ਕਿਸਾਨਾਂ ਵਿਰੁਧ ਧਰਨਾ ਦੇਣ ਆਏ ਭਾਜਪਾਈ ਖੁਦ ਹੀ ਘਿਰੇ

- - No comments

 ਕਿਸਾਨਾਂ ਨੇ ਕੀਤਾ ਘਿਰਾਓ, ਐੱਸ ਐੱਸ ਪੀ ਦਫ਼ਤਰ ਵਿਚੋਂ ਚੁੱਪ ਚਪੀਤੇ ਨਿਕਲੇ ਭਾਜਪਾ ਆਗੂ

ਸੁਖਜਿੰਦਰ ਮਾਨ

ਬਠਿੰਡਾ, 12 ਜੁਲਾਈ :-ਕਿਸਾਨਾਂ ਵਿਰੁਧ ਸਿਕਾਇਤ ਦੇਣ ਪੁੱਜੇ ਬਠਿੰਡਾ ਦੇ ਭਾਜਪਾਈਆਂ ਨੂੰ ਅੱਜ ਕਿਸਾਨਾਂ ਨੇ ਹੀ ਘੇਰ ਲਿਆ। ਭਾਜਪਾ ਆਗੂ ਵਿਨੋਦ ਬਿੰਟਾ ਦੀ ਅਗਵਾਈ ਵਿਚ ਸੂਬਾਈ ਬੁਲਾਰੇ ਅਸੋਕ ਭਾਰਤੀ, ਅਸੋਕ ਬਾਲਿਆਵਾਲੀ, ਉਮੇਸ਼ ਸ਼ਰਮਾ ਸਥਾਨਕ ਆਦਿ ਮਿੰਨੀ ਸਕੱਤਰੇਤ ’ਚ ਐੱਸ ਐੱਸ ਪੀ ਦਫ਼ਤਰ ਅੱਗੇ ਧਰਨਾ ਦੇਣ ਪੁੱਜੇ ਹੋਏ ਸਨ। ਉਨ੍ਹਾਂ ਕੁੱਝ ਸਮੇਂ ਐਸ.ਐਸ.ਪੀ ਦਫ਼ਤਰ ਅੱਗੇ ਧਰਨਾ ਵੀ ਦਿੱਤਾ। ਭਾਜਪਾ ਆਗੂ ਇਹ ਪ੍ਰੋਗਰਾਮ ਬੀਤੇ ਦਿਨ ਰਾਜਪੁਰਾ ਵਿਖੇ ਅਪਣੀ ਪਾਰਟੀ ਦੇ ਆਗੂਆਂ ਦੇ ਹੋਏ ਵਿਰੋਧ ਦੇ ਸੰਬੰਧ ਵਿਚ ਕਰਨ ਆਏ ਹੋਏ ਸਨ। ਇੰਨ੍ਹਾਂ ਆਗੂਆਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਸਤੋਂ ਬਾਅਦ ਇਹ ਆਗੂ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਮੰਗ ਪੱਤਰ ਦੇਣ ਤੋਂ ਬਾਅਦ ਚੁੱਪ ਚਪੀਤੇ ਖਿਸਕ ਗਏ। ਸੂਚਨਾ ਮੁਤਾਬਕ  ਪ੍ਰੰਤੂ ਇਸਦੀ ਭਿਣਕ ਕਿਸਾਨਾਂ ਨੂੰ ਪੈ ਗਈ, ਜਿੰਨ੍ਹਾਂ ਮਿੰਨੀ ਸਕੱਤਰੇਤ ਦੇ ਗੇਟਾਂ ਅੱਗੇ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਿਸ ਨੇ ਪਹਿਲਾਂ ਹੀ ਇੰਨ੍ਹਾਂ ਗੇਟਾਂ ਨੂੰ ਬੰਦ ਕਰ ਲਿਆ ਸੀ । ਕਿਸਾਨ ਆਗੂੁ ਮੋਠੂ ਸਿੰਘ ਕੋਟੜਾ ਦੀ ਅਗਵਾਈ ਵਿਚ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ  ਉਹ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਹਨ ਪ੍ਰੰਤੂ ਭਾਜਪਾ ਆਗੂ ਕਿਸਾਨਾਂ ਨੂੰ ਉਕਸਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂ ਕਿਸਾਨਾਂ ਦੀ ਬਜਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਇਹ ਮੰਗ ਪੱਤਰ ਆਪਣੀ ਤਾਨਾਸ਼ਾਹ ਮੋਦੀ ਹਕੂਮਤ ਨੂੰ ਦੇਣ ਤਾਂ ਜੋ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਹੋ ਸਕਣ । ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਕਿਸਾਨ ਐੱਮ ਐੱਲ ਏ  , ਐੱਮਪੀ ਗਵਰਨਰ ਅਤੇ ਹੋਰ ਥੱਲੇ ਤੋਂ ਉਪਰ ਤੱਕ ਮੰਗ ਪੱਤਰ ਦੇ ਚੁੱਕੇ ਹਨ ਜਿਸਦੇ ਚੱਲਦੇ ਪਹਿਲਾਂ ਉਨ੍ਹਾਂ ਦੇ ਮੰਗ ਪੱਤਰਾਂ ਉਪਰ ਗੌਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਲਈ ਜਨਤਕ ਇਕੱਠਾਂ ਵਿੱਚ ਆ ਰਹੇ ਹਨ ਜਦੋਂਕਿ ਸੰਯੁਕਤ ਕਿਸਾਨ ਮੋਰਚੇ ਨੇ  ਕੇਂਦਰ ਦੀ ਭਾਜਪਾ ਸਰਕਾਰ ਵੱਲੋਂ  ਨਵੇਂ ਕਾਲੇ ਵਿਰੋਧੀ ਕਾਨੂੰਨ ਲਾਗੂ ਕਰਨ ਦੇ ਵਿਰੁੱਧ ਭਾਜਪਾ ਆਗੂਆਂ ਦਾ ਪਿੰਡਾਂ ਤੇ ਸ਼ਹਿਰਾਂ ਦੇ ਜਾਂ ਜਨਤਕ ਥਾਵਾਂ ਤੇ ਆਉਣ ਤੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਸ ਮੌਕੇ  ਕੁਲਵੰਤ ਰਾਏ ਸ਼ਰਮਾ, ਗੁਰਪਾਲ ਸਿੰਘ ਦਿਓਨ, ਨਿੱਕਾ ਸਿੰਘ ਜੇਠੂਕੇ ,ਭੋਲਾ ਸਿੰਘ ਮਾੜੀ , ਰਜਿੰਦਰ ਸਿੰਘ ਮੌੜ ਖੁਰਦ ਮੌਕੇ ਤੇ ਮੌਜੂਦ ਰਹੇ। ਇਸ ਦੌਰਾਨ ਭਾਜਪਾ ਆਗੂਆਂ ਦੇ ਸਕੱਤਰੇਤ ਵਿਚ ਚਲੇ ਜਾਣ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਵੀ ਅਪਣਾ ਧਰਨਾ ਖ਼ਤਮ ਕਰ ਦਿੱਤਾ। ਉਧਰ ਭਾਜਪਾ ਆਗੂ ਵਿਨੋਦ ਬਿੰਟਾ ਤੇ ਅਸੋਕ ਭਾਰਤੀ ਨੇ ਦਾਅਵਾ ਕੀਤਾ ਕਿ ਕਾਂਗਰਸ, ਆਪ ਤੇ ਅਕਾਲੀ ਆਪਸ ਵਿਚ ਰਲੇ ਹੋਏ ਹਨ ਤੇ ਉਹ ਜਾਣਬੁੱਝ ਕੇ ਕਿਸਾਨਾਂ ਨੂੰ ਭੜਕਾ ਰਹੇ ਹਨ। 


No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines