ਬਠਿੰਡਾ ਜੇਲ੍ਹ ' ਚ ਬੰਦ ਸੇਖੋ ਧੜੇ ਦੇ ਗੈਂਗਸਟਰ ਬੈਠੇ ਭੁੱਖ ਹੜਤਾਲ ’ਤੇ

- - No comments

ਪ੍ਰਵਾਰਕ ਮੈਂਬਰਾਂ ਨੇ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਉਪਰ ਲਗਾਏ ਗੰਭੀਰ ਦੋਸ਼ 

ਸੁਖਜਿੰਦਰ ਮਾਨ

ਬਠਿੰਡਾ 27 ਮਾਰਚ :-ਕਰੀਬ ਦੋ ਹਫ਼ਤੇ ਪਹਿਲਾਂ ਬਠਿੰਡਾ ਜੇਲ੍ਹ ’ਚ ਤਬਦੀਲ ਕੀਤੇ ਪੰਜਾਬ ਭਰ ਦੇ ਗੈਂਗਸਟਰਾਂ ਵਿਚੋਂ ਗੁਰਪ੍ਰੀਤ ਸੇਖੋ ਤੇ ਨੀਟਾ ਦਿਊਲ ਧੜੇ ਨਾਲ ਸਬੰਧਤ ਗੈਂਗਸਟਰ ਭੁੱਖ ਹੜਤਾਲ ’ਤੇ ਬੈਠ ਗਏ ਹਨ। ਇੰਨ੍ਹਾਂ ਗੈਂਗਸਟਰਾਂ ਦੇ ਪ੍ਰਵਾਰਕ ਮੈਂਬਰਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਕੇਂਦਰੀ ਸੁਰੱਖਿਆ ਬਲਾਂ ਉਪਰ ਜੇਲ੍ਹ ਅੰਦਰ ਗੈਂਗਵਾਰ ਕਰਵਾਕੇ ਨੌਜਵਾਨਾਂ ਨੂੰ ਮਰਵਾਉਣ ਦੀ ਯੋਜਨਾ ਬਣਾਉਣ ਦੇ ਦੋਸ਼ ਲਗਾਏ ਹਨ। ਸਥਾਨਕ ਕੋਰਟ ਕੰਪਲੈਕਸ ’ਚ ਇਕੱਠੇ ਹੋਏ ਵੱਖ-ਵੱਖ ਗੈਂਗਸਟਰਾਂ ਦੇ ਪ੍ਰਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਇੱਕ ਸੋਚੀ ਸਮਝੀ ਤਹਿਤ ਜੇਲ੍ਹ ਅੰਦਰ ਮਾਨਸਿਕ ਤੇ ਸਰੀਰਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਹਾ।



 ਦਸਣਾ ਬਣਦਾ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਖੇਤਾਂ ’ਚ ਹੋਣ ਕਾਰਨ ਇਸਨੂੰ ਡੈਡ ਜੋਨ ਬਣਾਉਣ ਦੀ ਸੰਭਾਵਨਾ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਸੂਬੇ ਭਰ ਦੀਆਂ ਜੇਲ੍ਹਾਂ ’ਚ ਬੰਦ 38 ਦੇ ਕਰੀਬ ਖ਼ਤਰਨਾਕ ਗੈਗਸਟਰਾਂ ਨੂੰ ਬਠਿੰਡਾ ਤਬਦੀਲ ਕੀਤਾ ਹੈ। ਪ੍ਰੰਤੂ ਇੱਥੇ ਵੱਖ ਵੱਖ ਧੜਿਆਂ ਨਾਲ ਸਬੰਧਤ ਗੈਂਗਸਟਰ ਇਕੱਠੇ ਹੋਣ ਕਾਰਨ ਗੈਂਗਵਾਰ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਗੁਰਪ੍ਰੀਤ ਸੇਖੋ ਤੇ ਜੱਗੂ ਭਗਵਾਨਪੁੂਰੀਆ ਦੇ ਗਰੁੱਪਾਂ ਨੂੰ ਅਲੱਗ ਅਲੱਗ ਬੰਦ ਕੀਤਾ ਹੋਇਆ ਹੈ। ਅੱਜ ਇੱਥੇ ਇੰਨ੍ਹਾਂ ਗੈਂਗਸਟਰਾਂ ਦੇ ਵਕੀਲ ਅਮਰਜੀਤ ਸਿੰਘ ਬਹਿਣੀਵਾਲ ਦੇ ਚੈਂਬਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੈਂਗਸਟਰ ਗੁਰਪ੍ਰੀਤ ਸੇਖੋ ਦੇ ਚਾਚਾ ਨੇ ਦਾਅਵਾ ਕੀਤਾ ਕਿ ‘‘ ਸਰਕਾਰ ਨੇ ਨੌਜਵਾਨੂੰ ਨੂੰ ਮਰਵਾਉਣ ਲਈ ਇੱਕ ਸਾਜ਼ਸ ਤਹਿਤ ਸਾਰਿਆਂ ਨੂੰ ਬਠਿੰਡਾ ਜੇਲ੍ਹ ਵਿਚ ਬੰਦ ਕੀਤਾ ਹੈ। ’’ ਉਨ੍ਹਾਂ ਸੱਤਾਧਾਰੀ ਧਿਰ ਦੇ ਕੁੱਝ ਆਗੂਆਂ ਉਪਰ ਵੀ ਨੌਜਵਾਨਾਂ ਨੂੰ ਅਪਣੇ ਹਿੱਤ ਵਿਚ ਵਰਤਣ ਦੇ ਦੋਸ਼ ਵੀ ਲਗਾਏ। ਵਕੀਲ ਬਹਿਣੀਵਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਨੌਜਵਾਨਾਂ ਨੂੰ ਇੱਕ ਸੈਲ ਵਿਚ 18-20 ਘੰਟੇ ਲਗਾਤਾਰ ਬੰਦ ਰੱਖਿਆ ਜਾ ਰਿਹਾ ਤੇ ਉਨਾਂ ਨੂੰ ਜੇਲ੍ਹ ਮੈਨੂਅਲ ਐਕਟ ਤਹਿਤ ਮਿਲਦੀਆਂ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇੱਥੋਂ ਤੱਕ ਕਿ ਜੇਲ੍ਹ ਦੇ ਗੁਰੂ ਘਰ ਅਤੇ ਕੰਟੀਨਾਂ ਉਪਰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਗੈਂਗਸਟਰ ਰਮਨਦੀਪ ਸਿੰਘ ਰੰਮੀ ਮਛਾਣਾ ਦੇ ਪਿਤਾ ਜਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ‘‘ ਸਰਕਾਰ ਜੇਲ੍ਹ ਅੰਦਰ ਗੈਂਗਵਾਰ ਕਰਵਾਕੇ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਰਵਾਉਣਾ ਚਾਹੁੰਦੀ ਹੈ। ’’ ਜਗਤਵੀਰ ਸਿੰਘ ਦੇ ਪਿਤਾ ਗੁਰਸੇਵਕ ਸਿੰਘ ਨੇ ਦਾਅਵਾ ਕੀਤਾ ਕਿ ਉਸਦੇ ਪੁੱਤਰ ਉਪਰ ਝੂਠੇ ਪੁਲਿਸ ਕੇਸ ਬਣਾਏ ਗਏ ਹਨ ਜਦੋਂਕਿ ਉਹ ਹੋਣਹਾਰ ਹੈ ਤੇ ਜੇਲ੍ਹ ਅੰਦਰ ਬੈਠਾ ਕਾਨੂੰਨ ਦੀ ਪੜਾਈ ਕਰ ਰਿਹਾ। ਉਨ੍ਹਾਂ ਪੰਜਾਬ ਸਰਕਾਰ ਨੂੰ ਗਂੈਗਸਟਰ ਕਰਾਰ ਦਿੱਤੇ ਨੌਜਵਾਨਾਂ ਦੇ ਕੇਸਾਂ ਦੀ ਜਾਂਚ ਸਾਬਕਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ। 


ਬਾਕਸ 

ਲਗਾਏ ਜਾ ਰਹੇ ਹਨ ਝੂਠੇ ਦੋਸ਼: ਜੇਲ੍ਹ ਸੁਪਰਡੈਂਟ

ਬਠਿੰਡਾ: ਉਧਰ ਸੰਪਰਕ ਕਰਨ ’ਤੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ‘‘ ਜੇਲ੍ਹ ਅੰਦਰ ਬੰਦ ਹਰ ਕੈਦੀ ਤੇ ਹਵਾਲਾਤੀ ਨੂੰ ਨਿਯਮਾਂ ਮੁਤਾਬਕ ਰੱਖਿਆ ਜਾ ਰਿਹਾ ਹੈ ਤੇ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ। ’’ ਸ: ਸਿੱਧੂ ਨੇ ਕਿਹਾ ਕਿ ਗੈਂਗਸਟਰਾਂ ਦੇ ਪ੍ਰਵਾਰਕ ਮੈਂਬਰਾਂ ਵਲੋਂ ਗਲਤ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਜੇਲ੍ਹ ਅੰਦਰ ਪੂਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਥੇ ਕਿਸੇ ਨੂੰ ਕੋਈ ਖ਼ਤਰਾ ਨਹੀਂ। 




No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines