇ ਲੋਕ ਹਨ। ਉਨਾਂ੍ਹ ਰਾਹੁਲ ਗਾਂਧੀ ਨੂੰ ਟਵੀਟ ਕਰਦਿਆਂ ਵਿਤ ਮੰਤਰੀ ਕੋਲੋ ਅਸਤੀਫ਼ੇ ਦੀ ਵੀ ਮੰਗ ਕੀਤੀ ਹੈ। ਰਾਜਾ ਵੜਿੰਗ ਨੇ ਮਨਪ੍ਰੀਤ ਉਪਰ ਕਾਂਗਰਸ ਦੀ ਪਿੱਠ ’ਚ ਛੁਰਾ ਮਾਰਨ ਦਾ ਦੋਸ ਲਗਾਉਂਦਿਆਂ ਕਿਹਾ ਕਿ ਕਾਂਗਰਸ ਵਿਚ ਰਹਿ ਕੇ ਅਕਾਲੀਆਂ ਦੀ ਮੱਦਦ ਕਰਨਾ ਤੁਹਾਡਾ ਰਾਜਨੀਤਕ ਜੀਵਨ ਤਬਾਹ ਕਰ ਦੇਵੇਗਾ। ਰਾਜਾ ਵੜਿੰਗ ਨੇ ਇਹ ਵੀ ਦਾਅਵਾ ਕੀਤਾ ਕਿ ਵਿਤ ਮੰਤਰੀ ਦੇ ਕਾਰਨ ਹੀ ਪੰਜਾਬ ਦੇ ਮੁਲਾਜਮ ਕਾਂਗਰਸ ਸਰਕਾਰ ਵਿਰੁਧ ਉਠ ਖੜੇ ਹੋਏ ਹਨ। ਉਨ੍ਹਾਂ ਨਵਜੌਤ ਸਿੱਧੂ ਵਲੋਂ ਕਹੇ 75-25 ਵਾਲੇ ਸਬਦ ਨੂੰ ਵੀ ਮਨਪ੍ਰੀਤ ਨਾਲ ਜੋੜਦਿਆਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਦੁੂਰ ਰਹਿਣ ਦੀ ਸਲਾਹ ਦਿੱਤੀ ਹੈ। ਇੱਥੇ ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਵਿਤ ਮੰਤਰੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਉਪਰ ਥਰਮਲ ਪਲਾਂਟ ਦੀ ਖ਼ਾਲੀ ਪਈ ਜਗ੍ਹਾਂ ਵਿਚ ਮਾਈਨਿੰਗ ਕਰਨ ਦੀ ਜਾਰੀ ਵੀਡੀਓ ਸੇਅਰ ਕਰਦਿਆਂ ਮੁੱਖ ਮੰਤਰੀ ਨੂੰ ਜਾਂਚ ਕਰਕੇ ਦੋਸ਼ੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ।  


 ਸ਼ਹਿਰੀ ਆਗੂਆਂ ਨੇ ਘੇਰਿਆ ਰਾਜਾ ਵੜਿੰਗ
ਬਠਿੰਡਾ: ਉਧਰ ਰਾਜਾ ਵੜਿੰਗ ਵਲੋਂ ਕੀਤੇ ਜਾ ਰਹੇ ਲਗਾਤਾਰ ਸਿਆਸੀ ਹਮਲਿਆਂ ਦਾ ਜਵਾਬ ਦੇਣ ਲਈ ਬੇਸ਼ੱਕ ਆਪਣੇ ਸੁਭਾਅ ਮੁਤਾਬਕ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਗੇ ਨਹੀਂ ਆਏ, ਪ੍ਰੰਤੂ ਸ਼ਹਿਰੀ ਪ੍ਰਧਾਨ ਸਹਿਤ ਹੋਰਨਾਂ ਆਗੂਆਂ ਨੇ ਵੜਿੰਗ ਨੂੰ ਠੋਕਵਾਂ ਜਵਾਬ ਦਿੱਤਾ ਹੈ। ਦੇਰ ਸ਼ਾਮ ਫ਼ੇਜ 4,5 ਪੁੱਜੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਡਿਪਟੀ ਮੇਅਰ ਅਸੋਕ ਕੁਮਾਰ, ਮਾਸਟਰ ਹਰਮਿੰਦਰ ਸਿੰਘ, ਸਬੰਧਤ ਵਾਰਡ ਦੇ ਕੋਂਸਲਰ ਸੁਨੀਲ ਬਾਂਸਲ ਅਤੇ ਰੈਂਜੀਡੇਂਟ ਵੈਲਫ਼ੇਅਰ ਐਸੋਸੀਏਸ਼ਨ ਦੇ ਆਗੂਆਂ ਨੇ ਨਾ ਸਿਰਫ਼ ਰਾਜਾ ਵੜਿੰਗ ਦੀ ਨੁਕਤਾਚੀਨੀ ਕੀਤੀ, ਬਲਕਿ ਚੈਕ ਲੈਣ ਵਾਲੇ ਆਗੂ ਨੂੰ ਕਾਂਗਰਸ ਦਾ ਪੱਕਾ ਸਪੋਟਰ ਕਰਾਰ ਦਿੱਤਾ। ਇੰਨ੍ਹਾਂ ਆਗੂਆਂ ਨੇ ਕਿਹਾ ਕਿ ਰਾਜਾ ਵੜਿੰਗ ਜਾਣਬੁੱਝ ਕੇ ਪਾਰਟੀ ਦੇ ਆਗੂਆਂ ਦੀ ਛਵੀ ਖ਼ਰਾਬ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਇਹ ਵੀ ਚੁਣੌਤੀ ਦਿੱਤੀ ਕਿ ਜੇਕਰ ਵਿਧਾਇਕ ਨੇ ਵਿਤ ਮੰਤਰੀ ਦਾ ਬਠਿੰਡਾ ਤੋਂ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਗਿੱਦੜਵਹਾ ਵਿਚ ਵੀ ਇਸਦਾ ਹਰਜ਼ਾਨਾ ਝੱਲਣਾ ਪਏਗਾ। ਇਸਤੋਂ ਇਲਾਵਾ ਇੰਨ੍ਹਾਂ ਆਗੂਆਂ ਨੇ ਹਾਈਕਮਾਂਡ ਨੂੰ ਵੀ ਰਾਜਾ ਵੜਿੰਗ ਦੀ ਬਿਆਨਬਾਜ਼ੀ ’ਤੇ ਰੋਕ ਲਗਾਉਣ ਦੀ ਅਪੀਲ ਕੀਤੀ।    

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines