ਸਰਕਟ ਹਾਊਸ ਛੱਡ ਪੰਜ ਤਾਰਾ ਹੋਟਲ ’ਚ ਪ੍ਰੈਸ ਕਾਨਫਰੰਸ
ਸੁਖਜਿੰਦਰ ਮਾਨ
ਬਠਿੰਡਾ, 25 ਮਾਰਚ : ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਨੂੰ ਲੈ ਕੇ ਸੂਬੇ ਭਰ ’ਚ ਵਿਰੋਧ ਝੱਲ ਰਹੀ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਅੱਜ ਕਿਸਾਨਾਂ ਨੇ ਬਠਿੰਡਾ ’ਚ ਅੱਗੇ ਅੱਗੇ ਲਗਾਈ ਰੱਖਿਆ। ਬੇਸ਼ੱਕ ਸਥਾਨਕ ਆਗੂਆਂ ਪਾਰਟੀ ਦੇ ਸੂਬਾਈ ਪ੍ਰਧਾਨ ਦੀ ਤਰ੍ਹਾਂ ਕਿਸਾਨਾਂ ਨਾਲ ਲੁੱਕਣਮੀਚੀ ਖੇਡਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਿਸਾਨ ਭਾਜਪਾਈਆਂ ਤੋਂ ਵੀ ਤੇਜ਼ ਨਿਕਲੇ। ਉਨ੍ਹਾਂ ਸਰਕਟ ਹਾਊਸ ਛੱਡ ਕੇ ਮਾਨਸਾ ਰੋਡ ’ਤੇ ਇੱਕ ਪੰਜ ਤਾਰਾ ਹੋਟਲ ’ਚ ਪੁੱਜੇ ਭਾਜਪਾ ਆਗੂ ਨੂੰ ਘੇਰ ਲਿਆ।
ਪਿਛਲੇ ਸਮਿਆਂ ਦੌਰਾਨ ਅਮਰੀਕ ਸਿੰਘ ਰੋਡ ’ਤੇ ਵਾਪਰੀ ਘਟਨਾ ਦੇ ਮੱਦੇਨਜ਼ਰ ਪੁਲਿਸ ਵੀ ਸਥਿਤੀ ਨੂੰ ਸ਼ਾਂਤਮਈ ਰੱਖਣ ਲਈ ਇੱਕ ਲੱਤ ਦੇ ਭਾਰ ਖ਼ੜੀ ਰਹੀ। ਅਖ਼ੀਰ ਸਾਬਕਾ ਮੰਤਰੀ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਚੁੱਪ ਚਪੀਤੇ ਨਿਕਲ ਗਏ। ਸੂਚਨਾ ਮੁਤਾਬਕ ਅੱਜ ਸਾਬਕਾ ਮੰਤਰੀ ਤੇ ਸੂਬੇ ’ਚ ਭਾਜਪਾ ਵਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਈ ਕਮੇਟੀ ਦੇ ਆਗੂ ਸੁਰਜੀਤ ਕੁਮਾਰ ਜਿਆਣੀ ਬਠਿੰਡਾ ਪੁੱਜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਪਾਰਟੀ ਆਗੂਆਂ ਨਾਲ ਵੀ ਗੱਲਬਾਤ ਕਰਨੀ ਸੀ ਤੇ ਬਾਅਦ ਵਿਚ ਇੱਕ ਵਜੇਂ ਸਥਾਨਕ ਸਰਕਟ ਹਾਊਸ ’ਚ ਪੱਤਰਕਾਰਾਂ ਨੂੰ ਵੀ ਗੱਲਬਾਤ ਦਾ ਸੱਦਾ ਦਿੱਤਾ ਹੋਇਆ ਸੀ। ਪ੍ਰੰਤੂ ਕਿਸਾਨਾਂ ਨੂੰ ਇਸਦੀ ਭਿਣਕ ਪਹਿਲਾਂ ਹੀ ਲੱਗ ਗਈ, ਜਿਸਦੇ ਚੱਲਦੇ ਵੱਡੀ ਗਿਣਤੀ ਵਿਚ ਕਿਸਾਨ ਸਰਕਟ ਹਾਊਸ ਦੇ ਨਜ਼ਦੀਕ ਪੁੱਜ ਗਏ। ਇਸ ਦੌਰਾਨ ਇੱਥੇ ਮੁਲਾਜਮਾਂ ਵਲੋਂ ਸੂਬਾ ਪੱਧਰੀ ਧਰਨਾ ਚੱਲ ਰਿਹਾ ਸੀ ਤੇ ਸੰਭਾਵਨਾ ਸੀ ਕਿ ਮੁਲਾਜਮ ਵੀ ਕਿਸਾਨਾਂ ਦੀ ਹਿਮਾਇਤ ਵਿਚ ਆ ਸਕਦੇ ਹਨ। ਜਿਸਦੇ ਚੱਲਦੇ ਨਮੋਸ਼ੀ ਤੋਂ ਬਚਣ ਲਈ ਭਾਜਪਾ ਆਗੂਆਂ ਨੇ ਪੈਂਤੜਾ ਬਦਲਦਿਆਂ ਐਨ ਮੌਕੇ ’ਤੇ ਪ੍ਰੋਗਰਾਮ ਮਾਨਸਾ ਰੋਡ ਉਪਰ ਸਥਿਤ ਇੱਕ ਹੋਟਲ ਦਾ ਰੱਖ ਦਿੱਤਾ। ਪਰ ਕਿਸਾਨ ਭਾਜਪਾ ਆਗੂਆਂ ਤੋਂ ਵੀ ਤੇਜ਼ ਨਿਕਲੇ ਤੇ ਉਨ੍ਹਾਂ ਸੈਕੜਿਆਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਉਕਤ ਹੋਟਲ ਨੂੰ ਘੇਰ ਲਿਆ ਤੇ ਮੋਦੀ ਤੇ ਭਾਜਪਾ ਵਿਰੁਧ ਤਿੱਖੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਸਥਿਤੀ ਤਣਾਅ ਪੂਰਨ ਬਣ ਗਈ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਸ਼੍ਰੀ ਜਿਆਣੀ ਹੋਟਲ ਦੇ ਅੰਦਰ ਹੀ ਰਹੇ। ਮੌਕੇ ਦੀ ਨਜ਼ਾਕਤ ਦੇਖਦਿਆਂ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਆਹਲਾ ਅਫ਼ਸਰ ਵੀ ਮੌਕੇ ’ਤੇ ਪੁੱਜੇ ਹੋਏ ਸਨ। ਜਿਸਤੋਂ ਬਾਅਦ ਪ੍ਰਸ਼ਾਸਨ ਨੇ ਭਾਜਪਾ ਆਗੂ ਨੂੰ ਇੱਕ ਹੋਰ ਗੇਟ ਰਾਹੀ ਸਾਬਕਾ ਮੰਤਰੀ ਨੂੰ ਬਾਹਰ ਭੇਜ ਦਿੱਤਾ। ਹੁਣ ਖੇਤੀ ਬਿੱਲਾਂ ਦਾ ਨਹੀਂ, ਮੋਦੀ ਦਾ ਹੋ ਰਿਹਾ ਵਿਰੋਧ: ਜਿਆਣੀ
ਬਠਿੰਡਾ : ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵਾ ਕੀਤਾ ਹੈ ਕਿ ਹੁਣ ਦਿੱਲੀ ’ਚ ਖੇਤੀ ਬਿੱਲਾਂ ਦਾ ਨਹੀਂ, ਬਲਕਿ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸਦੇ ਪਿੱਛੇ ਵਿਰੋਧੀ ਧਿਰਾਂ ਕੰਮ ਕਰ ਰਹੀਆਂ ਹਨ। ਸ਼੍ਰੀ ਜਿਆਣੀ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਕਿਸਾਨ ਚਾਹੁੰਣ ਤਾਂ ਉਹ ਅੱਜ ਵੀ ਪ੍ਰਧਾਨ ਮੰਤਰੀ ਮੋਦੀ ਸਹਿਤ ਕੇਂਦਰੀ ਵਜ਼ਾਰਤ ਨਾਲ ਮੀਟਿੰਗ ਕਰਵਾ ਸਕਦਾ ਹਾਂ ਪ੍ਰੰਤੂ ਪਹਿਲਾਂ ਇਸਦੇ ਲਈ ਆਗੂਆਂ ਨੂੰ ਮਨ ਬਣਾਉਣਾ ਪਏਗਾ। ਖੇਤੀ ਬਿੱਲਾਂ ਦੇ ਵਿਰੋਧ ’ਚ ਸ਼ੁਰੂ ਹੋਏ ਸੰਘਰਸ਼ ਦੌਰਾਨ ਕਿਸਾਨੀ ਦੇ ਹੱਕ ’ਚ ਅਵਾਜ਼ ਉਠਾਉਣ ਤੋਂ ਬਾਅਦ ਹੁਣ ਕੇਂਦਰ ਦੀ ਬੋਲੀ ਬੋਲਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ਼੍ਰੀ ਜਿਆਣੀ ਨੇ ਸਫ਼ਾਈ ਦਿੰਦਿਆਂ ਦਾਅਵਾ ਕੀਤਾ ਕਿ ‘‘ ਜਦੋਂਕਿ ਗੱਲ ਨਹੀਂ ਹੋ ਰਹੀ ਸੀ ਤਾਂ ਉਨ੍ਹਾਂ ਇਹ ਅਵਾਜ ਚੁੱਕਦਿਆਂ ਕੇਂਦਰੀ ਰੱਖਿਆ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਅੱਗੇ ਇਹ ਮੁੱਦਾ ਰੱਖਿਆ ਤੇ ਕੇਂਦਰ ਸਰਕਾਰ ਨੇ ਹਾਂ ਪੱਖੀ ਰਵੱਈਆਂ ਅਪਣਾਉਂਦਿਆਂ ਕਿਸਾਨਾਂ ਦੀ ਗੱਲ ਸੁਣਨ ਦਾ ਭਰੋਸਾ ਦਿੱਤਾ। ਪ੍ਰੰਤੂੁ ਅੱਜ ਕਿਸਾਨ ਆਗੂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ’ਤੇ ਅੜੇ ਹੋਏ ਹਨ ਜੋਕਿ ਸੰਭਵ ਨਹੀਂ ਹੈ। ’’
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines