ਮੇਅਰ ਦੀ ਚੁੱਪੀ ਕਾਰਨ ਸੀਨੀ: ਡਿਪਟੀ ਮੇਅਰ ਤੇ ਡਿਪਟੀ ਮੇਅਰ ਵਲੋਂ ਸਥਿਤੀ ਸੰਭਾਲਣ ’ਤੇ ਵਿਰੋਧੀ ਭੜਕੇ
ਅਕਾਲੀਆਂ ਦੇ ਨਾਲ-ਨਾਲ ਜਗਰੂਪ ਗਿੱਲ ਨੇ ਵੀ ਕੀਤਾ ਵਾਕਆਊਟ
ਅਸੋਕ ਪ੍ਰਧਾਨ ਦੀ ਟੋਕਾ-ਟਕਾਈ ਤੋਂ ਕਈ ਕਾਂਗਰਸੀ ਕੋਂਸਲਰ ਦਿਖ਼ੇ ਨਰਾਜ਼
ਅਕਾਲੀਆਂ ਤੋਂ ਬਾਅਦ ਕਾਂਗਰਸ ਦੇ ਰਾਜ਼ ’ਚ ਵੀ ਰਹੀ ‘ਮਾਸਟਰ ਜੀ’ ਦੀ ਚੜ੍ਹਤ
ਸੁਖਜਿੰਦਰ ਮਾਨ
ਬਠਿੰਡਾ, 23 ਜੂਨ : 53 ਸਾਲਾਂ ਬਾਅਦ ਕਾਂਗਰਸ ਦੇ ਬਹੁਮਤ ਵਾਲੇ ਸਥਾਨਕ ਨਗਰ ਨਿਗਮ ਦੇ ਜਨਰਲ ਹਾਊਸ ਦੀ ਪੁਲਿਸ ਦੀ ਭਾਰੀ ਸੁਰੱਖਿਆ ਹੇਠ ਹੋਈ ਪਲੇਠੀ ਮੀਟਿੰਗ ਅੱਜ ਹੰਗਾਮਿਆਂ ਭਰਪੂਰ ਰਹੀ। ਭਾਵੇਂ ਇਸਤੋਂ ਪਹਿਲਾਂ ਵੀ ਨਿਗਮ ਦੀ ਇੱਕ ਵਰਚੂਅਲ ਤਰੀਕੇ ਨਾਲ ਮੀਟਿੰਗ ਹੋ ਚੁੱਕੀ ਹੈ ਪ੍ਰੰਤੂ ਸਮੂਹਿਕ ਮੈਂਬਰਾਂ ਦੀ ਹਾਜ਼ਰੀ ’ਚ ਇਹ ਪਹਿਲੀ ਮੀਟਿੰਗ ਸੀ। ਹਾਲਾਂਕਿ ਨਿਗਮ ਦੇ ਇਤਿਹਾਸ ’ਚ ਪਹਿਲੀ ਵਾਰ ਪੱਤਰਕਾਰਾਂ ਨੂੰ ਮੀਟਿੰਗ ’ਚ ਜਾਣ ਤੋਂ ਰੋਕਿਆ ਗਿਆ ਪ੍ਰੰਤੂ ਮੀਟਿੰਗ ਦੇ ਅੰਦਰੋਂ ਆਈਆਂ ਖ਼ਬਰਾਂ ਮੁਤਾਬਕ ਨਿਗਮ ਦੀ ਪਹਿਲੀ ਮਹਿਲਾ ਮੇਅਰ ਰਮਨ ਗੋਇਲ ਦੁਆਰਾ ‘ਚੁੱਪ’ ਰਹਿਣ ਕਾਰਨ ਮੌਕਾ ਸੰਭਾਲਣ ਦੀ ਕੋਸ਼ਿਸ਼ ਕਰਦੇ ਸੀਨੀ: ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਨਾ ਸਿਰਫ਼ ਅਕਾਲੀਆਂ, ਬਲਕਿ ਅਪਣਿਆਂ ਹੱਥੋਂ ਵੀ ਕਈ ਵਾਰ ਖ਼ਰੀਆਂ-ਖ਼ਰੀਆਂ ਸੁਣਨੀਆਂ ਪਈਆਂ।
ਇੱਕ ਨੌਜਵਾਨ ਕਾਂਗਰਸੀ ਕੋਂਸਲਰ ਨੂੰ ਤਾਂ ਬੋਲਣ ਤੋਂ ਰੋਕਣ ’ਤੇ ਕਾਂਗਰਸ ਦੀ ਟਿਕਟ ’ਤੇ ਜਿੱਤੇ ਹੋਣ ਦੀ ਦੁਹਾਈ ਦੇਣੀ ਪਈ। ਸੀਨੀ: ਡਿਪਟੀ ਮੇਅਰ ਅਸੋਕ ਪ੍ਰਧਾਨ ਵਲੋਂ ਬੋਲਣ ਤੋਂ ਰੋਕਣ ਲਈ ਵਾਰ-ਵਾਰ ਟੋਕਣ ’ਤੇ ਕਈ ਕਾਂਗਰਸੀ ਕੋਂਸਲਰ ਅੰਦਰਖਾਤੇ ਨਰਾਜ਼ ਦਿਖ਼ਾਈ ਦਿੱਤੇ ਜਦੋਂਕਿ ਅਕਾਲੀ-ਭਾਜਪਾ ਰਾਜਭਾਗ ਦੌਰਾਨ ਰੱਜ ਕੇ ‘ਪਾਵਰ’ ਵਰਤਣ ਵਾਲੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਦੀ ਮੁੜ ਚੜ੍ਹਤ ਦਿਖ਼ਾਈ ਦਿੱਤੀ, ਜਿਸਨੂੰ ਦੇਖ ਕਈ ਕਾਂਗਰਸੀ ‘ਮਨ-ਮਸੋਸਦੇ’ ਰਹੇ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਤੇ ਮੇਅਰਸ਼ਿਪ ਦੇ ਮਜਬੂਤ ਦਾਅਵੇਦਾਰ ਰਹੇ ਜਗਰੂਪ ਸਿੰਘ ਗਿੱਲ ਨੂੰ ਦੱਬਣ ਲਈ ਅੱਧੀ ਦਰਜ਼ਨ ਕਾਂਗਰਸੀ ਕੋਂਸਲਰ ‘ਝਈਆਂ’ ਲੈ-ਲੈ ਪੈਂਦੇ ਰਹੇ, ਜਿੰਨ੍ਹਾਂ ਵਿਚ ਉਨ੍ਹਾਂ ਦਾ ਸਿਆਸੀ ਚੇਲਾ ਰਿਹਾ ਕੋਂਸਲਰ ਵੀ ਅੱਗੇ ਰਿਹਾ। ਮਾਮਲੇ ਇੱਥੇ ਹੀ ਖ਼ਤਮ ਨਹੀਂ ਹੋਇਆ, ਬਲਕਿ ਮੇਅਰ ਦੀ ਥਾਂ ਖ਼ੁਦ ਅੱਗੇ ਹੋਣ ਵਾਲੇ ਅਸੋਕ ਪ੍ਰਧਾਨ ਨਾਲ ਉਨ੍ਹਾਂ ਦੀ ਕਈ ਵਾਰ ਤੂੰ-ਤੂੰ, ਮੈਂ-ਮੈਂ ਹੋਈ। ਅਕਾਲੀਆਂ ਦੇ ਪਦਚਿੰਨ੍ਹਾਂ ’ਤੇ ਚੱਲਦਿਆਂ ਕਾਂਗਰਸੀਆਂ ਨੇ ਪਹਿਲਾਂ ਲਿਆਂਦੇ 16 ਨੁਕਾਤੀ ਏਜੰਡੇ ਦੇ ਬਾਵਜੂਦ ਸਪਲੀਮੈਂਟਰੀ ਏਜੰਡਾ ਪੇਸ਼ ਕਰਕੇ ਕਈ ਮੁੱਦਿਆਂ ਨੂੰ ਪਾਸ ਕਰਵਾਉਣ ਦਾ ਯਤਨ ਕੀਤਾ। ਸੂਚਨਾ ਮੁਤਾਬਕ ਮੀਟਿੰਗ ਦੀ ਸ਼ੁਰੂਆਤ ਦੌਰਾਨ ਅਪਣੇ ਵਾਰਡਾਂ ਦੇ ਮੁੱਦੇ ਚੁੱਕਣ ਨੂੰ ਲੈ ਕੇ ਹੀ ਤਕਰਾਰਾਂ ਹੋਣੀਆਂ ਸ਼ੁਰੂ ਹੋ ਗਈਆਂ। ਅਕਾਲੀ ਕੋਂਸਲਰ ਸ਼ੈਰੀ ਗੋਇਲ ਨੇ ਜਿੱਥੇ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਕੂੜੇ ਦੇ ਢੇਰ ਲੱਗਣ ਦੇ ਮਾਮਲੇ ਵਿਚ ਮੇਅਰ ਰਮਨ ਗੋਇਲ ਤੋਂ ਜਵਾਬ ਮੰਗਿਆ। ਪ੍ਰੰਤੂ ਲੰਮਾ ਸਮਾਂ ਮੇਅਰ ਚੁੱਪ ਰਹੇ ਤੇ ਉਨ੍ਹਾਂ ਦੀ ਥਾਂ ਕਈ ਕਾਂਗਰਸੀ ਕੋਂਸਲਰ ਤੇ ਡਿਪਟੀ ਮੇਅਰ ਨੇ ਜਵਾਬ ਦੇਣ ਦੀ ਕੋਸਿਸ ਕੀਤੀ ਪਰ ਨੌਜਵਾਨ ਅਕਾਲੀ ਕੋਂਸਲਰ ਉਨ੍ਹਾਂ ’ਤੇ ਹਾਵੀਂ ਹੁੰਦੀ ਦਿਖ਼ਾਈ ਦਿੱਤੀ। ਇਸੇ ਤਰ੍ਹਾਂ ਅੱਜ ਦੀ ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਢਿੱਲੋਂ ਨੇ ਵਰਚੁੂਅਲ ਮੀਟਿੰਗ ਦੌਰਾਨ ਵਿਤ ਤੇ ਠੇਕਾ ਕਮੇਟੀ ਨੂੰ ਇੱਕ ਕਰੋੜ ਤੱਕ ਦੇ ਪ੍ਰਸਤਾਵ ਪਾਸ ਕਰਨ ਦੇ ਫੈਸਲੇ ਨੂੰ ਚੁਣੇ ਹੋਏ ਮੈਂਬਰਾਂ ਦੇ ਹੱਕਾਂ ’ਤੇ ਡਾਕਾ ਕਰਾਰ ਦਿੰਦਿਆਂ ਵਾਪਸ ਲੈਣ ਦੀ ਮੰਗ ਕੀਤੀ ਗਈ। ਸ਼ਹਿਰ ਵਿਚ ਸਫ਼ਾਈ ਸੇਵਕਾਂ ਦੀ ਹੜਤਾਲ ਤੇ ਹੋਰ ਮੁੱਦਿਆਂ ’ਤੇ ਵਿਰੋਧੀ ਨੇਤਾ ਦੀਆਂ 2 ਤੇ 3 ਨੰਬਰ ਦੇ ਮੇਅਰ ਨਾਲ ਝੜਪਾ ਹੋਈਆਂ। ਇਸਤੋਂ ਬਾਅਦ ਜਗਰੂਪ ਗਿੱਲ ਵਲੋਂ ਰੱਖੇ ਕੁੱਝ ਮੁੱਦਿਆਂ ਨੂੰ ਬੇਸ਼ੱਕ ਹਾਊਸ ਨੇ ਮੰਨ ਲਿਆ ਪ੍ਰੰਤੂ ਵਿਤ ਮੰਤਰੀ ਵਲੋਂ ਕੂੜ ਕਰਕਟ ਨੂੰ ਤਿੰਨ ਮਹੀਨਿਆਂ ’ਚ ਸ਼ਹਿਰੀ ਆਬਾਦੀ ਵਿਚੋਂ ਬਾਹਰ ਚੁੱਕਣ ਤੇ ਤਿ੍ਰਵੈਣੀ ਕੰਪਨੀ ਤੋਂ ਕੰਮ ਵਾਪਸ ਆਦਿ ਲੈਣ ਦੇ ਮਾਮਲਿਆਂ ’ਤੇ ਕਾਂਗਰਸੀਆਂ ਵਿਚਕਾਰ ਬਹਿਸ-ਬਾਜ਼ੀ ਹੁੰਦੀ ਰਹੀ। ਜਿਸਤੋਂ ਬਾਅਦ ਅਕਾਲੀ ਦਲ ਦੇ ਸੱਤ ਤੇ ਕਾਂਗਰਸ ਦੇ ਜਗਰੂਪ ਗਿੱਲ ਤੇ ਸੁਖਦੀਪ ਸਿੰਘ ਵਾਕਆਊਟ ਕਰਕੇ ਬਾਹਰ ਆ ਗਏ।
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines