in

ਕਿਸਾਨ ਸੰਘਰਸ਼: ਪੇਂਡੂ ਭਾਈਚਾਰਕ ਸਾਂਝ ਦੀ ਤੰਦ ਮੁੜ ਮਜਬੁਤ ਹੋਣ ਲੱਗੀ

- - 3 comments

ਦਲਿਤ ਭਾਈਚਾਰਾਂ ਦਿੱਲੀ ਗਏ ਕਿਸਾਨਾਂ ਦੇ ਖੇਤਾਂ 'ਚ ਡਟਿਆ 

ਪਿੰਡਾਂ ਦੇ ਗੁਰੂਘਰਾਂ 'ਚੋਂ ਸਪੀਕਰਾਂ ਰਾਹੀਂ ਕਿਸਾਨਾਂ ਦੀ ਮੱਦਦ ਦੇ ਹੋਕੇ ਆਉਣ ਲੱਗੇ


ਸੁਖਜਿੰਦਰ ਮਾਨ
ਬਠਿੰਡਾ, 06 ਦਸੰਬਰ: ਦਿੱਲੀ 'ਚ ਇਤਿਹਾਸ ਰਚਣ ਜਾ ਰਹੇ ਕਿਸਾਨ ਸੰਘਰਸ਼ ਨੇ ਪਿੰਡਾਂ 'ਚ ਟੁੱਟ ਰਹੀ ਭਾਈਚਾਰਕ ਤੰਦ ਨੂੰ ਵੀ ਮੁੜ ਮਜਬੂਤ ਕਰਨ ਦਾ ਕੰਮ ਕੀਤਾ ਹੈ। ਪਿੰਡਾਂ 'ਚ ਦਹਾਕਿਆਂ ਪਹਿਲਾਂ ਵਾਲਾ ਪੁਰਾਂਤਨ ਪੇਂਡੂ ਸੱਭਿਆਚਾਰ ਮੁੜ ਰੂਪਮਾਨ ਹੋਣ ਲੱਗਾ ਹੈ। ਦਿੱਲੀ ਗਏ ਕਿਸਾਨਾਂ ਦੇ ਖੇਤਾਂ ਤੇ ਘਰੇਲੂ ਕੰਮਾਂ-ਕਾਰਾਂ ਲਈ ਹੁਣ ਆਪ ਮੁਹਾਰੇ ਪਿੰਡਾਂ ਦੇ ਗੁਰੂ ਘਰਾਂ ਦੇ ਸਪੀਕਰਾਂ 'ਚ ਹੋਕੇ ਸੁਣਾਈ ਦੇਣ ਲੱਗੇ ਹਨ। ਦਲਿਤ ਭਾਈਚਾਰਾਂ ਵੀ ਇੰਨ੍ਹਾਂ ਸੰਘਰਸ਼ਸੀਲ ਕਿਸਾਨਾਂ ਦੀ ਪਿੱਠ 'ਤੇ ਆ ਗਿਆ ਹੈ। ਕਿਸੇ ਪਿੰਡ 'ਚ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਵਿਚੋਂ ਨਰਮੇ ਦੀਆਂ ਛਟੀਆਂ ਪੁੱਟੀਆਂ ਜਾ ਰਹੀਆਂ ਹਨ ਤੇ ਕਿਸੇ ਕਿਸਾਨ ਦੇ ਖੇਤਾਂ ਵਿਚ ਕਣਕ ਬੀਜ਼ੀ ਜਾ ਰਹੀ ਹੈ। ਇਸੇ ਤਰ੍ਹਾਂ ਕਣਕਾਂ ਨੂੰ ਪਾਣੀ ਲਗਾਉਣ ਤੋਂ ਲੈ ਕੇ ਖਾਦ ਪਾਉਣ ਦਾ ਕੰਮ ਵੀ ਇੱਥੇ ਰਹਿ ਗਏ ਕਿਸਾਨਾਂ ਤੇ ਮਜਦੂਰਾਂ ਵਲੋਂ ਕੀਤਾ ਜਾ ਰਿਹਾ। ਪ੍ਰੰਤੂ ਇਸ ਕੰਮ ਬਦਲੇ ਇੱਕ ਪੈਸਾ ਵੀ ਨਹੀਂ ਲਿਆ ਜਾ ਰਿਹਾ। ਇਸਤੋਂ ਇਲਾਵਾ ਉਨ੍ਹਾਂ ਦੇ ਘਰੇਲੂ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਸਹਿਯੋਗ ਮਿਲਣ ਲੱਗਾ ਹੈ। ਦਿੱਲੀ ਬੈਠੇ ਜ਼ਿਲ੍ਹੇ ਦੇ ਪਿੰਡ ਮੋੜ ਖੁਰਦ ਦੇ ਕਿਸਾਨ ਮਨਦੀਪ ਸਿੰਘ ਦੇ ਘਰ ਲੱਗੇ ਰਾਜ ਮਿਸਤਰੀਆਂ ਲਈ ਹੁਣ ਆਪ ਮੁਹਾਰੇ ਬੰਦੇ ਆਉਣ ਲੱਗੇ ਹਨ। ਕਿਸਾਨ ਮਨਦੀਪ ਸਿੰਘ ਨੂੰ ਪਿੰਡੋਂ ਹਰ ਤਰ੍ਹਾਂ ਦੀ ਮੱਦਦ ਵਾਲੇ ਹੋਸਲੇ ਭਰੇ ਸੁਨੇਹੇ ਮਿਲਣ ਲੱਗੇ ਹਨ। ਦਿੱਲੀ ਬੈਠੇ ਪਿੰਡ ਰਾਮਗੜ੍ਹ ਭੂੰਦੜ ਦੇ ਕਿਸਾਨ ਗੁਰਮੇਲ ਸਿੰਘ ਨੇ ਦਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਯੂਨੀਅਨ ਦੇ ਨਾਲ ਸੰਘਰਸ਼ ਦੇ ਮੋਰਚੇ ਉਪਰ ਹੈ ਪਰ ਬਾਅਦ ਵਿਚ ਪਿੰਡ ਦੇ ਲੋਕਾਂ ਨੇ ਉਸਦੇ ਖੇਤਾਂ ਵਿਚੋਂ ਖੁਦ ਹੀ ਨਰਮੇ ਦੀਆਂ ਛਟੀਆਂ ਪੁੱਟ ਕੇ ਕਣਕ ਦੀ ਬੀਜਾਈ ਕਰ ਦਿੱਤੀ ਹੈ। ਗੁਰਮੇਲ ਮੁਤਾਬਕ ਉਹ ਪਿੰਡ ਦੇ ਲੋਕਾਂ ਦੇ ਹੋਸਲੇ ਨਾਲ ਹੁਣ ਮੋਰਚਾ ਫ਼ਤਿਹ  ਕਰਕੇ ਹੀ ਵਾਪਸ ਪਰਤੇਗਾ। ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ 'ਚ ਦਲਿਤ ਵਿਹੜੇ ਦੇ ਨੌਜਵਾਨਾਂ ਨੇ ਇਕੱਠ ਕਰਕੇ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਨੂੰ ਸਾਂਭਣ ਦਾ ਐਲਾਨ ਕੀਤਾ ਹੈ। ਜਿਸਦੀ ਹਰ ਪਾਸੇ ਸਲਾਘਾ ਹੋ ਰਹੀ ਹੈ। 

                                ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰੰਡੇ ਹਲਾਲ 'ਚ ਖੇਤ ਮਜਦੂਰ ਯੂਨੀਅਨ ਦੇ ਮੈਂਬਰਾਂ ਨੇ ਕਿਸਾਨ ਸੰਘਰਸ਼ 'ਚ ਡਟੇ ਜਿਮੀਂਦਾਰਾਂ ਦੀ ਮੱਦਦ ਦਾ ਫੈਸਲਾ ਲਿਆ ਹੈ। ਦਿੱਲੀ ਬੈਠੇ ਕਿਸਾਨ ਮੰਦਰ ਸਿੰਘ ਦੇ ਘਰ ਜਾ ਕੇ ਦਲਿਤ ਮਹਿਲਾਵਾਂ ਨੇ ਉਸਦੀ ਪਤਨੀ ਭਜਨ ਕੌਰ ਨੂੰ ਹਰ ਇਮਦਾਦ ਦਾ ਭਰੋਸਾ ਦਿਵਾਇਆ ਹੈ। ਇਸ ਪਿੰਡ ਦਾ ਮਜਦੂਰ ਆਗੂ ਤਰਸੇਮ ਸਿੰਘ ਪਿੰਡ 'ਚ ਰਹਿ ਕੇ ਦਲਿਤ ਮਜਦੂਰਾਂ ਨੂੰ ਮੋਰਚੇ 'ਤੇ ਡਟੇ ਕਿਸਾਨਾਂ ਦੇ ਘਰਾਂ ਤੇ ਖੇਤਾਂ ਦਾ ਕੰਮ ਸੰਭਾਲਣ ਲਈ ਪ੍ਰੇਰ ਰਿਹਾ। ਇਸੇ ਤਰ੍ਹਾਂ ਇਸੇ ਜ਼ਿਲ੍ਹੇ ਦੇ ਖੂੰਨਣ ਖੁਰਦ ਦਾ ਕਾਲਾ ਸਿੰਘ ਕਿਸਾਨ ਸੰਘਰਸ ਦੇ ਯੋਧਿਆਂ ਨੂੰ ਪਿੱਛੇ ਕੰਮਾਂ ਦਾ ਫ਼ਿਕਰ ਨਾ ਕਰਨ ਲਈ ਹੋਸਲਾ ਦੇ ਰਿਹਾ। ਖੇਤ ਮਜਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਨੇ ਦਸਿਆ ਕਿ '' ਵੱਡੀ ਗਿਣਤੀ 'ਚ ਮਜਦੂਰ ਵੀ ਦਿੱਲੀ ਪੁੱਜੇ ਹੋਏ ਹਨ, ਉਹ ਖੁਦ ਦੋ ਦਿਨਾਂ ਲਈ ਅੱਜ ਹੀ ਵਾਪਸ ਮੁੜੇ ਹਨ।'' ਮਜਦੂਰ ਆਗੂ ਮੁਤਾਬਕ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ, ਬਲਕਿ ਮਜਦੂਰਾਂ ਦੀ ਹੋਂਦ ਉਪਰ ਵੀ ਸਵਾਲੀਆਂ ਨਿਸ਼ਾਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੰਨ੍ਹਾਂ ਖੇਤੀ ਬਿੱਲਾਂ ਤੋਂ ਬਾਅਦ ਵੱਡੇ ਕਾਰਪੋਰੇਟ ਘਰਾਣਿਆਂ ਦੇ ਆਉਣ ਨਾਲ ਮਜਦੂਰਾਂ ਦੇ ਪੇਟ ਉਪਰ ਵੀ ਲੱਤ ਵੱਜੇਗੀ। ਸਰਕਾਰ ਵਲੋਂ ਘੱਟੋ-ਘੱਟ ਕੀਮਤ ਤੋਂ ਪਿੱਛੇ ਹਟਣ ਕਾਰਨ ਜਨਤਕ ਵੰਡ ਪ੍ਰਣਾਲੀ ਲਈ ਅਨਾਜ਼ ਦੀ ਖਰੀਦ ਘਟੇਗੀ, ਜਿਸ ਨਾਲ ਗਰੀਬਾਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਦਸਿਆ ਕਿ ਯੂਨੀਅਨ ਵਲੋਂ ਪਿੰਡ-ਪਿੰਡ ਵਿਚ ਦਲਿਤ ਮਜਦੂਰਾਂ ਨੂੰ ਕਿਸਾਨਾਂ ਦੇ ਖੇਤਾਂ ਵਿਚ ਜਾਣ ਲਈ ਕਿਹਾ ਜਾ ਰਿਹਾ। ਦਿੱਲੀ ਬੈਠੇ ਕਿਸਾਨ ਆਗੂ ਜਸਵੀਰ ਸਿੰਘ ਸੇਮਾ ਨੇ ਦਸਿਆ ਕਿ ਉਨ੍ਹਾਂ ਵਲੋਂ ਪਿੰਡਾਂ 'ਚ ਰਹਿ ਗਏ ਕਿਸਾਨਾਂ ਨੂੰ ਅਪਣੇ ਸਾਥੀਆਂ ਕਿਸਾਨਾਂ ਦੇ ਪ੍ਰਵਾਰਾਂ ਦੀ ਬਾਂਹ ਫ਼ੜਣ ਤੇ ਖੇਤਾਂ ਦੀ ਸੰਭਾਲ ਲਈ ਪ੍ਰੇਰਤ ਕੀਤਾ ਜਾ ਰਿਹਾ। ਉਨ੍ਹਾਂ ਦਸਿਆ ਕਿ ਦਿੱਲੀ ਬੈਠੇ ਕਿਸਾਨਾਂ ਨੂੰ ਭਾਈਚਾਰੇ ਦੁਆਰਾ ਬਾਂਹ ਫ਼ੜਣ ਨਾਲ ਵੱਡਾ ਹੋਸਲਾ ਮਿਲਿਆ ਹੈ।
in

43 ਸਾਲਾਂ ਬਾਅਦ ਅਕਾਲੀ-ਭਾਜਪਾ ਗਠਜੋੜ ਨਾਜ਼ੁਕ ਮੋੜ 'ਤੇ

- - No comments


 
ਕਦੇ ਹਿਮਾਇਤ ਤੇ ਕਦੇ ਵਿਰੋਧ ਨੇ ਅਕਾਲੀਆਂ ਦੀ ਸਥਿਤੀ ਹਾਸੋਹੀਣੀ ਬਣੀ




ਸੁਖਜਿੰਦਰ ਮਾਨ

ਬਠਿੰਡਾ, 16 ਸਤੰਬਰ : ਪਿਛਲੇ ਕਰੀਬ ਅੱਠ ਸਾਲਾਂ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸੱਤਾ 'ਚ ਹੁੰਦੇ ਸਮੇਂ ਹੀ 'ਨੂੰਹ-ਮਾਸ' ਦੇ ਰਿਸ਼ਤੇ 'ਚ ਆਈ ਤਰੇੜ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜਿਸਦੇ ਚੱਲਦੇ ਅਪਣਿਆਂ ਤੋਂ ਖ਼ਤਰਾ ਮਹਿਸੂਸ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵਲੋਂ 1977 'ਚ ਪਹਿਲੀ ਵਾਰ ਜਨਸੰਘੀਆਂ ਨਾਲ ਪਾਈ 'ਰਾਜਸ਼ੀ ਸਾਂਝ'  ਹੁਣ ਖ਼ਤਮ ਹੋਣ ਦੇ ਨਾਜ਼ੁਕ ਮੋੜ 'ਤੇ ਪੁੱਜ ਗਈ ਹੈ। ਮੌਜੂਦਾ ਸਮੇਂ ਨਾ ਭਾਜਪਾ ਵਿਚ ਅਟਲ ਬਿਹਾਰੀ ਵਾਜ਼ਪਾਈ ਤੇ ਮਦਨ ਲਾਲ ਖ਼ੁਰਾਣਾ ਵਰਗੇ ਆਗੂ ਰਹੇ ਹਨ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਪ੍ਰਕਾਸ਼ ਸਿੰਘ ਬਾਦਲ ਦਾ ਗਲਬਾ ਨਾਮਤਰ ਰਹਿ ਗਿਆ ਹੈ। ਜਿਸ ਕਾਰਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਹੱਠਧਰਮੀ ਕਰਕੇ ਪਹਿਲਾਂ ਲਾਗੂ ਕੀਤੇ ਖੇਤੀ ਆਰਡੀਨੈਂਸਾਂ ਨੂੰ ਹੁਣ ਬਿੱਲ ਵਜੋਂ ਮੰਨਜੂਰ ਕਰਵਾਉਣ ਦੇ ਦ੍ਰਿੜ ਇਰਾਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਜਿਹੇ ਮੋੜ 'ਤੇ ਲਿਆ ਕੇ ਖ਼ੜਾ ਕਰ ਦਿੱਤਾ ਹੈ, ਜਿੱਥੇ ਜੇਕਰ ਉਹ ਅੱਗੇ ਵਧਦੇ ਹਨ ਤਾਂ ਖੂਹ ਹੈ ਤੇ ਜੇਕਰ ਪਿੱਛੇ ਮੁੜਦੇ ਹਨ ਤਾਂ ਖਾਈ ਦਿਖ਼ਾਈ ਦਿੰਦੀ ਹੈ। ਹਾਲਾਂਕਿ ਇਸ ਮਾਮਲੇ ਵਿਚ ਹੁਣ ਭਾਜਪਾਈ ਚੁੱਪ ਹਨ ਤੇ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਦੀ ਨੀਤੀ ਉਪਰ ਚੱਲ ਰਹੇ ਹਨ ਜਦੋਂਕਿ ਅਕਾਲੀ ਆਗੂਆਂ ਨੇ ਹੋਣੀ ਨੂੰ ਸਾਹਮਣੇ ਦੇਖਦਿਆਂ ਜ਼ਿਲ੍ਹਾ ਪੱਧਰ 'ਤੇ ਪ੍ਰੈਸ ਨੋਟ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ਦੇ ਸਟੈਂਡ ਦੀ ਸਲਾਘਾ ਕੀਤੀ ਹੈ। ਜਦੋਂਕਿ ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਪੱਕੀ ਵੋਟ ਮੰਨੀ ਜਾਂਦੇ ਸਿੱਖ ਪੰਥ ਦੀ ਨਰਾਜ਼ਗੀ ਪਹਿਲਾਂ ਹੀ ਬਾਦਲਾਂ ਨਾਲ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਦਿਖ਼ਾਈ ਦੇ ਰਹੀ ਸੀ ਤੇ ਹੁਣ ਕਿਸਾਨੀ ਵੋਟ ਬੈਂਕ ਨੂੰ ਬਚਾਉਣ ਲਈ 'ਮਰਦਾ ਕੀ ਨਾ ਕਰਦਾ' ਦੀ ਕਹਾਵਤ ਮੁਤਾਬਕ ਚੁੱਕਿਆ ਆਖ਼ਰੀ ਕਦਮ ਵੀ ਸਹੀ ਰਾਸਤੇ ਜਾਂਦਾ ਦਿਖ਼ਾਈ ਨਹੀਂ ਦੇ ਰਿਹਾ। 

                            ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਆਰਡੀਨੈਂਸ ਲਾਗੂ ਕਰਨ ਤੋਂ ਲੈ ਕੇ ਦੋ ਦਿਨ ਪਹਿਲਾਂ ਤੱਕ ਇਸਦੇ ਹੱਕ ਵਿਚ ਡਟਦੇ ਆ ਰਹੇ ਅਕਾਲੀਆਂ ਵਲੋਂ ਅਚਾਨਕ ਲਈ 'ਯੂ-ਟਰਨ' ਵੀ ਉਨ੍ਹਾਂ ਦੇ ਹੱਕ ਵਿਚ ਭੁਗਤਦੀ ਦਿਖ਼ਾਈ ਨਹੀਂ ਦਿੰਦੀ, ਕਿਉਂਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਖ਼ੁਦ ਸੁਖਬੀਰ ਸਿੰਘ ਬਾਦਲ ਵਲੋਂ ਇੰਨ੍ਹਾਂ ਆਰਡੀਨੈਂਸਾਂ ਨੂੰ ਸਹੀ ਦਰਸਾਉਣ ਲਈ ਲਗਾਏ ਜੋਰ ਤੋਂ ਇਲਾਵਾ ਇਸ ਮਾਮਲੇ ਵਿਚ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਵੀ ਪਿਛਲੇ ਦਿਨੀਂ ਜਾਰੀ ਇੱਕ ਵੀਡੀਓ ਬਿਆਨ ਵਿਚ ਖੁੱਲ ਕੇ ਇਸ ਆਰਡੀਨੈਂਸਾਂ ਦੇ ਹੱਕ ਵਿਚ ਦੁਹਾਈ ਦਿੰਦੇ ਦਿਖ਼ਾਈ ਦਿੱਤੇ ਸਨ। ਜਿਸਤੋਂ ਬਾਅਦ ਹੁਣ ਅਚਾਨਕ ਸੰਸਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਡਟ ਕੇ ਕੀਤਾ ਵਿਰੋਧ ਤੇ ਗਠਜੋੜ ਵਿਚ ਸ਼ਾਮਲ ਹੁੰਦੇ ਹੋਏ ਵੀ ਇਸ ਬਿੱਲ ਵਿਰੁਧ ਪਾਈ ਵੋਟ ਤੋਂ ਬਾਅਦ ਹੁਣ ਮੋਦੀ-ਸ਼ਾਹ ਦੀ ਜੋੜੀ ਬਾਦਲ ਪ੍ਰਵਾਰ ਦੇ ਗਲਬੇ ਵਾਲੇ ਅਕਾਲੀ ਦਲ ਨੂੰ ਬਹੁਤ ਦਿਨ ਨਾਲ ਲੈ ਕੇ ਚੱਲਣ ਤੋਂ ਅਸਮਰੱਥ ਦਿਖ਼ਾਈ ਦਿੰਦੀ ਨਜ਼ਰ ਆ ਰਹੀ ਹੈ। ਉਂਜ 2012 ਤੋਂ 2017 ਤੱਕ ਸੱਤਾ ਵਿਚ ਭਾਈਵਾਲ ਹੁੰਦੇ ਹੋਏ ਵੀ ਖੂੰਜੇ ਲੱਗੇ ਰਹੇ ਜਿਆਦਾਤਰ ਭਾਜਪਾਈ ਪਹਿਲਾਂ ਹੀ ਪੰਜਾਬ 'ਚ ਏਕਲੇ ਚਲੋਂ ਦੀ ਨੀਤੀ ਦਾ ਰਾਗ ਅਲਾਪ ਰਹੇ ਹਨ। ਅਜਿਹੀ ਸਿਆਸੀ ਹਾਲਾਤ 'ਚ ਅਕਾਲੀ ਦਲ ਦੀ ਖ਼ਾਲੀ ਥਾਂ ਭਰਨ ਲਈ ਸੁਖਦੇਵ ਸਿੰਘ ਢੀਢਸਾ ਦੀ ਅਗਵਾਈ ਹੇਠ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਪਹਿਲਾਂ ਹੀ ਤਿਆਰ ਬੈਠਾ ਜਾਪ ਰਿਹਾ ਹੈ। ਹਾਲਾਂਕਿ ਸਪੋਕਸਮੈਨ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸ: ਢੀਂਢਸਾ ਨੇ ਦਾਅਵਾ ਕੀਤਾ ਕਿ ਉਹ ਮੋਦੀ ਦੀ ਵਜ਼ਾਰਤ ਵਿਚ ਸ਼ਾਮਲ ਨਹੀਂ ਹੋਣ ਜਾ ਰਹੇ ਹਨ। ਸਿਆਸੀ ਮਾਹਰਾਂ ਮੁਤਾਬਕ ਦਿੱਲੀ ਹਕਮਤ ਨਾਲੋਂ ਵੱਖ ਹੋਣ ਤੋਂ ਬਾਅਦ ਬਾਦਲਾਂ ਨੂੰ ਸਿਆਸੀ ਹਾਸ਼ੀਏ 'ਤੇ ਧੱਕਣ ਲਈ ਸਿਆਸੀ ਵਿਰੋਧੀ ਤਰਲੋਮੱਛੀ ਹੋ ਰਹੇ ਹਨ। ਅਜਿਹੇ ਬਦਲਦੇ ਸਿਆਸੀ ਹਾਲਾਤਾਂ 'ਚ ਆਉਣ ਵਾਲੇ ਸਮੇਂ ਦੌਰਾਨ ਬਰਗਾੜੀ ਸਿਆਸੀ ਕਾਂਡ ਦਾ ਸੇਕ ਵੀ ਇਸ ਪ੍ਰਵਾਰ ਨੂੰ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ।

ਬਠਿੰਡਾ ਥਰਮਲ ਪਲਾਂਟ ਦੀ ਹੋਂਦ ਮਿਟਾਉਣ ਲਈ ਉਲਟੀ ਗਿਣਤੀ ਸ਼ੁਰੂ

- - No comments

 ਪਾਵਰਕਾਮ ਨੇ ਮੁੰਬਈ ਫ਼ਰਮ ਨੂੰ 164 ਕਰੋੜ 'ਚ ਥਰਮਲ ਢਾਹੁਣ ਦਾ ਠੇਕਾ ਦਿੱਤਾ

ਸੁਖਜਿੰਦਰ ਮਾਨ


ਬਠਿੰਡਾ, 11 ਸਤੰਬਰ : ਬਠਿੰਡਾ ਦੇ ਟਿੱਬਿਆਂ ਨੂੰ ਰੰਗ ਭਾਗ ਲਾਉਣ ਵਾਲੇ 50 ਸਾਲਾਂ ਪੁਰਾਣੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਹੋਂਦ 

ਮਿਟਾਉਣ ਲਈ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਪਾਵਰਕਾਮ ਵਲੋਂ ਦਿੱਤੇ ਟੈਂਡਰ ਤੋਂ ਬਾਅਦ 9 ਸਤੰਬਰ ਨੂੰ ਹੋਈ ਆਨਲਾਈਨ ਬੋਲੀ ਤੋਂ ਬਾਅਦ ਹੁਣ ਮੁੰਬਈ ਦੀ ਇਕ ਫਰਮ ਨੂੰ ਇਸ ਪਲਾਂਟ ਨੂੰ ਢਾਹੁਣ ਲਈ 164 .6 ਕਰੋੜ ਰੁਪਏ ਵਿਚ ਠੇਕਾ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦੋ ਹਫ਼ਤਿਆਂ 'ਚ ਸਾਰੀਆਂ ਕਾਨੂੰਨੀ ਅੜਚਣਾਂ ਦੂਰ ਹੋਣ ਤੋਂ ਬਾਅਦ ਜਲਦੀ ਹੀ ਉਕਤ ਫ਼ਰਮ ਬਠਿੰਡਾ ਦੇ ਇਸ ਇਤਿਹਾਸਕ ਪਲਾਂਟ ਦੀ ਹੋਂਦ ਮਿਟਾਉਣ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਪਾਵਰਕਾਮ ਦੇ ਡਾਇਰੈਕਟਰ ਵਿੱਤ ਜਤਿੰਦਰ ਗੋਇਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ '' ਮੁੰਬਈ ਦੀ ਸਫ਼ਲ ਬੋਲੀਕਾਰ ਕੰਪਨੀ ਨੂੰ ਬੰਦ ਪਏ ਇਸ ਪਲਾਂਟ ਨੂੰ ਢਾਹੁਣ ਲਈ 164.6 ਕਰੋੜ 'ਚ ਠੇਕਾ ਦਿੱਤਾ ਗਿਆ ਹੈ। '' ਉਂਜ ਪਤਾ ਚੱਲਿਆ ਹੈ ਕਿ ਲੋਕਾਂ ਦੇ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਸ ਪਲਾਂਟ ਦੇ ਕੂਲਿੰਗ ਟਾਵਰਾਂ ਤੇ ਚਾਰੋਂ ਝੀਲਾਂ ਨੂੰ ਜਿਊਂ ਦਾ ਤਿਊਂ ਰੱਖਣ ਦਾ ਫੈਸਲਾ ਲਿਆ ਹੈ। ਜਦੋਂਕਿ ਇਸ ਪਲਾਂਟ ਦੇ ਖ਼ਤਮ ਹੋਣ ਤੋਂ ਬਾਅਦ ਇਸਦੀ ਕਰੀਬ 1,350 ਏਕੜ ਜਮੀਨ ਵਿਚ ਮੈਗਾ ਇੰਡਸਟਰੀਅਲ ਪਾਰਕ ਬਣਾਉਣ ਲਈ ਦਿੱਤੀ ਜਾਵੇਗੀ। ਇਸ ਸਬੰਧ ਵਿਚ ਪੰਜਾਬ ਕੈਬਨਿਟ ਵਲੋਂ ਕੁੱਝ ਹਫ਼ਤੇ ਪਹਿਲਾਂ ਸਿਧਾਂਤਕ ਤੌਰ 'ਤੇ ਇਹ ਜਮੀਨ ਪੁੱਡਾ ਨੂੰ ਸੋਂਪਣ ਦਾ ਫੈਸਲਾ ਲਿਆ ਜਾ ਚੁੱਕਾ ਹੈ। ਜਿਸਤੋਂ ਬਾਅਦ ਪੁੱਡਾ ਇਸ ਜਮੀਨ ਨੂੰ 80:20 ਫ਼ੀਸਦੀ ਦੇ ਹਿਸਾਬ ਨਾਲ ਵਿਕਸਤ ਕਰੇਗੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਪਲਾਂਟ ਨੂੰ ਮੁੜ ਚਾਲੂ ਕਰਨ ਲਈ ਜਨਤਕ ਤੌਰ 'ਤੇ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਉਨ੍ਹਾਂ ਦੀਆਂ ਨਜ਼ਰਾਂ ਵਿਚ ਇਹ ਥਰਮਲ ਪਲਾਂਟ ਪੰਜਾਬ ਸਰਕਾਰ 'ਤੇ ਭਾਰ ਬਣ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੀ ਏਜੰਸੀ ਪੇਡਾ ਵਲੋਂ ਵੀ ਕੁੱਝ ਹਫ਼ਤੇ ਪਹਿਲਾਂ ਪਲਾਂਟ ਦੀ ਰਾਖ਼ ਸੁੱਟਣ ਵਾਸਤੇ ਵਰਤੀਂ ਜਾਂਦੀ500 ਏਕੜ ਜਮੀਨ 'ਤੇ ਸੌਰ ਉਰਜ਼ਾ ਪਲਾਂਟ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਪ੍ਰੰਤੂ ਹੁਣ ਇਸ ਯੋਜਨਾ 'ਤੇ ਵੀ ਪਾਣੀ ਫ਼ਿਰ ਗਿਆ ਹੈ। ਉਂਜ ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਬੰਦ ਕੀਤੇ ਜਾਣ ਵਾਲੇ ਚਾਰਾਂ ਵਿਚੋਂ ਇੱਕ ਯੂਨਿਟ ਨੂੰ ਪਰਾਲੀ 'ਤੇ ਚਲਾਉਣ ਦਾ ਸੁਝਾਅ ਦਿੱਤਾ ਸੀ, ਜਿਸ ਉਪਰ ਪੰਜਾਬ ਸਰਕਾਰ ਵਲੋਂ ਗੌਰ ਨਹੀਂ ਫ਼ਰਮਾਇਆ ਗਿਆ। ਇੱਥੇ ਦਸਣਾ ਬਣਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾਂ ਸਤਾਬਦੀ ਮੌਕੇ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੁਆਰਾ ਇਸ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਪਲਾਂਟ 1974 ਵਿਚ ਪੂਰੀ ਤਰ੍ਹਾਂ ਚਾਲੂ ਹੋ ਗਿਆ ਸੀ। ਇਸਤੋਂ ਇਲਾਵਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ  715 ਕਰੋੜ ਰੁਪਏ ਖ਼ਰਚ ਕਰਕੇ ਇਸ ਪਲਾਂਟ ਦੇ ਨਾ ਸਿਰਫ਼ ਚਾਰਾਂ ਯੂਨਿਟਾਂ ਦਾ ਨਵੀਨੀਕਰਨ ਕੀਤਾ ਗਿਆ ਸੀ, ਬਲਕਿ ਦੋ ਯੂਨਿਟਾਂ ਦੀ ਸਮਰੱਥਾ ਵੀ ਵਧਾ ਕੇ 120-120 ਯੂਨਿਟ ਕੀਤੀ ਗਈ ਸੀ। ਜਿਸਤੋਂ ਬਾਅਦ ਇਸ ਥਰਮਲ ਪਲਾਂਟ ਦੀ ਮਿਆਦ 2029 ਤੱਕ ਵਧ ਗਈ ਸੀ। ਜਿਕਰਯੋਗ ਹੈ ਕਿ ਮੌਜੂਦਾ ਸਰਕਾਰ ਦੌਰਾਨ 1 ਜਨਵਰੀ 2018 ਤੋਂ ਇਹ ਥਰਮਲ ਪਲਾਂਟ ਪੱਕੇ ਤੌਰ 'ਤੇ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਸੀ, ਕਿ ਇਸਦਾ ਉਤਪਾਦਨ ਖ਼ਰਚਾ ਕਾਫ਼ੀ ਮਹਿੰਗਾ ਪੈਂਦਾ ਹੈ। ਇਸਤੋਂ ਇਲਾਵਾ ਹੁਣ ਲੰਘੀ 20 ਅਗੱਸਤ ਨੂੰ ਪਾਵਰਕਾਮ ਦੇ ਬੋਰਡ ਆਫ਼ ਡਾਇਰੈਕਟਰ ਦੀ ਹੋਈ ਮੀਟਿੰਗ ਵਿਚ ਬਠਿੰਡਾ ਥਰਮਲ ਦੀਆਂ 2167 ਆਸਾਮੀਆਂ ਨੂੰ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਸੂਬੇ ਦੀਆਂ ਮੁੱਖ ਵਿਰੋਧੀ ਪਾਰਟੀਆਂ ਤੋਂ ਇਲਾਵਾ ਥਰਮਲ ਤੇ ਪਾਵਰਕਾਮ ਦੇ ਕਾਮੇ ਮੁੜ ਇਸ ਪਲਾਂਟ ਨੂੰ ਚੱਲਦਾ ਦੇਖਣ ਲਈ ਸੰਘਰਸ਼ ਕਰ ਰਹੇ ਹਨ।

ਕਰੋਨਾ ਦਾ ਕਹਿਰ

- - No comments

 ਬਠਿੰਡਾ 'ਚ ਇੱਕ ਦਿਨ ਵਿਚ ਮਸ਼ਹੂਰ ਡਾਕਟਰ ਸਹਿਤ 10 ਮੌਤਾਂ

ਬਠਿੰਡਾ ਦੇ ਰਾਮਬਾਗ 'ਚ ਪਹਿਲੀ ਵਾਰ 6 ਲਾਸ਼ਾਂ ਦਾ ਕੀਤਾ ਇਕੱਠਿਆਂ ਸੰਸਕਾਰ
ਸੁਖਜਿੰਦਰ ਮਾਨ
ਬਠਿੰਡਾ, 10 ਸਤੰਬਰ : ਸੂਬੇ ਦੇ ਛੋਟੇ ਜ਼ਿਹੇ ਸ਼ਹਿਰ ਬਠਿੰਡਾ 'ਚ ਕਰੋਨਾ ਨੇ ਅਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਵਿਚ ਜਿੱਥੇ ਹਰ ਰੋਜ਼ ਡੇਢ ਸੋ ਦੇ ਕਰੀਬ ਕਰੋਨਾ ਲਾਗ ਤੋਂ ਪੀੜ੍ਹਤ ਮਰੀਜ਼ ਆ ਰ

ਹੇ ਹਨ, ਉਥੇ ਅੱਜ ਕਰੋਨਾ ਲਾਗ ਤੋਂ ਪੀੜ੍ਹਤ ਪਹਿਲੀ ਵਾਰ ਰਿਕਾਰਡ ਤੋੜ 10 ਵਿਅਕਤੀਆਂ ਨੇ ਦਮ ਤੋੜ ਦਿੱਤਾ। ਜਿਸ ਨਾਲ ਜ਼ਿਲ੍ਹੇ ਵਿਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 68 ਤੱਕ ਪੁੱਜ ਗਈ ਹੈ। ਅੱਜ ਮਰਨ ਵਾਲਿਆਂ ਵਿਚ 6 ਜਣਿਆਂ ਦੀ ਮੌਤ ਫ਼ਰੀਦਕੋਟ ਮੈਡੀਕਲ ਕਾਲਜ਼ ਵਿਚ ਹੋਈ ਜਦੋਂਕਿ 4 ਜਣੇ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਦਾਖ਼ਲ ਸਨ। ਮਰਨ ਵਾਲਿਆਂ ਵਿਚੋਂ 8 ਜਣੇ ਸ਼ਹਿਰੀ ਅਤੇ 2 ਮ੍ਰਿਤਕ ਦਿਹਾਤੀ ਖੇਤਰ ਨਾਲ ਸਬੰਧਤ ਸਨ। ਇਕੱਲੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਵਲੋਂ ਹੀ ਇੱਕੋ ਸਮੇਂ ਸਥਾਨਕ ਰਾਮ ਬਾਗ 'ਚ 6 ਕਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦਾ ਇੱਕੋਂ ਸਮੇਂ ਸੰਸਕਾਰ ਕੀਤਾ ਗਿਆ। ਮ੍ਰਿਤਕਾਂ ਵਿਚ ਸ਼ਹਿਰ ਦਾ ਇੱਕ ਨਾਮੀ ਸ਼ਰਜਨ ਡਾਕਟਰ ਮੇਲਾ ਰਾਮ ਬਾਂਸਲ ਵੀ ਸ਼ਾਮਲ ਹੈ, ਜਿਹੜਾ ਸ਼ਹਿਰ ਦੇ ਪੁਰਾਣੇ ਡਾਕਟਰਾਂ ਵਿਚ ਸ਼ਾਮਲ ਸੀ ਅਤੇ ਉਸਨੂੰ ਗਰੀਬਾਂ ਦਾ ਮਸੀਹਾਂ ਵੀ ਕਿਹਾ ਜਾਂਦਾ ਸੀ। ਸੂਚਨਾ ਮੁਤਾਬਕ 93 ਸਾਲਾਂ ਡਾ. ਬਾਂਸਲ ਪਿਛਲੇ 10 ਦਿਨਾਂ ਤੋਂ  ਦਿੱਲੀ ਸਥਿਤ ਮੇਦਾਂਤਾ ਹਸਪਤਾਲ ਵਿਚ ਦਾਖ਼ਲ ਸੀ। ਉਨ੍ਹਾਂ ਦੀ ਇੱਕ ਹਫ਼ਤਾ ਪਹਿਲਾਂ ਕਰੋਨਾ ਰੀਪੋਰਟ ਪਾਜ਼ੀਟਿਵ ਆਈ ਸੀ। ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ। ਇਹ ਵੀ ਪਤਾ ਚੱਲਿਆ ਹੈ ਕਿ ਮ੍ਰਿਤਕ ਡਾਕਟਰ ਦੇ ਹੋਰ ਪ੍ਰਵਾਰਕ ਮੈਂਬਰ ਵੀ ਕਰੋਨਾ ਮਹਾਂਮਾਰੀ ਨਾਲ ਲੜਾਈ ਲੜ ਰਹੇ ਹਨ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਡਾ ਮੇਲਾ ਰਾਮ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਕਰ ਦਿੱਤਾ। ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਡਾ ਬਾਸਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਸਣਾ ਬਣਦਾ ਹੈ ਕਿ ਡਾ. ਮੇਲਾ ਰਾਮ ਸ਼ਹਿਰ ਦਾ ਇੱਕ ਪ੍ਰਮੁੱਖ ਸਰਜਨ ਸੀ ਅਤੇ ਇੱਕ ਸਮਾਜ ਸੇਵਕ ਵੀ ਸੀ। ਉਸਨੇ ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਸ਼ਹਿਰ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਇਸ ਸਮੇਂ ਦੌਰਾਨ ਕਦੇ ਵੀ ਆਰਥਿਕ ਪੱਖ ਨੂੰ ਮਹੱਤਵ ਨਹੀਂ ਦਿੱਤਾ । ਇਹੀ ਕਾਰਨ ਸੀ ਕਿ ਉਸਨੂੰ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਸੀ। ਉਧਰ ਹੋਰਨਾਂ ਮੌਤਾਂ ਵਿਚ ਸ਼ਹਿਰ ਦੇ ਹਾਜੀਰਤਨ ਗੇਟ ਨਜਦੀਕ ਰਹਿਣ ਵਾਲੀ 65 ਸਾਲਾ ਪ੍ਰੀਤ ਕੌਰ ਦੀ ਕਰੋਨਾ ਰੀਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸਨੂੰ ਡੀਡੀਆਰਸੀ ਸੈਂਟਰ ਬਠਿੰਡਾ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਉਸਦੀ ਮੌਤ ਹੋ ਗਈ। ਸੁਰਿੰਦਰ ਕੁਮਾਰ ਵਰਮਾ ਨਿਵਾਸੀ ਗਲੀ ਨੰਬਰ 13 ਨਾਮਦੇਵ ਨਗਰ ਅਤੇ 65 ਸਾਲਾ ਰਾਜਪਾਲ ਨਿਵਾਸੀ ਪਰਸਰਾਮ ਨਗਰ ਗਲੀ ਦੀ ਵੀ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਦੋਵੇਂ ਦੀਆਂ ਕਰੋਨਾਂ ਰਿਪੋਰਟਾਂ ਪਾਜ਼ੀਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪਿਆ ਸੀ। ਇਸੇ ਤਰ੍ਹਾਂ 74 ਸਾਲਾ ਔਰਤ ਸੁਰਜੀਤ ਕੌਰ ਗਲੀ ਨੰਬਰ ਇੱਕ ਨਾਮਦੇਵ ਨਗਰ ਦੀ ਵੀ ਕੋਰੋਨਾ ਵਾਇਰਸ ਨਾਲ ਲਾਗ ਤੋਂ ਪੀੜ੍ਹਤ ਹੋਣ ਤੋਂ ਬਾਅਦ ਮੌਤ ਹੋ ਗਈ। ਉਸਨੂੰ ਵੀ ਆਪਣੀ ਸਾਹ ਅਤੇ ਬੁਖਾਰ ਤੋਂ ਬਾਅਦ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ। ਸਥਾਨਕ ਸ਼ਹਿਰ ਦੇ ਕੋਰਟ ਰੋਡ 'ਤੇ ਸਥਿਤ ਪਟਵਾਰੀਆਂ ਵਾਲੀ ਗਲੀ ਦੇ ਵਾਸੀ 64 ਸਾਲਾਂ ਹਰਮੇਲ ਸਿੰਘ ਨੇ ਵੀ ਦਮ ਤੋੜ ਦਿੱਤਾ। ਉਸਨੂੰ ਸਾਹ ਅਤੇ ਛਾਤੀ ਦੀ ਦਿੱਕਤ ਦੇ ਨਾਲ ਤੇਜ਼ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸੀ। ਜਿੱਥੇ ਕਰੋਨਾ ਰੀਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ 8 ਸਤੰਬਰ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਭੇਜ ਦਿੱਤਾ। ਇਕ ਹੋਰ ਕੇਸ ਵਿੱਚ ਇਸਤੋਂ ਇਲਾਵਾ ਸਥਾਨਕ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਰਾਜੇਸ਼ ਕੁਮਾਰ ਜਿੰਦਲ 70 ਸਾਲ ਵੀ ਫ਼ਰੀਦਕੋਟ ਮੈਡੀਕਲ ਕਾਲਜ਼ ਵਿਚ ਦਾਖ਼ਲ ਸੀ, ਜਿੱਥੇ ਉਸਦੀ ਮੌਤ ਹੋ ਗਈ। ਜਦੋਂਕਿ ਸ਼ਹਿਰ ਦੇ ਰਜਿੰਦਰ ਪ੍ਰਸ਼ਾਦ 55 ਸਾਲ ਵਾਸੀ ਸੁਰਖਪੀਰ ਰੋਡ ਨਿਵਾਰਣ ਹਸਪਤਾਲ ਵਿਚ ਦਾਖ਼ਲ ਸੀ, ਜਿੱਥੇ ਉਸਦੀ ਮੌਤ ਹੋ ਗਈ। ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਨਾਲ ਸਬੰਧਤ ਗੁਰਾ ਸਿੰਘ ਪੁੱਤਰ ਘੁੰਮਣ ਸਿੰਘ ਵਾਸੀ ਪਿੰਡ ਮਲੂਕਾ ਵੀ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਵਿਚ ਦਾਖ਼ਲ ਸੀ, ਉਸਦੀ ਵੀ ਮੌਤ ਹੋ ਗਈ ਹੈ। ਇਸਤੋਂ ਇਲਾਵਾ ਤਲਵੰਡੀ ਸਾਬੋ ਵਾਸੀ ਹਰਜੀਤ ਸਿੰਘ 80 ਸਾਲ ਸਥਾਨਕ ਨਿਵਾਰਣ ਹਸਪਤਾਲ ਵਿਚ ਦਾਖ਼ਲ ਸੀ ਨੇ ਵੀ ਦਮ ਤੋੜ ਦਿੱਤਾ। ਤਲਵੰਡੀ ਸਾਬੋ ਅਤੇ ਸੁਰਖਪੀਰ ਰੋਡ ਦੇ ਮ੍ਰਿਤਕਾਂ ਦਾ ਸਹਾਰਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਰਕਰਾਂ ਵਲੋਂ ਅਤੇ ਦੂਜੇ ਸਾਰਿਆਂ ਦਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਰਕਰਾਂ ਨੇ ਅੰਤਿਮ ਸੰਸਕਾਰ ਕਰਵਾਇਆ।

ਬਾਕਸ
ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 3800 ਤੋਂ ਟੱਪੀ
ਬਠਿੰਡਾ: ਉਧਰ ਜ਼ਿਲੇ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 3802 ਹੋ ਗਈ ਹੈ। ਹਾਲਾਂਕਿ ਇੰਨ੍ਹਾਂ ਮਰੀਜ਼ਾਂ ਵਿਚੋਂ 2232 ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। ਡਿਪਟੀ ਕਮਿਸ਼ਨਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿਚ ਅੱਜ 147 ਨਵੇਂ ਪਾਜ਼ੀਟਿਵ ਕੇਸ ਆਏ ਹਨ।

ਬਠਿੰਡਾ 'ਚ ਕੋਰੋਨਾ ਦਾ ਕਹਿਰ ਵਧਣ ਲੱਗਿਆ, ਦੋ ਮੌਤਾਂ ਹੋਈਆਂ

- - No comments
ਕਈ ਪੁਲਿਸ ਤੇ ਫ਼ੌਜੀ ਜਵਾਨ ਵੀ ਆਏ ਕੋਰੋਨਾ ਦੀ ਚਪੇਟ 'ਚ  
ਸੁਖਜਿੰਦਰ ਮਾਨ


ਬਠਿੰਡਾ, 27 ਜੂਨ : ਦੁਨੀਆਂ ਭਰ 'ਚ ਕੋਹਰਾਮ ਮਚਾ ਰਿਹਾ ਕੋਰੋਨਾ ਮਹਾਂਮਾਰੀ ਦਾ ਕਹਿਰ ਹੁਣ ਬਠਿੰਡਾ ਜ਼ਿਲੇ 'ਚ ਵੀ  ਵਧਣ ਲੱਗਿਆ ਹੈ। ਇਸ ਬੀਮਾਰੀ ਕਾਰਨ ਜ਼ਿਲ੍ਹੇ ਵਿਚ ਹੁਣ ਤੱਕ ਦੋ ਮੋਤਾਂ ਹੋ ਚੁੱਕੀਆਂ ਹਨ ਜਦੋਂ ਕਿ 34 ਦੇ ਕਰੀਬ ਮਰੀਜ ਹਸਪਤਾਲਾਂ 'ਚ ਇਲਾਜ਼ ਕਰਵਾ ਰਹੇ ਹਨ। ਜ਼ਿਲ੍ਹੇ ਵਿਚ ਮਰਨ ਵਾਲਿਆਂ ਵਿਚੋਂ ਦੋਨੇਂ ਵਿਅਕਤੀ ਬਠਿੰਡਾ ਸ਼ਹਿਰ ਨਾਲ ਸਬੰਧਤ ਸਨ, ਜਿੰਨ੍ਹਾਂ ਵਿਚੋਂ ਇੱਕ ਹਰਬੰਸ ਨਗਰ ਦਾ ਨੌਜਵਾਨ ਦਾ ਹਾਲੇ ਸਿਰਫ਼ 36 ਸਾਲਾਂ ਦਾ ਹੀ ਸੀ। ਇਸੇ ਤਰ੍ਹਾਂ ਪੁਖ਼ਰਾਜ ਕਲੌਨੀ ਦੇ 55 ਸਾਲਾਂ ਵਾਸੀ ਦੀ ਵੀ ਇਸ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸਤੋਂ ਇਲਾਵਾ ਹੁਣ ਤੱਕ ਦਰਜ਼ਨ ਤੋਂ ਵੱਧ ਪੁਲਿਸ ਤੇ ਫ਼ੌਜੀ ਜਵਾਨ ਵੀ ਇਸ ਮਹਾਂਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਉਂਜ ਚੰਗਾ ਪੱਖ ਇਹ ਵੀ ਹੈ ਕਿ ਹੁਣ ਤੱਕ ਜ਼ਿਲੇ ਵਿਚ ਇਸ ਬੀਮਾਰੀ ਨਾਲ 75 ਜਣੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਦੇ ਸਹਾਇਕ ਸਿਵਲ ਸਰਜ਼ਨ ਡਾ: ਕੁੰਦਨ ਪਾਲ ਨੇ ਦੱਸਿਆ ਕਿ ਅੱਜ ਜਿੰਨਾਂ ਦੋ ਜਣਿਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਉਨਾਂ ਵਿਚੋਂ ਇਕ ਬਠਿੰਡਾ ਜ਼ਿਲੇ ਅਤੇ ਇਕ ਬਠਿੰਡਾ ਜ਼ਿਲੇ ਤੋਂ ਬਾਹਰ ਦਾ ਹੈ। ਦੋਨੋਂ ਹੀ ਪੁਲਿਸ ਜਵਾਨ ਹਨ । ਉਧਰ ਸਿਵਲ ਸਰਜਨ ਡਾ ਅਮਰੀਕ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਜ਼ਿਲ੍ਹੈ ਵਿਚ ਮਰਨ ਵਾਲੇ ਬੇਸ਼ੱਕ ਕੋਰੋਨਾ ਲਾਗ ਤੋਂ ਪੀੜਤ ਸਨ ਪ੍ਰੰਤੂ ਉਨ੍ਹਾਂ ਵਿਚੋਂ ਨੌਜਵਾਨ ਨੂੰ ਕਿਡਨੀ ਰੋਗ ਦੀ ਸਮੱਸਿਆ ਸੀ ਤੇ ਉਹ ਡਾਇਲਸਸ ਕਰਵਾਉਣ ਲਈ ਫ਼ਰੀਦਕੋਟ ਮੈਡੀਕਲ ਕਾਲਜ਼ ਗਿਆ ਹੋਇਆ ਸੀ, ਜਿੱਥੇ ਟੈਸਟ ਕਰਵਾਉਣ 'ਤੇ ਉਹ ਪਾਜੀਟਿਵ ਪਾਇਆ ਗਿਆ। ਇਸੇ ਤਰ੍ਹਾਂ ਪੁਖ਼ਰਾਜ ਕਲੌਨੀ ਦਾ ਮਰਨ ਵਾਲਾ 55 ਸਾਲਾਂ ਵਿਅਕਤੀ ਹਾਇਪਰਟੈਸਿਨ, ਦਿਲ ਦੇ ਰੋਗ ਤੋਂ ਇਲਾਵਾ ਡਾਇਬੀਟਿਜ ਤੋਂ ਪੀੜਤ ਸੀ ਅਤੇ ਇਸ ਦੌਰਾਨ ਉਹ ਕਰੋਨਾ ਪਾਜਿਟਿਵ ਆ ਗਿਆ ਸੀ। ਉਸਦਾ ਡੀਐਮਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ ।

ਪੰਜਾਬ 'ਚ ਦੋ ਲੱਖ ਦੇ ਕਰੀਬ ਆਟਾ-ਦਾਲ ਕਾਰਡ ਮੁੜ ਹੋਣਗੇ ਬਹਾਲ

- - No comments

ਕੈਪਟਨ ਸਰਕਾਰ ਵਲੋਂ 1 ਅਪ੍ਰੈਲ 2019 ਤੋਂ ਬਾਅਦ ਕੱਟੇ ਕਾਰਡਾਂ ਦੀ ਮੁੜ ਪੜਤਾਲ ਦੇ ਹੁਕਮ

ਸੁਖਜਿੰਦਰ ਮਾਨ


ਬਠਿੰਡਾ, 18 ਜੂਨ : ਸੂਬੇ ਦੀ ਕਾਂਗਰਸ ਸਰਕਾਰ ਪੰਜਾਬ 'ਚ ਦੋ ਲੱਖ ਦੇ ਕਰੀਬ ਕੱਟੇ ਹੋਏ ਆਟਾ-ਦਾਲ ਕਾਰਡਾਂ ਨੂੰ ਮੁੜ ਬਹਾਲ ਕਰੇਗੀ। ਵਿਰੋਧੀਆਂ ਵਲੋਂ ਲਗਾਤਾਰ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਨ ਅਤੇ ਮਾਮਲਾ ਹਾਈਕੋਰਟ 'ਚ ਪੁੱਜਣ ਤੋਂ ਬਾਅਦ ਕੈਪਟਨ ਸਰਕਾਰ ਨੇ ਇਹ ਹੁਕਮ ਦਿੱਤੇ ਹਨ। ਇਸ ਸਬੰਧ ਵਿਚ ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਵਲੋਂ ਲੰਘੀ 10 ਜੂਨ ਨੂੰ ਇੱਕ ਪੱਤਰ (ਨੰਬਰ 1316) ਜਾਰੀ ਕਰਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਤੁਰੰਤ ਪੜਤਾਲ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਸੂਚਨਾ ਮੁਤਾਬਕ 1 ਅਪ੍ਰੈਲ 2019 ਤੋਂ ਬਾਅਦ ਕੱਟੇ ਗਏ ਨੀਲੇ ਕਾਰਡਾਂ ਵਿਚੋਂ ਯੋਗ ਪਾਏ ਜਾਣ ਵਾਲੇ ਕਾਰਡਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ। ਸੂਚਨਾ ਮੁਤਾਬਕ ਸੂਬੇ 'ਚ ਉਕਤ ਤਰੀਕ ਤੋਂ ਬਾਅਦ ਕਰੀਬ ਇੱਕ ਲੱਖ ਨੀਲੇ ਕਾਰਡ ਕੱਟੇ ਗਏ ਹਨ। ਉਂਜ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਹਰੇਕ ਜ਼ਿਲ੍ਹੇ ਨੂੰ ਕਾਰਡ ਬਹਾਲ ਕਰਨ ਲਈ ਕੋਟਾ ਦਿੱਤਾ ਗਿਆ ਹੈ। ਜਿਸਦੇ ਤਹਿਤ ਪੂਰੇ ਪੰਜਾਬ 'ਚ 1 ਲੱਖ 90 ਹਜ਼ਾਰ ਦੇ ਕਰੀਬ ਨੀਲੇ ਕਾਰਡ ਮੁੜ ਬਣਾਏ ਜਾਣੇ ਹਨ। ਇੰਨ੍ਹਾਂ ਵਿਚ ਇਕੱਲੇ ਬਠਿੰਡਾ ਜ਼ਿਲ੍ਹੇ 'ਚ ਦਸ ਹਜ਼ਾਰ ਦੇ ਕਰੀਬ ਕਾਰਡ ਬਹਾਲ ਕੀਤੇ ਜਾਣੇ ਹਨ। ਵਿਭਾਗ ਦੇ ਉਚ ਸੂਤਰਾਂ ਮੁਤਾਬਕ ਇੰਨ੍ਹਾਂ ਕਾਰਡਾਂ ਨੂੰ ਬਹਾਲ ਕਰਨ ਦਾ ਕੰਮ ਮੁੜ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਕੇਂਦਰ ਵਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਅੰਨ ਯੋਜਨਾ ਤਹਿਤ ਬਹਾਲ ਹੋਣ ਵਾਲੇ ਕਾਰਡ ਧਾਰਕਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ। ਇਹ ਵੀ ਪਤਾ ਚੱਲਿਆ ਹੈ ਕਿ ਇਸ ਵਾਰ ਕਾਰਡਾਂ ਦੀ ਬਹਾਲੀ ਡਿਪਟੀ ਕਮਿਸ਼ਨਰ ਜਾਂ ਐਸ.ਡੀ.ਐਜ਼ ਦੀ ਅਗਵਾਈ ਹੇਠ ਨਹੀਂ ਹੋਵੇਗੀ, ਬਲਕਿ ਵਿਭਾਗ ਦੇ ਇੰਸਪੈਕਟਰਾਂ ਦੁਆਰਾ ਹੀ ਯੋਗ ਕਾਰਡਾਂ ਨੂੰ ਬਣਾਇਆ ਜਾਵੇਗਾ। ਹਾਲਾਂਕਿ ਅੰਦਰੂਨੀ ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸੂਬੇ 'ਚ ਮੌਜੂਦਾ ਸਮੇਂ ਕਾਂਗਰਸ ਦੀ ਹਕੂਮਤ ਹੋਣ ਦੇ ਚੱਲਦੇ ਜਿਆਦਾਤਰ ਉਹੀ ਕਾਰਡ ਬਹਾਲ ਕੀਤੇ ਜਾਣਗੇ, ਜਿੰਨ੍ਹਾਂ ਨੂੰ ਮੰਤਰੀ ਜਾਂ ਵਿਧਾਇਕ ਸਿਫ਼ਾਰਿਸ਼ ਕਰਕੇ ਭੇਜਣਗੇ। ਗੌਰਤਲਬ ਹੈ ਕਿ ਮੌਜੂਦਾ ਸਮੇਂ ਪੂਰੇ ਪੰਜਾਬ 'ਚ 34 ਲੱਖ 61 ਹਜ਼ਾਰ ਦੇ ਕਰੀਬ ਨੀਲੇ ਕਾਰਡ ਬਣੇ ਹੋਏ ਹਨ, ਜਿੰਨਾਂ੍ਹ ਉਪਰ ਸਵਾ ਕਰੋੜ ਤੋਂ ਵੱਧ ਲੋਕਾਂ ਨੂੰ ਹਰ ਮਹੀਨੇ ਪ੍ਰਤੀ ਜੀਅ ਪੰਜ ਕਿਲੋ ਕਣਕ ਵੰਡੀ ਜਾਂਦੀ ਹੈ। ਜਦੋਂਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ 'ਚ ਆਟਾ-ਦਾਲ ਦੇ ਨਾਲ ਚਾਹਪੱਤੀ ਤੇ ਖੰਡ ਦੇਣ ਦੇ ਕੀਤੇ ਵਾਅਦੇ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ ਹੈ। ਇਹ ਵੀ ਪਤਾ ਚਲਿਆ ਹੈ ਕਿ 1 ਅਪ੍ਰੈਲ 2019 ਤੱਕ ਸੂਬੇ ਵਿਚ 35 ਲੱਖ 55 ਹਜ਼ਾਰ ਨੀਲੇ ਕਾਰਡ ਧਾਰਕ ਸਨ। ਦਸਣਾ ਬਣਦਾ ਹੈ ਕਿ ਕਾਂਗਰਸ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਸੂਬੇ ਵਿਚ ਹੁਣ ਤੱਕ ਦੋ ਵਾਰ ਨੀਲੇ ਕਾਰਡਾਂ ਦੀ ਪੜਤਾਲ ਹੋ ਚੁੱਕੀ ਹੈ। ਮਾਰਚ 2017 'ਚ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਹੋਈ ਪੜਤਾਲ 'ਚ ਲੱਖਾਂ ਦੀ ਗਿਣਤੀ ਵਿਚ ਕਾਰਡ ਕੱਟੇ ਗਏ ਸਨ। ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ 72 ਹਜ਼ਾਰ ਕਾਰਡਾਂ ਨੂੰ ਅਯੋਗ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ ਪ੍ਰੰਤੂ ਵੱਡੇ ਪੱਧਰ 'ਤੇ ਅਵਾਜ਼ ਉਠਣ ਤੋਂ ਬਾਅਦ ਦੂਜੀ ਵਾਰ ਹੋਈ ਪੜਤਾਲ 'ਚ 46 ਹਜ਼ਾਰ ਕਾਰਡਾਂ ਨੂੰ ਬਹਾਲ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਹੁਣ ਜ਼ਿਲ੍ਹੇ ਵਿਚ 1 ਲੱਖ 86 ਹਜ਼ਾਰ 494 ਕਾਰਡ ਧਾਰਕ ਹਨ, ਜਿੰਨ੍ਹਾਂ ਰਾਹੀ 6 ਲੱਖ 40 ਹਜ਼ਾਰ ਲੋਕਾਂ ਨੂੰ ਰਾਸ਼ਨ ਮਿਲਦਾ ਹੈ। ਵਿਭਾਗ ਦੇ ਉੂਚ ਅਧਿਕਾਰੀਆਂ ਨੇ ਦਸਿਆ ਕਿ ਕਾਰਡਾਂ ਦੀ ਪੜਤਾਲ ਲਈ 1 ਅਪ੍ਰੈਲ 2019 ਤੋਂ ਬਾਅਦ ਕੱਟੇ ਹੋਏ ਕਾਰਡ ਧਾਰਕਾਂ ਨੂੰ ਮੁੜ ਨਵੇਂ ਸਿਰੇ ਤੋਂ ਅਰਜੀ ਦੇਣੀ ਪਏਗੀ ਤੇ ਉਸਦੀ ਬਕਾਇਦਾ ਪੜਤਾਲ ਹੋਵੇਗੀ ਤੇ ਯੋਗ ਪਾਈਆਂ ਜਾਣ ਵਾਲੀਆਂ ਅਰਜੀਆਂ ਵਾਲੇ ਕਾਰਡ ਧਾਰਕਾਂ ਨੂੰ ਮੁੜ ਬਹਾਲ ਕਰ ਦਿੱਤਾ ਜਾਵੇਗਾ। ਉਂਜ ਸ਼ਰਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
in

ਮੋਤੀਆਂ ਵਾਲੀ ਸਰਕਾਰ ਦੀ ਬਠਿੰਡਾ ਦੀ ਬਹੁਕਰੋੜੀ ਜਮੀਨ 'ਤੇ ਅੱਖ

- - No comments

ਸੁਖਜਿੰਦਰ ਮਾਨ

ਪੁਲਿਸ ਲਾਈਨ ਤੇ ਸਰਕਾਰੀ ਰਿਹਾਇਸ਼ਾਂ ਨੂੰ ਥਰਮਲ ਕਲੌਨੀ 'ਚ ਲਿਜਾਣ ਦੀ ਯੋਜਨਾ

ਖਾਲੀ ਹੋਣ 'ਤੇ 42 ਏਕੜ ਜਮੀਨ ਨੂੰ ਵਰਤੀਂ ਜਾ ਸਕਦੀ ਹੈ ਵਪਾਰਕ ਹਿੱਤਾਂ ਲਈ

ਪਿਛਲੀ ਅਕਾਲੀ ਸਰਕਾਰ ਨੇ ਵੀ ਜੇਲ੍ਹ ਸਿਫ਼ਟ ਕਰਕੇ ਕੱਟੀ ਸੀ ਕਲੌਨੀ

ਬਠਿੰਡਾ, 7 ਜੂਨ :-ਪਹਿਲਾਂ ਹੀ ਕੋਰੋਨਾ ਨੇ ਝੰਜੋੜੀ ਸੂਬੇ ਦੀ ਕਾਂਗਰਸ ਸਰਕਾਰ ਦੀ ਦਿਨੋਂ-ਦਿਨ ਵਿਗੜ ਰਹੀ ਵਿਤੀ ਹਾਲਾਤ ਨੂੰ ਸੰਭਾਲਣ ਲਈ ਹੁਣ ਸਰਕਾਰ ਦੀ ਬਠਿੰਡਾ ਸ਼ਹਿਰ ਦੇ ਦਿਲ ਮੰਨੇ ਜਾਂਦੇ 'ਸਿਵਲ ਸਟੇਸ਼ਨ' ਖੇਤਰ ਦੀ ਜਮੀਨ 'ਤੇ ਅੱਖ ਆ ਗਈ ਹੈ। ਸੂਤਰਾਂ ਅਨੁਸਾਰ ਇਸ ਬਹੁਕਰੋੜੀ ਜਮੀਨ ਨੂੰ ਵਪਾਰਕ ਹਿੱਤਾਂ ਲਈ ਵਰਤਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ 'ਤੇ ਪੱਬਾਂ ਭਾਰ ਹੋ ਗਿਆ ਹੈ। ਇਸਦੇ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਸੂਤਰਾਂ ਮੁਤਾਬਕ ਇੱਥੇ ਬਣੀ ਪੁਲਿਸ ਲਾਈਨ ਤੋਂ ਇਲਾਵਾ ਡੀਸੀ ਤੇ ਐਸਐਸਪੀ ਦੀਆਂ ਕੋਠੀਆਂ ਸਹਿਤ ਸਮੂਹ ਸਰਕਾਰੀ ਮੁਲਾਜਮਾਂ ਦੀ ਰਿਹਾਇਸ਼ ਥਰਮਲ ਕਲੌਨੀ 'ਚ ਲਿਜਾਣ ਦੀ ਯੋਜਨਾ ਵਿੱਢ ਦਿੱਤੀ ਹੈ। ਇਸ ਯੋਜਨਾ ਦੇ ਸਿਰੇ ਚੜ੍ਹਣ 'ਤੇ ਇੱਥੇ ਖਾਲੀ ਹੋਣ ਵਾਲੀ ਕਰੀਬ 42 ਏਕੜ ਜਮੀਨ ਨੂੰ ਵਪਾਰਕ ਤੌਰ 'ਤੇ ਵਰਤਿਆਂ ਜਾ ਸਕਦਾ ਹੈ। ਇੱਥੇ ਦਸਣਾ ਬਣਦਾ ਹੈ ਕਿ ਪਿਛਲੀ ਅਕਾਲੀ ਸਰਕਾਰ ਨੇ ਵੀ ਇਸੇ ਖੇਤਰ 'ਚ ਬਣੀ ਜੇਲ੍ਹ ਨੂੰ ਗੋਬਿੰਦਪੁਰਾ ਪਿੰਡ 'ਚ ਤਬਦੀਲ ਕਰਕੇ ਇੱਥੇ ਕਲੌਨੀ ਕੱਟ ਦਿੱਤੀ ਸੀ। ਇਸਤੋਂ ਇਲਾਵਾ ਦਰਜ਼ਾ ਤਿੰਨ ਤੇ ਚਾਰ ਮੁਲਾਜਮਾਂ ਲਈ ਬਣੇ ਸਰਕਾਰੀ ਕੁਆਟਰਾਂ ਨੂੰ ਵੀ ਢਾਹ ਕੇ ਇੱਥੇ ਵੱਡੇ ਵੱਡੇ ਸੋਅਰੂਮ ਕੱਟ ਦਿੱਤੇ ਸਨ। ਸੂਚਨਾ ਮੁਤਾਬਕ ਹੁਣ ਇਸ ਖੇਤਰ ਵਿਚ ਸਰਕਟ ਹਾਊਸ, ਕਲੱਬ, ਮਹਿਲਾ ਥਾਣਾ ਆਦਿ ਸਹਿਤ ਡਿਪਟੀ ਕਮਿਸ਼ਨਰ, ਐਸ.ਐਸ.ਪੀ ਦੀ ਰਿਹਾਇਸ਼ ਅਤੇ ਨਵੇਂ ਬਣੇ ਦਰਜ਼ਾ ਤਿੰਨ ਤੇ ਚਾਰ ਕੁਆਟਰਾਂ ਤੋਂ ਇਲਾਵਾ ਜੱਜਾਂ, ਏਡੀਸੀ, ਐਸ.ਡੀ.ਐਮ, ਵੱਖ ਵੱਖ ਵਿਭਾਗਾਂ ਦੇ ਮੁਖੀਆਂ ਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਸਹਿਤ ਅੱਧੀ ਦਰਜ਼ਨ ਕਿਸਮਾਂ ਦੀਆਂ ਕੁੱਲ 84 ਵੱਡੀਆਂ ਤੇ ਛੋਟੀਆਂ ਕੋਠੀਆਂ ਹਨ। ਉਂਜ ਇਸ ਖੇਤਰ 'ਚ ਕੇਂਦਰੀ ਸਰਕਾਰ ਦੇ ਕਈ ਦਫ਼ਤਰ ਜਿਵੇਂ ਬੀਐਸਐਨਐਲ, ਆਮਦਨ ਕਰ ਵਿਭਾਗ ਆਦਿ ਦੇ ਦਫ਼ਤਰ ਅਤੇ ਰਿਹਾਇਸ਼ੀ ਕਲੌਨੀਆਂ ਵੀ ਆਉਂਦੀਆਂ ਹਨ, ਜਿੰਨ੍ਹਾਂ ਬਾਰੇ ਆਉਣ ਵਾਲੇ ਸਮੇਂ 'ਚ ਫੈਸਲਾ ਲਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਇਸ ਯੋਜਨਾ ਨੂੰ ਨੇਪਰੇ ਚਾੜਣ ਲਈ ਪਹਿਲਾਂ ਡਿਪਟੀ ਕਮਿਸ਼ਨਰ ਵਲੋਂ ਭਲਕੇ ਸਬੰਧਤ ਅੱਧੀ ਦਰਜ਼ਨ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਸੱਦੀ ਸੀ, ਜਿਸਨੂੰ ਹੁਣ ਮੰਗਲਵਾਰ ਤੱਕ ਅੱਗੇ ਪਾ ਦਿੱਤਾ ਹੈ।

ਬਠਿੰਡਾ ਦੀ ਥਰਮਲ ਕਲੌਨੀ 'ਚ ਹਨ 1500 ਦੇ ਕਰੀਬ ਕੋਠੀਆਂ
ਬਠਿੰਡ: ਸੂਚਨਾ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਸਟੇਸ਼ਨ ਨੂੰ ਖ਼ਾਲੀ ਕਰਨ ਦੇ ਪਿੱਛੇ ਇੱਥੇ ਮੀਂਹ ਕਾਰਨ ਪਾਣੀ ਭਰਨ ਦਾ ਤਰਕ ਦਿੱਤਾ ਜਾ ਰਿਹਾ। ਜਿਸਦੇ ਚੱਲਦੇ ਬੰਦ ਹੋਏ ਗੁਰੂ ਨਾਨਕ ਦੇਵ ਥਰਮਲ ਪਲਾਂਟ 'ਚ ਸਥਿਤ ਪਾਵਰਕਾਮ ਦੀ ਕਲੌਨੀ 'ਚ ਬਣੀਆਂ ਹੋਈਆਂ ਰਿਹਾਇਸ਼ਾਂ ਵਿਚ ਅਫ਼ਸਰਾਂ ਤੇ ਮੁਲਾਜਮਾਂ ਨੂੰ ਤਬਦੀਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਗੋਨਿਆਣਾ ਰੋਡ 'ਤੇ ਸਥਿਤ 283 ਏਕੜ 'ਚ ਬਣੀ ਪਾਵਰਕਾਮ ਦੀ ਇਸ ਕਲੌਨੀ ਦੇ ਚਾਰ ਬਲਾਕਾਂ(ਏ.ਬੀ.ਸੀ.ਡੀ) ਵਿਚ 1 ਤੋਂ 7 ਕੈਟਾਗਿਰੀ ਦੀਆਂ 1495 ਕੋਠੀਆਂ ਤੇ ਕੁਆਟਰ ਬਣੇ ਹੋਏ ਹਨ। ਜਿਸ ਵਿਚੋਂ ਮੌਜੂਦਾ ਸਮੇਂ ਅੱਧੇ ਦੇ ਕਰੀਬ ਖ਼ਾਲੀ ਹਨ। ਉਧਰ ਪਾਵਰਕਾਮ ਦੇ ਮੁਲਾਜਮਾਂ ਦਾ ਤਰਕ ਹੈ ਕਿ ਬੇਸ਼ੱਕ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਹੈ ਪ੍ਰੰਤੂ ਇਹ ਕਲੌਨੀ ਇਕੱਲੇ ਥਰਮਲ ਦੇ ਮੁਲਾਜਮਾਂ ਵਾਸਤੇ ਨਹੀਂ, ਬਲਕਿ ਪਾਵਰਕਾਮ ਦੇ ਬਠਿੰਡਾ ਵਿਖੇ ਤੈਨਾਤ ਸਮੂਹ ਮੁਲਾਜਮਾਂ ਲਈ ਬਣੀ ਹੋਈ ਹੈ।

ਯੋਜਨਾ ਹਾਲੇ ਮੁਢਲੇ ਪੜਾਅ 'ਤੇ: ਡਿਪਟੀ ਕਸਿਮਨਰ
ਬਠਿੰਡਾ: ਉਧਰ ਸੰਪਰਕ ਕਰਨ 'ਤੇ ਪੁਸਟੀ ਕਰਦਿਆਂ ਡਿਪਟੀ ਕਮਿਸ਼ਨਰ ਬੀ.ਨਿਵਾਸਨ ਨੇ ਦਾਅਵਾ ਕੀਤਾ ਕਿ ਇਹ ਯੋਜਨਾ ਹਾਲੇ ਮੁਢਲੇ ਪੜਾਅ ਉਪਰ ਹੈ ਤੇ ਸਬੰਧਤ ਵਿਭਾਗਾਂ ਨਾਲ ਵਿਚਾਰ-ਵਿਟਾਂਦਰਾ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਾਲੇ ਇੱਥੋਂ ਕੀ ਤਬਦੀਲ ਕੀਤਾ ਜਾਣਾ ਹੈ ਜਾਂ ਕੀ ਨਹੀਂ, ਇਸ ਬਾਰੇ ਵੀ ਆਉਣ ਵਾਲੇ ਸਮੇਂ ਵਿਚ ਕੁੱਝ ਦਸਿਆ ਜਾ ਸਕਦਾ ਹੈ।

in

ਚੰਡੀਗੜ੍ 'ਚ ਵਾਪਰੀ ਘਟਨਾ ਨੇ ਮੰਤਰੀਆਂ ਨੂੰ ਦਿਖਾਇਆ ਸ਼ੀਸਾ!

- - No comments



ਸੁਖਜਿੰਦਰ ਮਾਨ 

ਬਠਿੰਡਾ, 10 ਮਈ: ਦੋ ਦਿਨ ਪਹਿਲਾਂ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਵਾਪਰੀ ਘਟਨਾ ਨੇ ਪੰਜਾਬ ਦੇ ਮੰਤਰੀਆਂ ਨੂੰ ਸੂਬੇ 'ਚ ਕਾਂਗਰਸੀ ਵਰਕਰਾਂ ਨਾਲ ਹੋ ਰਹੇ ਵਰਤਾਰੇ ਦੀ ਝਲਕ ਵਿਖਾ ਦਿੱਤੀ ਹੈ। ਹਾਲਾਂਕਿ ਕੁੱਝ ਕਾਂਗਰਸੀਆਂ ਵਲੋਂ ਇਸ ਮਾਮਲੇ 'ਚ ਅਪਣੇ ਹੀ ਮੰਤਰੀਆਂ 'ਤੇ ਉੰਗਲ ਚੁੱੱਕੀ ਜਾ ਰਹੀ ਹੈ ਪ੍ਰੰਤੂ ਅਸਲ ਵਿਚ ਪੰਜਾਬੀ ਦੀ ਪੁਰਾਣੀ ਕਹਾਵਤ ਜੋ ਬੀਜੋਗੇ, ਉਹੀ ਵੱਡੋਗੇ, ਇੱਥੇ ਸੱਚ ਸਾਬਤ ਹੁੰਦੀ ਜਾਪਦੀ ਹੈ। ਦਸ ਸਾਲਾਂ ਦੀ ਅਕਾਲੀ ਸੱਤਾ ਦੀ ਤਾਨਾਸ਼ਾਹੀ ਤੋਂ ਦੁਖੀ ਹੋ ਕੇ ਕਾਂਗਰਸ ਦੀ ਸਰਕਾਰ ਬਣਾਉਣ ਵਾਲੇ ਵਰਕਰਾਂ ਨੂੰ ਤਿੰਨ ਸਾਲਾਂ ਬਾਅਦ ਵੀ ਸੂਬੇ ਵਿਚ ਅਪਣੀ ਸਰਕਾਰ ਹੋਣ ਦਾ ਅਹਿਸਾਸ ਨਹੀਂ ਹੋ ਰਿਹਾ। ਇੱੱਥੋਂ ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਪ੍ਰੋੜ ਸਿਆਸਤਦਾਨ ਸੁਨੀਲ ਜਾਖ਼ੜ ਵੀ ਇਹ ਮੁੱਦਾ ਗਾਹੇ-ਵਿਗਾਹੇ ਮੁੱਖ ਮੰਤਰੀ ਦਫ਼ਤਰ ਤੱਕ ਚੁੱਕ ਚੁੱੱਕੇ ਹਨ। ਪ੍ਰੰਤੂ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉਥੇ ਦੀ ਉਥੇ ਵਾਲੀ ਕਹਾਵਤ ਲਾਗੂ ਹੋ ਰਹੀ ਹੈ। ਅਸਲ ਵਿਚ ਜੇਕਰ ਇਸ ਮਸਲੇ ਦੀ ਤਹਿ ਤੱਕ ਜਾਇਆ ਜਾਵੇ ਤਾਂ ਅਜਿਹੀਆਂ ਘਟਨਾ ਲਈ ਇਕੱਲਾ ਮੁੱਖ ਮੰਤਰੀ ਦਫ਼ਤਰ ਜਾਂ ਅਫ਼ਸਰਸਾਹੀ ਹੀ ਨਹੀਂ, ਬਲਕਿ ਪੰਜਾਬ ਦੇ ਜਿਆਦਾਤਰ ਮੰਤਰੀ ਤੇ ਵਿਧਾਇਕ ਵੀ ਜਿੰਮੇਵਾਰ ਕਹੇ ਜਾ ਸਕਦੇ ਹਨ, ਜਿਹੜੇ ਹੇਠਲੇ ਪੱਧਰ 'ਤੇ ਵਰਕਰਾਂ ਦੀ ਅਵਾਜ ਬਣਨ ਦੀ ਥਾਂ ਅਪਣੇ ਅਪਣੇ ਹਲਕਿਆਂ ਵਿਚ ਅਪਣੇ ਨਜਦੀਕੀਆਂ ਜਾਂ ਰਿਸ਼ਤੇਦਾਰਾਂ ਰਾਹੀ ਅਫ਼ਸਰਾਂ ਤੋਂ ਕੰਮ ਚਲਾ ਰਹੇ ਹਨ। ਕਾਂਗਰਸੀ ਵਰਕਰਾਂ ਦਾ ਇਹ ਵੀ ਆਖਣਾ ਹੈ ਕਿ ਕਈ ਥਾਂ ਮੰਤਰੀ ਉਨ੍ਹਾਂ ਦੇ ਮੁਕਾਬਲੇ ਅਪਣੇ ਰਿਸਤੇਦਾਰਾਂ ਉਪਰ ਇੰਨ੍ਹਾਂ ਜਿਆਦਾ ਵਿਸਵਾਸ ਕਰਦੇ ਹਨ ਕਿ ਜ਼ਿਲ੍ਹਾ ਪ੍ਰਧਾਨ ਦੀਆਂ ਕੁਰਸੀਆਂ 'ਤੇ ਰਹਿਣ ਦੇ ਬਾਵਜੂਦ ਉਨ੍ਹਾਂ ਦੇ ਆਖ਼ੇ ਇੱਕ ਹੌਲਦਾਰ ਜਾਂ ਕਲਰਕ ਦੀ ਬਦਲੀ ਤੱਕ ਨਹੀਂ ਹੁੰਦੀ। ਕਾਂਗਰਸੀ ਵਰਕਰਾਂ ਵਲੋਂ ਇੰਨ੍ਹਾਂ ਤਿੰਨ ਸਾਲਾਂ ਤੋਂ ਹੀ ਅਪਣੀ ਸਰਕਾਰ ਹੋਣ ਦੇ ਬਾਵਜੂਦ ਅਫ਼ਸਰਸਾਹੀ ਵਲੋਂ ਸੁਣਵਾਈ ਨਾ ਹੋਣ ਦਾ ਰੋਣਾ ਰੋਇਆ ਜਾ ਰਿਹਾ ਹੈ ਪ੍ਰੰਤੂ ਹੁਣ ਤੱਕ ਸਰਕਾਰ ਵਲੋਂ ਸਿਵਾਏ ਦਿਲਾਸਿਆਂ ਦੇ ਉਨ੍ਹਾਂ ਦੇ ਪੱਲੇ ਕੁੱੱਝ ਵੀ ਨਹੀਂ ਪਾਇਆ ਜਾ ਰਿਹਾ। ਉਂਜ ਇਸ ਵਰਤਾਰੇ ਕਾਰਨ ਆਉਣ ਵਾਲੇ ਸਮੇਂ ਦੌਰਾਨ ਹੋਣ ਵਾਲੇ ਸਿਆਸੀ ਨੁਕਸਾਨ ਨੂੰ ਦੇਖਦਿਆਂ ਕਈ ਨੌਜਵਾਨ ਆਗੂਆਂ ਵਲੋਂ ਹਾਈਕਮਾਂਡ ਨੂੰ ਚੌਕੰਨਾ ਵੀ ਕਰਵਾਇਆ ਜਾ ਰਿਹਾ ਹੈ। ਉਧਰ ਇਸ ਘਟਨਾ ਤੋਂ ਬਾਅਦ ਹੇਠਲੇ ਪੱੱਧਰ ਦੇ ਕਾਂਗਰਸੀ ਵਰਕਰਾਂ 'ਚ ਤਸੱਲੀ ਦੇਖਣ ਨੂੰ ਮਿਲ ਰਹੀ ਹੈ। ਬਿਨ੍ਹਾਂ ਨਾਮ ਛਾਪਣ ਦੀ ਸ਼ਰਤ 'ਤੇ ਮਾਲਵਾ ਪੱਟੀ ਦੇ ਪਹਿਲੀ ਅਤੇ ਦੂਜੀ ਕਤਾਰ ਦੇ ਕੁੱਝ ਵਰਕਰਾਂ ਨੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ '' ਜਦ ਉਹ ਅਪਣੇ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਬਾਰੇ ਮੰਤਰੀਆਂ ਨੂੰ ਸੂਚਿਤ ਕਰਦੇ ਸਨ ਤਾਂ ਉਨ੍ਹਾਂ ਵਲੋਂ ਇਸਨੂੰ ਅਣਗੋਲਿਆ ਕਰ ਦਿੱਤਾ ਜਾਂਦਾ ਸੀ। ਪ੍ਰੰਤੂ ਅੱਜ ਜਦ ਉਨ੍ਹਾਂ ਨਾਲ ਖੁਦ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ ਤਾਂ ਉਹ ਮੰਤਰੀ ਮੰਡਲ ਦੀ ਮੀਟਿੰਗ ਦਾ ਬਾਈਕਾਟ ਕਰਕੇ ਆ ਗਏ ਹਨ।'' ਬਠਿੰਡਾ ਸ਼ਹਿਰ ਨਾਲ ਸਬੰਧਤ ਇੱਕ ਕਾਂਗਰਸੀ ਆਗੂ ਨੇ ਦੱਬੀ ਜੁਬਾਨ 'ਚ ਮੰਨਿਆ ਕਿ ਜਿਆਦਾਤਰ ਅਫ਼ਸਰਾਂ ਦਾ ਤਾਲਮੇਲ ਮੰਤਰੀਆਂ, ਵਿਧਾਇਕਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸਿੱੱਧਾ ਬਣਿਆ ਹੋਣ ਕਰਕੇ ਵਰਕਰਾਂ ਦੀ ਸੁਣਵਾਈ ਨਹੀਂ ਹੋ ਰਹੀ। ਜਦੋਂਕਿ ਪਹਿਲੇ ਸਮਿਆਂ 'ਚ ਕਾਂਗਰਸੀ ਸਰਕਾਰਾਂ ਦੌਰਾਨ ਵਰਕਰਾਂ ਦਾ ਮਨੋਬਲ ਬਣਾਈ ਰੱਖਣ ਲਈ ਅਧਿਕਾਰੀਆਂ ਨੂੰ ਉਨ੍ਹਾਂ ਦੇ ਜਾਇਜ਼ ਕੰਮ ਪਹਿਲ ਦੇ  ਆਧਾਰ 'ਤੇ ਕਰਵਾਉਣ ਦੀਆਂ ਹਿਦਾਇਤਾਂ ਹੁੰੰਦੀਆਂ ਸਨ। ਜਿਕਰਯੋਗ ਹੈ ਕਿ ਬਠਿੰਡਾ ਦੇ ਡਿਪਟੀ ਕਮਿਸਸ਼ਨਰ ਉਪਰ ਵੀ ਸ਼ਹਿਰ ਦੇ ਇੱਕ ਕਾਂਗਰਸੀ ਕੋਂਸਲਰ ਸਹਿਤ ਕਈ ਆਗੂ ਸੁਣਵਾਈ ਨਾ ਕਰਨ ਦੇ ਦੋਸ਼ ਲਗਾ ਚੁੱਕੇ ਹਨ। ਲੰਬੀ ਹਲਕੇ 'ਚ ਲਗਾਤਾਰ ਕਾਂਗਰਸ ਦੀ ਸਾਖ ਬਚਾਉਣ ਲਈ ਲੜਦੇ ਆ ਰਹੇ ਗੁਰਮੀਤ ਸਿੰਘ ਖੁੱਡੀਆ ਵਲੋਂ ਵੀ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਖੁੱਲੇ ਤੌਰ 'ਤੇ ਹਲਕੇ ਦੀ ਅਫ਼ਸਰਸਾਹੀ ਉਪਰ ਕਾਂਗਰਸੀਆਂ ਦੇ ਮੁਕਾਬਲੇ ਬਾਦਲਾਂ ਦੀ ਜਿਆਦਾ ਪੁਛਗਿਛ ਕਰਨ ਦੇ ਦੋਸ਼ ਲਗਾਏ ਸਨ। ਕਾਂਗਰਸੀ ਵਰਕਰਾਂ ਮੁਤਾਬਕ ਮੁੱਖ ਮੰਤਰੀ ਵਲੋਂ ਭਰੋਸਾ ਦਿੱਤਾ ਜਾਣ ਦੇ ਬਾਵਜੂਦ ਹਾਲੇ ਵੀ ਇੱੱਥੇ ਕੁੱਝ ਬਦਲਿਆਂ ਨਜ਼ਰ ਨਹੀਂ ਆ ਰਿਹਾ। ਮਾਨਸਾ ਜ਼ਿਲ੍ਹੇ ਨਾਲ ਸਬੰਧਤ ਇੱਕ ਟਕਸਾਲੀ ਕਾਂਗਰਸੀ ਨੇ ਵੀ ਇਸੇ ਤਰ੍ਹਾਂ ਦਾ ਰੋਣਾ ਰੋਂਦਿਆਂ ਦਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਚੰਗੇ ਮਾੜੇ ਸਮੇਂ 'ਚ ਪਾਰਟੀ ਨਾਲ ਚੱਲੇ ਆ ਰਹੇ ਹਨ ਪੰ੍ਰਤੂ ਜਦ ਚੇਅਰਮੈਨੀਆਂ ਤੇ ਸਰਕਾਰ 'ਚ ਹੋਰ ਅਹੁੱੱਦੇ ਬਖਸਣ ਦਾ ਸਮਾਂ ਆਉਂਦਾ ਹੈ ਤਾਂ ਮੁੱਖ ਮੰਤਰੀ ਦਫ਼ਤਰ ਨਾਲ ਜੁੜੀ ਲਾਬੀ ਵਲੋਂ ਪਿਛਲੀ ਅਕਾਲੀ ਸਰਕਾਰ ਦੌਰਾਨ ਚੰਮ ਦੀਆਂ ਚਲਾਉਣ ਵਾਲਿਆਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ। ਤਲਵੰਡੀ ਸਾਬੋ ਤੋਂ ਇੱੱਕ ਕਾਂਗਰਸੀ ਵਰਕਰ ਨੇ ਵੀ ਮਨ ਹੋਲਾ ਕਰਦਿਆਂ ਕਿਹਾ ਕਿ ਅੱਜ ਅਫ਼ਸਰਸਾਹੀ ਤੇ ਖਾਸ ਕਿਸਮ ਦੀ ਲਾਬੀ ਅੱਗੇ ਮੰਤਰੀ ਵੀ ਬੇਵੱਸ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਨੇ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਲਈ ਕੰਮ ਕੀਤਾ, ਉਨ੍ਹਾਂ ਦੇ ਕੰਮ ਹੁਣ ਪਹਿਲ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ। ਗੌਰਤਲਬ ਹੈ ਕਿ ਮੌਜੂਦਾ ਤੇ ਪਿਛਲੀ ਕੈਪਟਨ ਹਕੂਮਤ ਦੌਰਾਨ ਅਫ਼ਸਰਸ਼ਾਹੀ ਦੇ ਹਮੇਸ਼ਾ ਹੀ ਸਿਆਸਤ 'ਤੇ ਭਾਰੂ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਇੱੱਕ ਕਾਂਗਰਸੀ ਨੇ ਇੱਥੋ ਤੱਕ ਖ਼ੁਲਾਸਾ ਕੀਤਾ ਕਿ ਸੂਬੇ ਪੱਧਰ ਦੀਆਂ ਚੇਅਰਮੈਨੀਆਂ ਦੇ ਦਾਅਵੇਦਾਰ ਮੰਨੇ ਆ ਰਹੇ ਕਾਂਗਰਸੀ ਆਗੂਆਂ ਦੇ ਕਹਿਣ 'ਤੇ ਇੱਕ ਛੋਟਾ ਥਾਣੇਦਾਰ ਵੀ ਨਹੀਂ ਬਦਲਿਆ ਜਾ ਰਿਹਾ। ਸੂਬੇ ਦੀ ਸਿਆਸੀ ਨਬਜ਼ 'ਤੇ ਹੱਥ ਰੱੱਖਣ ਵਾਲੇ ਮਾਹਰਾਂ ਮੁਤਾਬਕ ਹੇਠਲੇ ਪੱਧਰ 'ਤੇ ਕਾਂਗਰਸੀ ਵਰਕਰਾਂ ''ਚ ਫੈਲੀ ਨਿਰਾਸ਼ਤਾ ਨੂੰ ਖ਼ਤਮ ਕਰਨ ਲਈ ਹੁਣ ਪੰਜਾਬ 'ਚ ਵੱਡੇ ਬਦਲਾਅ ਦੀ ਜਰੁਰਤ ਮਹਿਸੂਸ ਹੋ ਰਹੀ ਹੈ। ਇਸਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਪਹਿਲਾਂ ਵਾਲੇ ਲੜਾਕੂ ਚਿਹਰੇ ਨਾਲ ਅੱੱਗੇ ਆਉਣਾ ਪਏਗਾ, ਨਹੀਂ ਤਾਂ ਮੌਜੂਦਾ ਹਾਲਾਤ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ 'ਚ ਕਾਂਗਰਸ ਪਾਰਟੀ ਨੂੰ ਵਰਕਰਾਂ ਦੀ ਨਿਰਾਸ਼ਤਾ ਨਾਲ ਸਿਆਸੀ ਨੁਕਸਾਨ ਝੱੱਲਣਾ ਪੈ ਸਕਦਾ ਹੈ। 
in

ਬਠਿੰਡਾ 'ਚ ਵੀ ਕੋਰੋਨਾ ਨੇ ਦਿੱਤੀ ਦਸਤਕ

- - No comments

 ਨਾਦੇੜ ਸਾਹਿਬ ਤੋਂ ਆਏ ਦੋ ਸਰਧਾਲੂ ਨਿਕਲੇ ਪਾਜੀਟਿਵ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨਾ ਘਬਰਾਉਣ ਅਤੇ ਘਰਾਂ ਦੇ ਅੰਦਰ ਰਹਿਣ ਦੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ:-ਪਿਛਲੇ ਸਵਾ ਮਹੀਨੇ ਤੋਂ ਕੋਰੋਨਾ ਮੁਕਤ ਚੱਲਿਆ ਆ ਰਹੇ ਬਠਿੰਡਾ 'ਚ ਵੀ ਹੁਣ ਇਸ ਮਹਾਂਮਾਰੀ ਨੇ ਦਸਤਕ ਦੇ ਦਿੱਤੀ ਹੈ। ਦੋ ਦਿਨ ਪਹਿਲਾਂ ਨਾਂਦੇੜ ਤੋਂ ਪਰਤੇ ਦੋ ਸ਼ਰਧਾਲੂਆਂ ਦੀ ਕੋਵਿਡ 19 ਬਿਮਾਰੀ ਸਬੰਧੀ ਕਰਵਾਏ ਟੈਸਟ ਦੀ ਰਿਪੋਟ ਪਾਜਿਟਵ ਆਈ ਹੈ। ਸੂਤਰਾਂ ਅਨੁਸਾਰ ਪੋਜੀਟਿਵ ਕੇਸਾਂ ਵਿਚ ਇੱਕ ਔਰਤ ਅਤੇ ਇੱਕ ਪੁਰਸ਼ ਦਸਿਆ ਜਾ ਰਿਹਾ। ਮਹਿਲਾ ਬਠਿੰਡਾ ਸ਼ਹਿਰ ਦੇ ਲਾਈਨੋਪਾਰ ਖੇਤਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਦੋਂਕਿ ਪੁਰਸ਼ ਮੂਲ ਰੁਪ ਵਿਚ ਦਿੱਲੀ ਦਾ ਰਹਿਣ ਵਾਲਾ ਹੈ ਪ੍ਰੰਤੂ ਉਹ ਭੁੱਚੋਂ ਰੋਡ 'ਤੇ ਸਥਿਤ ਇੱਕ ਡੇਰੇ ਦਾ ਸਰਧਾਲੂ ਹੋਣ ਕਾਰਨ ਸ਼੍ਰੀ ਹਜੂਰ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ ਪਿੰਡ ਪਥਰਾਲਾ 'ਚ ਬਣੇ ਡੇਰੇ ਵਿਚ ਅਪਣੇ ਸਾਥੀਆਂ ਨਾਲ ਰਹਿ ਰਿਹਾ ਸੀ। ਜਦੋਂਕਿ ਉਕਤ ਮਹਿਲਾ ਬਠਿੰਡਾ ਸ਼ਹਿਰ ਦੇ ਮੈਰੀਟੋਰੀਅਸ ਸਕੂਲ ਵਿਚ 29 ਸਾਥੀਆਂ ਨਾਲ ਏਕਾਂਤਵਸ ਕੀਤੀ ਹੋਈ ਸੀ। ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਇਸਦੀ ਪੁਸ਼ਟੀ ਕਰਦੇ ਹੋਏ ਦਾਅਵਾ ਕੀਤਾ ਕਿ ਇੰਨ੍ਹਾਂ ਸ਼ਰਧਾਲੂਆਂ ਨੂੰ ਜ਼ਿਲ੍ਹੇ ਵਿਚ ਆਉਣ ਵਾਲੇ ਦਿਨ ਤੋਂ ਹੀ ਸਰਕਾਰੀ ਇਕਾਂਤਵਾਸ ਵਿਚ ਰੱਖਿਆ ਹੋਇਆ ਸੀ ਅਤੇ ਇੰਨ੍ਹਾਂ ਨੂੰ ਪਰਿਵਾਰ ਜਾਂ ਹੋਰ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।ਜਦ ਕਿ ਇੰਨ੍ਹਾਂ ਦੇ ਨਾਲ ਆਏ ਸਹਿਯਾਤਰੀਆਂ ਦੀਆਂ ਰਿਪੋਟਾਂ ਨੈਗੇਟਿਵ ਆਈਆਂ ਹਨ।ਉਨ੍ਹਾਂ ਨੇ ਜ਼ਿਲ੍ਹਾਂ ਵਾਸੀਆਂ ਨੂੰ ਕਿਹਾ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਅਤੇ ਆਪਣੇ ਘਰਾਂ ਵਿਚ ਰਹਿਣ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇੰਨ੍ਹਾਂ ਲੋਕਾਂ ਤੋਂ ਹੋਰ ਲੋਕਾਂ ਨੂੰ ਬਿਮਾਰੀ ਦੀ ਲਾਗ ਨਾ ਲੱਗੇ ਇਸ ਲਈ ਪਹਿਲਾਂ ਹੀ ਸਾਰੀਆਂ ਸਾਵਧਾਨੀਆਂ ਰੱਖੀਆਂ ਸਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦਾ ਸ਼ਖਤੀ ਨਾਲ ਪਾਲਣ ਕਰਨ ਅਤੇ ਆਪਣੇ ਘਰਾਂ ਵਿਚ ਹੀ ਰਹਿਣ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਬਾਕਸ
ਹਜੂਰ ਸਾਹਿਬ ਤੋਂ ਦੋ ਦਿਨਾਂ 'ਚ ਪਰਤੇ ਤਿੰਨ ਹਜ਼ਾਰ ਦੇ ਕਰੀਬ ਸਰਧਾਲੂ
ਬਠਿੰਡਾ: ਪਿਛਲੇ ਡੇਢ ਮਹੀਨੇ ਤੋਂ ਸ੍ਰੀ ਹਜੂਰ ਸਾਹਿਬ ਵਿਖੇ ਫਸੇ ਕਰੀਬ 3000 ਸਰਧਾਲੂਆਂ ਦੀ ਵਾਪਸੀ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਸਰਕਾਰ ਵਿਚ ਸਿਆਸੀ ਭੱਲ ਬਣਾਉਣ ਲਈ ਚੱਲੀ ਖਿੱਚੋਤਾਣ ਦੌਰਾਨ ਮਹਾਰਾਸ਼ਟਰ ਤੋਂ ਬਿਨ੍ਹਾਂ ਕੋਰੋਨਾ ਟੈਸਟ ਕੀਤੇ ਸਰਧਾਲੂਆਂ ਦੀ ਵਾਪਸੀ ਹੁਣ ਪੰਜਾਬ ਸਰਕਾਰ ਲਈ ਸਿਰਦਰਦੀ ਬਣ ਗਈ ਹੈ। ਸੂਚਨਾ ਮੁਤਾਬਕ ਪੰਜਾਬ ਸਰਕਾਰ ਵਲੋਂ ਸਰਧਾਲੂਆਂ ਨੂੰ ਮੁਫ਼ਤ ਲਿਆਉਣ ਲਈ ਭੇਜੀਆਂ 80 ਬੱਸਾਂ ਵਿਚੋਂ ਦੇਰ ਸ਼ਾਮ ਤੱਕ 70 ਬੱਸਾਂ ਵਾਪਸ ਆ ਚੁੱਕੀਆਂ ਹਨ। ਇੰਨ੍ਹਾਂ ਵਿਚੋਂ ਕਈ ਕੇਸ ਪੋਜੀਟਿਵ ਆਏ ਹਨ। ਸਿਹਤ ਮਾਹਰਾਂ ਮੁਤਾਬਕ ਵੱਡੀ ਚਿੰਤਾ ਇਸ ਗੱਲ ਦੀ ਵੀ ਹੈ ਕਿ ਇੱਕ ਬੱਸ 'ਚ ਢਾਈ-ਤਿੰਨ ਦਰਜ਼ਨ ਦੇ ਕਰੀਬ ਇਕੱਠੇ ਬੈਠ ਕੇ ਆਏ ਸ਼ਰਧਾਲੂਆਂ ਵਿਚ ਵੀ ਚਿੰਤਾ ਪਾਈ ਜਾ ਰਹੀ ਹੈ ਹਾਲਾਂਕਿ ਉਨ੍ਹਾਂ ਦੇ ਨਤੀਜ਼ੇ ਨੈਗੀਟਿਵ ਆਏ ਹਨ।
in

ਵਿਤ ਮੰਤਰੀ ਦੇ ਹਲਕੇ 'ਚ ਧੜੱਲੇ ਨਾਲ ਵਿਕ ਰਹੀ ਹੈ ਸਾਬਕਾ ਅਕਾਲੀ ਵਿਧਾਇਕ ਦੀ 'ਲਾਲ ਪਰੀ'

- - No comments

ਸੁਖਜਿੰਦਰ ਮਾਨ
ਬਠਿੰਡਾ,11 ਅਪ੍ਰੈਲ:- ਸੂਬੇ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਪਾਬੰਦੀ ਦੇ ਬਾਵਜੂਦ ਬਠਿੰਡਾ 'ਚ ਕਈ ਠੇਕਿਆਂ 'ਤੇ ਧੜੱਲੇ ਨਾਲ 'ਲਾਲ ਪਰੀ' ਦੀ ਵਿਕਰੀ ਹੋ ਰਹੀ ਹੈ। ਮਹੱਤਵਪੂਰਨ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ 'ਚ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੇ ਗਰੂੱਪ ਦੀ ਮਨੋਪਲੀ ਵਾਲੇ ਇੰਨ੍ਹਾਂ ਠੇਕਿਆਂ 'ਤੇ ਕਾਨੂੰਨ ਦੀ ਹੋ ਰਹੀ ਉਲੰਘਣਾ ਵੱਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਨਜ਼ਰ ਵੀ ਨਹੀਂ ਜਾ ਰਹੀ ਹੈ। ਪ੍ਰਾਪਤ ਕੀਤੀ ਸੂਚਨਾ ਮੁਤਾਬਕ ਸ਼ਹਿਰ ਦੇ ਕਈ ਠੇਕਿਆਂ ਵਿਚ ਠੇਕੇਦਾਰਾਂ ਨੇ ਕਰਫ਼ਿਊ ਦੌਰਾਨ ਵੀ 'ਲਾਲਪਰੀ' ਵੇਚਣ ਲਈ ਚੋਰ-ਮੋਰੀਆਂ ਕੱਢ ਲਈਆਂ ਹਨ। ਸਪੋਕਸਮੈਨ ਦੀ ਟੀਮ ਵਲੋਂ ਇਕੱਤਰ ਕੀਤੀ ਸੂਚਨਾ ਮੁਤਾਬਕ ਇੰਨ੍ਹਾਂ ਠੇਕਿਆਂ ਵਿਚ ਪ੍ਰਸ਼ਾਸਨ ਤੇ ਆਮ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਠੇਕਿਆਂ ਦੇ ਸ਼ਟਰਾਂ ਨੂੰ ਬਾਹਰੋਂ ਜਿੰਦਰਾ ਮਾਰ ਦਿੱਤਾ ਜਾਂਦਾ ਹੈ ਪ੍ਰੰਤੂ ਇੰਨ੍ਹਾਂ ਸ਼ਟਰਾਂ ਦੇ ਹੇਠਲੇ ਪਾਸੇ ਇੱਕ ਛੋਟੀ ਜਿਹੀ ਚੌਰਸ ਮੋਰੀ ਰੱਖੀ ਹੋਈ ਹੈ, ਜਿਸਨੂੰ ਸ਼ਰਾਬ ਦੀ ਵਿਕਰੀ ਲਈ ਵਰਤਿਆਂ ਜਾਂਦਾ ਹੈ। ਇਸਤੋਂ ਇਲਾਵਾ ਸ਼ਹਿਰ ਦੇ ਜਿੰਨ੍ਹਾਂ ਠੇਕਿਆਂ ਵਿਚ ਇਹ ਗੌਰਖਧੰਦਾ ਚਲਾਇਆ ਜਾ ਰਿਹਾ, ਉਥੇ ਇੰਨ੍ਹਾਂ ਠੇਕੇਦਾਰਾਂ ਦੇ ਅੱਧੀ ਦਰਜ਼ਨ ਦੇ ਕਰੀਬ ਕਰਿੰਦੇ ਠੇਕੇ ਦੇ ਆਸਪਾਸ ਘੁੰਮਦੇ ਰਹਿੰਦੇ ਹਨ। ਇੰਨ੍ਹਾਂ ਕਰਿੰਦਿਆਂ ਵਲੋਂ ਹੀ ਅਪਣੇ ਰੋਜ਼ ਦੇ ਪੱਕੇ ਗ੍ਰਾਹਕਾਂ ਤੋਂ ਇਲਾਵਾ ਸ਼ਰਾਬ ਦੇ ਚਾਹਵਾਨਾਂ ਨੂੰ ਇਸ਼ਾਰਿਆਂ ਰਾਹੀ ਸਰਾਬ ਦੀ ਕਿਸਮ ਤੇ ਮਾਤਰਾ ਬਾਰੇ ਪੁੱੱਛਿਆਂ ਜਾਂਦਾ ਹੈ। ਜਿਸਤੋਂ ਬਾਅਦ ਸਬੰਧਤ ਗ੍ਰਾਹਕ ਠੇਕੇ ਦੇ ਬੰਦ ਸ਼ਟਰ ਦੇ ਹੇਠਲੇ ਪਾਸੇ ਰੱਖੀ ਚੋਰਮੋਰੀ ਰਾਹੀ ਪੈਸੇ ਦੇ ਕੇ ਅਪਣੀ ਮਨਪਸੰਦ ਦੀ ਸਰਾਬ ਲੈ ਜਾਂਦਾ ਹੈ। ਸਪਕੋਸਮੈਨ ਦੀ ਟੀਮ ਵਲੋਂ ਵੀ ਬਠਿੰਡਾ ਦੇ ਆਈ.ਟੀ.ਆਈ. ਚੌਕ 'ਚ ਪੁਲ ਦੇ ਹੇਠਾਂ ਸਥਿਤ ਉਕਤ ਗਰੁੱਪ ਦੇ ਇੱਕ ਠੇਕੇ ਵਿਚ ਨਾ ਸਿਰਫ਼ ਅਪਣੇ ਅੱਖੀ ਇਹ ਫ਼ਿਲਮੀ ਸੀਨ ਦੇਖਿਆ ਗਿਆ, ਬਲਕਿ ਇਸਨੂੰ ਅਪਣੇ ਮੋਬਾਇਲ ਵਿਚ ਵੀ ਕੈਦ ਗਿਆ।ਉਧਰ ਜਦ ਇਸ ਵਰਤਾਰੇ ਬਾਰੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਨਾਲ ਫ਼ੋਨ ਉਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ ਜਦੋਂਕਿ ਉਨ੍ਹਾਂ ਦੇ ਆਧਾਰ 'ਤੇ ਇਸ ਗਰੁੱਪ ਦੇ ਹੈਪੀ ਠੇਕੇਦਾਰ ਨੇ ਦੱਬੀ ਜੁਬਾਨ ਨਾਲ ਇਸ ਗੱਲ ਨੂੰ ਸਵੀਕਾਰ ਕਰਦਿਆਂ ਤਰਕ ਦਿੱਤਾ ਕਿ ਠੇਕਿਆਂ ਵਿਚ ਚੋਰੀਆਂ ਹੋਣ ਦੇ ਡਰੋਂ ਜਿਆਦਾਤਰ ਠੇਕਿਆਂ ਵਿਚ ਕਰਿੰਦੇ ਰਹਿ ਰਹੇ ਹਨ ਤੇ ਕਈ ਵਾਰ ਉਹ ਅਜਿਹਾ ਕਰ ਲੈਂਦੇ ਹਨ।




ਮਾਮਲਾ ਧਿਆਨ ਵਿਚ ਨਹੀਂ ਪੜਤਾਲ ਕਰਾਂਗੇ: ਡੀਸੀ
ਬਠਿੰਡਾ:
ਉਧਰ ਸੰਪਰਕ ਕਰਨ 'ਤੇ ਡਿਪਟੀ ਕਮਿਸਨਰ ਬੀ ਨਿਵਾਸਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਹ ਮਾਮਲਾ ਧਿਆਨ ਵਿਚ ਨਹੀਂ ਤੇ ਉਹ ਪੜਤਾਲ ਕਰਵਾਉਣਗੇ।