in

ਮੋਤੀਆਂ ਵਾਲੀ ਸਰਕਾਰ ਦੀ ਬਠਿੰਡਾ ਦੀ ਬਹੁਕਰੋੜੀ ਜਮੀਨ 'ਤੇ ਅੱਖ

- - No comments

ਸੁਖਜਿੰਦਰ ਮਾਨ

ਪੁਲਿਸ ਲਾਈਨ ਤੇ ਸਰਕਾਰੀ ਰਿਹਾਇਸ਼ਾਂ ਨੂੰ ਥਰਮਲ ਕਲੌਨੀ 'ਚ ਲਿਜਾਣ ਦੀ ਯੋਜਨਾ

ਖਾਲੀ ਹੋਣ 'ਤੇ 42 ਏਕੜ ਜਮੀਨ ਨੂੰ ਵਰਤੀਂ ਜਾ ਸਕਦੀ ਹੈ ਵਪਾਰਕ ਹਿੱਤਾਂ ਲਈ

ਪਿਛਲੀ ਅਕਾਲੀ ਸਰਕਾਰ ਨੇ ਵੀ ਜੇਲ੍ਹ ਸਿਫ਼ਟ ਕਰਕੇ ਕੱਟੀ ਸੀ ਕਲੌਨੀ

ਬਠਿੰਡਾ, 7 ਜੂਨ :-ਪਹਿਲਾਂ ਹੀ ਕੋਰੋਨਾ ਨੇ ਝੰਜੋੜੀ ਸੂਬੇ ਦੀ ਕਾਂਗਰਸ ਸਰਕਾਰ ਦੀ ਦਿਨੋਂ-ਦਿਨ ਵਿਗੜ ਰਹੀ ਵਿਤੀ ਹਾਲਾਤ ਨੂੰ ਸੰਭਾਲਣ ਲਈ ਹੁਣ ਸਰਕਾਰ ਦੀ ਬਠਿੰਡਾ ਸ਼ਹਿਰ ਦੇ ਦਿਲ ਮੰਨੇ ਜਾਂਦੇ 'ਸਿਵਲ ਸਟੇਸ਼ਨ' ਖੇਤਰ ਦੀ ਜਮੀਨ 'ਤੇ ਅੱਖ ਆ ਗਈ ਹੈ। ਸੂਤਰਾਂ ਅਨੁਸਾਰ ਇਸ ਬਹੁਕਰੋੜੀ ਜਮੀਨ ਨੂੰ ਵਪਾਰਕ ਹਿੱਤਾਂ ਲਈ ਵਰਤਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਸਰਕਾਰ ਦੇ ਇਸ਼ਾਰੇ 'ਤੇ ਪੱਬਾਂ ਭਾਰ ਹੋ ਗਿਆ ਹੈ। ਇਸਦੇ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਸੂਤਰਾਂ ਮੁਤਾਬਕ ਇੱਥੇ ਬਣੀ ਪੁਲਿਸ ਲਾਈਨ ਤੋਂ ਇਲਾਵਾ ਡੀਸੀ ਤੇ ਐਸਐਸਪੀ ਦੀਆਂ ਕੋਠੀਆਂ ਸਹਿਤ ਸਮੂਹ ਸਰਕਾਰੀ ਮੁਲਾਜਮਾਂ ਦੀ ਰਿਹਾਇਸ਼ ਥਰਮਲ ਕਲੌਨੀ 'ਚ ਲਿਜਾਣ ਦੀ ਯੋਜਨਾ ਵਿੱਢ ਦਿੱਤੀ ਹੈ। ਇਸ ਯੋਜਨਾ ਦੇ ਸਿਰੇ ਚੜ੍ਹਣ 'ਤੇ ਇੱਥੇ ਖਾਲੀ ਹੋਣ ਵਾਲੀ ਕਰੀਬ 42 ਏਕੜ ਜਮੀਨ ਨੂੰ ਵਪਾਰਕ ਤੌਰ 'ਤੇ ਵਰਤਿਆਂ ਜਾ ਸਕਦਾ ਹੈ। ਇੱਥੇ ਦਸਣਾ ਬਣਦਾ ਹੈ ਕਿ ਪਿਛਲੀ ਅਕਾਲੀ ਸਰਕਾਰ ਨੇ ਵੀ ਇਸੇ ਖੇਤਰ 'ਚ ਬਣੀ ਜੇਲ੍ਹ ਨੂੰ ਗੋਬਿੰਦਪੁਰਾ ਪਿੰਡ 'ਚ ਤਬਦੀਲ ਕਰਕੇ ਇੱਥੇ ਕਲੌਨੀ ਕੱਟ ਦਿੱਤੀ ਸੀ। ਇਸਤੋਂ ਇਲਾਵਾ ਦਰਜ਼ਾ ਤਿੰਨ ਤੇ ਚਾਰ ਮੁਲਾਜਮਾਂ ਲਈ ਬਣੇ ਸਰਕਾਰੀ ਕੁਆਟਰਾਂ ਨੂੰ ਵੀ ਢਾਹ ਕੇ ਇੱਥੇ ਵੱਡੇ ਵੱਡੇ ਸੋਅਰੂਮ ਕੱਟ ਦਿੱਤੇ ਸਨ। ਸੂਚਨਾ ਮੁਤਾਬਕ ਹੁਣ ਇਸ ਖੇਤਰ ਵਿਚ ਸਰਕਟ ਹਾਊਸ, ਕਲੱਬ, ਮਹਿਲਾ ਥਾਣਾ ਆਦਿ ਸਹਿਤ ਡਿਪਟੀ ਕਮਿਸ਼ਨਰ, ਐਸ.ਐਸ.ਪੀ ਦੀ ਰਿਹਾਇਸ਼ ਅਤੇ ਨਵੇਂ ਬਣੇ ਦਰਜ਼ਾ ਤਿੰਨ ਤੇ ਚਾਰ ਕੁਆਟਰਾਂ ਤੋਂ ਇਲਾਵਾ ਜੱਜਾਂ, ਏਡੀਸੀ, ਐਸ.ਡੀ.ਐਮ, ਵੱਖ ਵੱਖ ਵਿਭਾਗਾਂ ਦੇ ਮੁਖੀਆਂ ਤੇ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਸਹਿਤ ਅੱਧੀ ਦਰਜ਼ਨ ਕਿਸਮਾਂ ਦੀਆਂ ਕੁੱਲ 84 ਵੱਡੀਆਂ ਤੇ ਛੋਟੀਆਂ ਕੋਠੀਆਂ ਹਨ। ਉਂਜ ਇਸ ਖੇਤਰ 'ਚ ਕੇਂਦਰੀ ਸਰਕਾਰ ਦੇ ਕਈ ਦਫ਼ਤਰ ਜਿਵੇਂ ਬੀਐਸਐਨਐਲ, ਆਮਦਨ ਕਰ ਵਿਭਾਗ ਆਦਿ ਦੇ ਦਫ਼ਤਰ ਅਤੇ ਰਿਹਾਇਸ਼ੀ ਕਲੌਨੀਆਂ ਵੀ ਆਉਂਦੀਆਂ ਹਨ, ਜਿੰਨ੍ਹਾਂ ਬਾਰੇ ਆਉਣ ਵਾਲੇ ਸਮੇਂ 'ਚ ਫੈਸਲਾ ਲਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਇਸ ਯੋਜਨਾ ਨੂੰ ਨੇਪਰੇ ਚਾੜਣ ਲਈ ਪਹਿਲਾਂ ਡਿਪਟੀ ਕਮਿਸ਼ਨਰ ਵਲੋਂ ਭਲਕੇ ਸਬੰਧਤ ਅੱਧੀ ਦਰਜ਼ਨ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਸੱਦੀ ਸੀ, ਜਿਸਨੂੰ ਹੁਣ ਮੰਗਲਵਾਰ ਤੱਕ ਅੱਗੇ ਪਾ ਦਿੱਤਾ ਹੈ।

ਬਠਿੰਡਾ ਦੀ ਥਰਮਲ ਕਲੌਨੀ 'ਚ ਹਨ 1500 ਦੇ ਕਰੀਬ ਕੋਠੀਆਂ
ਬਠਿੰਡ: ਸੂਚਨਾ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਿਵਲ ਸਟੇਸ਼ਨ ਨੂੰ ਖ਼ਾਲੀ ਕਰਨ ਦੇ ਪਿੱਛੇ ਇੱਥੇ ਮੀਂਹ ਕਾਰਨ ਪਾਣੀ ਭਰਨ ਦਾ ਤਰਕ ਦਿੱਤਾ ਜਾ ਰਿਹਾ। ਜਿਸਦੇ ਚੱਲਦੇ ਬੰਦ ਹੋਏ ਗੁਰੂ ਨਾਨਕ ਦੇਵ ਥਰਮਲ ਪਲਾਂਟ 'ਚ ਸਥਿਤ ਪਾਵਰਕਾਮ ਦੀ ਕਲੌਨੀ 'ਚ ਬਣੀਆਂ ਹੋਈਆਂ ਰਿਹਾਇਸ਼ਾਂ ਵਿਚ ਅਫ਼ਸਰਾਂ ਤੇ ਮੁਲਾਜਮਾਂ ਨੂੰ ਤਬਦੀਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਗੋਨਿਆਣਾ ਰੋਡ 'ਤੇ ਸਥਿਤ 283 ਏਕੜ 'ਚ ਬਣੀ ਪਾਵਰਕਾਮ ਦੀ ਇਸ ਕਲੌਨੀ ਦੇ ਚਾਰ ਬਲਾਕਾਂ(ਏ.ਬੀ.ਸੀ.ਡੀ) ਵਿਚ 1 ਤੋਂ 7 ਕੈਟਾਗਿਰੀ ਦੀਆਂ 1495 ਕੋਠੀਆਂ ਤੇ ਕੁਆਟਰ ਬਣੇ ਹੋਏ ਹਨ। ਜਿਸ ਵਿਚੋਂ ਮੌਜੂਦਾ ਸਮੇਂ ਅੱਧੇ ਦੇ ਕਰੀਬ ਖ਼ਾਲੀ ਹਨ। ਉਧਰ ਪਾਵਰਕਾਮ ਦੇ ਮੁਲਾਜਮਾਂ ਦਾ ਤਰਕ ਹੈ ਕਿ ਬੇਸ਼ੱਕ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਹੈ ਪ੍ਰੰਤੂ ਇਹ ਕਲੌਨੀ ਇਕੱਲੇ ਥਰਮਲ ਦੇ ਮੁਲਾਜਮਾਂ ਵਾਸਤੇ ਨਹੀਂ, ਬਲਕਿ ਪਾਵਰਕਾਮ ਦੇ ਬਠਿੰਡਾ ਵਿਖੇ ਤੈਨਾਤ ਸਮੂਹ ਮੁਲਾਜਮਾਂ ਲਈ ਬਣੀ ਹੋਈ ਹੈ।

ਯੋਜਨਾ ਹਾਲੇ ਮੁਢਲੇ ਪੜਾਅ 'ਤੇ: ਡਿਪਟੀ ਕਸਿਮਨਰ
ਬਠਿੰਡਾ: ਉਧਰ ਸੰਪਰਕ ਕਰਨ 'ਤੇ ਪੁਸਟੀ ਕਰਦਿਆਂ ਡਿਪਟੀ ਕਮਿਸ਼ਨਰ ਬੀ.ਨਿਵਾਸਨ ਨੇ ਦਾਅਵਾ ਕੀਤਾ ਕਿ ਇਹ ਯੋਜਨਾ ਹਾਲੇ ਮੁਢਲੇ ਪੜਾਅ ਉਪਰ ਹੈ ਤੇ ਸਬੰਧਤ ਵਿਭਾਗਾਂ ਨਾਲ ਵਿਚਾਰ-ਵਿਟਾਂਦਰਾ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹਾਲੇ ਇੱਥੋਂ ਕੀ ਤਬਦੀਲ ਕੀਤਾ ਜਾਣਾ ਹੈ ਜਾਂ ਕੀ ਨਹੀਂ, ਇਸ ਬਾਰੇ ਵੀ ਆਉਣ ਵਾਲੇ ਸਮੇਂ ਵਿਚ ਕੁੱਝ ਦਸਿਆ ਜਾ ਸਕਦਾ ਹੈ।

No comments

Post a Comment

Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ

Link to Commenting Guidelines