ਰਾਜਨ ਗਰਗ ਹੋਣਗੇ ਬਠਿੰਡਾ ਯੋਜਨਾ ਬੋਰਡ ਦੇ ਨਵੇਂ ਚੇਅਰਮੈਨ

- - No comments

ਵਿਤ ਮੰਤਰੀ ਨੇ ਦਿੱਤੀ ਮੰਨਜੂਰੀ, ਫ਼ਾਈਲ ਪੁੱਜੀ ਮੁੱਖ ਮੰਤਰੀ ਦਫ਼ਤਰ                                                          ਸੁਖਜਿੰਦਰ ਮਾਨ

ਬਠਿੰਡਾ, 7 ਜੁਲਾਈ-ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦੇ ਪ੍ਰਵਾਰ ਨੂੰ ਕਾਂਗਰਸ ਸਰਕਾਰ ਵਲੋਂ ਹੁਣ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਨਾਲ ਨਿਵਾਜ਼ਿਆ ਜਾ ਰਿਹਾ ਹੈ। ਕਰੀਬ ਪੰਜ ਮਹੀਨੇ ਪਹਿਲਾਂ ਨਗਰ ਨਿਗਮ ਬਠਿੰਡਾ ਦੀ ਮੇਅਰਸ਼ਿਪ ਦੇ ਚੱਕਰ ਵਿਚ ਇਹ ਚੇਅਰਮੈਨੀ ਛੱਡਣ ਵਾਲੇ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਦਾ ਅਸਤੀਫ਼ਾ ਸਵੀਕਾਰ ਕਰਨ ਤੋਂ ਬਾਅਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੀ ਗਰਗ ਦੇ ਪੁੱਤਰ ਰਾਜਨ ਗਰਗ ਨੂੰ ਇਹ ਚੇਅਰਮੈਨੀ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ ਵਿਤ ਮੰਤਰੀ ਵਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਅੱਜ ਇਹ ਫ਼ਾਈਲ ਆਨ-ਲਾਈਨ ਤਰੀਕੇ ਨਾਲ ਯੋਜਨਾ ਬੋਰਡ ਦੇ ਮੁੱਖ ਮੰਤਰੀ ਭੇਜੀ ਗਈ ਸੀ, ਜਿਸਤੋਂ ਬਾਅਦ ਅੰਤਿਮ ਮੰਨਜੂਰੀ ਲਈ ਇਸਨੂੰ ਮੁੱਖ ਮੰਤਰੀ ਦਫ਼ਤਰ ਭੇਜ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਇੱਕ ਦੋ ਦਿਨਾਂ ਵਿਚ ਮੁੱਖ ਮੰਤਰੀ ਦਫ਼ਤਰ ਵਲੋਂ ਇਸਨੂੰ ਕਲੀਅਰ ਕਰਕੇ ਨੋਟੀਫਿਕੇਸ਼ਨ ਲਈ ਵਾਪਸ ਭੇਜ ਦਿੱਤਾ ਜਾਵੇਗਾ। ਦਸਣਾ ਬਣਦਾ ਹੈ ਕਿ ਉਕਤ ਸਾਬਕਾ ਮੰਤਰੀ ਦਾ ਪ੍ਰਵਾਰ ਕਰੀਬ ਇੱਕ ਸਾਲ ਤੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋਕਿ ਬਠਿੰਡਾ ਸ਼ਹਿਰੀ ਹਲਕੇ ਦੀ ਨੁਮਾਇੰਦਗੀ ਵੀ ਕਰਦੇ ਹਨ, ਨਾਲ ਅੰਦਰਖ਼ਾਤੇ ਨਰਾਜ ਚੱਲਿਆ ਆ ਰਿਹਾ ਸੀ। ਇਸੇ ਨਰਾਜ਼ਗੀ ਦੇ ਚੱਲਦੇ ਵਿਤ ਮੰਤਰੀ ਵਲੋਂ ਜੋਰ ਦੇਣ ਦੇ ਬਾਵਜੂਦ ਰਾਜਨ ਗਰਗ ਨੇ ਨਗਰ ਨਿਗਮ ਦੀਆਂ ਚੋਣਾਂ ਲੜਣ ਤੋਂ ਵੀ ਸਪੱਸ਼ਟ ਇੰਨਕਾਰ ਕਰ ਦਿੱਤਾ ਸੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਚਿਰੰਜੀ ਲਾਲ ਗਰਗ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚ ਮੰਤਰੀ ਵੀ ਰਹਿ ਚੁੱਕੇ ਹਨ ਪ੍ਰੰੂਤੂ 2007 ਵਿਚ ਅਕਾਲੀ ਦਲ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਣ ਦੇ ਬਾਵਜੁੂਦ ਮੌਕੇ ’ਤੇ ਸਰੁਪ ਚੰਦ ਸਿੰਗਲਾ ਨੂੰ ਟਿਕਟ ਦੇ ਦਿੱਤੀ ਸੀ, ਜਿਸ ਕਾਰਨ ਨਰਾਜ਼ਗੀ ਵਿਚ ਇਸ ਪ੍ਰਵਾਰ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸਮੂਲੀਅਤ ਕਰ ਲਈ ਸੀ। ਜਿਕਰਯੋਗ ਹੈ ਕਿ ਜਿੱਥੇ ਮੇਅਰ ਦਾ ਅਹੁੱਦਾ ਨਾ ਮਿਲਣ ਕਾਰਨ ਜਿੱਥੇ ਜਗਰੂਪ ਗਿੱਲ ਨੇ ਵਿਤ ਮੰਤਰੀ ਵਿਰੁਧ ‘ਚਿੱਠੀਆਂ’ ਲਿਖਣ ਦੀ ਮੁਹਿੰਮ ਛੇੜੀ ਹੋਈ ਹੈ, ਉਥੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ ਵੀ ਖੁੱਲੇ ਤੌਰ ’ਤੇ ਬਗਾਵਤ ਕਰੀ ਬੈਠੇ ਹਨ ਤੇ ਸ਼੍ਰੀ ਝੂੰਬਾ ਰਾਜਨ ਗਰਗ ਨੂੰ ਅਪਣਾ ‘ਧਰਮ ਦਾ ਭਰਾ’ ਮੰਨਦੇ ਹਨ। ਇਸਤੋਂ ਇਲਾਵਾ ‘ਮੂੰਹ ਦਾ ਮਿੱਠਾ’ ਜਿਹਾ ਮੰਨਿਆਂ ਜਾਂਦਾ ਇੱਕ ਹੋਰ ਆਗੂ ਚੋਣਾਂ ਦੇ ਨਜਦੀਕ ਜਾ ਕੇ ਪਲਟੀ ਮਾਰ ਸਕਦਾ ਹੈ। ਬਠਿੰਡਾ ਸ਼ਹਿਰ ਦੀ ਸਿਆਸਤ ਨੂੰ ਨੇੜੇ ਤੋਂ ਜਾਣਨ ਵਾਲਿਆਂ ਮੁਤਾਬਕ ਅਜਿਹੀ ਹਾਲਾਤ ਵਿਚ ਵਿਤ ਮੰਤਰੀ ਲਈ ਹੁਣ ਚੋਣਾਂ ਸਿਰ ’ਤੇ ਆਉਣ ਕਾਰਨ ਸਾਰਿਆਂ ਨੂੰ ਨਰਾਜ਼ ਕਰਨਾ ਕਾਫ਼ੀ ਮਹਿੰਗਾ ਸਾਬਤ ਹੋ ਸਕਦਾ ਹੈ, ਜਿਸਦੇ ਚੱਲਦੇ ਉਕਤ ਸਾਬਕਾ ਮੰਤਰੀ ਦੇ ਪੁੱਤਰ ਨੂੰ ਇਹ ਚੇਅਰਮੈਨੀ ਦਿੱਤੀ ਜਾ ਰਹੀ ਹੈ।    


No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines