ਕਿਤੇ ਸਿੱਧੂ ਨੂੰ ‘ਕੇਂਦਰਬਿੰਦੂ’ ਬਣਨ ਤੋਂ ਰੋਕਣ ਲਈ ਅੱਗੇ ਤਾਂ ਨਹੀਂ ਆਈ ਮਾਂਝੇ ਦੀ ਤਿੱਕੜੀ!

- - No comments

ਪਿਛਲੇ ਸਮੇਂ ਵਿਚ ਤਿੰਨੇਂ ਮੰਤਰੀ ਕੈਪਟਨ ਦੇ ਸੰਕਟ ਮੋਚਨ ਵਜੋਂ ਕਰਦੇ ਰਹੇ ਹਨ ਕੰਮ

ਸੁਖਜਿੰਦਰ ਮਾਨ 

ਬਠਿੰਡਾ, 24 ਜੂਨ : ਸੂਬਾ ਸਰਕਾਰ ਵਿਚ ਮੱਚੀ ਤਰਥੱਲੀ ਨੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਰੋਸੇਯੋਗਤਾ ’ਤੇ ਸਵਾਲੀਆਂ ਨਿਸ਼ਾਨ ਖ਼ੜਾ ਕਰ ਦਿੱਤਾ ਹੈ, ਉਥੇ ਕਾਂਗਰਸ ਪਾਰਟੀ ਵਿਚ ਵੀ ਨਵੀਆਂ ਸਫ਼ਬੰਦੀਆਂ ਪੈਦਾ ਕਰ ਦਿੱਤੀਆਂ ਹਨ। ਕੁੱਝ ਮਹੀਨੇ ਪਹਿਲਾਂ ਤੱਕ ਅਕਾਲੀਆਂ ਦੇ ਬੇਅਦਬੀ ਕਾਂਡ ’ਚ ਘਿਰੇ ਹੋਣ ਅਤੇ ਆਮ ਆਦਮੀ ਪਾਰਟੀ ਕੋਲ ਮੁੱਖ ਮੰਤਰੀ ਦਾ ਕੋਈ ਚੇਹਰਾ ਨਾ ਹੋਣ ਕਾਰਨ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲੇ ਕਾਂਗਰਸੀ ਆਗੂ ਹੁਣ ਮੌਜੂਦਾ ਸਰਕਾਰ ਦੇ ਸਹੀ ਸਲਾਮਤ ਤਰੀਕੇ ਨਾਲ ਕਾਰਜ਼ਕਾਲ ਪੂਰਾ ਕਰਨ ਦੇ ਮਾਮਲੇ ’ਤੇ ਵੀ ਚੁੱਪ ਵੱਟਣ ਲੱਗੇ ਹਨ। ਹਾਲਾਂਕਿ ਅਪਣੇ ਬਾਗੀ ਸਿਆਸੀ ਸੁਭਾਅ ਦੇ ਮੁਤਾਬਕ 40 ਦੀ ਸਪੀਡ ’ਤੇ ਚੱਲ ਰਹੀ ਕਾਂਗਰਸ ਸਰਕਾਰ ਨੂੰ ਘੁੰਮਣਘੇਰੀ ’ਚ ਪਾਉਣ ਦਾ ਸਿਹਰਾ ਨਵਜੌਤ ਸਿੰਘ ਸਿੱਧੂ ਨੂੰ ਹੀ ਜਾਂਦਾ ਹੈ, ਪ੍ਰੰਤੂ ਉਸਤੋਂ ਬਾਅਦ ਕੈਪਟਨ ਵਿਰੁਧ ਹੋਈਆਂ ਨਵੀਆਂ ਸਫ਼ਬੰਦੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਅਤੇ ਹੁਣ ਸਰਕਾਰ ਦੇ ਸਵਾ ਚਾਰ ਸਾਲ ਦੇ ਕਾਰਜ਼ਕਾਲ ਦੌਰਾਨ ਹਰ ਸਮੇਂ ਸੰਕਟਮੋਚਨ ਦਾ ਕੰਮ ਕਰਨ ਵਾਲੇ ਮਾਝਾ ਦੇ ਤਿੰਨ ਮੰਤਰੀਆਂ ਦੀ ਤਿੱਕੜੀ ਦੇ ਅਚਾਨਕ ਕੈਪਟਨ ਵਿਰੁਧ ਹੋ ਜਾਣ ਦੀਆਂ ‘ਗੱਲਾਂ’ ਬਹੁਤ ਘੱਟ ਲੋਕਾਂ ਦੇ ਗਲੇ ਵਿਚ ਉਤਰ ਰਹੀਆਂ ਹਨ।

