ਦਲਿਤ ਭਾਈਚਾਰਾਂ ਦਿੱਲੀ ਗਏ ਕਿਸਾਨਾਂ ਦੇ ਖੇਤਾਂ 'ਚ ਡਟਿਆ
ਪਿੰਡਾਂ ਦੇ ਗੁਰੂਘਰਾਂ 'ਚੋਂ ਸਪੀਕਰਾਂ ਰਾਹੀਂ ਕਿਸਾਨਾਂ ਦੀ ਮੱਦਦ ਦੇ ਹੋਕੇ ਆਉਣ ਲੱਗੇ
ਬਠਿੰਡਾ, 06 ਦਸੰਬਰ: ਦਿੱਲੀ 'ਚ ਇਤਿਹਾਸ ਰਚਣ ਜਾ ਰਹੇ ਕਿਸਾਨ ਸੰਘਰਸ਼ ਨੇ ਪਿੰਡਾਂ 'ਚ ਟੁੱਟ ਰਹੀ ਭਾਈਚਾਰਕ ਤੰਦ ਨੂੰ ਵੀ ਮੁੜ ਮਜਬੂਤ ਕਰਨ ਦਾ ਕੰਮ ਕੀਤਾ ਹੈ। ਪਿੰਡਾਂ 'ਚ ਦਹਾਕਿਆਂ ਪਹਿਲਾਂ ਵਾਲਾ ਪੁਰਾਂਤਨ ਪੇਂਡੂ ਸੱਭਿਆਚਾਰ ਮੁੜ ਰੂਪਮਾਨ ਹੋਣ ਲੱਗਾ ਹੈ। ਦਿੱਲੀ ਗਏ ਕਿਸਾਨਾਂ ਦੇ ਖੇਤਾਂ ਤੇ ਘਰੇਲੂ ਕੰਮਾਂ-ਕਾਰਾਂ ਲਈ ਹੁਣ ਆਪ ਮੁਹਾਰੇ ਪਿੰਡਾਂ ਦੇ ਗੁਰੂ ਘਰਾਂ ਦੇ ਸਪੀਕਰਾਂ 'ਚ ਹੋਕੇ ਸੁਣਾਈ ਦੇਣ ਲੱਗੇ ਹਨ। ਦਲਿਤ ਭਾਈਚਾਰਾਂ ਵੀ ਇੰਨ੍ਹਾਂ ਸੰਘਰਸ਼ਸੀਲ ਕਿਸਾਨਾਂ ਦੀ ਪਿੱਠ 'ਤੇ ਆ ਗਿਆ ਹੈ। ਕਿਸੇ ਪਿੰਡ 'ਚ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਵਿਚੋਂ ਨਰਮੇ ਦੀਆਂ ਛਟੀਆਂ ਪੁੱਟੀਆਂ ਜਾ ਰਹੀਆਂ ਹਨ ਤੇ ਕਿਸੇ ਕਿਸਾਨ ਦੇ ਖੇਤਾਂ ਵਿਚ ਕਣਕ ਬੀਜ਼ੀ ਜਾ ਰਹੀ ਹੈ। ਇਸੇ ਤਰ੍ਹਾਂ ਕਣਕਾਂ ਨੂੰ ਪਾਣੀ ਲਗਾਉਣ ਤੋਂ ਲੈ ਕੇ ਖਾਦ ਪਾਉਣ ਦਾ ਕੰਮ ਵੀ ਇੱਥੇ ਰਹਿ ਗਏ ਕਿਸਾਨਾਂ ਤੇ ਮਜਦੂਰਾਂ ਵਲੋਂ ਕੀਤਾ ਜਾ ਰਿਹਾ। ਪ੍ਰੰਤੂ ਇਸ ਕੰਮ ਬਦਲੇ ਇੱਕ ਪੈਸਾ ਵੀ ਨਹੀਂ ਲਿਆ ਜਾ ਰਿਹਾ। ਇਸਤੋਂ ਇਲਾਵਾ ਉਨ੍ਹਾਂ ਦੇ ਘਰੇਲੂ ਕੰਮਾਂ ਵਿਚ ਵੀ ਵੱਧ ਚੜ੍ਹ ਕੇ ਸਹਿਯੋਗ ਮਿਲਣ ਲੱਗਾ ਹੈ। ਦਿੱਲੀ ਬੈਠੇ ਜ਼ਿਲ੍ਹੇ ਦੇ ਪਿੰਡ ਮੋੜ ਖੁਰਦ ਦੇ ਕਿਸਾਨ ਮਨਦੀਪ ਸਿੰਘ ਦੇ ਘਰ ਲੱਗੇ ਰਾਜ ਮਿਸਤਰੀਆਂ ਲਈ ਹੁਣ ਆਪ ਮੁਹਾਰੇ ਬੰਦੇ ਆਉਣ ਲੱਗੇ ਹਨ। ਕਿਸਾਨ ਮਨਦੀਪ ਸਿੰਘ ਨੂੰ ਪਿੰਡੋਂ ਹਰ ਤਰ੍ਹਾਂ ਦੀ ਮੱਦਦ ਵਾਲੇ ਹੋਸਲੇ ਭਰੇ ਸੁਨੇਹੇ ਮਿਲਣ ਲੱਗੇ ਹਨ। ਦਿੱਲੀ ਬੈਠੇ ਪਿੰਡ ਰਾਮਗੜ੍ਹ ਭੂੰਦੜ ਦੇ ਕਿਸਾਨ ਗੁਰਮੇਲ ਸਿੰਘ ਨੇ ਦਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਯੂਨੀਅਨ ਦੇ ਨਾਲ ਸੰਘਰਸ਼ ਦੇ ਮੋਰਚੇ ਉਪਰ ਹੈ ਪਰ ਬਾਅਦ ਵਿਚ ਪਿੰਡ ਦੇ ਲੋਕਾਂ ਨੇ ਉਸਦੇ ਖੇਤਾਂ ਵਿਚੋਂ ਖੁਦ ਹੀ ਨਰਮੇ ਦੀਆਂ ਛਟੀਆਂ ਪੁੱਟ ਕੇ ਕਣਕ ਦੀ ਬੀਜਾਈ ਕਰ ਦਿੱਤੀ ਹੈ। ਗੁਰਮੇਲ ਮੁਤਾਬਕ ਉਹ ਪਿੰਡ ਦੇ ਲੋਕਾਂ ਦੇ ਹੋਸਲੇ ਨਾਲ ਹੁਣ ਮੋਰਚਾ ਫ਼ਤਿਹ ਕਰਕੇ ਹੀ ਵਾਪਸ ਪਰਤੇਗਾ। ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ 'ਚ ਦਲਿਤ ਵਿਹੜੇ ਦੇ ਨੌਜਵਾਨਾਂ ਨੇ ਇਕੱਠ ਕਰਕੇ ਦਿੱਲੀ ਗਏ ਕਿਸਾਨਾਂ ਦੇ ਖੇਤਾਂ ਨੂੰ ਸਾਂਭਣ ਦਾ ਐਲਾਨ ਕੀਤਾ ਹੈ। ਜਿਸਦੀ ਹਰ ਪਾਸੇ ਸਲਾਘਾ ਹੋ ਰਹੀ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖੁੰੰਡੇ ਹਲਾਲ 'ਚ ਖੇਤ ਮਜਦੂਰ ਯੂਨੀਅਨ ਦੇ ਮੈਂਬਰਾਂ ਨੇ ਕਿਸਾਨ ਸੰਘਰਸ਼ 'ਚ ਡਟੇ ਜਿਮੀਂਦਾਰਾਂ ਦੀ ਮੱਦਦ ਦਾ ਫੈਸਲਾ ਲਿਆ ਹੈ। ਦਿੱਲੀ ਬੈਠੇ ਕਿਸਾਨ ਮੰਦਰ ਸਿੰਘ ਦੇ ਘਰ ਜਾ ਕੇ ਦਲਿਤ ਮਹਿਲਾਵਾਂ ਨੇ ਉਸਦੀ ਪਤਨੀ ਭਜਨ ਕੌਰ ਨੂੰ ਹਰ ਇਮਦਾਦ ਦਾ ਭਰੋਸਾ ਦਿਵਾਇਆ ਹੈ। ਇਸ ਪਿੰਡ ਦਾ ਮਜਦੂਰ ਆਗੂ ਤਰਸੇਮ ਸਿੰਘ ਪਿੰਡ 'ਚ ਰਹਿ ਕੇ ਦਲਿਤ ਮਜਦੂਰਾਂ ਨੂੰ ਮੋਰਚੇ 'ਤੇ ਡਟੇ ਕਿਸਾਨਾਂ ਦੇ ਘਰਾਂ ਤੇ ਖੇਤਾਂ ਦਾ ਕੰਮ ਸੰਭਾਲਣ ਲਈ ਪ੍ਰੇਰ ਰਿਹਾ। ਇਸੇ ਤਰ੍ਹਾਂ ਇਸੇ ਜ਼ਿਲ੍ਹੇ ਦੇ ਖੂੰਨਣ ਖੁਰਦ ਦਾ ਕਾਲਾ ਸਿੰਘ ਕਿਸਾਨ ਸੰਘਰਸ ਦੇ ਯੋਧਿਆਂ ਨੂੰ ਪਿੱਛੇ ਕੰਮਾਂ ਦਾ ਫ਼ਿਕਰ ਨਾ ਕਰਨ ਲਈ ਹੋਸਲਾ ਦੇ ਰਿਹਾ। ਖੇਤ ਮਜਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਨੇ ਦਸਿਆ ਕਿ '' ਵੱਡੀ ਗਿਣਤੀ 'ਚ ਮਜਦੂਰ ਵੀ ਦਿੱਲੀ ਪੁੱਜੇ ਹੋਏ ਹਨ, ਉਹ ਖੁਦ ਦੋ ਦਿਨਾਂ ਲਈ ਅੱਜ ਹੀ ਵਾਪਸ ਮੁੜੇ ਹਨ।'' ਮਜਦੂਰ ਆਗੂ ਮੁਤਾਬਕ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ, ਬਲਕਿ ਮਜਦੂਰਾਂ ਦੀ ਹੋਂਦ ਉਪਰ ਵੀ ਸਵਾਲੀਆਂ ਨਿਸ਼ਾਨ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੰਨ੍ਹਾਂ ਖੇਤੀ ਬਿੱਲਾਂ ਤੋਂ ਬਾਅਦ ਵੱਡੇ ਕਾਰਪੋਰੇਟ ਘਰਾਣਿਆਂ ਦੇ ਆਉਣ ਨਾਲ ਮਜਦੂਰਾਂ ਦੇ ਪੇਟ ਉਪਰ ਵੀ ਲੱਤ ਵੱਜੇਗੀ। ਸਰਕਾਰ ਵਲੋਂ ਘੱਟੋ-ਘੱਟ ਕੀਮਤ ਤੋਂ ਪਿੱਛੇ ਹਟਣ ਕਾਰਨ ਜਨਤਕ ਵੰਡ ਪ੍ਰਣਾਲੀ ਲਈ ਅਨਾਜ਼ ਦੀ ਖਰੀਦ ਘਟੇਗੀ, ਜਿਸ ਨਾਲ ਗਰੀਬਾਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਦਸਿਆ ਕਿ ਯੂਨੀਅਨ ਵਲੋਂ ਪਿੰਡ-ਪਿੰਡ ਵਿਚ ਦਲਿਤ ਮਜਦੂਰਾਂ ਨੂੰ ਕਿਸਾਨਾਂ ਦੇ ਖੇਤਾਂ ਵਿਚ ਜਾਣ ਲਈ ਕਿਹਾ ਜਾ ਰਿਹਾ। ਦਿੱਲੀ ਬੈਠੇ ਕਿਸਾਨ ਆਗੂ ਜਸਵੀਰ ਸਿੰਘ ਸੇਮਾ ਨੇ ਦਸਿਆ ਕਿ ਉਨ੍ਹਾਂ ਵਲੋਂ ਪਿੰਡਾਂ 'ਚ ਰਹਿ ਗਏ ਕਿਸਾਨਾਂ ਨੂੰ ਅਪਣੇ ਸਾਥੀਆਂ ਕਿਸਾਨਾਂ ਦੇ ਪ੍ਰਵਾਰਾਂ ਦੀ ਬਾਂਹ ਫ਼ੜਣ ਤੇ ਖੇਤਾਂ ਦੀ ਸੰਭਾਲ ਲਈ ਪ੍ਰੇਰਤ ਕੀਤਾ ਜਾ ਰਿਹਾ। ਉਨ੍ਹਾਂ ਦਸਿਆ ਕਿ ਦਿੱਲੀ ਬੈਠੇ ਕਿਸਾਨਾਂ ਨੂੰ ਭਾਈਚਾਰੇ ਦੁਆਰਾ ਬਾਂਹ ਫ਼ੜਣ ਨਾਲ ਵੱਡਾ ਹੋਸਲਾ ਮਿਲਿਆ ਹੈ।
great article baiji
ReplyDeleteMeaningful article. Good job Aman to spread this.
DeleteJai jawaan jai Kisaan
ReplyDelete