ਪੰਜਾਬ ’ਚ ‘ਜੀਓ’ ਦੀ ਡੁੱਬਦੀ ਬੇੜੀ ਦਾ ਮਲਾਹ ਬਣੇਗਾ ‘ਪਾਵਰਕਾਮ’

- - No comments

 ਸੁਖਜਿੰਦਰ ਮਾਨ

ਬਠਿੰਡਾ, 10 ਮਾਰਚ :ਪੰਜਾਬ ’ਚ ਜੀਓ ਦੀ ਡੁੱਬਦੀ ਬੇੜੀ ਦੀ ਮਲਾਹ ਹੁਣ ਪੰਜਾਬ ਸਰਕਾਰ ਦਾ ਅਦਾਰਾ ਪਾਵਰਕਾਮ ਬਣੇਗਾ। ਕਿਸਾਨੀ ਬਿੱਲਾਂ ਦੇ ਵਿਰੋਧ ’ਚ ਅੰਨਦਾਤਾ ਵਲੋਂ ਜੀਓ ਨੂੰ ਛੱਡਣ ਦੇ ਦਿੱਤੇ ਹੋਕੇ ਕਾਰਨ ਲੱਖਾਂ ਗ੍ਰਾਂਹਕਾਂ ਨੂੰ ਗਵਾ ਚੁੱਕੇ ਜੀਓ ਨੂੰ ਹੁਣ ਪੰਜਾਬ ’ਚ ਪਵਾਰਕਾਮ ਦਾ ਸਹਾਰਾ ਮਿਲੇਗਾ। ਪਾਵਰਕਾਮ ਦੇ ਸੂਤਰਾਂ ਮੁਤਾਬਕ ਮੈਨੇਜਮੈਂਟ ਦੇ ਹੁਕਮਾਂ ਉਪਰ ਕਾਰਪੋਰੇਸ਼ਨ ’ਚ ਕੰਮ ਕਰਦੇ ਮੁਲਾਜਮਾਂ ਤੇ ਅਧਿਕਾਰੀਆਂ ਦੇ ਮੋਬਾਇਲ ਸਿਮ ਵੋਡਾਫ਼ੋਨ ਦੀ ਥਾਂ ਜੀਓ ਦੇ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਉਪ ਮੁੱਖ ਇੰਜੀਨੀਅਰ ਜਲੰਧਰ ਜੋਨ ਵਲੋਂ ਜਾਰੀ ਇੱਕ ਪੱਤਰ ਦੀ ਕਾਪੀ ਸੋਸਲ ਮੀਡੀਆ ’ਤੇ ਵੀ ਘੁੰਮ ਰਹੀ ਹੈ। ਪਾਵਰਕੌਮ ਦੇ ਇਸ ਪੱਤਰ (ਨੰਬਰ 25/9/2522) ਮਿਤੀ 1/3/ 2021 ਮੁਤਾਬਕ ਅਪਣੇ ਮੁਲਾਜਮਾਂ ਕੋਲ ਵੋਡਾਫੋਨ ਮੋਬਾਇਲ ਸਿਮਾਂ ਦੀ ਥਾਂ ਰਿਲਾਇੰਸ ਜੀਓ ਦੇ ਸਿੰਮ ਜਾਰੀ ਕਰਨ ਦੀ ਯੋਜਨਾ ਬਾਰੇ ਦਸਦਿਆਂ ਪਹਿਲਾਂ ਵੋਡਾਫੋਨ ਦੇ ਚੱਲ ਰਹੇ ਸਿੰਮਾਂ ਦੀ ਜਾਣਕਾਰੀ ਮੰਗੀ ਹੈ। ਹਾਲਾਂਕਿ ਪਾਵਰਕਾਮ ਦੇ ਅਧਿਕਾਰੀ ਇਸਦੇ ਪਿੱਛੇ ਜੀਓ ਕੰਪਨੀ ਵਲੋਂ ਸਸਤਾ ਪਲਾਨ ਦੇਣ ਦਾ ਤਰਕ ਦਿੱਤਾ ਜਾ ਰਿਹਾ ਹੈ ਪ੍ਰੰਤੂ ਦੇਸ ’ਚ ਉਘੇ ਕਾਰਪੋਰੇਟ ਘਰਾਣੇ ਅੰਬਾਨੀ ਦੇ ਜੀਓ ਵਿਰੁਧ ਚੱਲ ਰਹੀ ਲਹਿਰ ਦੌਰਾਨ ਜਾਰੀ ਇਸ ਪੱਤਰ ਦਾ ਕਿਸਾਨ ਜਥੇਬੰਦੀਆਂ ਵਲੋਂ ਵਿਰੋਧ ਹੋ ਰਿਹਾ ਹੈ। ਦਸਣਾ ਬਣਦਾ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਪਾਵਰਕਾਮ ਵਲੋਂ ‘ਸੇਪ’ ਸਕੀਮ ਅਧੀਨ ਚੱਲ ਰਹੇ ਪ੍ਰੋਜੈਕਟ ਜਿਸਦੇ ਤਹਿਤ ਆਨਲਾਈਨ ਬਿਿਗ, ਪਾਵਰਕਾਮ ਦੇ ਸੁਵਿਧਾ ਕੇਂਦਰ ਆਦਿ ਚੱਲ ਰਹੇ ਹਨ, ਦਾ ਕੰਮ ਵੀ ਵੋਡਾਫ਼ੋਨ ਤੋਂ ਬਦਲ ਕੇ ਜੀਓ ਨੂੰ ਦਿੱਤਾ ਜਾ ਚੁੱਕਾ ਹੈ। ਪਾਵਰਕਾਮ ਦੇ ਜੀਓ ਪ੍ਰਤੀ ਵਧਦੇ ਪਿਆਰ ਦਾ ਵਿਰੋਧ ਕਰਦਿਆਂ ਕਿਸਾਨ ਆਗੂ ਜਸਵੀਰ ਸਿੰਘ ਬੁਰਜਸੇਮਾ ਨੇ ਦਾਅਵਾ ਕੀਤਾ ਕਿ ਇੱਕ ਪਾਸੇ ਅੰਬਾਨੀ ਤੇ ਅਡਾਨੀ ਗਰੁੱਪ ਦੇ ਉਤਪਾਦਾਂ ਦਾ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਹੈ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਦੇ ਇੱਕ ਅਦਾਰੇ ਵਲੋਂ ਇਸ ਕੰਪਨੀ ਨੂੰ ਉਤਸਾਹਤ ਕੀਤਾ ਜਾ ਰਿਹਾ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਮੁੱਦਾ ਉਪਰ ਤੱਕ ਚੁੱਕਿਆ ਜਾਵੇਗਾ। ਇੱਥੇ ਦਸਣਾ ਬਣਦਾ ਹੈ ਕਿ ਪਾਵਰਕਾਮ ਦੇ ਵੱਖ ਵੱਖ ਵਿੰਗਾਂ ’ਚ ਹਜ਼ਾਰਾਂ ਮੁਲਾਜਮ ਕੰਮ ਕਰਦੇ ਹਨ, ਜਿੰਨ੍ਹਾਂ ਨੂੰ ਰਿਲਾਇੰਸ ਜੀਓ ਮੋਬਾਈਲ ਸਿੰਮ ਦੇਣ ਦੀ ਤਿਆਰੀ ਖਿੱਚੀ ਗਈ ਹੈ। ਸੂਤਰਾਂ ਮੁਤਾਬਕ ਇਸ ਸਬੰਧ ਵਿਚ ਪਾਵਰਕੌਮ ਮੈਨੇਜਮੈਂਟ ਤੇ ਰਿਲਾਇੰਸ ਜੀਓ ਵਿਚਕਾਰ ਹਾਲੇ ਸਮਝੌਤਾ ਹੋਣਾ ਹੈ ਜਿਸਦੇ ਲਈ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਕਾਫ਼ੀ ਲੰਮੇ ਸਮੇਂ ਤੋਂ ਪਾਵਰਕਾਮ ਦੇ ਅਧਿਕਾਰੀਆਂ ਤੇ ਮੁਲਾਜਮਾਂ ਕੋਲ ਵੋਡਾਫ਼ੋਨ ਕੰਪਨੀ ਦੇ 96461 ਦੀ ਸੀਰੀਜ਼ ਵਾਲੇ ਨੰਬਰ ਚੱਲ ਰਹੇ ਹਨ।

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines