ਪੁਲਿਸ ਵਿਭਾਗ ’ਚ ਜਲਦੀ ਹੀ ਥੋਕ ਵਿਚ ਬਦਲੀਆਂ ਹੋਣ ਦੀ ਚਰਚਾ

- - No comments

 


ਕਈ ਐਸ.ਐਸ.ਪੀ ਅਤੇ ਜੋਨਾਂ ਦੇ ਆਈ.ਜੀ ਬਦਲੇ ਜਾਣ ਦੀ ਸੰਭਾਵਨਾ 

ਸੁਖਜਿੰਦਰ ਮਾਨ


ਬਠਿੰਡਾ, 22 ਮਾਰਚ : ਸੂਬੇ ’ਚ ਅਗਲੇ ਵਰ੍ਹੇ ਦੇ ਸ਼ੁਰੂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਉਣ ਵਾਲੇ ਦਿਨਾਂ ‘ਚ ਪੁਲਿਸ ਵਿਭਾਗ ਦੇ ਵੱਡੇ ਅਫ਼ਸਰਾਂ ਦੀਆਂ ਥੋਕ ’ਚ ਬਦਲੀਆਂ ਹੋਣ ਦੀ ਚਰਚਾ ਚੱਲ ਰਹੀ ਹੈ। ਪੁਲਿਸ ਵਿਭਾਗ ਦੇ ਉਚ ਸੂਤਰਾਂ ਮੁਤਾਬਕ ਜਲਦੀ ਹੀ ਕਈ ਜ਼ਿਲ੍ਹਿਆਂ ਦੇ ਐਸਐਸਪੀਜ਼ ਸਹਿਤ ਕਈ ਜੋਨਾਂ ਦੇ ਆਈਜੀ ਅਤੇ ਹੋਰਨਾਂ ਅਫ਼ਸਰਾਂ ਨੂੰ ਇੱਧਰੋ-ਉਧਰ ਕੀਤਾ ਜਾ ਰਿਹਾ। ਹਾਲਾਂਕਿ ਪਿਛਲੇ ਚਾਰ ਸਾਲਾਂ ਦੌਰਾਨ ਜਿਆਦਾਤਰ ਸਿਵਲ ਤੇ ਪੁਲਿਸ ਅਫ਼ਸਰਾਂ ਦੀਆਂ ਬਦਲੀਆਂ ਵਿਚ ਸਿਆਸੀ ਆਗੂਆਂ ਦੀ ਬਜਾਏ ਮੁੱਖ ਮੰਤਰੀ ਦਫ਼ਤਰ ਦੀ ਹੀ ਚੱਲਦੀ ਰਹੀ ਹੈ ਪ੍ਰੰਤੂ ਮਿਲੀਆਂ ਕਨਸੋਆ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਹੋਣ ਜਾ ਰਹੀਆਂ ਬਦਲੀਆਂ ਦੌਰਾਨ ਸਿਆਸੀ ‘ਛਾਪ’ ਦੇਖਣ ਨੂੰ ਮਿਲ ਸਕਦੀ ਹੈ। 

ਗੌਰਤਲਬ ਹੈ ਕਿ ਕੈਪਟਨ ਸਰਕਾਰ ਹੋਂਦ ਤੋਂ ਕੁੱਝ ਸਮੇਂ ਬਾਅਦ ਹੀ ਸਿਆਸੀ ਆਗੂਆਂ, ਵਿਧਾਇਕਾਂ ਤੇ ਇੱਥੋਂ ਤੱਕ ਮੰਤਰੀਆਂ ਵਲੋਂ ਵੀ ਜ਼ਿਲ੍ਹਿਆਂ ਦੇ ਡੀਸੀ ਤੇ ਐਸ.ਐਸ.ਪੀ ਲਗਾਉਣ ਸਮੇਂ ਅਪਣੀ ਨਾ ਸੁਣੀ ਜਾਣ ਦਾ ਰੋਣਾ ਰੋਇਆ ਜਾ ਰਿਹਾ। ਪ੍ਰੰਤੂ ਇਸ ਵਾਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਇਹ ਚੋਣ ਵਰ੍ਹਾ ਹੋਣ ਕਾਰਨ ਸਰਕਾਰ ਲਈ ਵੱਡੇ ਪੱਧਰ ’ਤੇ ਅਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਨਰਾਜ਼ ਕਰਨਾ ਸੰਭਵ ਨਹੀਂ ਹੋਵੇਗਾ। ਇਸ ਸਥਿਤੀ ਨੂੰ ਭਾਂਪਦਿਆਂ ਸਿਆਸੀ ਜਮਾਤ ਸਰਗਰਮ ਹੋ ਗਈ ਹੈ ਤੇ ਐਸ.ਐਚ.ਓਜ਼ ਤੋਂ ਲੈ ਕੇ ਐਸ.ਐਸ.ਪੀਜ਼ ਤੱਕ ਦੀਆਂ ਬਦਲੀਆਂ ਵਿਚ ਅਪਣੇ ਬੰਦਿਆਂ ਨੂੰ ਫਿੱਟ ਕਰਵਾਉਣ ਦੀਆਂ ਸਿਫ਼ਾਰਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਿਲੀ ਸੂਚਨਾ ਮੁਤਾਬਕ ਮਾਝਾ ਖੇਤਰ ਨਾਲ ਸਬੰਧਤ ਦੋ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਸਹਿਤ ਦੁਆਬਾ ਅਤੇ ਮਾਲਵਾ ਖੇਤਰ ਵਿਚ ਨਵੇਂ ਐਸ.ਐਸ.ਪੀਜ਼ ਲਗਾਏ ਜਾ ਰਹੇ ਹਨ। ਇੰਨ੍ਹਾਂ ਵਿਚੋਂ ਕੁੱਝ ਇੱਕ ਦਾ ਸਮਾਂ ਦੋ ਸਾਲ ਦੇ ਕਰੀਬ ਹੋ ਗਿਆ ਹੈ ਤੇ ਕਈਆਂ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਕਰਵਾਈਆਂ ਹਨ। ਕਾਂਗਰਸ ਸਰਕਾਰ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਇੱਕ ਆਗੂ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਇੰਨ੍ਹਾਂ ਬਦਲੀਆਂ ਵਿਚ ਮੰਤਰੀਆਂ, ਵਿਧਾਇਕਾਂ ਤੇ ਇੱਥੋਂ ਤੱਕ ਹੇਠਲੇ ਪੱਧਰ ਦੇ ਆਗੂਆਂ ਦੀ ਵੀ ਸੁਣੀ ਜਾਵੇਗੀ। ’’ ਇਸ ਪਿੱਛੇ ਉਨ੍ਹਾਂ ਤਰਕ ਦਿੱਤਾ ਕਿ ਬੇਸ਼ੱਕ ਚੋਣ ਜਾਬਤਾ ਲੱਗਣ ਤੋਂ ਬਾਅਦ ਚੋਣ ਕਮਿਸ਼ਨ ਅਧਿਕਾਰੀਆਂ ਨੂੰ ਬਦਲ ਹੀ ਦੇਣ ਪ੍ਰੰਤੂ ਅਸਲ ਵਿਚ ਸਰਕਾਰ ਦੀ ਹਾਅ ਵਿਚ ਹਾਅ ਮਿਲਾਉਣ ਵਾਲੇ ਅਫ਼ਸਰਾਂ ਦੀ ਜਿਆਦਾਤਰ ਜਰੂਰਤ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਵਾਲੇ 7-8 ਮਹੀਨਿਆਂ ਵਿਚ ਹੀ ਜਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਇਹ ਵੀ ਸੁਣਨ ਵਿਚ ਮਿਲ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਦੇ ਕੁੱਝ ਅਫ਼ਸਰਾਂ ਨੂੰ ਵੀ ਬਦਲਿਆਂ ਜਾ ਰਿਹਾ ਹੈ ਕਿਉਂਕਿ ਜ਼ਿਲ੍ਹਿਆਂ ਵਿਚੋਂ ਆਉਣ ਵਾਲੇ ਅਧਿਕਾਰੀ ਵੀ ਮੁੜ ਉਧਰ ਜਾਣ ਲਈ ਹੱਥ ਪੈਰ ਮਾਰ ਰਹੇ ਹਨ। ਇਸਤੋਂ ਇਲਾਵਾ ਸਿਵਲ ਵਿਭਾਗ ਦੇ ਉਚ ਅਧਿਕਾਰੀਆਂ ਦੀਆਂ ਬਦਲੀਆਂ ਵੀ ਜਲਦੀ ਹੋਣ ਦੀ ਸੰਭਾਵਨਾ ਹੈ।



No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines