
in
featured
ਕਦੇ ਹਿਮਾਇਤ ਤੇ ਕਦੇ ਵਿਰੋਧ ਨੇ ਅਕਾਲੀਆਂ ਦੀ ਸਥਿਤੀ ਹਾਸੋਹੀਣੀ ਬਣੀ
43 ਸਾਲਾਂ ਬਾਅਦ ਅਕਾਲੀ-ਭਾਜਪਾ ਗਠਜੋੜ ਨਾਜ਼ੁਕ ਮੋੜ 'ਤੇ
ਕਦੇ ਹਿਮਾਇਤ ਤੇ ਕਦੇ ਵਿਰੋਧ ਨੇ ਅਕਾਲੀਆਂ ਦੀ ਸਥਿਤੀ ਹਾਸੋਹੀਣੀ ਬਣੀ
ਸੁਖਜਿੰਦਰ ਮਾਨ
ਬਠਿੰਡਾ, 16 ਸਤੰਬਰ : ਪਿਛਲੇ ਕਰੀਬ ਅੱਠ ਸਾਲਾਂ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸੱਤਾ 'ਚ ਹੁੰਦੇ ਸਮੇਂ ਹੀ 'ਨੂੰਹ-ਮਾਸ' ਦੇ ਰਿਸ਼ਤੇ 'ਚ ਆਈ ਤਰੇੜ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਜਿਸਦੇ ਚੱਲਦੇ ਅਪਣਿਆਂ ਤੋਂ ਖ਼ਤਰਾ ਮਹਿਸੂਸ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਵਲੋਂ 1977 'ਚ ਪਹਿਲੀ ਵਾਰ ਜਨਸੰਘੀਆਂ ਨਾਲ ਪਾਈ 'ਰਾਜਸ਼ੀ ਸਾਂਝ' ਹੁਣ ਖ਼ਤਮ ਹੋਣ ਦੇ ਨਾਜ਼ੁਕ ਮੋੜ 'ਤੇ ਪੁੱਜ ਗਈ ਹੈ। ਮੌਜੂਦਾ ਸਮੇਂ ਨਾ ਭਾਜਪਾ ਵਿਚ ਅਟਲ ਬਿਹਾਰੀ ਵਾਜ਼ਪਾਈ ਤੇ ਮਦਨ ਲਾਲ ਖ਼ੁਰਾਣਾ ਵਰਗੇ ਆਗੂ ਰਹੇ ਹਨ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਪ੍ਰਕਾਸ਼ ਸਿੰਘ ਬਾਦਲ ਦਾ ਗਲਬਾ ਨਾਮਤਰ ਰਹਿ ਗਿਆ ਹੈ। ਜਿਸ ਕਾਰਨ ਕੇਂਦਰ ਦੀ ਮੋਦੀ ਸਰਕਾਰ ਵਲੋਂ ਹੱਠਧਰਮੀ ਕਰਕੇ ਪਹਿਲਾਂ ਲਾਗੂ ਕੀਤੇ ਖੇਤੀ ਆਰਡੀਨੈਂਸਾਂ ਨੂੰ ਹੁਣ ਬਿੱਲ ਵਜੋਂ ਮੰਨਜੂਰ ਕਰਵਾਉਣ ਦੇ ਦ੍ਰਿੜ ਇਰਾਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਜਿਹੇ ਮੋੜ 'ਤੇ ਲਿਆ ਕੇ ਖ਼ੜਾ ਕਰ ਦਿੱਤਾ ਹੈ, ਜਿੱਥੇ ਜੇਕਰ ਉਹ ਅੱਗੇ ਵਧਦੇ ਹਨ ਤਾਂ ਖੂਹ ਹੈ ਤੇ ਜੇਕਰ ਪਿੱਛੇ ਮੁੜਦੇ ਹਨ ਤਾਂ ਖਾਈ ਦਿਖ਼ਾਈ ਦਿੰਦੀ ਹੈ। ਹਾਲਾਂਕਿ ਇਸ ਮਾਮਲੇ ਵਿਚ ਹੁਣ ਭਾਜਪਾਈ ਚੁੱਪ ਹਨ ਤੇ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਦੀ ਨੀਤੀ ਉਪਰ ਚੱਲ ਰਹੇ ਹਨ ਜਦੋਂਕਿ ਅਕਾਲੀ ਆਗੂਆਂ ਨੇ ਹੋਣੀ ਨੂੰ ਸਾਹਮਣੇ ਦੇਖਦਿਆਂ ਜ਼ਿਲ੍ਹਾ ਪੱਧਰ 'ਤੇ ਪ੍ਰੈਸ ਨੋਟ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ਦੇ ਸਟੈਂਡ ਦੀ ਸਲਾਘਾ ਕੀਤੀ ਹੈ। ਜਦੋਂਕਿ ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਪੱਕੀ ਵੋਟ ਮੰਨੀ ਜਾਂਦੇ ਸਿੱਖ ਪੰਥ ਦੀ ਨਰਾਜ਼ਗੀ ਪਹਿਲਾਂ ਹੀ ਬਾਦਲਾਂ ਨਾਲ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਦਿਖ਼ਾਈ ਦੇ ਰਹੀ ਸੀ ਤੇ ਹੁਣ ਕਿਸਾਨੀ ਵੋਟ ਬੈਂਕ ਨੂੰ ਬਚਾਉਣ ਲਈ 'ਮਰਦਾ ਕੀ ਨਾ ਕਰਦਾ' ਦੀ ਕਹਾਵਤ ਮੁਤਾਬਕ ਚੁੱਕਿਆ ਆਖ਼ਰੀ ਕਦਮ ਵੀ ਸਹੀ ਰਾਸਤੇ ਜਾਂਦਾ ਦਿਖ਼ਾਈ ਨਹੀਂ ਦੇ ਰਿਹਾ।
ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਆਰਡੀਨੈਂਸ ਲਾਗੂ ਕਰਨ ਤੋਂ ਲੈ ਕੇ ਦੋ ਦਿਨ ਪਹਿਲਾਂ ਤੱਕ ਇਸਦੇ ਹੱਕ ਵਿਚ ਡਟਦੇ ਆ ਰਹੇ ਅਕਾਲੀਆਂ ਵਲੋਂ ਅਚਾਨਕ ਲਈ 'ਯੂ-ਟਰਨ' ਵੀ ਉਨ੍ਹਾਂ ਦੇ ਹੱਕ ਵਿਚ ਭੁਗਤਦੀ ਦਿਖ਼ਾਈ ਨਹੀਂ ਦਿੰਦੀ, ਕਿਉਂਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਖ਼ੁਦ ਸੁਖਬੀਰ ਸਿੰਘ ਬਾਦਲ ਵਲੋਂ ਇੰਨ੍ਹਾਂ ਆਰਡੀਨੈਂਸਾਂ ਨੂੰ ਸਹੀ ਦਰਸਾਉਣ ਲਈ ਲਗਾਏ ਜੋਰ ਤੋਂ ਇਲਾਵਾ ਇਸ ਮਾਮਲੇ ਵਿਚ ਕਿਸਾਨਾਂ ਦਾ ਮਸੀਹਾ ਕਹਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਵੀ ਪਿਛਲੇ ਦਿਨੀਂ ਜਾਰੀ ਇੱਕ ਵੀਡੀਓ ਬਿਆਨ ਵਿਚ ਖੁੱਲ ਕੇ ਇਸ ਆਰਡੀਨੈਂਸਾਂ ਦੇ ਹੱਕ ਵਿਚ ਦੁਹਾਈ ਦਿੰਦੇ ਦਿਖ਼ਾਈ ਦਿੱਤੇ ਸਨ। ਜਿਸਤੋਂ ਬਾਅਦ ਹੁਣ ਅਚਾਨਕ ਸੰਸਦ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਡਟ ਕੇ ਕੀਤਾ ਵਿਰੋਧ ਤੇ ਗਠਜੋੜ ਵਿਚ ਸ਼ਾਮਲ ਹੁੰਦੇ ਹੋਏ ਵੀ ਇਸ ਬਿੱਲ ਵਿਰੁਧ ਪਾਈ ਵੋਟ ਤੋਂ ਬਾਅਦ ਹੁਣ ਮੋਦੀ-ਸ਼ਾਹ ਦੀ ਜੋੜੀ ਬਾਦਲ ਪ੍ਰਵਾਰ ਦੇ ਗਲਬੇ ਵਾਲੇ ਅਕਾਲੀ ਦਲ ਨੂੰ ਬਹੁਤ ਦਿਨ ਨਾਲ ਲੈ ਕੇ ਚੱਲਣ ਤੋਂ ਅਸਮਰੱਥ ਦਿਖ਼ਾਈ ਦਿੰਦੀ ਨਜ਼ਰ ਆ ਰਹੀ ਹੈ। ਉਂਜ 2012 ਤੋਂ 2017 ਤੱਕ ਸੱਤਾ ਵਿਚ ਭਾਈਵਾਲ ਹੁੰਦੇ ਹੋਏ ਵੀ ਖੂੰਜੇ ਲੱਗੇ ਰਹੇ ਜਿਆਦਾਤਰ ਭਾਜਪਾਈ ਪਹਿਲਾਂ ਹੀ ਪੰਜਾਬ 'ਚ ਏਕਲੇ ਚਲੋਂ ਦੀ ਨੀਤੀ ਦਾ ਰਾਗ ਅਲਾਪ ਰਹੇ ਹਨ। ਅਜਿਹੀ ਸਿਆਸੀ ਹਾਲਾਤ 'ਚ ਅਕਾਲੀ ਦਲ ਦੀ ਖ਼ਾਲੀ ਥਾਂ ਭਰਨ ਲਈ ਸੁਖਦੇਵ ਸਿੰਘ ਢੀਢਸਾ ਦੀ ਅਗਵਾਈ ਹੇਠ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਪਹਿਲਾਂ ਹੀ ਤਿਆਰ ਬੈਠਾ ਜਾਪ ਰਿਹਾ ਹੈ। ਹਾਲਾਂਕਿ ਸਪੋਕਸਮੈਨ ਦੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸ: ਢੀਂਢਸਾ ਨੇ ਦਾਅਵਾ ਕੀਤਾ ਕਿ ਉਹ ਮੋਦੀ ਦੀ ਵਜ਼ਾਰਤ ਵਿਚ ਸ਼ਾਮਲ ਨਹੀਂ ਹੋਣ ਜਾ ਰਹੇ ਹਨ। ਸਿਆਸੀ ਮਾਹਰਾਂ ਮੁਤਾਬਕ ਦਿੱਲੀ ਹਕਮਤ ਨਾਲੋਂ ਵੱਖ ਹੋਣ ਤੋਂ ਬਾਅਦ ਬਾਦਲਾਂ ਨੂੰ ਸਿਆਸੀ ਹਾਸ਼ੀਏ 'ਤੇ ਧੱਕਣ ਲਈ ਸਿਆਸੀ ਵਿਰੋਧੀ ਤਰਲੋਮੱਛੀ ਹੋ ਰਹੇ ਹਨ। ਅਜਿਹੇ ਬਦਲਦੇ ਸਿਆਸੀ ਹਾਲਾਤਾਂ 'ਚ ਆਉਣ ਵਾਲੇ ਸਮੇਂ ਦੌਰਾਨ ਬਰਗਾੜੀ ਸਿਆਸੀ ਕਾਂਡ ਦਾ ਸੇਕ ਵੀ ਇਸ ਪ੍ਰਵਾਰ ਨੂੰ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ।
Social Network