ਸਰਕਾਰਾਂ ਤੋਂ ਬਾਅਦ ਕਿਸਾਨਾਂ ’ਤੇ ਕੁਦਰਤ ਦੀ ਕਰੋਪੀ
ਮਾਹਰਾਂ ਮੁਤਾਬਕ ਬਾਰਸਾਂ ਦੀ ਘਾਟ ਕਾਰਨ ਝਾੜ ’ਤੇ ਪਿਆ ਅਸਰ
ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ: ਪਹਿਲਾਂ ਹੀ ਕਾਲੇ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਸਰਕਾਰਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਹੁਣ ਕਣਕ ਦਾ ਝਾੜ ਨਿਕਲਣ ਕਾਰਨ ਦੂਹਰੀ ਮਾਰ ਪੈ ਗਈ ਹੈ। ਮੁਢਲੇ ਰੁਝਾਨਾਂ ਮੁਤਾਬਕ ਪ੍ਰਤੀ ਏਕੜ ਇੱਕ ਤੋਂ ਦੋ ਕੁਇੰਟਲ ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਘੱਟ ਨਿਕਲ ਰਿਹਾ ਹੈ। ਕੇਂਦਰ ਵਲੋਂ ਕਣਕ ਦਾ ਘੱਟੋਂ ਘੱਟ ਰੇਟ 1975 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਮਾਹਰਾਂ ਮੁਤਾਬਕ ਜੇਕਰ ਡੇਢ ਕੁਇੰਟਲ ਵੀ ਪ੍ਰਤੀ ਏਕੜ ਝਾੜ ਘੱਟ ਨਿਲਿਆਂ ਤਾਂ ਵੀ ਸੂਬੇ ਦੇ ਕਿਸਾਨਾਂ ਨੂੰ 2500 ਕਰੋੜ ਦਾ ਆਰਥਿਕ ਘਾਟਾ ਸਹਿਣਾ ਪਏਗਾ। ਸੂਬਾ ਸਰਕਾਰ ਵਲੋਂ ਇਸ ਵਾਰ ਮੰਡੀਆਂ ’ਚ 130 ਲੱਖ ਮੀਟਰਕ ਟਨ ਕਣਕ ਆਉਣ ਦੀ ਉਮੀਦ ਰੱਖੀ ਹੋਈ ਹੈ ਪ੍ਰੰਤੂ ਝਾੜ ਦੇ ਘਟਣ ਕਾਰਨ ਇਹ ਟੀਚਾ ਪੂਰਾ ਹੋਣ ਦੀ ਘੱਟ ਹੀ ਸੰਭਾਵਨਾ ਹੈ। ਪਿਛਲੇ ਸੀਜ਼ਨ ਦੌਰਾਨ 124 ਲੱਖ ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਪੰਜਾਬ ’ਚ ਇਸ ਸੀਜ਼ਨ ਦੌਰਾਨ ਕੁੱਲ 35.21 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਈ ਕੀਤੀ ਹੋਈ ਹੈ। ਖੇਤੀ ਮਾਹਰਾਂ ਮੁਤਾਬਕ ਕਣਕ ਦੀ ਫ਼ਸਲ ’ਤੇ ਮੀਂਹ ਦੀ ਕਮੀ ਤੇ ਦਾਣਾ ਪੱਕਣ ਸਮੇਂ ਪਈ ਜਿਆਦਾ ਗਰਮੀ ਨੇ ਝਾੜ ’ਤੇ ਅਸਰ ਪਾਇਆ ਹੈ। ਅਚਾਨਕ ਪਈ ਗਰਮੀ ਕਾਰਨ ਕਣਕ ਦਾ ਦਾਣਾ ਪਿਚਕ ਗਿਆ ਹੈ। ਕਣਕ ਦਾ ਝਾੜ ਘਟਣ ਤੇ ਦਾਣਾ ਛੋਟਾ ਰਹਿਣ ਕਾਰਨ ਕਿਸਾਨ ਫਿਕਰਮੰਦ ਹੋ ਗਏ ਹਨ।
ਕਿਸਾਨਾਂ ਮੁਤਾਬਕ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਝੰਡਾ ਚੁੱਕਣ ਵਾਲੇ ਪੰਜਾਬ ਨੂੰ ਸਬਕ ਸਿਖਾਉਣ ਦੀ ਤਾਕ ’ਚ ਬੈਠੀ ਮੋਦੀ ਸਰਕਾਰ ਹੁਣ ਇਸਦੀ ਖ਼ਰੀਦ ਵਿਚ ਵੀ ਦਿੱਕਤ ਖ਼ੜੀ ਕਰ ਸਕਦੀ ਹੈ। ਗੌਰਤਲਬ ਹੈ ਕਿ ਪਹਿਲਾਂ ਹੀ ਕਿਸਾਨਾਂ ਨੂੰ ਆੜਤੀਆਂ ਨਾਲੋਂ ਅਲੱਗ ਕਰਨ ਦੇ ਇਰਾਦੇ ਨਾਲ ਸਰਕਾਰ ਵਲੋਂ ਸਿੱਧੀ ਅਦਾਇਗੀ ਦਾ ਸਟੈਂਡ ਲਿਆ ਗਿਆ ਹੈ। ਇਸਤੋਂ ਇਲਾਵਾ ਕਣਕ ਦੀ ਖ਼ਰੀਦ ਦੀਆਂ ਸਰਤਾਂ ਵੀ ਸਖ਼ਤ ਕੀਤੀਆਂ ਗਈਆਂ ਹਨ। ਸੂਬੇ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਵੀ ਤੈਅਸੁਦਾ ਟੀਚੇ ਤੋਂ ਘੱਟ ਕਣਕ ਮੰਡੀਆਂ ’ਚ ਆਉਣ ਦਾ ਅਨੁਮਾਨ ਲਗਾ ਰਹੇ ਹਨ। ਜਦੋਂਕਿ ਪਿਛਲੇ ਸੀਜਨ ਦੌਰਾਨ ਝੋਨੇ ਦੀ ਖ਼ਰੀਦ ’ਚ ਪੰਜਾਬ ਨੇ ਵੱਡਾ ਰਿਕਾਰਡ ਤੋੜਿਆ ਸੀ। ਕਿਸਾਨ ਰੇਸ਼ਮ ਸਿੰਘ ਯਾਤਰੀ ਨੇ ਦਸਿਆ ਕਿ ‘‘ ਕਣਕ ਦੀ ਫ਼ਸਲ ਬੀਜਣ ਤੋਂ ਬਾਅਦ ਭਰਵੀਂ ਬਾਰਸ਼ ਨਾ ਹੋਣ ਅਤੇ ਅਚਾਨਕ ਗਰਮੀ ਵਧਣ ਕਾਰਨ ਝਾੜ ’ਤੇ ਅਸਰ ਪਿਆ ਹੈ। ’’ ਜੈਤੋ ਦੀ ਅਨਾਜ਼ ਮੰਡੀ ’ਚ ਬੈਠੇ ਕਿਸਾਨ ਯਾਦਵਿੰਦਰ ਸਿੰਘ ਨੇ ਵੀ ਇਸਦੀ ਪੁਸ਼ਟੀ ਕਰਦਿਆਂ ਪਿਛਲੇ ਸਾਲ ਦੇ ਮੁਕਾਬਲੇ ਡੇਢ ਤੋਂ ਦੋ ਕੁਇੰਟਲ ਪ੍ਰਤੀ ਏਕੜ ਕਣਕ ਘੱਟ ਨਿਕਲਣ ਬਾਰੇ ਦਸਿਆ। ਮੁੱਖ ਖੇਤੀਬਾੜੀ ਅਫ਼ਸਰ ਡਾ ਬਹਾਦਰ ਸਿੰਘ ਸਿੱਧੂ ਨੇ ਦਸਿਆ ਕਿ ਕਣਕ ਦੇ ਝਾੜ ਦੇ ਅੰਕੜੇ ਇਕੱਤਰ ਕੀਤੇ ਜਾ ਰਹੇ ਹਨ। ਜ਼ਿਲ੍ਹੇ ਵਿਚ ਪਿਛਲੇ ਸਾਲ ਤੇ ਚਾਲੂ ਸਾਲ ਦੌਰਾਨ ਕਰੀਬ ਢਾਈ ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬੀਜਾਂਦ ਕੀਤੀ ਗਈ ਸੀ। ਅੰਕੜਿਆਂ ਮੁਤਾਬਕ ਪਿਛਲੇ ਸਾਲ ਕਣਕ ਦਾ ਝਾੜ ਸੂਬੇ ਪੱਧਰ ’ਤੇ ਸਾਢੇ 50 ਮਣ ਰਿਹਾ ਸੀ ਪ੍ਰੰਤੂ ਇਸ ਵਾਰ ਘਟਣ ਦੀ ਉਮੀਦ ਹੈ। ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਕੁਦਰਤੀ ਆਫਤਾਂ ਕਾਰਨ ਹੋਣ ਵਾਲੇ ਨੁਕਸਾਨ ਦੇ ਚੱਲਦਿਆਂ ਸਰਕਾਰ ਨੂੰ ਹੁਣ ਨਰਮੇ ਤੇ ਝੋਨੇ ਦੀ ਫ਼ਸਲ ਲਈ ਬੀਜਾਂ ਅਤੇ ਡੀਜ਼ਲ ਉਪਰ ਸਬਸਿਡੀ ਦੇਣੀ ਚਾਹੀਦੀ ਹੈ।
No comments
Post a Comment
Users are strongly suggested to read the commenting guidelines and rules at the this link :
ਪਾਠਕਾਂ ਨੂੰ ਇਸ ਲਿੰਕ ਤੇ ਟਿੱਪਣੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਨੂੰ ਪੜ੍ਹਨ ਲਈ ਪੁਰਜ਼ੋਰ ਸੁਝਾਅ ਦਿੱਤਾ ਗਿਆ ਹੈ
Link to Commenting Guidelines