ਮਲੂਕੇ ਦੇ ਸਾਬਕਾ ਚੇਲੇ ਨੇ ਵਿੱਢੀ ਵਿਧਾਨ ਸਭਾ ‘ਚੋਣਾਂ’ ਦੀ ਤਿਆਰੀ

- - No comments

ਉਘੇ ਵਪਾਰੀ ਅਮਰਜੀਤ ਮਹਿਤਾ ਨੇ ਮੁਲਾਜਮਾਂ ਦੇ ਹੱਕ ਵਿਚ ਪੈਦਲ ਯਾਤਰਾ ਕੱਢਣ ਦਾ ਕੀਤਾ ਐਲਾਨ

ਸੁਖਜਿੰਦਰ ਮਾਨ 

ਬਠਿੰਡਾ, 24 ਜੂਨ : ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ‘ਚੇਲੇ’ ਵਜੋਂ ਮਸ਼ਹੂਰ ਰਹੇ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਮੌਜੂਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅੱਗੇ ਹੋ ਕੇ ਚੋਣ ਮੁਹਿੰਮ ਸੰਭਾਲਣ ਵਾਲੇ ਸ਼ਹਿਰ ਦੇ ਉਘੇ ਵਪਾਰੀ ਅਮਰਜੀਤ ਮਹਿਤਾ ਨੇ ਹੁਣ ਖ਼ੁਦ ਚੋਣਾਂ ’ਚ ਉਤਰਨ ਦੀ ਤਿਆਰੀ ਵਿੱਢ ਦਿੱਤੀ ਹੈ।


ਪਿਛਲੇ ਕੁੱਝ ਦਿਨਾਂ ਤੋਂ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਸੋਸਲ ਮੀਡੀਆ ਤੇ ਅਖ਼ਬਾਰਾਂ ’ਚ ਸੁਰਖੀਆਂ ਦਾ ਸਿੰਗਾਰ ਬਣਨ ਲੱਗੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਉਪ ਪ੍ਰਧਾਨ ਸ਼੍ਰੀ ਮਹਿਤਾ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜਣ ਦਾ ਖ਼ੁਲਾਸਾ ਕੀਤਾ ਹੈ। ਹਾਲਾਂਕਿ ਉਨ੍ਹਾਂ ਕਿਸ ਪਾਰਟੀ ਤੋਂ ਚੋਣ ਲੜਣੀ ਹੈ, ਇਸ ਬਾਰੇ ਕੁੱਝ ਖ਼ੁਲਾਸਾ ਨਹੀਂ ਕੀਤਾ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਬਠਿੰਡਾ ਦੇ ਬੰਦ ਕੀਤੇ ਥਰਮਲ ਪਲਾਂਟ ਦੀ ਅੱਧੀ ਜਮੀਨ ਬਠਿੰਡਾ ਨਾਲ ਸਬੰਧਤ ਵਪਾਰੀਆਂ ਲਈ ਰਾਖਵੀਂ ਕਰਨ ਦੀ ਮੰਗ ਕਰ ਚੁੱਕੇ ਮਹਿਤਾ ਨੇ ਹੁਣ ਸੂਬੇ ਦੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਦੇ ਹੱਕ ’ਚ ਬਠਿੰਡਾ ਸਹਿਰ ਤੋਂ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਸਾਹਿਬ ਤੱਕ ਇੱਕ ਪੈਦਲ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇੱਥੈ ਜਾਰੀ ਬਿਆਨ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਨੇ ਪਿਛਲੇ ਦਿਨਾਂ ਵਿੱਚ ਐਲਾਨੇ ਛੇਵੇਂ ਤਨਖਾਹ ਕਮਿਸਨ ਦੀਆਂ ਸਿਫਾਰਸਾਂ ਵਿੱਚ ਆਪਣੇ ਬਕਾਏ ਤੋਂ ਇਨਕਾਰ ਕਰਕੇ ਮੁਲਾਜਮਾਂ ਨਾਲ ਧੋਖਾਧੜੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਰਮਚਾਰੀ ਆਪਣੀ ਰਿਪੋਰਟ ਵਿੱਚ ਛੇਵੇਂ ਪੰਜਾਬ ਤਨਖਾਹ ਕਮਿਸਨ ਦੀਆਂ ਸਿਫਾਰਸਾਂ ਕਾਰਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਅਮਰਜੀਤ ਮਹਿਤਾ ਨੇ ਦੱਸਿਆ ਕਿ ਇਹ ਪਦ ਯਾਤਰਾ 7 ਜੁਲਾਈ ਨੂੰ ਬਠਿੰਡਾ ਸਹਿਰ ਤੋਂ ਆਰੰਭ ਹੋਵੇਗੀ ਅਤੇ ਸ੍ਰੀ ਹਰਿਮੰਦਰ ਸਾਹਿਬ ਲਈ ਰਵਾਨਾ ਹੋਵੇਗੀ। ਉਨ੍ਹਾਂ ਹਰ ਵਰਗ ਅਤੇ ਭਾਈਚਾਰੇ ਨਾਲ ਸਬੰਧਤ ਆਮ ਲੋਕਾਂ ਨੂੰ ਇਸ ਪਦ ਯਾਤਰਾ ਵਿਚ ਸਾਮਲ ਹੋਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਸ਼ਹਿਰ ਨਾਲ ਸਬੰਧਤ ਉਘੇ ਕਾਰੋਬਾਰੀ ਅਮਰਜੀਤ ਮਹਿਤਾ ਹੁਣ ਤੱਕ ਪਰਦੇ ਦੇ ਪਿੱਛੇ ਰਹਿ ਕੇ ਸਿਆਸਤਦਾਨਾਂ ਨਾਲ ਜੁੜੇ ਰਹੇ ਹਨ। ਚੱਲ ਰਹੀ ਚਰਚਾ ਮੁਤਾਬਕ ਸਿਕੰਦਰ ਸਿੰਘ ਮਲੂਕਾ ਰਾਹੀਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰ ਵੀ ਬਣ ਸਕਦੇ ਹਨ ਜਦੋਂਕਿ ਇੱਕ ਹੋਰ ਚਰਚਾ ਮੁਤਾਬਕ ਉਕਤ ਵਪਾਰੀ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਾਲ ਵੀ ਗੱਲ ਚੱਲ ਰਹੀ ਹੈ। ਪ੍ਰੰਤੂ ਇਹ ਭਵਿੱਖ ਦੇ ਗਰਭ ਵਿਚ ਹੈ ਕਿ ਦੋਨਾਂ ਪਾਰਟੀਆਂ ਵਿਚੋਂ ਕਿਹੜੀ ਦੇ ਸਾਂਚੇ ਵਿਚ ਉਕਤ ਵਪਾਰੀ ਫਿੱਟ ਬੈਠਦਾ ਹੈ ਜਾਂ ਨਹੀਂ। 

   

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines