ਮੋਹਾਲੀ ਤੋਂ ਚੋਰੀ ਕੀਤੀ ਸੀ ਅਲਟੋ ਕਾਰ
ਸੁਖਜਿੰਦਰ ਮਾਨ
ਬਠਿੰਡਾ, 23 ਮਾਰਚ: ਬਠਿੰਡਾ ਪੁਲਿਸ ਨੇ ਇੱਕ ਖ਼ਤਰਨਾਕ ਲੁਟੇਰੇ ਗਿਰੋਹ ਨੂੰ ਕਾਬੂ ਕੀਤਾ ਹੈ, ਜਿਸਨੇ ਹਥਿਆਰਾਂ ਦੀ ਨੋਕ ’ਤੇ ਬੀਤੀ ਰਾਤ ਚਾਰ ਪੈਟਰੋਲ ਪੰਪ ਲੁੱਟੇ ਸਨ। ਇਸਤੋਂ ਇਲਾਵਾ ਮੋਹਾਲੀ ਤੋਂ ਇੱਕ ਕਾਰ ਵੀ ਚੋਰੀ ਕੀਤੀ ਸੀ ਤੇ ਇਸ ਕਾਰ ਰਾਹੀਂ ਇੰਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।
ਸਥਾਨਕ ਪੁਲਿਸ ਕਾਨਫਰੰਸ ਹਾਲ ’ਚ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦਸਿਆ ਕਿ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਆਲਟੋ ਕਾਰ ਸਵਾਰ ਕੁੱਝ ਲੋਕਾਂ ਨੇ ਸਥਾਨਕ ਲਹਿਰਾ ਬੇਗਾ ਅਤੇ ਪਿੰਡ ਕੋਟਸ਼ਮੀਰ ਵਿਖੇ ਅਸਲੇ ਦੀ ਨੋਕ ’ਤੇ ਪੈਟਰੋਲ ਪੰਪ ਤੋਂ ਨਗਦੀ ਲੁੱਟੀ ਹੈ। ਘਟਨਾ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਪੁਲਿਸ ਨੇ ਐਕਸ਼ਨ ਵਿਚ ਆਉਂਦਿਆਂ ਤਲਾਸ਼ ਸ਼ੁਰੂ ਕੀਤੀ ਤੇ ਪਤਾ ਲੱਗਿਆ ਕਿ ਕਥਿਤ ਲੁਟੇਰੇ ਨਿਰੰਜਨ ਸਿੰਘ ਉਰਫ ਭਾਊ ਵਾਸੀ ਪੱਕਾ ਕਲਾਂ ਥਾਣਾ ਸੰਗਤ ਦੇ ਮਕਾਨ ਵਿਚ ਮੌਜੂਦ ਹਨ, ਜਿਸਤੋਂ ਬਾਅਦ ਪੁਲਿਸ ਨੇ ਛਾਪਾਮਾਰੀ ਕਰਦਿਆਂ ਇੰਨ੍ਹਾਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਨੌਜਵਾਨਾਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਗੱਗੂ ਵਾਸੀ ਸੇਮਾ ਕਲਾਂ ਥਾਣਾ ਨਥਾਣਾ,ਨਰਿੰਦਰ ਸਿੰਘ ਉਰਫ ਰਵੀ ਵਾਸੀ ਨੰਦਗੜ੍ਹ ਥਾਣਾ ਲੱਖੇਵਾਲੀ, ਰਜਿੰਦਰ ਸਿੰਘ ਉਰਫ ਸੋਨੂੰ ਵਾਸੀ ਡੂੰਮਛੇੜੀ ਥਾਣਾ ਮਰਿੰਡਾ, ਧਰਮਿੰਦਰ ਕੁਮਾਰ ਉਰਫ ਧੰਮੀ ਵਾਸੀ ਰਾਮਪੁਰਾ ਮੰਡੀ ਅਤੇ ਸੁੱਖੀ ਪੁੱਤਰ ਜਸਵੰਤ ਸਿੰਘ ਵਾਸੀ ਬੁਰਜ ਥਾਣਾ ਮੌੜ ਹਾਲ ਸੰਗਤ ਮੰਡੀ ਦੇ ਤੌਰ ’ਤੇ ਹੋਈ। ਐਸ.ਐਸ.ਪੀ ਮੁਤਾਬਕ ਧੰਮੀ ਅਤੇ ਸੁੱਖੀ ਨਾਂ ਦੇ ਨੌਜਵਾਨ ਇੰਨ੍ਹੇਂ ਜਿਆਦਾ ਨਸ਼ੇ ਦੀ ਹਾਲਾਤ ਵਿੱਚ ਸਨ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਇਸ ਗਿਰੋਹ ਪਾਸੋ 02 ਪਿਸਤੋਲ 12 ਬੋਰ ਸਮੇਤ 04 ਕਾਰਤੂਸ, 02 ਕਾਪੇ ਲੋਹਾ ,01 ਕਿਰਪਾਨ ਲੋਹਾ, 95000/-ਰੁਪਏ ਦੀ ਕਰੰਸੀ ਨੋਟ, 11 ਟੱਚ ਸਕਰੀਨ ਵੱਖ ਵੱਖ ਮਾਰਕਾ ਮੋਬਾਇਲ ਫੋਨ, 06 ਕੀਪੈਡ ਮੋਬਾਇਲ ਵੱਖ ਵੱਖ ਮਾਰਕਾ, ਕਾਰ ਅਲਟੋ, 02 ਨੰਬਰ ਪਲੇਟਾ ਅਤੇ ਇੱਕ ਮੋਟਰਸਾਈਕਲ ਹੀਰੋ ਹਾਂਡਾ ਡੀਲਕਸ ਬ੍ਰਾਮਦ ਕੀਤਾ ਗਿਆ। ਮੁਢਲੀ ਪੁਛਗਿਛ ਦੌਰਾਨ ਇਹ ਵੀ ਪਤਾ ਚੱਲਿਆ ਕਿ ਕਥਿਤ ਦੋਸ਼ੀਆਂ ਨੇ ਅਲਟੋ ਕਾਰ ਬੀਤੇ ਕੱਲ ਹੀ ਮੋਹਾਲੀ ਤੋਂ ਚੋਰੀ ਕੀਤੀ ਸੀ। ਜਿਸਤੋਂ ਬਾਅਦ ਉਨਾਂ ਸਭ ਤੋਂ ਪਹਿਲਾਂ ਪਿੰਡ ਚੰਨੋ ਥਾਣਾ ਭਵਾਨੀਗੜ੍ਹ ਜਿਲਾ ਸੰਗਰੂਰ ਵਿਖੇ ਪੈਟਰੋਲ ਪੰਪ ਤੋ ਮੋਬਾਇਲ ਆਇਲ ਆਦਿ ਦੀ ਲੁੱਟ ਗਈ। ਇਸਤੋਂ ਬਾਅਦ ਦੂਜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਇੰਨ੍ਹਾਂ ਵਿਰੁਧ ਅਧੀਨ ਧਾਰਾ 395,506 ਆਈ ਪੀ ਸੀ 25/54/59 ਅਸਲਾ ਐਕਟ ਥਾਣਾ ਨਥਾਣਾ ਅਤੇ ਅਧੀਨ ਧਾਰਾ 395,427,506 ਆਈ ਪੀ ਸੀ 25,27/54/59 ਅਸਲਾ ਐਕਟ ਥਾਣਾ ਸਦਰ ਬਠਿੰਡਾ ਵਿਖੇ ਮੁੱਕਦਮੇ ਦਰਜ ਕੀਤੇ ਗਏ। ਐਸ.ਐਸ.ਪੀ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ, ਜਿਸ ਤੇੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਜ ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਪਿੰਡ ਚੰਨੋ ਦੇ ਪੈਟਰੋਲ ਪੰਪ ਵਿਖੇ 24000/-ਰੁਪਏ ਅਤੇ ਮੋਬਾਇਲ ਆਇਲ ਦੇ ਡੱਬੇ, ਮੈਟਰੋ ਈਕੋ ਗਰੀਨ ਰਿਜੋਰਟ ਭਾਰਤ ਪੈਟਰੋਲ ਪੰਪ ਬਾਹੱਦ ਪਿੰਡ ਲਹਿਰਾ ਬੇਗਾ ਵਿਖੇ 70,000/-ਰੁਪਏ , ਪਿੰਡ ਕੋਟਸ਼ਮੀਰ ਪੈਟਰੋਲ ਪੰਪ ਤੋ 9500/-ਰੁਪਏ ਖੋਹਣ ਤੋਂ ਇਲਾਵਾ ਰਾਮਪੁਰਾ ਵਿਖੇ ਇੱਕ ਵੈਗਨਾਰ ਕਾਰ ਅਤੇ ਇੱਕ ਮੋਟਰਸਾਈਕਲ ਚੋਰੀ ਕੀਤਾ, ਪਿੰਡ ਚਤਾਵਲੀ ਵਿਖੇ ਕਰਿਆਨਾ ਸਟੋਰ ਵਿੱਚ ਸਮਾਨ ਚੋਰੀ , ਟਿਕਰੀ ਬਾਰਡਰ ਪਰ ਇੱਕ ਆਦਮੀ ਕੋਲੋ 4500/-ਰੁਪਏ ਖੋਹਿਆ ਅਤੇ ਪਿੰਡ ਭਾਗੀਵਾਂਦਰ ਵਿਖੇ ਪੈਟਰੋਲ ਪੰਪ ਤੋ ਪਿਸਤੋਲ ਦੀ ਨੋਕ ’ਤੇ ਤੇਲ ਪਵਾ ਕੇ ਭੱਜੇ ਸਨ। ਇਸ ਮੌਕੇ ਐਸ.ਪੀ ਬਲਵਿੰਦਰ ਸਿੰਘ, ਡੀਐਸਪੀ ਅਸੋਕ ਕੁਮਾਰ ਤੇ ਸੀਆਈਏ ਇੰਚਾਰਜ ਜਸਵੀਰ ਸਿੰਘ ਆਦਿ ਹਾਜ਼ਰ ਸਨ।
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines