ਰੁੱਤ ਚੋਣਾਂ ਦੀ ਆਈ: ਰੁੱਸਿਆਂ ਨੂੰ ਮਨਾਉਣ ’ਚ ਜੁਟੇ ਵਿੱਤ ਮੰਤਰੀ

- - No comments

ਸੁਖਜਿੰਦਰ ਮਾਨ

ਬਠਿੰਡਾ, 12 ਜੁਲਾਈ :- ਚੋਣਾਂ ਦੀ ਰੁੱਤ ਨਜਦੀਕ ਆਉਂਦਿਆਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਰੁੱਸੇ ਕਾਂਗਰਸੀਆਂ ਨੂੰ ਮਨਾਉਣ ਦੀ ਮੁਹਿੰਮ ਵਿੱਢ ਦਿੱਤੀ ਹੈ। ਮੀਡੀਆ ਤੋਂ ਦੂਰ ਚੁੱਪ ਚਪੀਤੇ ਮੁੜ ਚੋਣਾਂ ਵਿਚ ਅਪਣੀ ਜਿੱਤ ਪੱਕੀ ਕਰਨ ਲਈ ਮੈਦਾਨ ’ਚ ਡਟੇ ਸ਼੍ਰੀ ਬਾਦਲ ਹੁਣ ਵੱਡੇ ਪ੍ਰੋਗਰਾਮ ਰੱਖਣ ਦੀ ਬਜਾਏ ਇਕੱਲੇ-ਇਕੱਲੇ ਘਰ ਜਾਣ ਨੂੰ ਤਰਜੀਹ ਦੇਣ ਲੱਗੇ ਹਨ। ਇਸੇ ਕੜੀ ਤਹਿਤ ਅੱਜ ਸਵੇਰੇ ਵਿੱਤ ਮੰਤਰੀ ਪਰਤਾਪ ਨਗਰ ਵਿਚ ਸਾਬਕਾ ਕਾਂਗਰਸੀ ਆਗੂ ਆਸ਼ੂ ਠਾਕੁਰ ਦੇ ਘਰ ਪਹੁੰਚੇ , ਜਿੱਥੇ ਉਹ ਵਾਰਡ ਨੰਬਰ 43 ਤੋਂ ਆਜਾਦ ਚੋਣ ਲੜਣ ਵਾਲੇ ਇਸ ਨੌਜਵਾਨ ਆਗੂ ਨੂੰ ਮੁੜ ਕਾਂਗਰਸ ’ਚ ਲਿਆਉਣ ਵਿਚ ਸਫਲ ਰਹੇ। ਉਨ੍ਹਾਂ ਆਸ਼ੂ ਠਾਕੁਰ ਨੂੰ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਗੌਰਤਲਬ ਹੈ ਕਿ ਸਿਟੀ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਆਸੂ ਠਾਕੁਰ ਨੂੰ ਪਿਛਲੀਆਂ ਨਗਰ ਨਿਗਮ ਚੋਣਾਂ ਵਿਚ ਟਿਕਟ ਦੇਣ ਤੋਂ ਜਵਾਬ ਮਿਲਣ ’ਤੇ ਉਨ੍ਹਾਂ ਅਜਾਦ ਚੋਣ ਲੜਕੇ ਚੰਗੀਆਂ ਵੋਟਾਂ ਹਾਸਲ ਕੀਤੀਆਂ ਸਨ। ਇਸੇ ਤਰ੍ਹਾਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਸ਼ਹਿਰੀ ਸਿਆਸਤ ਵਿਚ ਨੁੱਕਰੇ ਲੱਗੇ ਇੱਕ ਹੋਰ ਨੌਜਵਾਨ ਕਾਂਗਰਸੀ ਆਗੂ ਰੁਪਿੰਦਰ ਬਿੰਦਰਾ, ਜਿੰਨ੍ਹਾਂ ਨੂੰ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸਦਾ ਨਜਦੀਕੀ ਵੀ ਮੰਨਿਆ ਜਾਦਾ ਹੈ, ਦੇ ਘਰ ਵੀ ਪੁੱਜੇ ਵਿਤ ਮੰਤਰੀ ਨੇ ਬਿੰਦਰਾ ਦੇ ਬੱਚਿਆਂ ਰਾਹੀਂ ਇਸ ਭਰੇ-ਪੀਤੇ ਆਗੂ ਨੂੰ ਪਲੋਸਣ ਦਾ ਯਤਨ ਕੀਤਾ। ਗੌਰਤਲਬ ਹੈ ਕਿ ਸ਼੍ਰੀ ਬਾਦਲ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਸ਼ਹਿਰ ’ਚ ਪਰਿਵਾਰਕ ਮਿਲਣੀਆਂ ਤੋਂ ਇਲਾਵਾ ਸੋਗ ਪ੍ਰਗਟਾਉਣ ਆਦਿ ਦੇ ਨਾਵਾਂ ਉਪਰ ਇੱਕ ਦਿਨ ’ਚ ਡੇਢ-ਡੇਢ ਦਰਜ਼ਨ ਪ੍ਰੋਗਰਾਮ ਰੱਖੇ ਜਾ ਰਹੇ ਹਨ, ਜਿੱਥੇ ਉੂਹ ਨਿੱਜੀ ਤੌਰ ’ਤੇ ਸ਼ਹਿਰੀਆਂ ਦੀ ਨਬਜ ਨੂੰ ਟਟੋਲ ਰਹੇ ਹਨ। ਉਧਰ ਅੱਜ ਵਿੱਤ ਮੰਤਰੀ ਵੱਲੋਂ ਸਮਾਜ ਸੇਵੀ ਸੰਸਥਾ ਸਹਾਰਾ ਦੇ ਧੋਬੀ ਬਜ਼ਾਰ ’ਚ ਸਥਿਤ ਮੁੱਖ ਦਫ਼ਤਰ ’ਚ ਹੋਏ ਪ੍ਰੋਗਰਾਮ ’ਚ ਸ਼ਿਰਕਤ ਕਰਕੇ ਸਹਾਰਾ ਦੀ ਨਵੀਂ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ। ਇਸ ਐਂਬੂਲੈਂਸ ਲਈ 10 ਲੱਖ ਰੁਪਏ ਦੀ ਗ੍ਰਾਂਟ ਵਿੱਤ ਮੰਤਰੀ ਵੱਲੋਂ ਹੀ ਦਿੱਤੀ ਗਈ। ਵਿੱਤ ਮੰਤਰੀ ਨੇ ਸਮਾਜ ਸੇਵਾ ਦੇ ਖੇਤਰ ’ਚ ਸਹਾਰਾ ਵੱਲੋਂ ਪਾਏ ਜਾਂਦੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕੀਤੀ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਇਸ ਮੌਕੇ ਆਖਿਆ ਕਿ ਸਹਾਰਾ ਦੀਆਂ ਸਾਰੀਆਂ ਐਂਬੂਲੈਂਸਾਂ ਖਸਤਾ ਹਾਲਤ ’ਚ ਹਨ ਇਸ ਲਈ ਸਹਾਰਾ ਨੂੰ ਨਵੀਂ ਐਂਬੂਲੈਂਸ ਦੀ ਖਾਸ ਜ਼ਰੂਰਤ ਸੀ ਜੋ ਮਨਪ੍ਰੀਤ ਸਿੰਘ ਬਾਦਲ ਸਦਕਾ ਪੂਰੀ ਹੋ ਗਈ। ਇਸ ਮੌਕੇ ਵਿੱਤ ਮੰਤਰੀ ਨਾਲ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਚੇਅਰਮੈਨ ਕੇ.ਕੇ ਅਗਰਵਾਲ,ਰਾਜਨ ਗਰਗ, ਬਲਰਾਜ ਪੱਕਾ,ਵਿਪਨ ਮੀਤੂ,ਸ਼ਾਮ ਲਾਲ ਜੈਨ ਤੋਂ ਇਲਾਵਾ ਸ਼ਹਿਰ ਦੇ ਵੱਡੀ ਗਿਣਤੀ ਕੌਂਸਲਰ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ। 


  

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines