ਗਿੱਦੜਵਹਾ ਦੇ ਵਿਧਾਇਕ ਨੇ ਅਕਾਲੀ ਆਗੂ ਦੀ ਵੀਡੀਓ ਸੇਅਰ ਕਰਕੇ ਮੰਗੀ ਜਾਂਚ
ਜਵਾਬ ’ਚ ਜੋ ਜੋ ਨੇ ਵੀ ਰਾਜੇ ਦੇ ਰਿਸ਼ਤੇਦਾਰ ਵਿਰੁਧ ਦਰਜ਼ ਮਾਮਲੇ ’ਚ ਮੰਗਿਆ ਇਨਸਾਫ਼
ਸੁਖਜਿੰਦਰ ਮਾਨ
ਬਠਿੰਡਾ, 27 ਜੂਨ -ਸੂਬੇ ਦੀ ਕਾਂਗਰਸ ਸਰਕਾਰ ’ਚ ਚੱਲ ਰਹੀ ਖ਼ਾਨਾਜੰਗੀ ਦਾ ਸੇਕ ਹੁਣ ਹੇਠ ਤੱਕ ਪੁੱਜਣ ਲੱਗਿਆ ਹੈ। ਲੰਮੇ ਸਮੇਂ ਤੱਕ ਇੱਕ ਦੂਜੇ ਦੇ ਸਿਆਸੀ ਵਿਰੋਧੀ ਰਹੇ ਮੌਜੂਦਾ ਸਰਕਾਰ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਗਿੱਦੜਵਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵਿਚਕਾਰ ਸੁਲਗ ਰਹੀ ਚਿੰਗਾਰੀ ਭੜਕਣ ਲੱਗੀ ਹੈ। ਦੋਨਾਂ ਆਗੂਆਂ ਵਿਚਕਾਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਅੰਦਰਖ਼ਾਤੇ ‘ਮਨਾਂ’ ਵਿਚ ਫ਼ਰਕ ਚੱਲਿਆ ਆ ਰਿਹਾ ਹੈ ਜਿਹੜਾ ਹੁਣ ਬਾਹਰ ਨਿਕਲਣ ਲੱਗਿਆ ਹੈ। ਇਸਦੀ ਸੁਰੂਆਤ ਕਰਦਿਆਂ ਅੱਜ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਵਲੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਸਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵਿਰੁਧ ਨਜਾਇਜ਼ ਮਾਈਨਿੰਗ ਕਰਵਾਉਣ ਦੇ ਲਗਾਏ ਦੋਸ਼ਾਂ ਦੀ ਵੀਡੀਓ ਸੇਅਰ ਕਰਦਿਆਂ ਮੁੱਖ ਮੰਤਰੀ ਕੋਲੋ ਜਾਂਚ ਦੀ ਮੰਗ ਕਰ ਦਿੱਤੀ ਹੈ। ਦੂਜੇ ਪਾਸੇ ਵਿਤ ਮੰਤਰੀ ਦੇ ਰਿਸ਼ਤੇਦਾਰ ਜੌਹਲ ਨੇ ਵੀ ਕਰਾਰਾ ਜਵਾਬ ਦਿੰਦਿਆਂ ਵੜਿੰਗ ਦੇ ਰਿਸ਼ਤੇਦਾਰ ਡਿੰਪੀ ਵਿਨਾਇਕ ਵਿਰੁਧ ਫ਼ਰੀਦਕੋਟ ਪੁਲਿਸ ਵਲੋਂ ਦਰਜ਼ ਆਤਮਹੱਤਿਆ ਦੇ ਕੇਸ ਦੀ ਵੀਡੀਓ ਜਾਰੀ ਕਰਦਿਆਂ ਮੁੱਖ ਮੰਤਰੀ ਨੂੰ ਇਸ ਮਾਮਲੇ ਵਿਚ ਵੀ ਇਨਸਾਫ਼ ਦੇਣ ਦੀ ਅਪੀਲ ਕੀਤੀ ਹੈ।
ਦਸਣਾ ਬਣਦਾ ਹੈ ਕਿ ਗਿੱਦੜਵਹਾ ਹਲਕੇ ’ਚ ਕੰਮ ਕਰਨ ਵਾਲਾ ਫ਼ਰੀਦਕੋਟ ਨਾਲ ਸਬੰਧਤ ਇੱਕ ਠੇਕੇਦਾਰ ਨੇ ਡਿੰਪੀ ਵਿਨਾਇਕ ਵਿਰੁਧ ਗੰਭੀਰ ਦੋਸ਼ ਲਗਾਉਂਦਿਆਂ ਆਤਮਹੱਤਿਆ ਕਰ ਲਈ ਸੀ ਤੇ ਇਸ ਮਾਮਲੇ ਵਿਚ ਪੁਲਿਸ ਨੇ ਡਿੰਪੀ ਵਿਰੁਧ ਕੇਸ ਜਰੂਰ ਦਰਜ਼ ਕਰ ਲਿਆ ਸੀ ਪ੍ਰੰਤੂ ਹਾਲੇ ਤੱਕ ਉਸਦੀ ਗਿ੍ਰਫਤਾਰੀ ਨਹੀਂ ਪਾਈ ਹੈ। ਂਿੲੱਥੇ ਇਸ ਗੱਲ ਦਾ ਜਿਕਰ ਕਰਨਾ ਬਣਦਾ ਹੈ ਕਿ ਸਾਲ 2012 ਵਿਚ ਗਿੱਦੜਵਹਾ ਹਲਕੇ ਤੋਂ ਰਾਜਾ ਵੜਿੰਗ ਨੇ ਪੀਪਲਜ਼ ਪਾਰਟੀ ਬਣਾਂ ਕੇ ਚੋਣ ਲੜ ਰਹੇ ਮਨਪ੍ਰੀਤ ਸਿੰਘ ਬਾਦਲ ਨੂੰ ਤਿਕੌਣੀ ਟੱਕਰ ਵਿਚ ਹਾਰ ਦਿੱਤੀ ਸੀ। ਉਸਤੋਂ ਬਾਅਦ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜ ਰਹੇ ਸ਼੍ਰੀ ਵੜਿੰਗ ਦੀਆਂ ਬਠਿੰਡਾ ਸ਼ਹਿਰ ਵਿਚੋਂ ਵੋਟਾਂ ਘਟਣ ਕਾਰਨ ਹਾਰ ਹੋ ਗਈ ਸੀ। ਬੇਸ਼ੱਕ ਜਨਤਕ ਤੌਰ ’ਤੇ ਵੜਿੰਗ ਨੇ ਕਦੇ ਵੀ ਮਨਪ੍ਰੀਤ ਬਾਦਲ ਨੂੰ ਇਸ ਹਾਰ ਲਈ ਜਿੰਮੇਵਾਰ ਨਹੀਂ ਠਹਿਰਾਇਆ ਪ੍ਰੰਤੂ ਅੰਦਰਖ਼ਾਤੇ ਉਹ ਅਪਣੀ ਇਸ ਹਾਰ ਦਾ ਰੰਜ਼ ਰੱਖ ਰਹੇ ਹਨ। ਇਸਦੀ ਮਿਸਾਲ ਪਿਛਲੇ ਦਿਨੀਂ ਉਸ ਸਮੇਂ ਵੀ ਦੇਖਣ ਨੂੰ ਮਿਲੀ ਸੀ ਜਦ ਵਿਤ ਮੰਤਰੀ ਦੇ ਕੋਟੇ ਵਿਚੋਂ ਟਿਕਟ ਲੈਣ ਵਾਲੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਨੇ ਮਨਪ੍ਰੀਤ ਸਿੰਘ ਬਾਦਲ ਵਿਰੁਧ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਸੀ ਤਾਂ ਰਾਜਾ ਵੜਿੰਗ ਨੇ ਮੂਹਰੇ ਹੋ ਕੇ ਸਾਥ ਦਿੱਤਾ ਸੀ। ਇਸਤੋਂ ਬਾਅਦ ਅੱਜ ਅਕਾਲੀ ਵਿਧਾਇਕ ਸ਼੍ਰੀ ਸਿੰਗਲਾ ਵਲੋਂ ਵਿਤ ਮੰਤਰੀ ਤੇ ਉਸਦੇ ਰਿਸ਼ਤੇਦਾਰ ਵਿਰੁਧ ਨਜਾਇਜ਼ ਮਾਈਨਿੰਗ ਦੇ ਲਗਾਏ ਦੋਸ਼ਾਂ ਵਾਲੀ ਵੀਡੀਓ ਨੂੰ ਸੇਅਰ ਕਰਨ ਤੋਂ ਬਾਅਦ ਹੁਣ ਇਹ ਸਿਆਸੀ ਲੜਾਈ ਜਨਤਕ ਹੋ ਗਈ ਹੈ। ਹਾਲਾਂਕਿ ਅਪਣੀ ਹੀ ਸਰਕਾਰ ਦੇ ਵਿਤ ਮੰਤਰੀ ਵਿਰੁਧ ਅਕਾਲੀ ਆਗੂ ਵਲੋਂ ਲਗਾਏ ਦੋਸ਼ਾਂ ਦੀ ਵੀਡੀਓ ਸੇਅਰ ਕਰਨ ਦੇ ਮਾਮਲੇ ਵਿਚ ਟਿੱਪਣੀ ਲੈਣ ਲਈ ਸੰਪਰਕ ਕਰਨ ਦੇ ਬਾਵਜੂਦ ਰਾਜਾ ਵੜਿੰਗ ਨੇ ਫ਼ੋਨ ਨਹੀਂ ਚੁੱਕਿਆ ਪ੍ਰੰਤੂ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਦਾਅਵਾ ਕੀਤਾ ਕਿ ‘‘ ਵਿਰੋਧੀ ਧਿਰ ਨਾਲ ਮਿਲਕੇ ਸਰਕਾਰ ਨੂੰ ਬਦਨਾਮ ਕਰਨ ਦਾ ਮਾਮਲਾ ਹੋਣ ਕਰਕੇ ਉਨ੍ਹਾਂ ਨੂੰ ਇਸਦਾ ਜਵਾਬ ਦੇਣਾ ਪਿਆ। ’’ ਉਨ੍ਹਾਂ ਕਿਹਾ ਕਿ ਇਹ ਮਾਮਲਾ ਪਾਰਟੀ ਫ਼ੋਰਮ ’ਤੇ ਵੀ ਚੁੱਕਿਆ ਜਾਵੇਗਾ।
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines