ਦਹਾਕਿਆਂ ਤੋਂ ਲਟਕਦੀ ਆ ਰਹੀ ‘ਰਿੰਗ ਰੋਡ’ ਦੇ ਰਾਸਤੇ ’ਚੋਂ ਰੁਕਾਵਟਾਂ ਖ਼ਤਮ!

- - No comments

 ਜ਼ਿਲ੍ਹਾ ਪ੍ਰਸ਼ਾਸਨ ਦੀ ਡਾਕਟਰ ਨਾਲ ਸਹਿਮਤੀ ਬਣਨ ਦੀ ਚਰਚਾ

ਰੇਲਵੇ ਵਲੋਂ ਅੰਡਰਬਿ੍ਰਜ ਨੂੰ ਮਿਲੀ ਮੰਨਜੂਰੀ

ਸੁਖਜਿੰਦਰ ਮਾਨ


ਬਠਿੰਡਾ, 22 ਮਾਰਚ : ਪਿਛਲੇ 20 ਸਾਲਾਂ ਤੋਂ ਹਵਾ ’ਚ ਲਟਕਦੀ ਆ ਰਹੀ ‘ਰਿੰਗ ਰੋਡ ਫ਼ੇਜ 1’ ਦੇ ਰਾਸਤੇ ਵਿਚੋਂ ਸਾਰੀਆਂ ਰੁਕਾਵਟਾਂ ਦੂਰ ਹੋਣ ਜਾ ਰਹੀਆਂ ਹਨ। ਪਿਛਲੇ 15 ਸਾਲਾਂ ਤੋਂ ਇਸ ਪ੍ਰੋਜੈਕਟ ਨੂੰ ਅਦਾਲਤਾਂ ਤੱਕ ਲਿਜਾਣ ਵਾਲੇ ਸ਼ਹਿਰ ਦੇ ਇੱਕ ਪ੍ਰਮੁੱਖ ਡਾਕਟਰ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਿਮਤੀ ਬਣਨ ਦੀ ਚਰਚਾ ਹੈ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਪ੍ਰਸ਼ਾਸਨ ਵਲੋਂ ਗੈਰਰਸਮੀ ਤੌਰ ’ਤੇ ਰਿੰਗ ਰੋਡ ਦੇ ਵਿਚਕਾਰ ਆਉਣ ਵਾਲੀ ਇਸ 8000 ਗਜ਼ ਜਮੀਨ ਲਈ 14 ਹਜ਼ਾਰ ਰੁਪਏ ਪ੍ਰਤੀ ਗਜ਼ ਮੁਆਵਜ਼ਾ ਦੇਣ ਦੀ ਸਹਿਮਤੀ ਦਿੱਤੀ ਹੈ। ਪਤਾ ਲੱਗਿਆ ਹੈ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਭਲਕੇ ਡਿਪਟੀ ਕਮਿਸ਼ਨਰ ਦੀ ਉਕਤ ਡਾਕਟਰ ਨਾਲ ਮੀਟਿੰਗ ਹੋਣ ਜਾ ਰਹੀ ਹੈ।  ਹਾਲਾਂਕਿ ਇਸਦੀ ਅਧਿਕਾਰੀਆਂ ਨੇ ਪੁਸ਼ਟੀ ਨਾ ਕਰਦਿਆਂ ਦਾਅਵਾ ਕੀਤਾ ਕਿ ਭਲਕ ਦੀ ਮੀਟਿੰਗ ਤੋਂ ਬਾਅਦ ਹੀ ਸਭ ਕੁੱਝ ਸਾਫ਼ ਹੋਵੇਗਾ। ਇੱਥੇ ਦਸਣਾ ਬਣਦਾ ਹੈ ਕਿ 13 ਅਕਤੂਬਰ 2019 ਨੂੰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 95 ਕਰੋੜ ਦੇ ਇਸ ਵਕਾਰੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਇਸਨੂੰ ਇੱਕ ਸਾਲ ਵਿਚ ਪੂਰਾ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਇਸ ਦੌਰਾਨ ਕਰੋਨਾ ਮਹਾਂਮਾਰੀ ਤੋਂ ਇਲਾਵਾ ਉਕਤ ਜਮੀਨ ਦਾ ਵਿਵਾਦ ਹੱਲ ਨਾ ਹੋਣ ਅਤੇ ਧੋਬੀਆਣਾ ਬਸਤੀ ਨਜਦੀਕ ਹੋਏ ਕਥਿਤ ਨਜਾਇਜ਼ ਕਬਜਿਆਂ ਨੂੰ ਹਟਾ ਨਾ ਸਕਣ ਕਾਰਨ ਇਹ ਪ੍ਰੋਜੈਕਟ ਲਟਕ ਗਿਆ ਸੀ। ਦਸਣਾ ਬਣਦਾ ਹੈ ਕਿ ਬਰਨਾਲਾ ਰੋਡ ਤੋਂ ਸ਼ੁਰੂ ਹੋ ਕੇ ਫ਼ੌਜੀ ਛਾਉਣੀ ਦੇ ਨਾਲ-ਨਾਲ ਆਉਣ ਵਾਲੀ ਇਸ ਰਿੰਗ ਰੋਡ ਨੇ ਆਈਟੀਆਈ ਦੇ ਕੋਲ ਖ਼ਤਮ ਹੋਣਾ ਹੈ। ਉਕਤ 8000 ਗਜ਼ ਅਤੇ ਨਜਾਇਜ਼ ਕਬਜਿਆਂ ਵਾਲੀ ਜਗ੍ਹਾਂ ਨੂੰ ਛੱਡ ਠੇਕੇਦਾਰ ਵਲੋਂ ਤਕਰੀਬਨ ਬਾਕੀ ਹਿੱਸੇ ਚਹੁੰ ਮਾਰਗੀ ਸੜਕ ਦਾ ਕੰਮ ਪੂਰਾ ਕਰ ਦਿੱਤਾ ਹੈ। ਇਸਤੋਂ ਇਲਾਵਾ ਦਿੱਲੀ ਰੇਲਵੇ ਲਾਈਨ ’ਤੇ ਕਰੀਬ 26 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਅੰਡਰ ਬਿ੍ਰਜ ਨੂੰ ਵੀ ਰੇਲਵੇ ਵਿਭਾਗ ਨੇ ਮੰਨਜੂਰੀ ਦੇ ਦਿੱਤੀ ਹੈ, ਜਿਸਦੇ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ। ਇਹ ਵੀ ਸੂਚਨਾ ਮਿਲੀ ਹੈ ਕਿ ਇਸ ਰਿੰਗ ਰੋਡ ਦੇ ਵਿਚਕਾਰ ਧੋਬੀਆਣਾ ਬਸਤੀ ਕੋਲ ਬਣੇ ਕਥਿਤ ਨਜ਼ਾਇਜ਼ ਕਬਜਿਆਂ ਨੂੰ ਢਾਹੁਣ ਦੀ ਪ੍ਰੀਕਿ੍ਰਆ ਵੀ ਜਲਦੀ ਸ਼ੁਰੂ ਹੋਣ ਵਾਲੀ ਹੈ। ਇਸ ਸਬੰਧ ਵਿਚ ਬੀਡੀਏ ਵਲੋਂ ਤਿੰਨ ਦਰਜ਼ਨ ਦੇ ਕਰੀਬ ਨੋਟਿਸ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਪਹਿਲਾਂ ਨਗਰ ਨਿਗਮ ਚੋਣਾਂ ਵਿਚਕਾਰ ਹੋਣ ਕਾਰਨ ਕਬਜਾਧਾਰੀਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਇਸਤੋਂ ਇਲਾਵਾ ਇਸ ਰਿੰਗ ਰੋਡ ਦੇ ਵਿਚਕਾਰ ਵਿਚ ਆਉਂਦੀਆਂ ਰੇਲਵੇ ਲਾਈਨਾਂ ਤੇ ਤਾਰਾਂ ਨੂੰ ਹਟਾਉਣ ਦਾ ਕੰਮ ਵੀ ਜੰਗੀ ਪੱਧਰ ’ਤੇ ਜਾਰੀ ਹੈ। 11 ਕੇਵੀ ਲਾਈਨਾਂ ਨੂੰ ਹਟਾਉਣ ਦਾ ਕੰਮ ਮੁਕੰਮਲ ਹੋਣ ਕਿਨਾਰੇ ਹੈ ਜਦੋਂਕਿ 66 ਕੇਵੀ ਦਾ ਕੰਮ ਚੱਲ ਰਿਹਾ।  



ਬਾਕਸ 1
4.7 ਕਿਲੋਮੀਟਰ ਲੰਮੀ ਰਿੰਗ ਰੋਡ ਦਾ 2001 ਵਿਚ ਰੱਖਿਆ ਸੀ ਨੀਂਹ ਪੱਥਰ
ਬਠਿੰਡਾ: ਸ਼ਹਿਰ ਵਿਚ ਦਿਨ-ਬ-ਦਿਨ ਵਧਦੇ ਟਰੈਫ਼ਿਕ ਨੂੰ ਧਿਆਨ ਵਿਚ ਰੱਖਦਿਆਂ ਸਾਲ 2001 ਵਿਚ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਹਕੀਕੀ ਤੌਰ ’ਤੇ ਤਿਆਰ ਕੀਤਾ ਸੀ। 4.7 ਕਿਲੋਮੀਟਰ ਲੰਮੀ ਇਸ ਰਿੰਗ ਰੋਡ ਦਾ ਨੀਂਹ ਪੱਥਰ ਤਤਕਾਲੀ ਮੰਤਰੀ ਬਲਰਾਮਜੀ ਦਾਸ ਟੰਡਨ ਨੇ 8 ਅਪ੍ਰੈਲ 2001 ਨੂੰ ਰੱਖਿਆ ਸੀ। ਹਾਲਾਂਕਿ ਬਾਅਦ ’ਚ ਹੋਂਦ ਵਿਚ ਆਈ ਕੈਪਟਨ ਸਰਕਾਰ ਨੇ 2004 ਵਿਚ ਇਸਦਾ ਅਵਾਰਡ ਵੀ ਸੁਣਾ ਦਿੱਤਾ ਸੀ ਪ੍ਰੰਤੂ ਮੁਆਵਜ਼ੇ ਨੂੰ ਲੈ ਕੇ ਕੁੱਝ ਜਮੀਨ ਮਾਲਕ ਅਦਾਲਤ ਵਿਚ ਚਲੇ ਗਏ ਸਨ। ਬੇਸ਼ੱਕ 2011 ਵਿਚ ਹਾਈਕੋਰਟ ਨੇ ਨਗਰ ਸੁਧਾਰ ਟਰੱਸਟ ਦੇ ਹੱਕ ਵਿਚ ਫੈਸਲਾ ਦੇ ਦਿੱਤਾ ਸੀ ਪ੍ਰੰਤੂ ਜਮੀਨ ਮਾਲਕ ਇਸ ਫੈਸਲੇ ਦੇ ਵਿਰੋਧ ਵਿਚ ਸੁਪਰੀਮ ਕੋਰਟ ਵਿਚ ਚਲੇ ਗਏ ਸਨ। ਸੁਪਰੀਮ ਕੋਰਟ ਨੇ ਵੀ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸਾਲ 2017 ਵਿਚ ਇਹ ਰਿੰਗ ਰੋਡ ਬਣਾਉਣ ਨੂੰ ਮੰਨਜੂਰੀ ਦੇ ਦਿੱਤੀ ਸੀ। ਵਿਤ ਮੰਤਰੀ ਤੇ ਸਥਾਨਕ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਚੋਣਾਂ ਸਮੇਂ ਇਸ ਰਿੰਗ ਰੋਡ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। 
ਬਾਕਸ 2
੍ਰਮਾਨਸਾ-ਤਲਵੰਡੀ ਜਾਣ ਵਾਲੇ ਟਰੈਫ਼ਿਕ ਲਈ ਸੂਏ ਨਾਲ ਬਣੇਗੀ ਸੜਕ
ਬਠਿੰਡਾ: ਪਹਿਲਾਂ ਇਸ ਰਿੰਗ ਰੋਡ ਨੂੰ ਆਈਟੀਆਈ ਚੌਕ ’ਤੇ ਬਣੇ ਰੇਲਵੇ ਪੁਲ ਨਾਲ ਇੱਕ ਹੋਰ ਪੁਲ ਬਣਾ ਕੇ ਮਿਲਾਉਣ ਦੀ ਯੋਜਨਾ ਬਦਲ ਦਿੱਤੀ ਗਈ ਹੈ। ਜਿਸਤੋਂ ਬਾਅਦ ਹੁਣ ਮਾਨਸਾ-ਤਲਵੰਡੀ ਨੂੰ ਜਾਣ ਵਾਲੇ ਟਰੈਫ਼ਿਕ ਲਈ ਆਈਟੀਆਈ ਦੇ ਪਿੱਛੇ ਤੋਂ ਸ਼ੁਰੂ ਹੋ ਕੇ ਰਜਵਾਹੇ ਦੇ ਨਾਲ-ਨਾਲ 30 ਫੁੱਟ ਚੋੜੀ ਸੜਕ ਬਣੇਗੀ। ਜਦੋਂਕਿ ਡੱਬਵਾਲੀ ਵੱਲ ਜਾਣ ਵਾਲੇ ਟਰੈਫ਼ਿਕ ਲਈ ਇੱਕ ਸੜਕ ਉਦਯੋਗਿਕ ਗਰੋਥ ਸੈਂਟਰ ਰਾਹੀ ਆਈਟੀਆਈ ਚੌਕ ਵੱਲ ਜਾਵੇਗੀ।   




No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines