ਪਾਵਰਕਾਮ ਨੇ ਮੁੰਬਈ ਫ਼ਰਮ ਨੂੰ 164 ਕਰੋੜ 'ਚ ਥਰਮਲ ਢਾਹੁਣ ਦਾ ਠੇਕਾ ਦਿੱਤਾ
ਸੁਖਜਿੰਦਰ ਮਾਨ
ਬਠਿੰਡਾ, 11 ਸਤੰਬਰ : ਬਠਿੰਡਾ ਦੇ ਟਿੱਬਿਆਂ ਨੂੰ ਰੰਗ ਭਾਗ ਲਾਉਣ ਵਾਲੇ 50 ਸਾਲਾਂ ਪੁਰਾਣੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਹੋਂਦ
ਮਿਟਾਉਣ ਲਈ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਪਾਵਰਕਾਮ ਵਲੋਂ ਦਿੱਤੇ ਟੈਂਡਰ ਤੋਂ ਬਾਅਦ 9 ਸਤੰਬਰ ਨੂੰ ਹੋਈ ਆਨਲਾਈਨ ਬੋਲੀ ਤੋਂ ਬਾਅਦ ਹੁਣ ਮੁੰਬਈ ਦੀ ਇਕ ਫਰਮ ਨੂੰ ਇਸ ਪਲਾਂਟ ਨੂੰ ਢਾਹੁਣ ਲਈ 164 .6 ਕਰੋੜ ਰੁਪਏ ਵਿਚ ਠੇਕਾ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦੋ ਹਫ਼ਤਿਆਂ 'ਚ ਸਾਰੀਆਂ ਕਾਨੂੰਨੀ ਅੜਚਣਾਂ ਦੂਰ ਹੋਣ ਤੋਂ ਬਾਅਦ ਜਲਦੀ ਹੀ ਉਕਤ ਫ਼ਰਮ ਬਠਿੰਡਾ ਦੇ ਇਸ ਇਤਿਹਾਸਕ ਪਲਾਂਟ ਦੀ ਹੋਂਦ ਮਿਟਾਉਣ ਲਈ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਪਾਵਰਕਾਮ ਦੇ ਡਾਇਰੈਕਟਰ ਵਿੱਤ ਜਤਿੰਦਰ ਗੋਇਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ '' ਮੁੰਬਈ ਦੀ ਸਫ਼ਲ ਬੋਲੀਕਾਰ ਕੰਪਨੀ ਨੂੰ ਬੰਦ ਪਏ ਇਸ ਪਲਾਂਟ ਨੂੰ ਢਾਹੁਣ ਲਈ 164.6 ਕਰੋੜ 'ਚ ਠੇਕਾ ਦਿੱਤਾ ਗਿਆ ਹੈ। '' ਉਂਜ ਪਤਾ ਚੱਲਿਆ ਹੈ ਕਿ ਲੋਕਾਂ ਦੇ ਰੋਹ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਇਸ ਪਲਾਂਟ ਦੇ ਕੂਲਿੰਗ ਟਾਵਰਾਂ ਤੇ ਚਾਰੋਂ ਝੀਲਾਂ ਨੂੰ ਜਿਊਂ ਦਾ ਤਿਊਂ ਰੱਖਣ ਦਾ ਫੈਸਲਾ ਲਿਆ ਹੈ। ਜਦੋਂਕਿ ਇਸ ਪਲਾਂਟ ਦੇ ਖ਼ਤਮ ਹੋਣ ਤੋਂ ਬਾਅਦ ਇਸਦੀ ਕਰੀਬ 1,350 ਏਕੜ ਜਮੀਨ ਵਿਚ ਮੈਗਾ ਇੰਡਸਟਰੀਅਲ ਪਾਰਕ ਬਣਾਉਣ ਲਈ ਦਿੱਤੀ ਜਾਵੇਗੀ। ਇਸ ਸਬੰਧ ਵਿਚ ਪੰਜਾਬ ਕੈਬਨਿਟ ਵਲੋਂ ਕੁੱਝ ਹਫ਼ਤੇ ਪਹਿਲਾਂ ਸਿਧਾਂਤਕ ਤੌਰ 'ਤੇ ਇਹ ਜਮੀਨ ਪੁੱਡਾ ਨੂੰ ਸੋਂਪਣ ਦਾ ਫੈਸਲਾ ਲਿਆ ਜਾ ਚੁੱਕਾ ਹੈ। ਜਿਸਤੋਂ ਬਾਅਦ ਪੁੱਡਾ ਇਸ ਜਮੀਨ ਨੂੰ 80:20 ਫ਼ੀਸਦੀ ਦੇ ਹਿਸਾਬ ਨਾਲ ਵਿਕਸਤ ਕਰੇਗੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਪਲਾਂਟ ਨੂੰ ਮੁੜ ਚਾਲੂ ਕਰਨ ਲਈ ਜਨਤਕ ਤੌਰ 'ਤੇ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਉਨ੍ਹਾਂ ਦੀਆਂ ਨਜ਼ਰਾਂ ਵਿਚ ਇਹ ਥਰਮਲ ਪਲਾਂਟ ਪੰਜਾਬ ਸਰਕਾਰ 'ਤੇ ਭਾਰ ਬਣ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੀ ਏਜੰਸੀ ਪੇਡਾ ਵਲੋਂ ਵੀ ਕੁੱਝ ਹਫ਼ਤੇ ਪਹਿਲਾਂ ਪਲਾਂਟ ਦੀ ਰਾਖ਼ ਸੁੱਟਣ ਵਾਸਤੇ ਵਰਤੀਂ ਜਾਂਦੀ500 ਏਕੜ ਜਮੀਨ 'ਤੇ ਸੌਰ ਉਰਜ਼ਾ ਪਲਾਂਟ ਲਗਾਉਣ ਦੀ ਇੱਛਾ ਜ਼ਾਹਰ ਕੀਤੀ ਸੀ। ਪ੍ਰੰਤੂ ਹੁਣ ਇਸ ਯੋਜਨਾ 'ਤੇ ਵੀ ਪਾਣੀ ਫ਼ਿਰ ਗਿਆ ਹੈ। ਉਂਜ ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਬੰਦ ਕੀਤੇ ਜਾਣ ਵਾਲੇ ਚਾਰਾਂ ਵਿਚੋਂ ਇੱਕ ਯੂਨਿਟ ਨੂੰ ਪਰਾਲੀ 'ਤੇ ਚਲਾਉਣ ਦਾ ਸੁਝਾਅ ਦਿੱਤਾ ਸੀ, ਜਿਸ ਉਪਰ ਪੰਜਾਬ ਸਰਕਾਰ ਵਲੋਂ ਗੌਰ ਨਹੀਂ ਫ਼ਰਮਾਇਆ ਗਿਆ। ਇੱਥੇ ਦਸਣਾ ਬਣਦਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 500 ਸਾਲਾਂ ਸਤਾਬਦੀ ਮੌਕੇ ਤਤਕਾਲੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੁਆਰਾ ਇਸ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਇਹ ਪਲਾਂਟ 1974 ਵਿਚ ਪੂਰੀ ਤਰ੍ਹਾਂ ਚਾਲੂ ਹੋ ਗਿਆ ਸੀ। ਇਸਤੋਂ ਇਲਾਵਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ 715 ਕਰੋੜ ਰੁਪਏ ਖ਼ਰਚ ਕਰਕੇ ਇਸ ਪਲਾਂਟ ਦੇ ਨਾ ਸਿਰਫ਼ ਚਾਰਾਂ ਯੂਨਿਟਾਂ ਦਾ ਨਵੀਨੀਕਰਨ ਕੀਤਾ ਗਿਆ ਸੀ, ਬਲਕਿ ਦੋ ਯੂਨਿਟਾਂ ਦੀ ਸਮਰੱਥਾ ਵੀ ਵਧਾ ਕੇ 120-120 ਯੂਨਿਟ ਕੀਤੀ ਗਈ ਸੀ। ਜਿਸਤੋਂ ਬਾਅਦ ਇਸ ਥਰਮਲ ਪਲਾਂਟ ਦੀ ਮਿਆਦ 2029 ਤੱਕ ਵਧ ਗਈ ਸੀ। ਜਿਕਰਯੋਗ ਹੈ ਕਿ ਮੌਜੂਦਾ ਸਰਕਾਰ ਦੌਰਾਨ 1 ਜਨਵਰੀ 2018 ਤੋਂ ਇਹ ਥਰਮਲ ਪਲਾਂਟ ਪੱਕੇ ਤੌਰ 'ਤੇ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਸੀ, ਕਿ ਇਸਦਾ ਉਤਪਾਦਨ ਖ਼ਰਚਾ ਕਾਫ਼ੀ ਮਹਿੰਗਾ ਪੈਂਦਾ ਹੈ। ਇਸਤੋਂ ਇਲਾਵਾ ਹੁਣ ਲੰਘੀ 20 ਅਗੱਸਤ ਨੂੰ ਪਾਵਰਕਾਮ ਦੇ ਬੋਰਡ ਆਫ਼ ਡਾਇਰੈਕਟਰ ਦੀ ਹੋਈ ਮੀਟਿੰਗ ਵਿਚ ਬਠਿੰਡਾ ਥਰਮਲ ਦੀਆਂ 2167 ਆਸਾਮੀਆਂ ਨੂੰ ਖ਼ਤਮ ਕਰ ਦਿੱਤਾ ਹੈ। ਹਾਲਾਂਕਿ ਸੂਬੇ ਦੀਆਂ ਮੁੱਖ ਵਿਰੋਧੀ ਪਾਰਟੀਆਂ ਤੋਂ ਇਲਾਵਾ ਥਰਮਲ ਤੇ ਪਾਵਰਕਾਮ ਦੇ ਕਾਮੇ ਮੁੜ ਇਸ ਪਲਾਂਟ ਨੂੰ ਚੱਲਦਾ ਦੇਖਣ ਲਈ ਸੰਘਰਸ਼ ਕਰ ਰਹੇ ਹਨ।
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines