ਕਿਸਾਨ ਯੂਨੀਅਨ ਕਾਨਫਰੰਸ ਲਈ ਬਜਿੱਦ
ਸੁਖਜਿੰਦਰ ਮਾਨ
ਬਠਿੰਡਾ, 7 ਅਪ੍ਰੈਲ :-ਸੂਬੇ ਦੇ ਧਾਰਮਿਕ ਤੇ ਸਿਆਸੀ ਖੇਤਰ ’ਚ ਮਹੱਤਵਪੂਰਨ ਸਥਾਨ ਰੱਖਣ ਵਾਲੀ ਦਮਦਮਾ ਸਾਹਿਬ ਦੀ ਧਰਤੀ ’ਤੇ ਚੋਣ ਵਰ੍ਹੇਂ ਦੌਰਾਨ ਵਿਸਾਖੀ ਮੌਕੇ ਸਿਆਸੀ ਕਾਨਫਰੰਸਾਂ ਨਹੀਂ ਹੋਣਗੀਆਂ। ਜਦੋਂਕਿ ਕਿਸਾਨਾਂ ਵਿਚ ਵੱਡਾ ਪ੍ਰਭਾਵ ਰੱਖਣ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂਆਂ ਨੇ ਹਰ ਹਾਲਾਤ ’ਚ ਇੱਥੇ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ ਤੇ ਇਸਦੇ ਲਈ ਬਕਾਇਦਾ ਤਿਆਰੀਆਂ ਵੀ ਵਿੱਢ ਦਿੱਤੀਆਂ ਹਨ। ਦੂਜੇ ਪਾਸੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਾਨਫਰੰਸ ਕਰਨ ਦੀ ਤਿਆਰੀ ਵਿੱਢ ਦਿੱਤੀ ਸੀ। ਦੋ ਦਿਨ ਪਹਿਲਾਂ ਦਲ ਵਲੋਂ ਕਾਨਫਰੰਸ ਦੀ ਮੰਨਜੂਰੀ ਲੈਣ ਤੋਂ ਇਲਾਵਾ ਤਿਆਰੀਆਂ ਲਈ ਅੱਜ ਪਿੰਡ ਬਾਦਲ ਵਿਖੇ ਵੀ ਮੀਟਿੰਗ ਕੀਤੀ ਗਈ। ਪ੍ਰੰਤੂ ਹੁਣ ਪਾਰਟੀ ਦੇ ਆਗੂ ਦੁਚਿੱਤੀ ਵਿਚ ਪੈ ਗਏ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਧਾਰਮਿਕ ਸਥਾਨਾਂ ’ਤੇ ਸਿਆਸੀ ਕਾਨਫਰੰਸ ਨਾ ਕਰਨ ਦੇ ਐਲਾਨ ਉਪਰ ਅਡਿੱਗ ਹੈ ਪ੍ਰੰਤੂ ਕਾਂਗਰਸ ’ਚ ਇਹ ਨਵਾਂ ਰਿਕਾਰਡ ਵੀ ਬਣਨ ਜਾ ਰਿਹਾ ਹੈ ਕਿ ਸੂਬੇ ਵਿਚ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਮੁੱਖ ਮੰਤਰੀ ਲਗਾਤਾਰ ਪੰਜ ਸਾਲ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਨਤਮਸਤਕ ਨਾ ਹੋਏ ਹੋਣ।
ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਵਲੋਂ ਅੱਜ ਇੱਕ ਵਿਸੇਸ ਹੁਕਮ ਜਾਰੀ ਕਰਕੇ ਸੂਬੇ ’ਚ ਹੋਣ ਵਾਲੇ ਸਿਆਸੀ ਇਕੱਠਾਂ ਉਪਰ ਰੋਕ ਲਗਾ ਦਿੱਤੀ ਹੈ। ਜਿਸਦੇ ਚੱਲਦੇ ਹੁਣ ਅਕਾਲੀ ਦਲ ਵਲੋਂ ਵੀ ਲੋਕਹਿਤ ਵਿਚ ਅਪਣੇ ਪੈਰ ਪਿਛਾਂਹ ਖਿੱਚਣ ਦੀ ਹੀ ਸੰਭਾਵਨਾ ਹੈ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਪੰਜ ਸਾਲਾਂ ’ਚ ਦਮਦਮਾ ਸਾਹਿਬ ਦੀ ਧਰਤੀ ’ਤੇ ਸਿਰਫ ਦੋ ਵਾਰ ( ਸਾਲ 2017 ਅਤੇ 2018) ਵਿਚ ਹੀ ਸਿਆਸੀ ਕਾਨਫਰੰਸਾਂ ਹੋਈਆਂ ਹਨ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਇੰਨ੍ਹਾਂ ਦੋਨਾਂ ਕਾਨਫਰੰਸਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਜ਼ਰ ਨਹੀਂ ਹੋਏ ਸਨ। ਜਦੋਂਕਿ ਅਕਾਲੀ ਦਲ ਦੀ ਇੱਕ ਕਾਨਫਰੰਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਪੁੱਜੇ ਸਨ। ਸਾਲ 2019 ਵਿਚ ਪੰਥਕ ਧਿਰਾਂ ਵਲੋਂ ਧਾਰਮਿਕ ਸਥਾਨਾਂ ’ਤੇ ਸਿਆਸੀ ਪਾਰਟੀਆਂ ਵਲੋਂ ਕਾਨਫਰੰਸਾਂ ਨਾ ਕਰਨ ਦੇ ਦਿੱਤੇ ਸੱਦੇ ਦੇ ਚੱਲਦਿਆਂ ਕਿਸੇ ਵੀ ਧਿਰ ਨੇ ਇੱਥੇ ਸਿਆਸੀ ਕਾਨਫਰੰਸ ਨਹੀਂ ਕੀਤੀ ਸੀ। ਇਸੇ ਤਰ੍ਹਾਂ ਪਿਛਲੇ ਸਾਲ ਵੀ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਤਾਲਾਬੰਦੀ ਲੱਗੀ ਹੋਣ ਕਾਰਨ ਸਿਆਸੀ ਕਾਨਫਰੰਸਾਂ ਨਹੀਂ ਹੋ ਸਕੀਆਂ ਸਨ। ਕਾਂਗਰਸ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਖੁਸਬਾਜ਼ ਸਿੰਘ ਜਟਾਣਾ ਨੇ ਦਾਅਵਾ ਕੀਤਾ ਕਿ ‘‘ ਪਾਰਟੀ ਦਾ ਧਾਰਮਿਕ ਮੇਲਿਆਂ ਉਪਰ ਸਿਆਸੀ ਕਾਨਫਰੰਸਾਂ ਨਾ ਕਰਨ ਦਾ ਫੈਸਲਾ ਲਿਆ ਹੋਇਆ ਹੈ ਤੇ ਹੁਣ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਇਕੱਠ ਰੋਕਣੇ ਹੋਰ ਵੀ ਵੱਡੀ ਜਿੰਮੇਵਾਰੀ ਬਣ ਗਈ ਹੈ, ਜਿਸਦੇ ਚੱਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਲੋਕ ਹਿੱਤ ’ਚ ਲਏ ਫੈਸਲੇ ਨੂੰ ਲਾਗੂ ਕਰਨਾ ਸਾਰਿਆਂ ਦਾ ਫ਼ਰਜ ਬਣਦਾ ਹੈ। ’’ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦਾਅਵਾ ਕੀਤਾ ਕਿ ‘‘ ਉਨ੍ਹਾਂ ਵਲੋਂ ਕਾਨਫਰੰਸ ਦੀਆਂ ਤਿਆਰੀਆਂ ਜਰੂਰ ਵਿੱਢੀਆਂ ਹੋਈਆਂ ਹਨ ਪ੍ਰੰਤੂ ਸਰਕਾਰ ਦੀਆਂ ਨਵੀਆਂ ਹਿਦਾਇਤਾਂ ਤੋਂ ਬਾਅਦ ਮੁੜ ਚਰਚਾ ਕੀਤੀ ਜਾਵੇਗੀ ਤੇ ਉਹ ਲੋਕ ਹਿੱਤ ਵਿਚ ਫੈਸਲਾ ਲੈਣਗੇ। ’’
ਬਾਕਸ
ਕਰੋਨਾ ਦਾ ਰੋਲਾ ਕਿਸਾਨੀ ਅੰਦੋਲਨ ਨੂੰ ਢਾਹ ਲਗਾਉਣ ਲਈ: ਕਿਸਾਨ ਆਗੂ
ਬਠਿੰਡਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਸੰਪਰਕ ਕਰਨ ‘ਤੇ ਦਮਦਮਾ ਸਾਹਿਬ ਵਿਖੇ ਹਰ ਹਾਲਾਤ ’ਚ ਕਾਨਫਰੰਸ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ‘‘ ਅਸਲ ਵਿਚ ਸਿਆਸੀ ਧਿਰਾਂ ਅੰਦਰਖਾਤੇ ਇਕਜੁਟ ਹਨ ਤੇ ਉਹ ਕਰੋਨਾ ਦਾ ਰੋਲਾ ਪਾ ਕੇ ਕਿਸਾਨੀ ਅੰਦੋਲਨ ਨੂੰ ਢਾਹ ਲਗਾਉਣ ਵਿਚ ਜੁਟੀਆਂ ਹੋਈਆਂ ਹਨ। ’’ ਕਿਸਾਨ ਆਗੂ ਮੁਤਾਬਕ ਜਥੈਬੰਦੀ ਵਲੋਂ ਇਸ ਕਾਨਫਰੰਸ ਲਈ ਲਾਮਬੰਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਇਸ ਮੌਕੇ ਸਰਕਾਰਾਂ ਦੀਆਂ ਨੀਤੀਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines