ਭਾਜਪਾ ਨੂੰ ਬਠਿੰਡਾ ਦੇ ਸੱਤ ਵਾਰਡਾਂ ਵਿਚੋਂ ਨਹੀਂ ਮਿਲੇ ਉਮੀਦਵਾਰ
ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਖ਼ੁਦ ਲੜ ਰਿਹਾ ਅਜਾਦ ਉਮੀਦਵਾਰ ਵਜੋਂ
ਸੁਖਜਿੰਦਰ ਮਾਨ
ਬਠਿੰਡਾ,3 ਫਰਵਰੀ : ਪਿਛਲੇ ਸਾਢੇ 6 ਸਾਲ ਤੋਂ ਲਗਾਤਾਰ ਦੇਸ ਦੀ ਸੱਤਾ ’ਤੇ ਕਾਬਜ਼ ਚੱਲੀ ਆ ਰਹੀ ਦੁਨੀਆਂ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਦਾ ਦਮ ਭਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਬਠਿੰਡਾ ਨਗਰ ਨਿਗਮ ਦੇ ਸੱਤ ਵਾਰਡਾਂ ਵਿਚੋਂ ਅਪਣੇ ਉਮੀਦਵਾਰ ਖੜੇ ਕਰਨ ਵਿਚ ਅਸਫ਼ਲ ਰਹੀ ਹੈ। ਖੁਦ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵਿਨੋਨ ਬਿੰਟਾ ਅਜਾਦ ਉਮੀਦਵਾਰ ਵਜੋਂ ਭੁੱਚੋਂ ਨਗਰ ਕੋਂਸਲ ਤੋਂ ਚੋਣ ਲੜ ਰਿਹਾ ਹੈ।
ਖੇਤੀ ਬਿੱਲਾਂ ਨੂੰ ਲਾਗੂ ਕਰਨ ਦਾ ਵਿਰੋਧ ਝੱਲ ਰਹੀ ਭਾਜਪਾ ਨੂੰ ਪਹਿਲੀ ਵਾਰ ਪੰਜਾਬ ’ਚ ਸਥਾਨਕ ਚੋਣਾਂ ਅਕਾਲੀਆਂ ਨਾਲੋਂ ਅਲੱਗ ਹੋ ਕੇ ਲੜਣੀਆਂ ਪੈ ਰਹੀਆਂ ਹਨ। ਨੌਬਿਤ ਇੱਥੋਂ ਤੱਕ ਪੁੱਜ ਗਈ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਦੀ ਮੰਗ ਕਰਨ ਵਾਲੀ ਭਾਜਪਾ ਨੂੰ ਹੁਣ ਇੱਥੋਂ ਦੇ 50 ਵਾਰਡਾਂ ਵਿਚੋਂ ਲਗਾਤਾਰ ਕੋਸ਼ਿਸ਼ ਦੇ ਬਾਵਜੂਦ ਵੀ ਪੂਰੇ ਉਮੀਦਵਾਰ ਨਹੀਂ ਮਿਲ ਸਕੇ ਹਨ, ਜਿਸਦੇ ਚੱਲਦੇ ਪਾਰਟੀ 43 ਵਾਰਡਾਂ ਉਪਰ ਹੀ ਚੋਣ ਲੜਣ ਲਈ ਮਜਬੂਰ ਹੈ। ਇਹੀਂ ਨਹੀਂ ਪਾਰਟੀ ਦੇ ਦੋ ਉਮੀਦਵਾਰਾਂ ਵਲੋਂ ਮੌਕੇ ਤੋਂ ਜਵਾਬ ਦੇਣ ਕਾਰਨ ਨਵੇਂ ਉਮੀਦਵਾਰਾਂ ਨੂੰ ਮੈਦਾਨ ਵਿਚ ਲਿਆਉਣਾ ਪਿਆ। ਜਦੋਂਕਿ ਉਮੀਦਵਾਰਾਂ ਦੀ ਗਿਣਤੀ ਪੂੁਰੀ ਕਰਨ ਲਈ ਦਲਿਤ ਸੈਨਾ ਵਰਗੀਆਂ ਛੋਟੀਆਂ ਜਥੇਬੰਦੀਆਂ ਦੀ ਇਮਦਾਦ ਵੀ ਲਈ ਜਾ ਰਹੀ ਹੈ। ਪਾਰਟੀ ਦੇ ਜਿਆਦਾਤਰ ਵੱਡੇ ਆਗੂ ਚੋਣ ਮੈਦਾਨ ਵਿਚ ਉਤਰਨ ਤੋਂ ਬਚਣ ਵਿਚ ਸਫ਼ਲ ਰਹੇ ਹਨ। ਲਗਾਤਾਰ ਦਸ ਸਾਲ ਸੀਨੀਅਰ ਡਿਪਟੀ ਮੇਅਰ ਰਹੇ ਤਰਸੇਮ ਗੋਇਲ ਵੀ ਚੋਣ ਮੈਦਾਨ ਤੋਂ ਪਾਸੇ ਹਨ। ਇਸੇ ਤਰ੍ਹਾਂ ਸਾਬਕਾ ਚੇਅਰਮੈਨ ਮੋਹਨ ਲਾਲ ਗਰਗ, ਸੂਬਾ ਆਗੂ ਸੁਨੀਲ ਸਿੰਗਲਾ, ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ, ਆਸੂਤੋਸ਼ ਤਿਵਾੜੀ ਤੋਂ ਇਲਾਵਾ ਜ਼ਿਲ੍ਹਾ ਤੇ ਮੰਡਲਾਂ ਦੇ ਕਈ ਅਹੁੱਦੇਦਾਰ ਵੀ ਚੋਣ ਮੈਦਾਨ ਵਿਚੋਂ ਪਾਸੇ ਹਨ। ਹਾਲਾਂਕਿ ਸੂਬਾਈ ਬੁਲਾਰੇ ਅਸੋਕ ਭਾਰਤੀ ਪਾਰਟੀ ਦੀ ਇੱਜਤ ਲਈ ਅਪਣੀ ਪਤਨੀ ਰਾਹੀਂ ਮੈਦਾਨ ਵਿਚ ਨਿੱਤਰ ਆਏ ਹਨ। ਇਸੇ ਤਰ੍ਹਾਂ ਜਿਲ੍ਹਾ ਆਗੂ ਰਾਜੇਸ਼ ਨੌਨੀ ਵਲੋਂ ਅਪਣੀ ਪਤਨੀ ਨੂੰ ਚੌਣ ਲੜਾਈ ਜਾ ਰਹੀ ਹੈ। ਸੂਚਨਾ ਮੁਤਾਬਕ ਸ਼ਹਿਰ ਦੇ 19,23,25,30,36,46,47 ਅਤੇ 50 ਨੰਬਰ ਵਾਰਡ ਵਿਚੋਂ ਭਾਜਪਾ ਦੇ ਚੋਣ ਨਿਸ਼ਾਨ ’ਤੇ ਲੜਣ ਵਾਲੇ ਕਿਸੇ ਵੀ ਉਮੀਦਵਾਰ ਵਲੋਂ ਕਾਗਜ਼ ਦਾਖ਼ਲ ਨਹੀਂ ਕੀਤੇ ਗਏ ਹਨ। ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਪਾਰਟੀ ਦਾ ਪ੍ਰਧਾਨ ਕਾਰਪੋਰੇਸ਼ਨ ਦੀ ਹੱਦ ਤੋਂ ਬਾਹਰਲਾ ਹੋਣ ਕਾਰਨ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸਤੋਂ ਇਲਾਵਾ ਪਾਰਟੀ ਦੇ ਜਿਆਦਾਤਰ ਟਕਸਾਲੀ ਆਗੂ ਪਿਛਲੇ ਕੁੱਝ ਸਮੇਂ ਤੋਂ ਪੁਛਗਿਛ ਨਾ ਹੋਣ ਕਾਰਨ ਘਰਾਂ ਵਿਚ ਬੈਠੇ ਹੋਏ ਹਨ। ਜਿਸਦਾ ਖ਼ਮਿਆਜ਼ਾ ਹੁਣ ਇੰਨ੍ਹਾਂ ਚੋਣਾਂ ਵਿਚ ਭੁਗਤਣਾ ਪੈ ਰਿਹਾ ਹੈ। ਉਧਰ ਸੰਪਰਕ ਕਰਨ ’ਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਦਾਅਵਾ ਕੀਤਾ ਕਿ ‘‘ ਭਾਜਪਾ ਦਾ ਮਕਸਦ ਖ਼ਾਨਾਪੂਰਤੀ ਨਹੀਂ, ਬਲਕਿ ਸਮਾਜ ਨੂੰ ਚੰਗੇ ਉਮੀਦਵਾਰ ਦੇਣ ਦੀ ਕੋਸ਼ਿਸ਼ ਹੈ, ਜਿਸਦੇ ਚੱਲਦੇ ਕਈ ਵਾਰਡਾਂ ਵਿਚਂੋ ਉਮੀਦਵਾਰ ਨਹੀਂ ਦਿੱਤੇ ਗਏ। ’’
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines