ਵੱਡੀ ਗਿਣਤੀ ’ਚ ਪੁੱਜੀ ਪੁਲਿਸ ਨੇ ਕੀਤਾ ਬਚਾਅ
ਭਾਜਪਾ ਦੇ ਮਹਿਲਾ ਵਿੰਗ ਦੇ ਵਰਕਰਾਂ ਨੇ ਪ੍ਰਸ਼ਾਸਨ ਨੂੰ ਸੋਂਪੀਆਂ ਚੂੜੀਆਂ
ਸੁਖਜਿੰਦਰ ਮਾਨ
ਬਠਿੰਡਾ, 7 ਅਪ੍ਰੈਲ :-ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਨੂੰ ਘੇਰਨ ਪੁੱਜੇ ਭਾਜਪਾਈਆਂ ਨੂੰ ਅੱਜ ਕਿਸਾਨਾਂ ਨੇ ਘੇਰ ਲਿਆ। ਮਲੋਟ ’ਚ ਪਾਰਟੀ ਵਿਧਾਇਕ ਤੇ ਹੋਰਨਾਂ ਆਗੂਆਂ ਉਪਰ ਹੋ ਰਹੇ ਹਮਲਿਆਂ ਦੇ ਵਿਰੋਧ ‘ਚ ਸਰਕਾਰ ਨੂੰ ਨਮੋਸ਼ੀ ਦੇਣ ਲਈ ਚੂੜੀਆਂ ਦੇਣ ਪੁੱਜੇ ਆਗੂਆਂ ਵਿਰੁਧ ਕਿਸਾਨਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਹੁਣ ਔਰਤਾਂ ਨੂੰ ਅੱਗੇ ਲਗਾ ਕੇ ਅਜਿਹੇ ਪ੍ਰਦਰਸ਼ਨ ਕਰ ਰਹੀ ਹੈ।
ਇਸ ਦੌਰਾਨ ਭਾਜਪਾ ਆਗੂ ਤੇ ਵਰਕਰ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦੇ ਰਹੇ। ਦਸਣਾ ਬਣਦਾ ਹੈ ਕਿ ਭਾਜਪਾ ਦੇ ਮਹਿਲਾ ਮੋਰਚਾ ਵਲੋਂ ਹਮਲਿਆਂ ਦੇ ਵਿਰੋਧ ’ਚ ਵਿੱਤ ਮੰਤਰੀ ਪੰਜਾਬ ਦੇ ਦਫਤਰ ਨਜਦੀਕ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਪ੍ਰੰਤੂ ਇਸ ਦੌਰਾਨ ਇਸਦੀ ਭਿਣਕ ਕਿਸਾਨਾਂ ਨੂੰ ਵੀ ਲੱਗ ਗਈ ਤੇ ਕਰੀਬ ਅੱਧੀ ਦਰਜ਼ਨ ਕਿਸਾਨ ਭਾਜਪਾ ਦੇ ਪ੍ਰਦਰਸ਼ਨ ਨਜਦੀਕ ਪੁੱਜ ਗਏ। ਸਥਿਤੀ ਨੂੰ ਤਣਾਅਪੂਰਨ ਹੋਣ ਤੋਂ ਬਚਾਉਣ ਲਈ ਐਸ.ਪੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕਰ ਦਿੱਤੀ ਗਈ।
ਇਸਤੋਂ ਇਲਾਵਾ ਪੁਲਿਸ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਹੋਰਨਾਂ ਆਗੂਆਂ ਨੂੰ ਮਹਿਲਾ ਵਿੰਗ ਦੀਆਂ ਵਰਕਰਾਂ ਸਹਿਤ ਪੁਲਿਸ ਨੇ ਵਿਤ ਮੰਤਰੀ ਦੇ ਦਫਤਰ ਪਹੁੰਚਣ ਤੋਂ ਪਹਿਲਾਂ ਹੀ ਬੈਰੀਗੇਡ ਲਗਾ ਕੇ ਰੋਕ ਦਿੱਤਾ। ਜਿਸਤੋਂ ਬਾਅਦ ਭਾਜਪਾ ਆਗੂਆਂ ਨੇ ਇਸ ਬੈਰੀਗੇਡ ਕੋਲ ਸੜਕ ’ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪਾਰਟੀ ਆਗੂਆਂ ਨੇ ਦੋਸ਼ ਲਗਾਇਆ ਕਿ ਕਿਸਾਨਾਂ ਦੀ ਆੜ ’ਚ ਕਾਂਗਰਸ ਤੇ ਹੋਰ ਸਿਆਸੀ ਧਿਰਾਂ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੀਆਂ ਹਨ ਤੇ ਸੂਬੇ ਵਿਚ ਅਮਨ ਕਾਨੂੰਨੀ ਸਥਿੱਤੀ ਵਿਗੜੀ ਹੋਈ ਹੈ। ਜਿਸਦੇ ਚੱਲਦੇ ਅੱਜ ਉਹ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਚੂੜੀਆਂ ਭੇਂਟ ਕਰ ਲਈ ਆਏ ਹਨ। ਉਧਰ ਸੂਚਨਾ ਮਿਲਣ ’ਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਵੀ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਭਾਜਪਾ ਆਗੂਆਂ ਨੂੰ ਸ਼ਾਂਤ ਕਰਦਿਆਂ ਚੂੜੀਆਂ ਹਾਸਲ ਕੀਤੀਆਂ। ਇਸ ਮੌਕੇ ਭਾਜਪਾ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਮੋਨਾ ਜੈਸਵਾਲ, ਜਿਲ੍ਹਾ ਪ੍ਰਧਾਨ ਮਮਤਾ ਜੈਨ, ਬਠਿੰਡਾ ਇੰਚਾਰਜ ਮਨਜੋਤ ਕੌਰ, ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਸੀਨੀਅਰ ਆਗੂ ਉਮੇਸ਼ ਸ਼ਰਮਾ, ਰਾਜੇਸ਼ ਨੋਨੀ, ਵਰਿੰਦਰ ਸ਼ਰਮਾ ਆਦਿ ਮੌਜੂਦ ਸਨ।
Good post
ReplyDelete