 ਸਿਆਸੀ ਮਾਹਰ ਤਾਂ ਇਸ ਤਿੱਕੜੀ ਦੇ ਸੁਭਾਅ ’ਚ ਆਈ ਤਬਦੀਲੀ ਪਿੱਛੇ ਕੈਪਟਨ ਦੀ ਘਟਦੀ ਲੋਕਪਿ੍ਰਅਤਾ ਦੌਰਾਨ ਨਵਜੌਤ ਸਿੱਧੂ ਨੂੰ ‘ਕੇਂਦਰਬਿੰਦੂ’ ਬਣਨ ਤੋਂ ਰੋਕਣ ਲਈ, ਲਏ ਸਿਆਸੀ ਫੈਸਲੇ ਨੂੰ ਜਿੰਮੇਵਾਰ ਮੰਨ ਰਹੇ ਹਨ। ਇੱਥੇ ਦਸਣਾ ਬਣਦਾ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਸਰਕਾਰ ਬਣਨ ਤੋਂ ਬਾਅਦ ਕੈਬਨਿਟ ਮੰਤਰੀ ਤਿ੍ਰਪਤਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਸੁਖ ਸਰਕਾਰੀਆਂ ਨਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਵੱਡੇ ਫੈਸਲੇ ਵਿਚ ਭਾਗੀਦਾਰ ਬਣਦੇ ਰਹੇ ਹਨ, ਬਲਕਿ ਕੈਪਟਨ ਦੇ ਉਲਟ ਜਾਣ ਵਾਲੇ ਅਪਣੇ ਸਾਥੀ ਮੰਤਰੀਆਂ ਨੂੰ ਧਮਕਾਉਣ ਤੱਕ ਵੀ ਜਾਂਦੇ ਰਹੇ ਹਨ। ਜਿਸਦੀ ਤਾਜ਼ਾ ਉਦਾਹਰਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪਿਛਲੇ ਸਮੇਂ ਦੌਰਾਨ ਸ਼੍ਰੀ ਬਾਜਵਾ ਉਪਰ ਲਗਾਏ ਦੋਸ਼ ਦੀ ਉਦਾਹਰਣ ਵੀ ਦਿੱਤੀ ਜਾ ਸਕਦੀ ਹੈ। ਸਿਆਸੀ ਸੂਤਰਾਂ ਮੁਤਾਬਕ ਉਕਤ ਤਿੰਨਾਂ ਮੰਤਰੀਆਂ ਦੀ ਕੈਪਟਨ ਨਾਲ ਸਾਂਝ ਦਾ ਮੁੱਖ ਕਾਰਨ ਅਪਣੇ ਇਲਾਕੇ ਦੇ ਪ੍ਰਭਾਵਸ਼ਾਲੀ ਆਗੂ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਪ੍ਰਤਾਪ ਸਿੰਘ ਬਾਜਵਾ ਪ੍ਰਵਾਰ ਦੀ ਚੜ੍ਹਤ ਨੂੰ ਰੋਕਣਾ ਦਸਿਆ ਜਾਂਦਾ ਹੈ। ਮੌਜੂਦਾ ਸਮੇਂ ਬੇਸ਼ੱਕ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਪਹਿਲਾਂ ਦੀ ਤਰ੍ਹਾਂ ਕੈਪਟਨ ਵਿਰੁਧ ਮੋਰਚਾ ਖੋਲੀ ਬੈਠੇ ਹੋਏ ਹਨ ਪ੍ਰੰਤੂ ਉਕਤ ਤਿੰਨੇਂ ਮੰਤਰੀ ਵੀ ਕੈਪਟਨ ਹਿਮਾਇਤੀਆਂ ਦੇ ਪਾਲੇ ਵਿਚੋਂ ਨਿਕਲ ਕੇ ਵਿਰੋਧੀਆਂ ਦੀ ਕਤਾਰ ਵਿਚ ਆ ਖ਼ੜੇ ਹੋਏ ਹਨ। ਚਰਚਾ ਮੁਤਾਬਕ ਪੰਜਾਬ ਦੀ ਸਿਆਸਤ ’ਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਵਾਲੇ ਉਕਤ ਮੰਤਰੀਆਂ ਦੇ ਲਈ ਇਹ ਵੀ ਵੱਡੀ ਸਮੱਸਿਆ ਹੋ ਸਕਦੀ ਹੈ ਕਿ ਜੇਕਰ ਨਵਜੌਤ ਸਿੱਧੂ ਅਗਲੇ ਮੁੱਖ ਮੰਤਰੀ ਵਜੋਂ ਅੱਗੇ ਆ ਜਾਂਦਾ ਹੈ ਤਾਂ ਇਹ ਮੁੜ ਮੰਤਰੀਆਂ ਦੀ ਭੂਮਿਕਾ ਤੱਕ ਹੀ ਸੀਮਤ ਰਹਿ ਸਕਦੇ ਹਨ ਕਿਉਂਕਿ ਸਿੱਧੂ ਤਂੋ ਬਾਅਦ ਰਾਹੁਲ-ਪਿ੍ਰਅੰਕਾ ਦੀਆਂ ਅੱਖਾਂ ਦਾ ਤਾਰਾ ਬਣੇ ਮਨਪ੍ਰੀਤ ਸਿੰਘ ਬਾਦਲ ਵੀ ਇਸੇ ਕੁਰਸੀ ’ਤੇ ਅੱਖ ਰੱਖੀ ਬੈਠੇ ਹੋਏ ਹਨ। ਗੌਰਤਲਬ ਹੈ ਕਿ 78 ਸਾਲਾਂ ਤਿ੍ਰਪਤਰਜਿੰਦਰ ਸਿੰਘ ਬਾਜਵਾ ਨਾ ਸਿਰਫ਼ ਖੁਦ ਯੂਥ ਕਾਂਗਰਸ ਤੋਂ ਸ਼ੁਰੂ ਹੋ ਕੇ ਇਸ ਅਹੁੱਦੇ ’ਤੇ ਪੁੱਜੇ ਹਨ, ਬਲਕਿ ਉਨ੍ਹਾਂ ਦੇ ਮਹਰੂਮ ਪਿਤਾ ਗੁਰਬਚਨ ਸਿੰਘ ਬਾਜਵਾ ਵੀ ਸਵਰਗੀ ਪ੍ਰਤਾਪ ਸਿੰਘ ਕੈਰੋ ਸਹਿਤ, ਭੀਮ ਸੈਨ ਸੱਚਰ ਤੇ ਗੋਪੀ ਚੰਦ ਭਾਰਗਵ ਦੀ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ। 1977 ਤੋਂ ਵਿਧਾਨ ਸਭਾ ਚੋਣਾਂ ਜਿੱਤਦੇ ਆ ਰਹੇ ਬਾਜਵਾ ਖ਼ੁਦ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਣ ਵਾਲੇ ਕਾਂਗਰਸੀਆਂ ਦੀ ਕਤਾਰ ਵਿਚ ਹਨ। ਇਸੇ ਤਰ੍ਹਾਂ ਸੂਬਾਈ ਕਾਂਗਰਸ ਦੇ ਪ੍ਰਧਾਨ ਰਹੇ ਮਹਰੂਮ ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਤੇ ਯੂਥ ਕਾਂਗਰਸ ਵਿਚੋਂ ਅਪਣਾ ਸਿਆਸੀ ਕੈਰੀਅਰ ਸ਼ੁਰੂ ਕਰਨ ਵਾਲੇ 62 ਸਾਲਾਂ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਪੰਜਾਬ ਦੇ ਨਾ ਸਿਰਫ਼ ਸੀਨੀਅਰ ਮੰਤਰੀਆਂ ਵਿਚ ਸ਼ੁਮਾਰ ਹਨ, ਬਲਕਿ ਸੂਬੇ ਦੇ ਵੱਡੇ ਸਿਆਸੀ ਕੱਦ ਵਾਲੇ ਆਗੂਆਂ ਵਿਚ ਉਨ੍ਹਾਂ ਦਾ ਨਾਮ ਬੋਲਦਾ ਹੈ। ਉਧਰ ਸੁਖ ਸਰਕਾਰੀਆ ਵੀ ਹਾਲੇ ਨੌਜਵਾਨ ਹਨ ਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਉਚੇ ਮੁਕਾਮ ’ਤੇ ਪੁੱਜਣ ਦੀ ਸੰਭਾਵਨਾ ਹੈ।    

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines