ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਲੈਣ ਲਈ ਕਿਸਾਨਾਂ ਨੇ ਘੇਰਿਆਂ ਸਕੱਤਰੇਤ

- - No comments

 ਮੁਲਾਜਮ ਕੰਧਾਂ ਟੱਪਣ ਲਈ ਹੋਏ ਮਜਬੂਰ 

ਸੁਖਜਿੰਦਰ ਮਾਨ

ਬਠਿੰਡਾ, 06 ਜੁਲਾਈ -ਕਰੀਬ 10 ਮਹੀਨੇ ਪਹਿਲਾਂ ਕਿਸਾਨਾਂ ਵਲੋਂ ਜੈਤੋ ਵਿਖੇ ਲਗਾਏ ਮੋਰਚੇ ਦੌਰਾਨ ਸਹੀਦ ਹੋਣ ਵਾਲੇ ਕਿਸਾਨ ਦੇ ਪ੍ਰਵਾਰ ਨੂੰ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਕਿਸਾਨਾਂ ਨੇ ਅੱਜ ਬਾਅਦ ਦੁਪਿਹਰ ਮਿੰਨੀ ਸਕੱਤਰੇਤ ਘੇਰ ਲਿਆ। ਬੀਤੇ ਕੱਲ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਡੀ ਸੀ ਦੀ ਰਿਹਾਇਸ਼ ਅਤੇ ਮੁੱਖ ਰੋਡ ’ਤੇ ਪੱਕਾ ਮੋਰਚਾ ਲਗਾਈ ਬੈਠੇ ਕਿਸਾਨਾਂ ਨੇ ਅਚਾਨਕ ਤਿੰਨ ਵਜੇਂ ਐਕਸ਼ਨ ਕਰਦਿਆਂ ਮਿੰਨੀ ਸਕੱਤਰੇਤ ਦੇ ਚਾਰਾਂ ਗੇਟਾਂ ਅੱਗੇ ਧਰਨੇ ਲਗਾ ਦਿੱਤੇ।


ਹਾਲਾਂਕਿ ਬਿਜਲੀ ਦੀ ਕਿੱਲਤ ਕਾਰਨ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ 8 ਵਜੇਂ ਤੋਂ 2 ਵਜੇਂ ਤੱਕ ਕਰਨ ਦੇ ਚੱਲਦੇ ਕਾਫ਼ੀ ਮੁਲਾਜਮ ਘਰਾਂ ਨੂੰ ਜਾ ਚੁੱਕੇ ਸਨ ਪ੍ਰੰਤੂ ਕਰੀਬ ਇੱਕ ਤਿਹਾਈ ਮੁਲਾਜਮ ਅਤੇ ਕੰਮਕਾਜ਼ ਲਈ ਸਕੱਤਰੇਤ ਆਏ ਆਮ ਲੋਕ ਅੰਦਰ ਫ਼ਸ ਗਏ। ਜਿਸ ਕਾਰਨ ਬਹੁਤੇ ਮੁਲਾਜਮਾਂ ਤੇ ਲੋਕਾਂ ਨੇ ਕੰਧਾਂ ਟੱਪ ਕੇ ਬਾਹਰ ਜਾਣ ਵਿਚ ਹੀ ਭਲਾਈ ਸਮਝੀ। ਆਰ ਜਾਂ ਪਾਰ ਦੀ ਲੜਾਈ ਲੜਣ ਦਾ ਐਲਾਨ ਕਰੀ ਬੈਠੇ ਕਿਸਾਨਾਂ ਨੇ ਬਿਨ੍ਹਾਂ ਨਿਯੁਕਤੀ ਪੱਤਰ ਦਿੱਤਿਆਂ ਧਰਨਾ ਚੁੱਕਣ ਤੋਂ ਸਾਫ਼ ਇੰਨਕਾਰ ਕਰ ਦਿੱਤਾ। ਜਿਸਦੇ ਚੱਲਦੇ ਦੇਰ ਸ਼ਾਮ ਕਰੀਬ ਸੱਤ ਵਜੇਂ ਤੱਕ ਸਥਿਤੀ ਜਿਊਂ ਦੀ ਤਿਊਂ ਬਣੀ ਹੋਈ ਸੀ। ਇਸ ਦੌਰਾਨ ਮਿੰਨੀ ਸਕੱਤਰੇਤ ਵਿਚ ਪੁਲਿਸ ਅਤੇ ਸਿਵਲ ਵਿਭਾਗ ਦੇ ਕਾਫ਼ੀ ਅਫ਼ਸਰ ਵੀ ਅੰਦਰ ਫ਼ਸੇ ਹੋਏ ਸਨ। ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਰੇਸ਼ਮ ਸਿੰਘ ਯਾਤਰੀ, ਬਲਦੇਵ ਸਿੰਘ ਸੰਦੋਹਾ ਤੇ ਇੰਦਰਜੀਤ ਸਿੰਘ ਘਣੀਆ ਆਦਿ ਨੇ ਦਾਅਵਾ ਕੀਤਾ ਕਿ ਫ਼ਰੀਦਕੋਟ ਪ੍ਰਸ਼ਾਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸੰਦੀਪ ਸੰਧੂ ਨਾਲ ਹੋਈ ਮੀਟਿੰਗ ਵਿਚ ਮਿ੍ਰਤਕ ਕਿਸਾਨ ਜਗਸੀਰ ਸਿੰਘ ਜੱਗਾ ਦੇ ਪਰਿਵਾਰ ਨੂੰ ਪੰਦਰਾਂ ਲੱਖ ਰੁਪਏ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਹੋਇਆ ਸੀ। ਇਸਤੋਂ ਇਲਾਵਾ ਕਿਸਾਨਾਂ ਵਿਰੁਧ ਦਰਜ਼ ਪਰਾਲੀ ਦੇ ਪਰਚਿਆਂ ਨੂੰ ਖਾਰਜ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਬਾਅਦ ਵਿਚ ਸਰਕਾਰ ਨੇ ਜਥੇਬੰਦੀ ਨਾਲ ਵਿਸਵਾਸ਼ਘਾਤ ਕੀਤਾ ਤੇ ਸਿਰਫ ਮੁਆਵਜ਼ਾ ਦਿੱਤਾ ਅਤੇ ਨੌਕਰੀ ਦੇਣ ਤੋਂ ਨਾਮ ਉੱਪਰ ਸਿਰਫ਼ ਲਾਰੇ ਲੱਪੇ ਲਾਏ। ਜਿਸਦੇ ਚੱਲਦੇ ਮਜਬੂਰੀਵੱਸ ਕਿਸਾਨ ਜਥੇਬੰਦੀ ਨੂੰ ਪਿਛਲੇ ਦਸ ਮਹੀਨਿਆਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾਉਣਾ ਪੈ ਰਿਹਾ ਹੈ ਪ੍ਰੰਤੂ ਇਸ ਧਰਨੇ ਦੌਰਾਨ ਦਰਜ਼ਨਾਂ ਮੀਟਿੰਗਾਂ ਹੋਣ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ। ਜਿਸ ਕਾਰਨ ਅੱਜ ਮਿੰਨੀ ਸਕੱਤਰੇਤ ਨੂੰ ਘੇਰਣ ਦਾ ਪ੍ਰੋਗਰਾਮ ਉਲੀਕਣਾ ਪਿਆ। 


ਮੁਲਾਜਮਾਂ ਨੇ ਕਿਸਾਨਾਂ ਦੇ ਫੈਸਲੇ ’ਤੇ ਜਤਾਈ ਨਰਾਜ਼ਗੀ

ਬਠਿੰਡਾ: ਉਧਰ ਕਿਸਾਨ ਯੂਨੀਅਨ ਵੱਲੋ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਗੇਟ ਬੰਦ ਕਰਨ ਦੇ ਫੈਸਲੇ ਦੀ ਮਨਿਸਟਰੀਅਲ ਕਾਮਿਆਂ ਨੇ ਸਖਤ ਨਿਖੇਧੀ ਕਰਦਿਆਂ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ, ਜਿਸ ਦੌਰਾਨ ਕਿਸਾਨਾਂ ਨੇ ਵੀ ਮੋੜਵਾ ਜਵਾਬ ਦਿੱਤਾ ਪ੍ਰੰਤੂ ਬਾਅਦ ਵਿਚ ਸਥਿਤੀ ਨੂੰ ਸੰਭਾਲ ਲਿਆ ਗਿਆ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੂੁਬਾ ਚੇਅਰਮੈਨ ਮੇਘ ਸਿੰਘ ਸਿੱਧੂ ਅਤੇ ਜ੍ਹਿਲਾ ਪ੍ਰਧਾਨ ਰਾਜਵੀਰ ਸਿੰਘ ਮਾਨ ਨੇ ਕਿਹਾ ਕਿ  ਛੁੱਟੀ ਹੋਣ ਉਪਰੰਤ ਵੀ ਮੁਲਾਜਮਾਂ ਨੂੰ ਘਰ ਜਾਣ ਦੀ ਬਜਾਏ ਦਫਤਰ ਵਿੱਚ ਹੀ ਰਹਿਣਾ ਪਿਆ ਅਤੇ ਕਿਸਾਨ ਯੂਨੀਅਨ ਵੱਲੋ ਮੁਲਾਜਮਾਂ ਨੂੰ ਬੰਦੀ ਬਣਾ ਕਿ ਰੱਖਿਆ ਗਿਆ। ਇਸ ਤੋ ਇਲਾਵਾ ਦਫਤਰਾਂ ਵਿੱਚ ਰੋਜਮਰਾ ਦੇ ਕੰਮ ਕਰਵਾਉਣ ਆਈ ਆਮ ਪਬਲਿਕ ਨੂੰ ਵੀ ਬਹੁਤ ਵੱਡੀ ਪ੍ਰਸਾਨੀ ਦਾ ਸਾਹਮਣਾ ਕਰਨਾ ਪਿਆ। ਮੁਲਾਜਮ ਆਗੂਆਂ ਨੇ ਪ੍ਰਸਾਸ਼ਨ ਨੂੰ ਮੁਲਾਜਮਾਂ ਦੀ ਸੁਰੱਖਿਆਂ ਨੂੰ ਯਕੀਨੀ ਬਨਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਜਿਲ੍ਹਾ ਪ੍ਰਸਾਸ਼ਨ ਨੇ ਭਵਿਖ ਵਿੱਚ ਮੁਲਾਜਮਾਂ ਦੀ ਸੁਰੱਖਿਆ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਦਫਤਰੀ ਮੁਲਾਜਮ ਭਲਕੇ ਦਫਤਰਾਂ ਦਾ ਬਾਈਕਾਟ ਕਰਨਗੇ।


  


    

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines