ਜੱਗੁੂ ਭਗਵਾਨਪੁਰੀਆ, ਨੀਟਾ ਦਿਊਲ, ਦਿਲਪ੍ਰੀਤ ਬਾਬਾ ਸਹਿਤ ਤਿੰਨ ਦਰਜ਼ਨ ਗੈਗਸਟਰ ਪੁੱਜੇ ਬਠਿੰਡਾ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ : ਪੰਜਾਬ ਸਰਕਾਰ ਨੇ ਹੁਣ ਸੂਬੇ ’ਚ ਸਰਗਰਮ ਖ਼ਤਰਨਾਕ ਗੈਗਸਟਰਾਂ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਤਹਿਤ ਏ ਕੈਟਾਗਿਰੀ ਦੇ ਤਿੰਨ ਦਰਜ਼ਨ ਦੇ ਕਰੀਬ ਗੈਗਸਟਰ ਸੂਬੇ ਦੀਆਂ ਅੱਧੀ ਦਰਜ਼ਨ ਤੋਂ ਵੱਧ ਜੇਲ੍ਹਾਂ ਵਿਚੋਂ ਬਠਿੰਡਾ ਤਬਦੀਲ ਹੋ ਚੁੱਕੇ ਹਨ। ਇੰਨ੍ਹਾਂ ਵਿਚ ਸਿਆਸੀ ਬਿਆਨਬਾਜ਼ੀ ਦਾ ਸਿੰਗਾਰ ਬਣੇ ਖ਼ਤਰਨਾਕ ਗੈਗਸਟਰ ਜੱਗੂ ਭਗਵਾਨਪੂਰੀਆਂ ਦਾ ਨਾਮ ਵੀ ਸ਼ਾਮਲ ਹੈ, ਜਿਸਨੂੰ ਬੀਤੇ ਕੱਲ ਪਟਿਆਲਾ ਤੋਂ ਬਠਿੰਡਾ ਜੇਲ੍ਹ ਭੇਜਿਆ ਗਿਆ ਹੈ। ਇਸੇ ਤਰ੍ਹਾਂ ਬਠਿੰਡਾ ਜੇਲ੍ਹ ਭੇਜੇ ਗਏ ਨੀਟਾ ਦਿਊਲ, ਦਿਲਪ੍ਰੀਤ ਬਾਬਾ, ਨਵਦੀਪ ਚੱਠਾ, ਰੰਮੀ ਮਛਾਣਾ ਆਦਿ ਦੇ ਨਾਮ ਮੁੱਖ ਤੌਰ ’ਤੇ ਸ਼ਾਮਲ ਹਨ। ਸੂਤਰਾਂ ਮੁਤਾਬਕ ਮੌਜੂਦਾ ਸਮੇਂ ਬਠਿੰਡਾ ਜੇਲ੍ਹ ਵਿਚ 38 ਗੈਗਸਟਰ ਭੇਜੇ ਗਏ ਹਨ ਜਦੋਂਕਿ ਦੂਜੀ ਕਤਾਰ ਦੇ ਕੁੱਝ ਗੈਗਸਟਰਾਂ ਨੂੰ ਇੱਥੋਂ ਹੋਰਨਾਂ ਜੇਲ੍ਹਾਂ ਵਿਚ ਵੀ ਤਬਦੀਲ ਕੀਤਾ ਗਿਆ ਹੈ।
ਜੇਲ੍ਹ ਵਿਭਾਗ ਦੇ ਉਚ ਅਧਿਕਾਰੀਆਂ ਮੁਤਾਬਕ ਬਠਿੰਡਾ ਦੀ ਕੇਂਦਰੀ ਜੇਲ੍ਹ ਹਾਲ ’ਚ ਹੀ ਨਵੀਂ ਬਣੀ ਹੈ, ਜਿਸ ਕਾਰਨ ਇਹ ਸੁਰੱਖਿਆ ਪੱਖੋਂ ਕਾਫ਼ੀ ਮਜਬੂਤ ਹੈ। ਇਸਤੋਂ ਇਲਾਵਾ ਇੱਥੇ ਕੈਦੀਆਂ ਦੀ ਰੱਖਣ ਦੀ ਸਮਰੱਥਾ 2100 ਹੈ ਪ੍ਰੰਤੂ ਮੌਜੂਦਾ ਸਮੇਂ ਇਸ ਜੇਲ੍ਹ ਵਿਚ 1450 ਦੇ ਕਰੀਬ ਹੀ ਕੈਦੀ ਬੰਦ ਹਨ। ਖ਼ਤਰਨਾਕ ਗੈਗਸਟਰਾਂ ਨੂੰ ਬਠਿੰਡਾ ਤਬਦੀਲ ਕਰਨ ਦੇ ਪਿੱਛੇ ਇਹ ਵੀ ਤਰਕ ਦਿੱਤਾ ਜਾ ਰਿਹਾ ਕਿ ਇੱਥੋਂ ਦੀ ਸੁਰੱਖਿਆ ਕੇਂਦਰੀ ਸੁਰੱਖਿਆ ਦੇ ਹੱਥ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਗੈਗਸਟਰਾਂ ਵਲੋਂ ਜੇਲ੍ਹ ਅੰਦਰ ਮੋਬਾਇਲ ਫ਼ੋਨ ਦੀ ਦੁਰਵਰਤੋਂ ਕਰਕੇ ਬਾਹਰ ਅਪਣੇ ਗਰੁੱਪਾਂ ਨੂੰ ਬਰਕਰਾਰ ਰੱਖਣ ਦੀ ਸਮੱਸਿਆ ਤੋਂ ਬਚਣ ਲਈ ਇਸ ਜੇਲ੍ਹ ਨੂੰ ਆਉਂਦੇ ਦਿਨਾਂ ’ਚ ‘ਕਮਿਊਨੀਕੇਸ਼ਨ ਡੈਡ ਜੋਨ’ ਬਣਾਇਆ ਜਾ ਰਿਹਾ ਹੈ, ਜਿਸਤੋਂ ਬਾਅਦ ਇੱਥੇ ਕੈਦੀ ਮੋਬਾਇਲ ਫ਼ੋਨ ਦੀ ਵਰਤੋਂ ਨਹੀਂ ਕਰ ਸਕਣਗੇ। ਜਿਸ ਕਾਰਨ ਗੈਗਸਟਰਾਂ ਨੂੰੂ ਇੱਥੇ ਤਬਦੀਲ ਕਰਨ ਦਾ ਇਹ ਫੈਸਲਾ ਲਿਆ ਗਿਆ ਹੈ। ਪ੍ਰੰਤੂ ਸੁਰੱਖਿਆ ਮਾਹਰਾਂ ਨੇ ਸਰਕਾਰ ਦੇ ਇਸ ਫੈਸਲੇ ਉਪਰ ਉਗਲਾਂ ਵੀ ਚੁੱਕੀਆਂ ਹਨ। ਸੂਤਰਾਂ ਮੁਤਾਬਕ ਵੱਖ ਵੱਖ ਗਰੁੱਪਾਂ ਨਾਲ ਸਬੰਧਤ ਇਹ ਖ਼ਤਰਨਾਕ ਗੈਗਸਟਰ, ਜੋਕਿ ਅਕਸਰ ਹੀ ਇੱਕ-ਦੂਜੇ ਦੀ ਜਾਨ ਦੇ ਪਿਆਸੇ ਰਹਿੰਦੇ ਹਨ, ਨੂੰ ਇੱਕ ਹੀ ਜੇਲ੍ਹ ਵਿਚ ਤਬਦੀਲ ਕਰਨਾ ਕੋਈ ਦੂਰਅੰਦੇਸ਼ੀ ਫੈਸਲਾ ਨਹੀਂ ਹੈ।
ਬਾਕਸ 1
ਜੇਲ੍ਹ ਦੇ 15 ਕਿਲੋਮੀਟਰ ਦੇ ਦਾਈਰੇ ਵਿਚ ਨਹੀਂ ਹੈ ਕੋਈ ਪੁਲਿਸ ਸਟੇਸ਼ਨ
ਬਠਿੰਡਾ: ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਪਿੰਡ ਗੋਬਿੰਦਪੁਰਾ ਵਿਖੇ ਬਣੀ ਇਸ ਜੇਲ੍ਹ ਦੇ 15 ਕਿਲੋਮੀਟਰ ਦਾਈਰੇ ਅੰਦਰ ਕੋਈ ਪੁਲਿਸ ਸਟੇਸ਼ਨ ਨਹੀਂ ਹੈ। ਇੱਥੋਂ ਥਾਣਾ ਕੈਂਟ, ਥਾਣਾ ਥਰਮਲ ਅਤੇ ਥਾਣਾ ਨਥਾਣਾ ਕਾਫ਼ੀ ਦੂਰ ਪੈਂਦੇ ਹਨ ਜਦੋਂਕਿ ਪੁਲਿਸ ਲਾਈਨ ਵੀ ਬਠਿੰਡਾ ਸ਼ਹਿਰ ਵਿਚ ਹੀ ਮੌਜੂਦ ਹੈ। ਅਜਿਹੀ ਸਥਿਤੀ ਵਿਚ ਜੇਕਰ ਜੇਲ੍ਹ ਅੰਦਰ ਕੋਈ ਵਿਵਾਦ ਪੈਦਾ ਹੋ ਜਾਵੇ ਤਾਂ ਪੁਲਿਸ ਨਫ਼ਰੀ ਦਾ ਤੁਰੰਤ ਪੁੱਜਣਾ ਕਾਫ਼ੀ ਔਖਾ ਕੰਮ ਹੈ। ਜੇਕਰ ਇਕੱਲੀ ਕੇਂਦਰੀ ਸੁਰੱਖਿਆ ਫ਼ੌਰਸ ਦੀ ਮੌਜੂਦਗੀ ਦੀ ਗੱਲ ਜਾਵੇ ਤਾਂ ਇਹ ਪੰਜਾਬ ਦੀਆਂ ਕਈ ਹੋਰਨਾਂ ਜੇਲ੍ਹਾਂ ਵਿਚ ਵੀ ਮੌਜੂਦ ਹੈ।
ਬਾਕਸ 2
ਗੈਗਸਟਰ ਨੀਟਾ ਦਿਊਲ ਤੇ ਸਾਥੀ ਕੋਲੋ ਸਿਮ ਤੇ ਚਿੱਟਾ ਬਰਾਮਦ
ਬਠਿੰਡਾ: ਉਧਰ ਬੀਤੇ ਕੱਲ ਫ਼ਿਰੋਜਪੁਰ ਜੇਲ੍ਹ ਤੋਂ ਤਬਦੀਲ ਹੋ ਕੇ ਆਏ ਖ਼ਤਰਨਾਕ ਗੈਗਸਟਰ ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਊਲ ਤੇ ਬੌਬੀ ਮਲਹੌਤਰਾ ਕੋਲੋ ਬਠਿੰਡਾ ਦੇ ਜੇਲ੍ਹ ਸਟਾਫ਼ ਨੇ ਤਲਾਸ਼ੀ ਦੌਰਾਨ 1 ਮੋਬਾਇਲ ਸਮੇਤ ਜਿਓ ਸਿੰਮ, 1 ਚਿੱਟੇ ਦੀ ਪੁੜੀ ਬਰਾਮਦ ਕੀਤੀ ਹੈ। ਜਦੋਂਕਿ ਇਸਤੋਂ ਪਹਿਲਾਂ ਵੀ ਜੇਲ੍ਹ ’ਚ ਬੰਦ ਗੈਗਸਟਰਾਂ ਕੋਲੋ ਕਈ ਵਾਰ ਮੋਬਾਇਲ ਫ਼ੋਨ ਬਰਾਮਦ ਹੋ ਚੁੱਕੇ ਹਨ।
ਬਾਕਸ 3
ਜੇਲ੍ਹ ਮੰਤਰੀ ਤੇ ਡੀਜੀਪੀ ਅੱਜ ਪੁੱਜਣਗੇ ਬਠਿੰਡਾ
ਬਠਿੰਡਾ: ਪਤਾ ਚੱਲਿਆ ਹੈ ਕਿ ਭਲਕੇ ਸੋਮਵਾਰ ਨੂੰ ਦੁਪਿਹਰ ਸਮੇਂ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜੇਲ੍ਹ ਵਿਭਾਗ ਦੇ ਸਕੱਤਰ ਤੇ ਜੇਲ੍ਹ ਵਿਭਾਗ ਦੇ ਡੀਜੀਪੀ ਬਠਿੰਡਾ ਜੇਲ੍ਹ ਦਾ ਦੌਰਾ ਕਰਨ ਪੁੱਜ ਰਹੇ ਹਨ। ਇਸ ਦੌਰਾਨ ਉਹ ਜੇਲ੍ਹ ਦੀ ਸੁਰੱਖਿਆ ਤੇ ਇੱਥੇ ਰੱਖੇ ਜਾਣ ਵਾਲੇ ਗੈਗਸਟਰਾਂ ਬਾਰੇ ਪੁਲਿਸ ਤੇ ਜੇਲ੍ਹ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
Good reporting
ReplyDeletethanks
ReplyDelete