24 ਘੰਟਿਆਂ ’ਚ ਮਿਲੇ 203 ਪਾਜ਼ੀਟਿਵ, ਦੋ ਮਰੀਜ਼ਾਂ ਦੀ ਹੋਈ ਮੌਤ
ਸੁਖਜਿੰਦਰ ਮਾਨ
ਬਠਿੰਡਾ 27 ਮਾਰਚ :-ਬਠਿੰਡਾ ’ਚ ਅੱਜ ਮੁੜ ਕਰੋਨਾ ਮਹਾਂਮਾਰੀ ਦਾ ਵੱਡਾ ਬਲਾਸਟ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿਚ 203 ਕਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਇਹ ਇੱਕ ਦਿਨ ’ਚ ਸਭ ਤੋਂ ਵੱਧ ਮਰੀਜ਼ ਮਿਲਣ ਦਾ ਪਿਛਲੇ ਸਵਾ ਦੌਰਾਨ ਦਾ ਦੂਜਾ ਸਭ ਤੋਂ ਵੱਡਾ ਅੰਕੜਾ ਹੈ। ਪਿਛਲੇ ਸਾਲ ਮਈ ਮਹੀਨੇ ’ਚ ਸਭ ਤੋਂ ਵੱਧ ਇੱਕੋਂ ਦਿਨ ’ਚ 216 ਮਰੀਜ਼ ਮਿਲੇ ਸਨ। ਉਧਰ ਦੇਰ ਸ਼ਾਮ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਨੇ ਸੰਪਰਕ ਕਰਨ ’ਤੇ ਦਾਅਵਾ ਕੀਤਾ ਕਿ ਜ਼ਿਲੈ ਵਿਚ ਅੱਜ 116 ਮਰੀਜ਼ ਹੀ ਨਵੇਂ ਮਿਲੇ ਹਨ ਜਦੋਂਕਿ 203 ਮਰੀਜ਼ਾਂ ਦਾ ਅੰਕੜਾ ਤਕਨੀਕੀ ਗਲਤੀ ਕਾਰਨ ਸਾਹਮਣੇ ਆਇਆ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਕਰੋਨਾ ਦੇ ਟੀਕਾਕਰਨ ਅਤੇ ਸੈਪÇਲੰਗ ਉਪਰ ਜੋਰ ਦਿੱਤਾ ਜਾ ਰਿਹਾ ਹੈ। ਉਧਰ ਜ਼ਿਲ੍ਹੇ ਵਿਚ ਕਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਅਪਣੇ ਕਰੋਨਾ ਵਾਰਡਾਂ ਨੂੰ ਮੁੜ ਗਤੀਸ਼ੀਲ ਕਰਨ ਦੇ ਹੁਕਮ ਦਿੱਤੇ ਗਏ ਹਨ। ਸੂਚਨਾ ਮੁਤਾਬਕ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿਚ ਦੂਜੇ ਲੈਵਲ ਦੇ ਮਰੀਜ਼ਾਂ ਲਈ 250 ਬੈਡ ਅਤੇ ਤੀਜ਼ੇ ਲੈਵਲ ਦੇ ਮਰੀਜ਼ਾਂ ਲਈ 68 ਬੈਡ ਰਾਖ਼ਵੇ ਕੀਤੇ ਗਏ ਹਨ। ਜਦੋਂਕਿ ਸਿਵਲ ਹਸਪਤਾਲ ਵਿਚ ਮੌਜੂਦਾ ਸਮੇਂ 50 ਬੈਡ ਦਾ ਵਿਸੇਸ ਕਰੋਨਾ ਵਾਰਡ ਚੱਲ ਰਿਹਾ ਹੈ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿਚ 50 ਬੈਡ ਹੋਰ ਰਾਖ਼ਵੇਂ ਕੀਤੇ ਜਾ ਰਹੇ ਹਨ।ਇਸਤੋਂ ਇਲਾਵਾ ਅੱਜ ਕਰੋਨਾ ਮਹਾਂਮਾਰੀ ਕਾਰਨ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਦੋ ਮਰੀਜ਼ਾਂ ਦੀ ਵੀ ਮੌਤ ਹੋਣ ਦੀ ਸੂਚਨਾ ਮਿਲੀ ਹੈ।
ਸ਼ਹਿਰ ਦੇ ਮੈਕਸ ਹਸਪਤਾਲ ਵਿਚ ਦਾਖਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੂੰਦੜ ਦੇ ਕਰਨੈਲ ਸਿੰਘ 78 ਪੁੱਤਰ ਗੰਡਾ ਸਿੰਘ ਦੀ ਅੱਜ ਮੌਤ ਹੋ ਗਈ ਜੋ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖਲ ਸੀ ਅਤੇ ਇਸ ਤਰਾਂ ਹੀ ਰਾਮਪੁਰਾ ਫੂਲ ਨਾਲ ਸਬੰਧਿਤ ਹਰਪਾਲ ਸਿੰਘ 44 ਪੁੱਤਰ ਮਿਹਰ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਬੀਤੀ ਰਾਤ ਮੌਤ ਹੋ ਗਈ। ਸਹਾਰਾ ਜਨ ਸੇਵਾ ਦੀ ਟੀਮ ਵਲੋਂ ਦੋਨਾਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪ੍ਰਸ਼ਾਸਨ ਦੇ ਮੁਤਾਬਕ ਹੁਣ ਤੱਕ ਜ਼ਿਲ੍ਹੇ ਵਿਚ ਕੁੱਲ 1,67,314 ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ 10847 ਪਾਜੀਟਿਵ ਕੇਸ ਆਏ। ਪ੍ਰੰਤੂ ਇਨਾਂ ਵਿੱਚੋਂ 9963 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 646 ਕੇਸ ਐਕਟਿਵ ਹਨ ਤੇ ਹੁਣ ਤੱਕ 240 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines